ਸਮਾਜ ਸੁਧਾਰ, ਭਗਤੀ ਪ੍ਰਸਾਰ ਅਤੇ ਐਪਰੀਸੀਏਸ਼ਨ ਐਵਾਰਡ ਨਾਲ ਜੱਜ ਸਾਹਿਬ ਨੇ ਨੰਬਰਦਾਰ ਅਤੇ ਹੋਰ ਪਤਵੰਤੇ ਨਾਗਰਿਕ ਕੀਤੇ ਸਨਮਾਨਿਤ – ਲਾਇਨ ਸੋਮਿਨਾਂ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਦੇਸ਼ ਦਾ 75ਵਾਂ ਗਣਤੰਤਰ ਦਿਵਸ ਨੂਰਮਹਿਲ ਤਹਿਸੀਲ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ-ਭਾਵ ਨਾਲ ਮਨਾਇਆ। ਨੰਬਰਦਾਰ ਯੂਨੀਅਨ ਦਾ ਇਹ 27ਵਾਂ ਰਾਸ਼ਟਰੀ ਦਿਹਾੜਾ ਉਸ ਵਕਤ ਇਤਿਹਾਸ ਦੇ ਪੰਨਿਆਂ ‘ਤੇ ਚਸ਼ਮਦੀਦ ਗਵਾਹ ਬਣ ਗਿਆ ਜਦੋਂ ਜਸ਼ਨ-ਏ-ਗਣਤੰਤਰ 2024 ਸਮਾਗਮ ਵਿੱਚ ਨਵ ਨਿਯੁਕਤ ਮਹਿਲਾ ਜੱਜ ਮਿਸ ਡੌਫਿਨ ਘੋਤੜਾ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ। ਇਸ ਸ਼ਾਨਦਾਰ ਸਮਾਗਮ ਵਿੱਚ ਹਲਕਾ ਇੰਚਾਰਜ ਨਕੋਦਰ ਡਾਕਟਰ ਨਵਜੋਤ ਸਿੰਘ ਦਾਹੀਆ, ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਨਕੋਦਰ ਤੋਂ ਮੁਨੀਸ਼ ਧੀਰ, ਨੂਰਮਹਿਲ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਜੱਜ ਸਾਹਿਬ ਦੇ ਪਹੁੰਚਣ ‘ਤੇ ਪੰਡਾਲ ਵਿੱਚ ਹਾਜ਼ਰ ਨੰਬਰਦਾਰ ਸਾਹਿਬਾਨਾਂ, ਨਗਰ ਕੌਂਸਲਰਾਂ, ਪੰਚਾ ਸਰਪੰਚਾਂ, ਧਾਰਮਿਕ ਸਮਾਜਿਕ ਅਤੇ ਲਾਇਨਜ਼ ਮੈਂਬਰਾਂ ਨੇ ਬਹੁਤ ਹੀ ਸੁਚੱਜੇ ਸਲੀਕੇ ਨਾਲ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ। ਕੋਈ ਗੱਲ ਵਿੱਚ ਹਾਰ ਪਾ ਰਿਹਾ ਸੀ ਅਤੇ ਕੋਈ ਫੁੱਲਾਂ ਦੀ ਬਰਸਾਤ ਕਰ ਰਿਹਾ ਸੀ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਸੈਕੰਡ ਮੀਤ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਅਤੇ ਲਾਇਨ ਬਬਿਤਾ ਸੰਧੂ ਨੇ ਜੱਜ ਸਾਹਿਬ ਦੀ ਆਰਤੀ ਉਤਾਰੀ ਅਤੇ ਤਿਲਕ ਲਗਾ ਕੇ ਮਸਤਕ ਸੁਸ਼ੋਭਿਤ ਕੀਤਾ ਉਪਰੰਤ ਫੁਲਕਾਰੀ ਪਹਿਨਾਕੇ ਦਿਲਕਸ਼ ਸਵਾਗਤ ਕੀਤਾ। ਇਸੇ ਤਰਾਂ ਜੱਜ ਸਾਹਿਬ ਦੇ ਪਿਤਾ ਦਲਜੀਤ ਸਿੰਘ ਲਾਅ ਇੰਸਪੈਕਟਰ ਅਤੇ ਮਾਤਾ ਅਮਨਦੀਪ ਕੌਰ ਘੋਤੜਾ ਦਾ ਵੀ ਭਰਪੂਰ ਸਵਾਗਤ ਕੀਤਾ ਗਿਆ।ਜੱਜ ਡੌਫਿਨ ਘੋਤੜਾ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਸੋਹਲੇ ਗਾਏ। ਦੇਸ਼ ਦੇ ਨਾਗਰਿਕਾਂ ਅਤੇ ਪ੍ਰਸ਼ਾਸਨ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ। ਲਾਅ ਇੰਸਪੈਕਟਰ ਦਲਜੀਤ ਸਿੰਘ ਘੋਤੜਾ ਨੇ ਭਾਸ਼ਣ ਵਿੱਚ ਕਿਹਾ ਕਿ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਦੀ ਦੇਣ ਹੈ। ਉਹਨਾਂ ਦੁਆਰਾ ਦਿੱਤੇ ਹੋਏ ਅਧਿਕਾਰਾਂ ਕਾਰਣ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਖਾਸਕਰ ਸਾਡੇ ਦੇਸ਼ ਦੀਆਂ ਧੀਆਂ ਦਿਨ ਪਰ ਦਿਨ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਦੇਸ਼ ਦੀ ਸ਼ਾਨ ਵਧਾ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਕਿਹਾ ਕਿ ਸਰਕਾਰੀ ਕੁਰਸੀਆਂ ‘ਤੇ ਬੈਠੇ ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਨੂੰ ਦੇਸ਼ ਦੇ ਹਿਤਾਂ ਲਈ ਕੰਮ ਕਰਨ ਲਈ ਦ੍ਰਿੜ੍ਹ ਸੰਕਲਪ ਲੈਣਾ ਚਾਹੀਦਾ ਹੈ। ਅੱਜ ਸਾਡੇ ਦੇਸ਼ ਦਾ ਅਕਸ ਦੁਨੀਆਂ ਪੱਧਰ ‘ਤੇ ਕਰੱਪਸ਼ਨ ਵਿੱਚ ਮੋਹਰੀ ਹੋਣ ਕਾਰਣ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਘਾਣ ਕਰ ਰਿਹਾ ਹੈ। ਸਾਡੇ ਦੇਸ਼ ਦੇ ਸ਼ਾਸਕ, ਅਧਿਕਾਰੀ ਅਤੇ ਲੋਕ ਇਮਾਨਦਾਰ ਹੋਣੇ ਅਤਿ ਜਰੂਰੀ ਹਨ। ਸਮੂਹ ਬੁਲਾਰਿਆਂ ਨੇ ਦੇਸ਼ ਦੇ 75ਵੇਂ ਗਣਤੰਤਰ ਦਿਵਸ ਦੀਆਂ ਦੇਸ਼ ਦੇ ਨਾਗਰਿਕਾਂ ਨੂੰ ਸਨੇਹਿਲ ਵਧਾਈਆਂ ਦਿੱਤੀਆਂ। ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ, ਕੈਸ਼ੀਅਰ ਭਜਨ ਸਿੰਘ, ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਮੁੱਖ ਮਹਿਮਾਨ ਜੱਜ ਸਾਹਿਬ ਰਾਹੀਂ ਨੰਬਰਦਾਰਾਂ, ਲਾਇਨਜ਼ ਮੈਂਬਰਾਂ ਅਤੇ ਹੋਰ ਧਾਰਮਿਕ ਸਮਾਜਿਕ ਪਤਵੰਤਿਆਂ ਨੂੰ ਸਮਾਜ ਸੁਧਾਰ, ਭਗਤੀ ਪ੍ਰਸਾਰ ਅਤੇ ਐਪਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਸਨਮਾਨ ਚਿੰਨ੍ਹਾਂ ਦੀ ਸੇਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਨਿਭਾਈ ਗਈ। ਹਰ ਸਨਮਾਨ ਚਿੰਨ੍ਹ ‘ਤੇ ਹਰ ਵਿਅਕਤੀ ਵਿਸ਼ੇਸ਼ ਦੀ ਫੋਟੋ ਲਗਾਈ ਗਈ ਜੋ ਇਹ ਦਰਸਾਉਂਦੀ ਸੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿੰਨੀ ਮਿਹਨਤ ਕੀਤੀ ਗਈ ਹੈ। ਖਾਣ-ਪਾਣ ਅਤੇ ਪੰਡਾਲ ਨੂੰ ਮਨਮੋਹਕ ਦ੍ਰਿਸ਼ ਦੇਣ ਦੇ ਸੁਚੱਜੇ ਪ੍ਰਬੰਧ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਕੀਤੇ ਗਏ। ਜੱਜ ਸਾਹਿਬ ਵੱਲੋਂ ਝੰਡਾ ਲਹਿਰਾਉਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਤਿਰੰਗਮਈ ਆਤਿਸ਼ਬਾਜ਼ੀ ਕੀਤੀ ਗਈ।ਇਸ ਮੌਕੇ ਧਾਰਮਿਕ ਸਮਾਜਿਕ ਰਾਜਨੀਤਿਕ ਖੇਤਰ ਦੇ ਪਤਵੰਤੇ ਦੇਸ਼ ਭਗਤ ਵੱਡੀ ਗਿਣਤੀ ਵਿੱਚ ਦੇਸ਼ ਭਗਤ ਬਣ ਦੇਸ਼ ਦੇ ਗੌਰਵਮਈ ਨੂੰ ਸਲਾਮ ਅਤੇ ਪ੍ਰਣਾਮ ਕਰਨ ਲਈ ਨਤਮਸਤਕ ਹੋਏ। ਸਮੂਹ ਪਤਵੰਤਿਆਂ ਨੇ ਮਾਣਯੋਗ ਜੱਜ ਸਾਹਿਬ ਨੂੰ ਇੱਕ ਅਤਿਅੰਤ ਖੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੌਂਸਲਰ ਸੀਮਾ ਸੇਖੜੀ, ਬਬਲੀ ਸੋਂਧੀ, ਬਲਬੀਰ ਕੌਲਧਾਰ, ਅਨਿਲ ਮੈਹਨ, ਦੀਪਕ ਕੁਮਾਰ, ਵਲੈਤੀ ਰਾਮ, ਕਲੱਬ ਪ੍ਰਧਾਨ ਗੌਰਵ ਜਤਿੰਦਰ ਸੇਖੜੀ, ਸੁਖਦੇਵ ਲਗਾਹ, ਲਾਇਨ ਦਿਨਕਰ ਜਸਪ੍ਰੀਤ ਸੰਧੂ ਸਮੇਤ ਹੋਰ ਕਈ ਸਖਸ਼ੀਅਤਾਂ ਨੇ ਪ੍ਰੋਗਰਾਮ ਨੂੰ ਨੇਪੜੇ ਚਾੜਨ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਨੂਰਮਹਿਲ ਦੇ ਥਾਣਾ ਮੁਖੀ ਵਰਿੰਦਰ ਪਾਲ ਸਿੰਘ ਉੱਪਲ ਅਤੇ ਮੁੱਖ ਮੁਨਸ਼ੀ ਗਗਨ ਹਾਂਡਾ ਵੱਲੋਂ ਸੁਰੱਖਿਆ ਦੇ ਉੱਚਤਮ ਪ੍ਰਬੰਧ ਕੀਤੇ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲਈ ਮਹਿਲਾ ਕਰਮਚਾਰੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਯੂਨੀਅਨ ਅਤੇ ਲਾਇਨਜ਼ ਕਲੱਬ ਵੱਲੋਂ ਸਮੂਹ ਮੁਲਾਜਮਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਵੱਲੋਂ ਸਮੂਹ ਪੱਤਰਕਾਰਾਂ ਅਤੇ ਆਏ ਹੋਏ ਸਤਿਕਾਰਯੋਗ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਿ ਕੋਟਿਨ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly