ਪੱਤਰਕਾਰ ਦਾ ਖ਼ਾਬ

(ਸਮਾਜ ਵੀਕਲੀ)

ਅਤੀਤ ਦੇ ਝਰੋਖੇ ‘ਚੋਂ

“ਹੁਣ ਇਨ੍ਹਾਂ ਨੂੰ ਦਵਾ ਨਹੀਂ, ਦੁਆ ਹੀ ਬਚਾ ਸਕਦੀ ਐ”,ਡਾਕਟਰਾਂ ਦੇ ਇਸ ਫ਼ਤਵੇ ਤੋਂ ਬਾਅਦ ਵੀ ਬਸ ਵਧੀ ਹੋਣ ਕਰਕੇ ਹੀ ਸਰਾਪਾ ਸਫ਼ੈਦ ਲਿਬਾਸ ਦੀ ਬਜਾਇ ‘ਸਿਵਲ’ ਕੱਪੜਿਆਂ ‘ਚ ਹਸਪਤਾਲੋਂ ਘਰ ਪਰਤ ਆਏ ਨਹੀਂ ਤਾਂ ‘ਕੇਲ ਕਰੇਂਦੇ ਹੰਝ’ ਨੂੰ ‘ਅਚਿੰਤੇ ਬਾਜ’ ਪੈ ਹੀ ਗਏ ਸਨ।ਉਹਨੀਂ ਦਿਨੀਂ ਮੈਂ ਪਟਿਆਲੇ ਬਤੌਰ ਆਕਾਸ਼ਵਾਣੀ ਰਿਪੋਰਟਰ ਕਾਰਜਸ਼ੀਲ ਸੀ ਅਤੇ ਐਕ੍ਰੀਡੀਸ਼ਨ ਵੀ ਹੋ ਗਈ ਸੀ ਜਿਸ ਕਾਰਨ ਧੁਰ ਅੰਦਰ ਕਿਤੇ ਮਾਨਸਿਕਤਾ ਦੂਸਰੇ ਪੱਤਰਕਾਰਾਂ ਵਰਗੀ ਵੀ ਹੋ ਚੱਲੀ ਸੀ।

ਅਚਿੰਤੇ ਬਾਜਾਂ ਦੀ ਦਹਿਸ਼ਤ ਅਤੇ ਕਸਬੀ ਪ੍ਰਭਾਵ ਤਹਿਤ ਇੱਕ ਰਾਤ ਸੁਪਨਾ ਆਇਆ ਜਿਵੇਂ ਡਿਸਕੋ ਘਰਾਂ ਦੇ ਬਾਊਂਸਰਾਂ ਵਰਗਾ ਇੱਕ ਹੱਟਾ ਕੱਟਾ ਤੇ ਕਾਲ਼ਾ ਧੂਸ ਜਿਹਾ ਬੰਦਾ ਮੇਰੇ ਬੈੱਡ ਤੱਕ ਆ ਪਹੁੰਚਿਆ।ਪੁੱਛਣ ਤੇ ਉਸ ਨੇ ਆਪਣਾ ਤੁਆਰਫ਼ ਯਮਰਾਜ ਵਜੋਂ ਕਰਵਾਇਆ।ਫਿਰ ਉਸ ਨਾਲ ਕੁੱਝ ਇਸ ਤਰ੍ਹਾਂ ਦਾ ਸੰਵਾਦ ਹੋਇਆ:

ਯਮਰਾਜ- ਪ੍ਰਾਣੀ! ਮਾਤਲੋਕ ਮੇਂ ਤੁਮ੍ਹਾਰਾ ਜੀਵਨ ਕਾਲ ਸਮਾਪਤ ਹੋ ਗਿਆ ਹੈ, ਆਪ ਕੋ ਮੇਰੇ ਸਾਥ ਚਲਨਾ ਹੋਗਾ।

ਮੈਂ- ਚਲੋ ਹਜ਼ੂਰ, ਪਰ ਜਾਣਾ ਕਿਵੇਂ ਐ, ਆਈ ਮੀਨ ਕੋਈ ਵਹੀਕਲ……..

ਯਮ- (ਹੱਥ ਦੇ ਇਸ਼ਾਰੇ ਨਾਲ) ਵੋ ਦੇਖੀਏ ਮੇਨ ਗੇਟ ਪਰ।

ਮੈਂ- ਵ੍ਹਟ ਡੂ ਯੂ ਮੀਨ।ਕਾਲ਼ੇ ਝੋਟੇ ਤੇ?

ਯਮਰਾਜ- ਹਾਂ, ਤੋ ਇਸ ਮੇਂ ਬੁਰਾ ਕਯਾ ਹੈ, ਸਭੀ ਕੋ ਇਸੀ ਪਰ ਹੀ ਲੇ ਜਾਤੇ ਹੈਂ ਹਮ ਤੋ।

ਮੈਂ- ਯਮਾ ਸਰ, ਕੁਸ਼ ਤਾਂ ਖ਼ਿਆਲ ਕਰੋ, ਮੈਂ ਐਕ੍ਰੈਡਿਟਡ ਪੱਤਰਕਾਰ ਹਾਂ, ਮੈਜਿਸਟਰੇਟ ਕਲਾਸ ਵਨ ਦਾ ਸਟੇਟੱਸ ਐ ਮੇਰਾ।
ਯਮਰਾਜ- ਦੇਖੀਏ, ਹਮੇਂ ਤੋ ਯਹੀ ਵਾਹਨ ਅਲਾਟ ਹੂਆ ਹੈ।ਔਰ ਸਭੀ ਦੇਵੀ ਦੇਵਤਾਓਂ ਕੇ ਪਾਸ ਅਪਨੇ ਅਪਨੇ ਵਾਹਨ ਹੈਂ।

ਮੈਂ- ਮਸਲਨ?

ਯਮਰਾਜ- ਜੈਸੇ ਵਿਸ਼ਣੂੰ ਜੀ ਕੇ ਪਾਸ ਗਰੁੜ, ਸ਼ਿਵ ਜੀ ਕੇ ਪਾਸ ਨੰਦੀ ਬੈਲ, ਉਨ ਕੇ ਬੇਟੋਂ ਮੇਂ ਸੇ ਗਣੇਸ਼ ਜੀ ਕਾ ਵਾਹਨ ਮੂਸ਼ਕ ਹੈ ਔਰ ਕਾਰਤਿਕੇਯ ਕਾ ਮੋਰ।ਦੁਰਗਾ ਮਾਂ ਸ਼ੇਰ ਕੀ ਸਵਾਰੀ ਕਰਤੀ ਹੈਂ ਔਰ……

ਮੈਂ- (ਵਿੱਚੋਂ ਟੋਕ ਕੇ)ਇਹਨਾਂ ‘ਚੋਂ ਹਾਥੀ ਘੋੜੇ ਵਾਂਗੂੰ ਪਸੰਜਰ ਵਾਹਨ ਤਾਂ ਕੋਈ ਵੀ ਨਹੀਂ।

ਯਮਰਾਜ- ਬਸ ਜੋ ਹੈ ਮੈਂਨੇ ਬਤਾ ਦੀਆ।

ਮੈਂ- ਪਰ ਮੈਂ ਤਾਂ ਸੁਣਿਐ ਤੁਹਾਡੇ ਉੱਥੇ ਪੁਸ਼ਪਕ ਵਿਮਾਨ ਵਗ਼ੈਰਾ ਵੀ ਹੁੰਦੇ ਨੇ।ਪਲੇਨ ਨਾ ਸਹੀ, ਕੋਈ ਛੋਟਾ ਮੋਟਾ ਟੂ-ਸੀਟਰ ਹੈਲੀਕਾਪਟਰ ਈ ਲੈ ਆਉਂਦੇ।ਆਪਣਾ ਨਹੀਂ ਮੇਰੀ ਪੋਜ਼ੀਸ਼ਨ ਦਾ ਤਾਂ ਖ਼ਿਆਲ ਰੱਖ ਲੈਂਦੇ।

ਯਮਰਾਜ-ਪੁਸ਼ਪਕ ਵਿਮਾਨ!(ਜ਼ੋਰਦਾਰ ਠਹਾਕਾ ਲਗਾ ਕੇ)ਅਰੇ ਭੋਲੇ ਪ੍ਰਾਣੀ ਵੋ ਤੋ ਕਵੀ ਕੀ ਕਪੋਲ ਕਲਪਨਾ ਥੀ।ਔਰ ਆਪ ਮਾਤਲੋਕ ਵਾਲੇ ਉਸੇ ਅਭੀ ਤਕ ਅਪਨੇ ਮਸਤਿਸ਼ਕ ਮੇਂ ਲਿਏ ਬੈਠੇ ਹੋ?

ਯਮਰਾਜ ਦੇ ਹਾਈ ਡੈਸੀਬਲ ਠਹਾਕੇ ਅਤੇ ਮੇਨ ਗੇਟ ਤੋਂ ‘ਮੱਝ ਦੇ ਜਾਏ’ ਦੀ ਦਹਿਸ਼ਤੀ ਬੜ੍ਹਕ ਨਾਲ ਮੇਰੀ ਪਟੱਕ ਦੇ ਕੇ ਅੱਖ ਖੁੱਲ੍ਹ ਗਈ।

“ਕੀ ਗੱਲ ਨੀਂਦ ਵਿੱਚ ਵੀ ਬੁੜਬੁੜਾ ਰਹੇ ਸੀ, ਸਭ ਖ਼ੈਰੀਅਤ ਤਾਂ ਹੈ?” ਚਾਹ ਦਾ ਕੱਪ ਲਈ ਸਿਰ੍ਹਾਣੇ ਖੜ੍ਹੀ ਬੀਵੀ ਪੁੱਛ ਰਹੀ ਸੀ।

ਪਰਵੇਸ਼ ਸਰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ਤੇ ਵੱਡਾ ਖੱਡਾ ਹੋਣ ਕਾਰਨ ਹਾਦਸਾ ਵਾਪਰਿਆ:
Next articleਏਕਮ ਪਬਲਿਕ ਸਕੂਲ ਮਹਿਤਪੁਰ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਮੇਂ ਦੀ ਹਿੱਕ ਤੇ ਆਪਣੇ ਗੂੜ੍ਹੇ ਰੰਗ ਛੱਡ ਗਿਆ ।