(ਸਮਾਜ ਵੀਕਲੀ) ਪਹਿਲਾਂ ਪਹਿਲ ਜਦੋਂ ਅਖਬਾਰਾਂ ਛਪਣੀਆਂ ਸ਼ੁਰੂ ਹੋਈਆਂ ਤਾਂ ਇਲਾਕੇ ‘ਚ ਹੋਣ ਵਾਲੀਆਂ ਸਰਗਰਮੀਆਂ ਜਾਂ ਘਟਨਾਵਾਂ ਨਾਲ ਸੰਬੰਧਿਤ ਖ਼ਬਰਾਂ ਚਿੱਠੀ/ਪੱਤਰ ਰਾਹੀਂ ਲਿਖ ਕੇ ਅਖ਼ਬਾਰਾਂ ਦੇ ਦਫਤਰ ਭੇਜੀਆਂ ਜਾਂਦੀਆਂ ਸਨ। ਇਹ ਕੰਮ ਕਰਨ ਵਾਲੇ ਲੋਕਾਂ (ਪ੍ਰਤੀਨਿਧੀਆਂ) ਨੂੰ ਪੱਤਰਕਾਰ ਦਾ ਨਾਂ ਦਿੱਤਾ ਗਿਆ ਤੇ ਪੱਤਰਕਾਰੀ ਨੂੰ ਲੋਕਤੰਤਰ ਦੇ ਚੌਥੇ ਸਤੰਭ ਦਾ ਦਰਜਾ ਪ੍ਰਾਪਤ ਹੋਇਆ ਜੋ ਕਿ ਬਿਲਕੁਲ ਢੁਕਵਾਂ ਤੇ ਸਹੀ ਸੀ। ਓਦੋਂ ਅਖ਼ਬਾਰਾਂ ਵੀ ਨਿਰਪੱਖ ਹੁੰਦੀਆਂ ਸਨ ਤੇ ਪੱਤਰਕਾਰ ਵੀ। ਅਨੁਸ਼ਾਸਨ ਐਨਾ ਕਿ ਜੇ ਕੋਈ ਪੱਤਰਕਾਰ ਵਿਕ ਗਿਆ ਤਾਂ ਉਸਨੂੰ ਸੰਬੰਧਿਤ ਅਖਬਾਰ ‘ਚੋਂ ਕੱਢ ਦਿੱਤਾ ਜਾਂਦਾ ਸੀ। ਹੌਲੀ-ਹੌਲੀ ਹਾਲਾਤ ਬਦਲਣ ਲੱਗੇ। ਸਮੇਂ ਨਾਲ ਸੰਚਾਰ ਦੇ ਸਾਧਨ ਵਧਦੇ ਗਏ ਤੇ ਇੱਕ ਤੋਂ ਬਾਅਦ ਇੱਕ, ਨਿੱਤ ਨਵੀਂ ਤਬਦੀਲੀ ਆਉਂਦੀ ਗਈ। ਖਬਰਾਂ ਪਹਿਲਾਂ ਫੈਕਸ ਹੋਣ ਲੱਗੀਆਂ ਤੇ ਬਾਅਦ ਚ ਈ ਮੇਲ ਰਾਹੀਂ ਭੇਜੀਆਂ ਜਾਣ ਲੱਗੀਆਂ। ਅੱਜ-ਕਲ ਤੇ ਕਿਤੇ ਜਾਣ ਦੀ ਲੋੜ ਈ ਨੀ ਪੈਂਦੀ, ਘਰੇ ਬੈਠੇ ਸਿੱਧਾ ਮੋਬਾਇਲ ਰਾਹੀਂ ਹੀ ਸਾਰਾ ਕੰਮ ਹੋ ਜਾਂਦਾ ਏ। ਜਿੱਥੇ ਤੇ ਜਿਹਨੂੰ ਮਰਜ਼ੀ, ਜੋ ਮਰਜ਼ੀ ਭੇਜ ਦਵੋ। ਸਮੇਂ ਨਾਲ ਪੱਤਰਕਾਰਾਂ ਦੇ ਹੱਥ ਚ ਮਾਈਕ, ਆਵਾਜ਼ ਰਿਕਾਰਡਰ ਤੋਂ ਹੁੰਦੇ ਹੋਏ ਕੈਮਰੇ ਤੇ ਕੈਮਰਿਆਂ ਵਾਲੇ ਮੋਬਾਇਲ ਆ ਗਏ। ਸਿਰਫ ਇੱਕ ਯੰਤਰ ਨਾਲ ਹੀ ਸਾਰਾ ਕੰਮ ਹੋਣ ਲੱਗਾ। ਨਿਰਪੱਖਤਾ ਤੇ ਇਮਾਨਦਾਰੀ ਦਾ ਸਮਾਂ ਦੂਰ ਹੁੰਦਾ ਗਿਆ ਤੇ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ। ਚਾਪਲੂਸੀ ਦਾ, ਵਿਕਣ ਦਾ, ਬਲੈਕ ਮੇਲਿੰਗ ਦਾ ਤੇ ਕਮਾਈ ਦਾ ਦੌਰ। ਜਿਸ ਪੱਤਰਕਾਰੀ ਨੂੰ ਲੋਕਤੰਤਰ ਦੇ ਚੌਥੇ ਸਤੰਭ ਦਾ ਦਰਜਾ ਪ੍ਰਾਪਤ ਸੀ, ਹੁਣ ਉਹ ਥੰਮ ਲੋਕਤੰਤਰ ਲਈ ਗ੍ਰਹਿਣ ਸਾਬਤ ਹੋਣ ਲੱਗਾ। ਹਾਲ ਇਹ ਹੈ ਕਿ ਅੱਜ ਲੋਕਤੰਤਰ ਦਾ ਇਹ ਸਤੰਭ ਸਿਉਂਕ ਤੇ ਜੰਗਾਲ ਦੀ ਭੇਟ ਚੜ੍ਹ ਕੇ ਖੋਖਲਾ ਹੋ ਗਿਆ ਏ। ਕਦੀ ਪੱਤਰਕਾਰ ਨੂੰ ਅਖਬਾਰਾਂ ਕੋਲੋਂ ਖ਼ਬਰਾਂ ਲਾਉਣ ਲਈ ਮਾਣ-ਭੱਤੇ ਦੇ ਤੌਰ ਤੇ ਪੈਸੇ ਮਿਲਦੇ ਸਨ ਪਰ ਹੁਣ ਦਾ ਪੱਤਰਕਾਰ ਇਸ ਸਭ ਤੇ ਨਿਰਭਰ ਨੀ ਰਿਹਾ। ਹੁਣ ਲਾਉਣ ਨਾਲੋਂ ਖ਼ਬਰਾਂ ਰੋਕਣ ਦੇ ਨੋਟ ਮਿਲਦੇ ਨੇ, ਉਨ੍ਹਾਂ ਕੋਲੋਂ ਜਿਹੜੇ ਕਿ ਕਾਲੇ ਧੰਦੇ ਤੇ ਇਸ ਨਾਲ ਜੁੜੇ ਕਾਰੋਬਾਰ ਕਰਦੇ ਨੇ। ਅਖ਼ਬਾਰਾਂ ਨਾਲ ਜੁੜੇ ਪੱਤਰਕਾਰ ਘਟਦੇ ਜਾ ਰਹੇ ਨੇ। ਅਖਬਾਰ ਨੂੰ ਖ਼ਬਰ ਭੇਜਣ ਤੇ ਲਗਾਉਣ ਨਾਲੋਂ ਕੈਮਰੇ ਨਾਲ ਵੀਡੀਓ ਬਣਾ ਕੇ ਨੈੱਟ ਤੇ ਛੋਟਾ ਜਿਹਾ ਕਲਿੱਪ ਚਲਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਬਹੁਗਿਣਤੀ ਮੀਡੀਆ ਦੇ ਲੋਕ ਅੱਜ ਪੇਸ਼ਵਰ ਹੋ ਗਏ ਨੇ ਤੇ ਪੱਤਰਕਾਰੀ ਅਜਿਹੇ ਲੋਕਾਂ ਲਈ ਮਹਿਜ਼ ਧੰਦਾ ਬਣ ਕੇ ਰਹਿ ਗਈ ਹੈ। ਕਿਸੇ ਸਮੇਂ ਅਜਿਹੇ ਲੋਕ ਆਟੇ ਚ ਲੂਣ ਬਰਾਬਰ ਸਨ ਪਰ ਅੱਜ ਸਾਰੀ ਦਾਲ ਹੀ ਕਾਲੀ ਹੋ ਗਈ ਏ। ਹਾਂ ਕੁਝ ਵਿਰਲੇ ਟਾਵੇਂ ਜ਼ਰੂਰ ਬਚੇ ਨੇ ਪਰ ਬਹੁਤ ਘੱਟ। ਸਮਾਜਿਕ ਖ਼ਬਰਾਂ ਲਗਾ ਕੇ ਕੋਈ ਪੱਤਰਕਾਰ ਰਾਜ਼ੀ ਨੀ ਪਰ ਰਾਜਨੀਤਿਕ ਲੋਕਾਂ ਦੀਆਂ ਖ਼ਬਰਾਂ ਧੜਾ-ਧੜ ਥੋਕ ਚ ਲੱਗਦੀਆਂ ਨੇ।
ਖੁਦ ਦੇ ਦੇਖਣ ਦੀ ਗੱਲ ਏ ਇਹੋ ਜਿਹੇ ਇੱਕ ਅਖੌਤੀ ਪੱਤਰਕਾਰ ਨੇ ਕਿਸੇ ਘਟਨਾ ਦੀ ਵੀਡੀਓ ਬਣਾ ਲਈ। ਮੈਂ ਕੋਲ ਈ ਖੜਾ ਸੀ। ਉਸਨੂੰ ਕਿਹਾ ਕਿ ਪੋਸਟ ਬਣਾ ਕੇ ਪਾ ਦੇ। ਕਹਿੰਦਾ ਰੁਕੋ ਅਖਬਾਰ ਨੂੰ ਭੇਜਣੀ ਹੈ, ਖਬਰ ਛਪਣ ਤੋਂ ਬਾਅਦ ਪਾਵਾਂਗਾ। ਦੋ ਕੁ ਦਿਨ ਬਾਅਦ ਮਿਲਿਆ ਤਾਂ ਖ਼ਬਰ ਬਾਰੇ ਪੁੱਛਣ ਤੇ ਕਹਿਣ ਲੱਗਾ, ਯਾਰ ਬੰਦੇ ਮੂੰਹ-ਮੱਥੇ ਲੱਗਦੇ ਸਨ ਤੇ ਮਿੰਨਤਾਂ ਈ ਕਰਨ ਲੱਗ ਗਏ। ਮੈਂ ਸਮਝ ਗਿਆ ਕਿ ਮੂੰਹ-ਮੱਥੇ ਵਾਲੀ ਗੱਲ ਨੀ ਸਗੋਂ ਮੂੰਹ ਈ ਕਾਲਾ ਕਰਵਾ ਲਿਆ ਏ। ਇੱਕ ਹੋਰ ਘਟਨਾ ਚ ਪੁਲਸ ਨੇ ਕਿਸੇ ਅਮੀਰਜ਼ਾਦੇ ਦੀ ਗੱਡੀ ਰੋਕ ਕੇ ਤਲਾਸ਼ੀ ਲੈਣ ਉਪਰੰਤ ਕਾਲੀਆਂ ਜਾਲੀਆਂ ਲਾਹ ਕੇ ਆਪਣੀ ਗੱਡੀ ਚ ਰਖਵਾ ਲਈਆਂ ਤੇ ਚਿਤਾਵਨੀ ਦੇ ਕੇ ਛੱਡ ਦਿੱਤਾ। ਕੋਲ ਈ ਇੱਕ ਹੋਰ ਮੀਡੀਆ ਵਾਲਾ ਖੜਾ ਸੀ। ਮੈਂ ਕਿਹਾ ਪਾ ਦੇ ਪੋਸਟ। ਕਹਿੰਦਾ ਬੰਦੇ ਖ਼ਤਰਨਾਕ ਨੇ, ਐਵੇਂ ਰਾਹ-ਵਾਟੇ ਘੇਰ ਕੇ ਕੰਮ ਕਰ ਦੇਣਗੇ। ਇਵੇਂ ਹੀ ਇੱਕ ਹੋਰ ਮਿੱਤਰ ਨੂੰ ਕੋਈ ਸਮਾਜਿਕ ਖ਼ਬਰ ਲਗਾਉਣ ਲਈ ਭੇਜੀ ਪਰ ਉਸਨੇ ਕੋਈ ਹੁੰਗਾਰਾ ਈ ਨੀ ਭਰਿਆ। ਦੱਸੋ, ਕੀ-ਕੀ ਗੱਲ ਕਰੀਏ। ਝੱਗਾ ਚੁੱਕਿਆਂ ਬਹੁਤਿਆਂ ਦਾ ਢਿੱਡ ਨੰਗਾ ਹੋਣਾ ਤੇ ਇਸ ਹਮਾਮ ਚ ਬਹੁਤ ਜਾਣੇ ਨੰਗੇ ਹੋ ਜਾਣੇ ਨੇ। ਹੁਣ ਦੇ ਹਾਲਾਤ ਵੇਖ ਕੇ ਅਸਲ ਤੇ ਪੁਰਾਣੇ ਪੱਤਰਕਾਰ ਖਿਝਦੇ ਤਾਂ ਹਨ ਪਰ ਮਜਬੂਰ ਨੇ ਕਰ ਕੁਝ ਨੀ ਸਕਦੇ। ਚੁੱਪ-ਚਾਪ ਸਭ ਵਿੰਹਦੇ ਨੇ ਤੇ ਅੰਦਰੋ-ਅੰਦਰੀ ਤੜਫਦੇ ਰਹਿੰਦੇ ਨੇ। ਅਜਿਹੇ ਚ ਸਾਖ ਬਚਾਉਣ ਦਾ ਇੱਕੋ ਤਰੀਕਾ ਬਚਿਆ ਏ ਕਿ ਜਿਸ ਤਰਾਂ ਪੱਤਰ ਵਿਹਾਰ ਬੰਦ ਹੋ ਗਿਆ ਏ, ਇਸੇ ਤਰਾਂ ਸਮੇਂ ਮੁਤਾਬਕ ਪੱਤਰਕਾਰ ਸ਼ਬਦ ਦਾ ਵੀ ਨਾਂ ਬਦਲ ਕੇ ਹੁਣ ਦੇ ਸਾਧਨਾਂ ਤੇ ਕੰਮਾਂ ਨਾਲ ਮਿਲਦਾ-ਜੁਲਦਾ ਰੱਖ ਦੇਣਾ ਚਾਹੀਦਾ ਏ। ਘੱਟੋ-ਘੱਟ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕੋਈ ਭੁਲੇਖਾ ਤਾਂ ਨਹੀਂ ਰਹੇਗਾ ਤੇ ਇਸ ਪਵਿੱਤਰ ਤੇ ਸੱਚੇ-ਸੁੱਚੇ ਸ਼ਬਦ ਦੀ ਹੋਂਦ ਤਾਂ ਬਰਕਰਾਰ ਰਹਿ ਜਾਊ।
ਗੁਰਜਿੰਦਰ ਸਿੰਘ ਸਾਹਦੜਾ
9815302341
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



