ਪਠਾਨਕੋਟ (ਸਮਾਜ ਵੀਕਲੀ):ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸੁਜਾਨਪੁਰ ਅਤੇ ਪਠਾਨਕੋਟ ਦਾ ਦੌਰਾ ਕੀਤਾ। ਉਹ ਸੁਜਾਨਪੁਰ ਵਿੱਚ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਗੁਪਤਾ ਦੇ ਘਰ ਗਏ। ਰਾਜ ਕੁਮਾਰ ਗੁਪਤਾ ਨੇ ਜੋਸ਼ੀ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਅਸ਼ਵਨੀ ਸ਼ਰਮਾ ਨੂੰ ਸੂਬਾ ਪ੍ਰਧਾਨਗੀ ਤੋਂ ਤਿਆਗ ਪੱਤਰ ਦੇਣ ਲਈ ਕਿਹਾ।
ਬਾਅਦ ਵਿੱਚ ਉਹ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਪਠਾਨਕੋਟ ਵਿੱਚ ਸਥਿਤ ਘਰ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤਰ੍ਹਾਂ ਭਾਜਪਾ ਦੇ ਅਸੰਤੁਸ਼ਟ ਆਗੂਆਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਉਧਰ, ਰਾਜ ਕੁਮਾਰ ਗੁਪਤਾ ਨੇ ਸੁਜਾਨਪੁਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਅਨਿਲ ਜੋਸ਼ੀ ਦੇ ਇਸ ਦੌਰੇ ਨੂੰ ਲੈ ਕੇ ਅੱਜ ਸ਼ਹਿਰ ਅੰਦਰ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ।
ਰਾਜਸੀ ਮਾਹਿਰਾਂ ਅਨੁਸਾਰ, ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ਵਿਚੋਂ ਕੱਢਣਾ ਭਾਜਪਾ ਨੂੰ ਕਾਫੀ ਮਹਿੰਗਾ ਸਾਬਤ ਹੋ ਸਕਦਾ ਹੈ। ਪਾਰਟੀ ਵਿੱਚੋਂ ਕੱਢਣ ਦੇ ਐਲਾਨ ਮਗਰੋਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚੋਂ ਪਾਰਟੀ ਦੇ ਕਈ ਆਗੂਆਂ ਦੇ ਭਾਜਪਾ ਨੂੰ ਅਸਤੀਫ਼ੇ ਦੇਣ ਦੀ ਸੰਭਾਵਨਾ ਵਧ ਗਈ ਹੈ। ਅਨਿਲ ਜੋਸ਼ੀ ਨੇ ਸੁਜਾਨਪੁਰ ਵਿੱਚ ਕਿਹਾ ਕਿ ਭਾਜਪਾ ਦੀ ਸੂਬਾਈ ਲੀਡਰਸ਼ਿਪ ਕਿਸਾਨੀ ਮੁੱਦੇ ’ਤੇ ਦਿੱਲੀ ਹਾਈਕਮਾਨ ਨੂੰ ਪੰਜਾਬ ਦੀ ਸਹੀ ਸਥਿਤੀ ਤੋਂ ਜਾਣੂ ਨਹੀਂ ਕਰਵਾ ਸਕੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। ਇਸ ਕਰਕੇ ਉਨ੍ਹਾਂ ਨੂੰ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਸਾਨਾਂ ਤੋਂ ਬਿਨਾ ਪਾਰਟੀ ਕਿਵੇਂ ਕਾਮਯਾਬ ਹੋ ਸਕੇਗੀ। ਮੌਜੂਦਾ ਨਗਰ ਕੌਂਸਲਰ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਨਗਰ ਕੌਂਸਲ ਦੀ ਚੋਣ ਸਮੇਂ ਭਾਜਪਾ ਵੱਲੋਂ ਜਾਰੀ ਕੀਤਾ ਗਿਆ ਵ੍ਹਿਪ ਜੇਕਰ ਖੋਲ੍ਹਿਆ ਹੁੰਦਾ ਤਾਂ ਉਹ ਅੱਜ ਪ੍ਰਧਾਨ ਹੁੰਦੇ। ਉਧਰ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਉਹ ਪਿਛਲੇ 3-4 ਦਿਨਾਂ ਤੋਂ ਬਿਮਾਰ ਹਨ ਅਤੇ ਅਨਿਲ ਜੋਸ਼ੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਆਏ ਸਨ। ਉਨ੍ਹਾਂ ਜੋਸ਼ੀ ਨੂੰ ਪਾਰਟੀ ’ਚੋਂ ਕੱਢਣ ਦੀ ਕਾਰਵਾਈ ਨੂੰ ਮੰਦਭਾਗਾ ਕਿਹਾ। ਉਨ੍ਹਾਂ ਹੋਰ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly