ਕਪੂਰਥਲਾ, ( ਪੱਤਰ ਪ੍ਰੇਰਕ)- ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਿੱਥੇ ਵੋਟਾਂ ਤੋਂ ਪਹਿਲਾਂ ਹੀ ਸਰਕਾਰੀ ਕਰਮਚਾਰੀਆਂ ਦੀਆਂ ਲਗਾਈਆਂ ਜਾ ਰਹੀਆਂ ਡਿਊਟੀਆਂ ਹਾਸੋ ਹੀਣਾ ਦਾ ਮੁੱਦਾ ਬਣ ਗਈਆਂ ਹਨ । ਉਥੇ ਹੀ ਚੋਣ ਰਿਹਸਲ ਦੌਰਾਨ ਚੋਣ ਡਿਊਟੀ ਤੇ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਲਈ ਹਾਜ਼ਰੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਹਾਜ਼ਰ ਹੋਏ ਕਰਮਚਾਰੀਆਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਨ ਕਾਰਣ ਕਈ ਸਰਕਾਰੀ ਕਰਮਚਾਰੀ ਦਫ਼ਤਰਾਂ ਦੇ ਚੱਕਰ ਮਾਰਨ ਕਾਰਣ ਪਰੇਸ਼ਾਨੀ ਵਿੱਚ ਹਨ। ਇਸ ਮੁੱਦੇ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਸਾਂਝਾ ਅਧਿਆਪਕ ਫਰੰਟ ਕਪੂਰਥਲਾ ਦੇ ਅਧਿਆਪਕ ਆਗੂ ਸੁਖਚੈਨ ਸਿੰਘ ਬੱਧਣ,ਰਛਪਾਲ ਸਿੰਘ ਵੜੈਚ, ਹਰਵਿੰਦਰ ਸਿੰਘ ਅੱਲੂਵਾਲ,ਸੁਖਦਿਆਲ ਸਿੰਘ ਝੰਡ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲੋਕ ਸਭਾ ਚੋਣਾਂ ਨੂੰ ਲੈ ਕੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ । ਪਰ ਇਹਨਾਂ ਡਿਊਟੀਆਂ ਵਿੱਚ ਦਰਜਾ ਬ ਦਰਜਾ ਤੇ ਪੇ ਗ੍ਰੇਡ ਨੂੰ ਪੂਰਨ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਦਰਕਨਾਰ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਈ ਐਸੇ ਅਧਿਆਪਕਾਂ ਦੀਆਂ ਡਿਊਟੀਆਂ ਪੋਲਿੰਗ ਅਫਸਰ ਦੇ ਤੌਰ ਤੇ ਲਗਾ ਦਿੱਤੀਆਂ ਗਈਆਂ ਹਨ ਜੋ ਕਿ ਇਸ ਸਮੇਂ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹਨ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਣਨ ਦੀ ਕਤਾਰ ਵਿੱਚ ਖੜੇ ਹਨ। ਦੂਜੇ ਪਾਸੇ ਉਹਨਾਂ ਦੇ ਉੱਪਰ ਪ੍ਰਾਇਮਰੀ ਅਧਿਆਪਕਾਂ ਨੂੰ ਪ੍ਰਜਾਇਡਿੰਗ ਅਧਿਕਾਰੀ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ ਹੈ। ਜਦ ਕਿ ਜਦੋਂ ਵੀ ਚੋਣਾਂ ਵਿੱਚ ਡਿਊਟੀ ਲਗਾਈ ਜਾਂਦੀ ਹੈ ਤਾਂ ਸਰਕਾਰੀ ਕਰਮਚਾਰੀ ਦੇ ਉਸ ਦੇ ਵਿਭਾਗ ਵਿੱਚ ਅਹੁਦੇ ਤੇ ਗ੍ਰੇਡ ਨੂੰ ਮੁੱਖ ਰੱਖਿਆ ਜਾਂਦਾ ਹੈ। ਪਰੰਤੂ ਇਹਨਾਂ ਡਿਊਟੀਆਂ ਵਿੱਚ ਉਕਤ ਸਾਰੇ ਕਨੂੰਨਾਂ ਨੂੰ ਛਿੱਕੇ ਟੰਗ ਕੇ ਉਕਤ ਦੋਵਾਂ ਚੀਜ਼ਾਂ ਨੂੰ ਹੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਅਧਿਆਪਕ ਆਗੂਆਂ ਨੇ ਦੱਸਿਆ ਇਸ ਦੇ ਨਾਲ ਹੀ ਦੂਸਰੇ ਪਾਸੇ ਪਿਛਲੀ 5 ਮਈ ਨੂੰ ਹੋਈ ਪਹਿਲੀ ਚੋਣ ਰਿਹਸਲ ਵਿੱਚ ਹਾਜ਼ਰ ਚੋਣ ਕਰਮਚਾਰੀਆਂ ਦੇ ਲਈ ਬਣਾਏ ਗਏ ਹਾਜਰੀ ਦੇ ਮਾੜੇ ਪ੍ਰਬੰਧਾਂ ਕਾਰਨ ਕਈ ਚੋਣ ਕਰਮਚਾਰੀ ਹਾਜ਼ਰ ਹੋਣ ਤੇ ਹਾਜ਼ਰੀ ਲਗਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਜ਼ਿਲ੍ਹਾ ਚੋਣ ਪ੍ਰਸ਼ਾਸਨ ਦੁਆਰਾ ਗੈਰ ਹਾਜ਼ਰੀ ਦੇ ਨੋਟਿਸ ਜਾਰੀ ਕਰ ਨਿੱਜੀ ਰੂਪ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ । ਜਿਸ ਕਾਰਨ ਬਹੁਤੇ ਅਧਿਆਪਕ ਪਰੇਸ਼ਾਨੀ ਦੇ ਵਿੱਚ ਹਨ । ਸਾਂਝਾ ਅਧਿਆਪਕ ਫਰੰਟ ਕਪੂਰਥਲਾ ਦੇ ਆਗੂਆਂ ਨੇ ਮੰਗ ਕੀਤੀ ਕਿ ਇਹਨਾਂ ਮਾਮਲਿਆਂ ਸਬੰਧੀ ਜਿਲ੍ਹਾ ਪ੍ਰਸ਼ਾਸਨ ਸਹੀ ਢੰਗ ਨਾਲ ਅਧਿਆਪਕਾਂ ਦੀ ਡਿਊਟੀ ਲਗਾਏ ਅਤੇ ਗੈਰ ਹਾਜ਼ਰੀ ਲਈ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਨੂੰ ਵੀ ਵਾਪਸ ਲਵੇ। ਇਸ ਦੇ ਨਾਲ ਹੀ ਅਗਾਂਹ ਹੋਣ ਵਾਲੀਆਂ ਰਿਹਸਲਾਂ ਵਿੱਚ ਹਾਜ਼ਰੀ ਦੇ ਪ੍ਰਬੰਧਾਂ ਨੂੰ ਠੀਕ ਕੀਤਾ ਜਾਵੇ। ਉਧਰ ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਅਮਿਤ ਕੁਮਾਰ ਪੰਚਾਲ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਚੋਣ ਕਰਮਚਾਰੀ ਨੂੰ ਚੋਣ ਡਿਊਟੀ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਚੋਣ ਡਿਊਟੀਆਂ ਤੇ ਹਾਜ਼ਰ ਹੋਏ ਚੋਣ ਕਰਮਚਾਰੀਆਂ ਨੂੰ ਜਾਰੀ ਹੋਏ ਨੋਟਿਸਾਂ ਨੂੰ ਵੀ ਪੜਤਾਲ ਉਪਰੰਤ ਵਾਪਸ ਲੈ ਲਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly