ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਵਿਦਿਆਰਥੀਆਂ ਤੇ ਪ੍ਰਸ਼ਾਸਨ ਦਰਮਿਆਨ ਫੀਸ ਵਾਧੇ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਆਖਰ ਹੁਣ ਕੇਂਦਰ ਸਰਕਾਰ ਨੂੰ ਦਖ਼ਲ ਦੇਣਾ ਪਿਆ ਹੈ। ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਯੂਨੀਵਰਸਿਟੀ ‘ਚ ਸ਼ਾਂਤੀ ਬਹਾਲੀ ਸਮੇਤ ਵਿਦਿਆਰਥੀਆਂ ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਾਲੇ ਗੱਲਬਾਤ ਸ਼ੁਰੂ ਕਰਨ ਲਈ ਸੋਮਵਾਰ ਨੂੰ ਤਿੰਨ ਮੈਂਬਰਾਂ ਦੀ ਇਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਹੈ ਜਿਸ ਦੀ ਅਗਵਾਈ ਯੂਜੀਸੀ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਵੀਐੱਸ ਚੌਹਾਨ ਕਰਨਗੇ। ਕਮੇਟੀ ਨੇ ਫਿਲਹਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਜੇਐੱਨਯੂ ਵਿਵਾਦ ਹੱਲ ਕਰਨ ਲਈ ਗਠਿਤ ਇਸ ਉੱਚ ਪੱਧਰੀ ਕਮੇਟੀ ‘ਚ ਇਸ ਤੋਂ ਇਲਾਵਾ ਅਖਿਲ ਭਾਰਤੀ ਟੈਕਨੀਕਲ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਹਿਸਤਰਬੁੱਧੇ ਤੇ ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੂੰ ਵੀ ਰੱਖਿਆ ਗਿਆ ਹੈ। ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ‘ਚ ਉੱਚ ਸਿੱਖਿਆ ਸਕੱਤਰ ਆਰ ਸੁਬਰਾਮਣੀਅਮ ਨੇ ਟਵੀਟ ਕਰ ਕੇ ਕਮੇਟੀ ਗਠਿਤ ਕਰਨ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਕਿਹਾ ਕਿ ਇਹ ਕਮੇਟੀ ਵਿਦਿਆਰਥੀਆਂ ਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਸ਼ਾਂਤੀਪੂਰਨ ਹੱਲ ਕੱਢੇਗੀ।