ਝੋਲ਼ੀ ਬਾਹਰੇ ਦਰਵੇਸ਼

ਪ੍ਰਵੇਸ਼ ਸ਼ਰਮਾ
(ਸਮਾਜ ਵੀਕਲੀ) ਇਹ ਲਕਬ ਮਾਂ ਗਲੀ ਮੁਹੱਲੇ ਦੇ ਕੁੱਤਿਆਂ ਲਈ ਇਸਤੇਮਾਲ ਕਰਦੀ ਹੁੰਦੀ ਸੀ। ਜਦੋਂ ਕਦੇ ਸਾਡੇ ‘ਚੋਂ ਕਿਸੇ ਨੇ ਦਰ ਤੇ ਆਏ ਕਿਸੇ ਇਹੋ ਜਿਹੇ ਦਰਵੇਸ਼ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕਰਨੀ ਤਾਂ ਉਹਨੇ ਕਹਿਣਾ,
“ਨਾ ਵੇ, ਕਾਹਨੂੰ ਦੁਰਕਾਰਦੈਂ ਚੰਦਰਿਆ, ਇਹ ਤਾਂ ਝੋਲ਼ੀ ਬਾਹਰੇ ਦਰਵੇਸ਼ ਹੁੰਦੇ ਨੇ।”
ਇਹਨਾਂ ਦੀ ਦਰਵੇਸ਼ੀ ਦੀ ਕਦਰ ਬਾਬਾ ਬੁੱਲ੍ਹੇਸ਼ਾਹ ਨੇ “ਬਾਜ਼ੀ ਲੈ ਗਏ ਕੁੱਤੇ” ਲਿਖ ਕੇ ਪਾਈ ਸੀ।
ਅਜੋਕੇ ਯੁੱਗ ਵਿੱਚ ਫ਼ੈਜ਼ ਅਹਿਮਦ ‘ਫ਼ੈਜ਼’ ਵਰਗੇ ਨਾਮਵਰ ਸ਼ਾਇਰ ਨੇ ਤਾਂ ਇਹਨਾਂ ਦੀ ਸ਼ਾਨ ਵਿੱਚ ਕਸੀਦਾ ਹੀ ਲਿਖ ਮਾਰਿਆ:
यह गलियों के आवारा बेकार कुत्ते
है बख़्शा गया जिन को ज़ौक-ए-गदाई।
ज़माने की फिटकार सरमाया इन का,
जहां भर की दुत्कार इन की कमाई।
ਹਾਲਾਂਕਿ ਫ਼ੈਜ਼ ਸਾਹਿਬ ਨੇ ਇਸ ਨਜ਼ਮ ਵਿੱਚ ਉਸ ਨੂੰ ਸਰਵਹਾਰਾ ਵਰਗ ਦਾ ਨੁਮਾਇੰਦਾ ਦੱਸਿਆ ਹੈ ਪਰ ਜਦੋਂ ਤੋਂ ਸਮਾਜ ਨੇ ਇਸ ਦਾ ਅਕਸ ਦਰਵੇਸ਼ ਤੋਂ ਆਵਾਰਾ ਵਾਲਾ ਬਣਾ ਲਿਆ ਤਾਂ ‘ਦਿਲਾਂ ਨੂੰ ਦਿਲਾਂ ਦੇ ਰਾਹ ‘ ਹੋਣ ਵਾਂਗੂੰ ਇਹਨਾਂ ਦਾ ਵਤੀਰਾ ਵੀ ਮਨੁੱਖ ਪ੍ਰਤੀ ਹਿੰਸਕ ਹੋ ਗਿਆ।
ਨਾਟਕਕਾਰ ਪਾਲੀ ਭੁਪਿੰਦਰ ਨੇ ਤਾਂ ਹੀਰ ਰਾਂਝਾ ਦੀ ਤਰਜ਼ ਤੇ ਮੁਕੰਮਲ “ਕਿੱਸਾ ਰੌਕੀ ਰੇਸ਼ਮਾ” ਲਿਖ ਕੇ ਉਸ ਦੀ ਅਜ਼ਮਤ ਵਧਾਈ ਹੈ।
ਖ਼ੈਰ, ਇਹ ਜਾਨਵਰ ਮਨੁੱਖ ਦੇ ਵਫ਼ਾਦਾਰ ਸੇਵਕ ਵਜੋਂ ਤਾਂ ਜਾਣਿਆ ਜਾਂਦਾ ਹੀ ਹੈ, ਇਹ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਹ ਪਿਆਰ ਦੀ ਬੋਲੀ ਸਮਝਦਾ ਹੈ। ਸਾਡੇ ਕਈ ਮਹਿਮਾਨ ਸ਼ਿਕਾਇਤ ਕਰਦੇ ਹਨ ਕਿ ਤੁਹਾਡੀ ਗਲ਼ੀ ਵਿੱਚ ਕੁੱਤੇ ਬਹੁਤ ਨੇ। ਦੁਪਹੀਆ ਸਵਾਰ ਹੋਵੇ ਜਾਂ ਕਾਰ ਸਵਾਰ, ਇਹ ਭੌਂਕ ਭੌਂਕ ਕੇ ਪਿੱਛਾ ਕਰ ਕੇ ਡਰਾਉਂਦੇ ਨੇ।ਪਰ ਮੇਰਾ ਅਨੁਭਵ ਬਿਲਕੁਲ ਵੱਖਰਾ ਹੈ।ਪਹਿਲਾਂ ਪਹਿਲ ਕਈ ਵਾਰ ਉਹ ਸਕੂਟਰ ਤੇ ਜਾਂਦਿਆਂ ਆਉਂਦਿਆਂ ਮੇਰੇ ਵੱਲ ਨੂੰ ਵੀ ਆਉਂਦੇ ਪਰ ਜ਼ਰਾ ਕੁ ਪੁਚਕਾਰਨ ਤੇ ਪੂਛ ਹਿਲਾਉਣ ਲੱਗਦੇ। ਪਰ ਹੁਣ ਉਹ ਭਲੀ ਭਾਂਤ ਪਛਾਣਨ ਲੱਗੇ ਹਨ। ਹਾਲੇ ਵੀ ਕਦੀ ਕਦਾਈਂ ਕੋਈ ਹਸਬੇ ਆਦਤ ਮੇਰੇ ਵੱਲ ਨੂੰ ਵਧਦਾ ਵੀ ਹੈ ਤਾਂ ਚੁੱਪ ਕਰ ਕੇ ਇੱਕ ਖ਼ਾਸ ਅੰਦਾਜ਼ ਵਿੱਚ ਨੇੜੇ ਤੋਂ  ਵਾਪਸ ਹੋ ਜਾਂਦਾ ਹੈ ਜਿਸ ਦਾ ਮੈਂ ਬਤੌਰ ਅਨੁਵਾਦਕ ਤਰਜਮਾ ਟਰੱਕਾਂ ਪਿੱਛੇ ਲਿਖੇ ਇੱਕ ਵਾਕ ਦੇ ਰੂਪ ਵਿੱਚ ਕਰਦਾ ਹਾਂ:
“ਹਾਇ ਨੀ ਇਹ ਤਾਂ ਉਹ ਐ।”
ਇਸ ਮਾਮਲੇ ਵਿੱਚ ਮੈਨੂੰ ਇੱਕ ਬੜੀ ਪੁਰਾਣੀ ਘਟਨਾ ਚੇਤੇ ਆ ਗਈ ਹੈ। ਮੇਰੇ ਪ੍ਰੈੱਸ ਇਨਫ਼ਰਮੇਸ਼ਨ ਬਿਊਰੋ ਵਾਲੇ ਸਾਲਾਂ ਦੌਰਾਨ ਅਖ਼ਬਾਰ ਵਿੱਚ ਜੰਮੂ ਯੂਨੀਵਰਸਿਟੀ ਦਾ ਦਾਖ਼ਲਾ ਨੋਟਿਸ ਛਪਿਆ ਜਿਸ ਵਿੱਚ ਪ੍ਰਾਇਮਰੀ ਪੱਧਰ ਦੇ ਇੱਕ ਪੱਤਰ-ਵਿਹਾਰੀ ਉਰਦੂ ਕੋਰਸ ਦਾ ਜ਼ਿਕਰ ਸੀ। ਮੈਂ ਫ਼ਾਰਮ ਭਰ ਦਿੱਤਾ। ਸਿਲੇਬਸ, ਲੈਸਨ ਵਗ਼ੈਰਾ ਸਭ ਕੁਝ ਬਜ਼ਰੀਆ ਡਾਕ ਆ ਜਾਂਦਾ ਪਰ ਉਹ ਸਭ ਕੁਝ ਪਹਿਲਾਂ ਹੀ ਆਉਂਦਾ ਹੋਣ ਕਰ ਕੇ ਕੋਈ ਦਿੱਕਤ ਨਹੀਂ ਆਈ। ਪੂਰੀ ਬਾਕਾਇਦਗੀ ਨਾਲ ਅਸਾਈਨਮੈਂਟਾਂ ਭੇਜੀਆਂ। ਦਿੱਕਤ ਤਾਂ ਉਦੋਂ ਆਈ ਜਦੋਂ ਰੋਲ ਨੰਬਰ ਆ ਗਿਆ। ਇਮਤਿਹਾਨ ਦਾ ਕੇਂਦਰ ਜੰਮੂ ਯੂਨੀਵਰਸਿਟੀ ਦਾ ਕੈਂਪੱਸ ਹੀ ਬਣਿਆ। ਉਹਨੀਂ ਦਿਨੀਂ ਛੜੇ ਛਾਂਟ ਇਕੱਲੇ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸੀ। ਜੰਮੂ ਨੂੰ ਗੱਡੀ ਜਾਣੀ ਸੀ ਸਵੇਰੇ ਢਾਈ ਵਜੇ। ਉਸ ਵੇਲੇ ਰੇਲਵੇ ਸਟੇਸ਼ਨ ਜਾਣ ਲਈ ਨਾ ਤਾਂ ਕੋਈ ਰਿਕਸ਼ਾ ਮਿਲੇ ਅਤੇ ਨਾ ਹੀ ਕੋਈ ਹੋਰ ਸਾਧਨ। ਮੇਰੇ ਮਖ਼ਦੂਮਪੁਰੇ ਮੁਹੱਲੇ ਤੋਂ ਢਾਈ ਕੁ ਕਿਲੋਮੀਟਰ ਦਾ ਫ਼ਾਸਲਾ ਵੀ ਸੀ। ਲਿਹਾਜ਼ਾ ਰਾਤ ਦੇ ਡੇਢ ਪੌਣੇ ਦੋ ਵਜੇ ਕਮਰੇ ਨੂੰ ਜਿੰਦਾ ਲਾ ਕੇ ਗਲ਼ੀ ਵਿੱਚ ਚਾਰ ਕੁ ਕਦਮ ਹੀ ਚੱਲਿਆ ਸੀ ਕਿ ਗਲ਼ੀ ਦੇ ਕੁੱਤੇ ਬਹੂੰ ਬਹੂੰ ਕਰ ਕੇ ਮੇਰੇ ਪਿੱਛੇ ਪੈ ਗਏ। ਲੱਗਦਾ ਸੀ ਅੱਜ ਤਾਂ ਇਹ ਉਰਦੂ ਦੀ ਮੁਹੱਬਤ ਦਾ ਚੰਗਾ ਇਨਾਮ ਦੇ ਕੇ ਹਟਣਗੇ। ਪਰ ਅੰਦਰੋਂ ਅੰਦਰ ਡਰਦਾ ਹਨੂੰਮਾਨ ਚਾਲੀਸਾ ਪੜ੍ਹਦਾ ਤੁਰਦਾ ਗਿਆ। ਜਲਦੀ ਹੀ ਕੁੱਤਿਆਂ ਦੀ ਆਵਾਜ਼ ਇਕਦਮ ਬੰਦ ਹੋ ਗਈ। ਲੱਗਾ ਕਿ ਵਾਕਿਆ ਹੀ ਮਨੁੱਖ ਜਾਤੀ ਹੀ ਨਹੀਂ ਸਗੋਂ ਜਾਨਵਰਾਂ ਦੀ ਦੁਨੀਆ ਵਿੱਚ ਵੀ ਬਜਰੰਗ ਬਲੀ ਦੀ ਚੰਗੀ ਖ਼ਾਸੀ ਸ਼ਰਧਾ ਹੈ। ਪਰ ਇਹ ਮੇਰੀ ਖ਼ਾਮਖ਼ਿਆਲੀ ਹੀ ਸੀ ਕਿਉਂਕਿ ਹਾਲੇ ਥੋੜ੍ਹੇ ਕਦਮ ਹੀ ਅੱਗੇ ਵਧਿਆ ਸੀ ਕਿ ਮਖ਼ਦੂਮਪੁਰੇ ਵਾਲੀ ਫ਼ੋਰਸ ਵਾਪਸ ਹੋ ਗਈ ਅਤੇ ਇੱਕ ਹੋਰ ਕੰਟਿੰਜੈਂਟ ਨੇ ਇਹ ਡਿਊਟੀ ਸੰਭਾਲ ਲਈ। ਕੁਝ ਫ਼ਾਸਲੇ ਤੱਕ ਇਸ ਫ਼ੋਰਸ ਨੇ ਸਾਥ ਦਿੱਤਾ। ਹੁਣ ਤੱਕ ਮੈਂ ਵੀ ਖੇਮਾ ਬਦਲ ਲਿਆ ਸੀ। ਹਨੂੰਮਾਨ ਜੀ ਦੀ ਬਜਾਇ ਹੁਣ ਗਾਂਧੀ ਜੀ ਨੂੰ ਧਿਆਇਆ। ਕੁੱਤਿਆਂ ਦੀ ਗੁੱਸਾ ਗ਼ੋਰੀ ਦਾ ਜਵਾਬ ਪੁਚਕਾਰ ਨਾਲ ਦਿੱਤਾ। ਇਸ ਦਾ ਜਾਦੂਮਈ ਅਸਰ ਹੋਇਆ ਅਤੇ ਇਕਦਮ ਸ਼ਾਂਤੀ ਛਾ ਗਈ।ਪਰ ਫਿਰ ਪਤਾ ਨਹੀਂ ਇਹ ਪ੍ਰਭਾਵ ਬਣਿਆ ਕਿ ਉਹਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ, ਉਹਨਾਂ ਨੇ ਕੁਝ ਪਲਾਂ ਦੇ ਵਕਫੇ ਬਾਅਦ ਹੀ ਆਧੁਨਿਕ ਯੁੱਗ ਵਿੱਚ ਗਾਂਧੀ ਜੀ ਦੀ ਪ੍ਰਸੰਗਕਤਾ ਨੂੰ ਵੀ ਖ਼ਤਮ ਕਰ ਦਿੱਤਾ ਪਰ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੀ ਡਿਊਟੀ ਸਕਾਈਲਾਰਕ ਹੋਟਲ ਵਾਲੇ ਇਲਾਕੇ ਦੇ ਵਾਲੰਟੀਅਰਾਂ ਨੇ ਸੰਭਾਲ ਲਈ।ਪਰ ਇਹ ਆਪਣੇ ਗਲ਼ੀ ਵਾਲੇ ਸਹਿਕਰਮੀਆਂ ਨਾਲੋਂ ਮੁਕਾਬਲਤਨ ਜ਼ਿਆਦਾ ਮੁਹੱਜ਼ਬ ਸਨ। ਸੋ ਇਹ ਪਹਿਲੀ ਪੁਚਕਾਰ ਤੇ ਹੀ ਖ਼ਾਮੋਸ਼ ਹੋ ਗਏ। ਕਿੱਸਾ ਮੁਖ਼ਤਸਰ ਇਹ ਕਿ ਉਸ ਦਿਨ ਰਾਤ ਦਾ ਵੇਲ਼ਾ ਹੋਣ ਕਰ ਕੇ ਮੇਰੀ ਸਕਿਊਰਟੀ ਦਾ ਜ਼ਿੰਮਾ ਪ੍ਰਕਿਰਤੀ ਨੇ ਆਪਣੇ ਸਿਰ ਲੈ ਕੇ ਮੈਨੂੰ ਮਖ਼ਦੂਮਪੁਰੇ ਤੋਂ ਰੇਲਵੇ ਸਟੇਸ਼ਨ ਛੱਡਣ ਦਾ ਫ਼ਰਜ਼ ਅਦਾ ਕੀਤਾ।
ਪ੍ਰਵੇਸ਼ ਸ਼ਰਮਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੱਠਜੋੜ ਬਨਾਮ ਸੌਦਾ
Next article~~ਖੋਜ ਦਾ ਆਧਾਰ~~