ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਅਦਾਰਾ ਪਾਠਕ ਸੱਥ ਨਵਾਂ ਸ਼ਹਿਰ ਵਲੋਂ ਲੇਖਕ ਜਸਵੀਰ ਮੋਰੋਂ ਜੀ ਦੀ ਕਿਤਾਬ ‘ਯਤਨ ਜਾਰੀ ਹੈ ‘ ਤੇ ਵਿਚਾਰ ਚਰਚਾ ਕਰਵਾਈ ਗਈ | ਚਰਚਾ ਦਾ ਆਗਾਜ਼ ਜਰਨੈਲ ਸਿੰਘ ਸਿੰਘ ਵਲੋਂ ਕਰਦਿਆਂ ਕਿਤਾਬ ‘ਯਤਨ ਜਾਰੀ ਹੈ ‘ ਨੂੰ ਇਕ ਨਿੱਗਰ ਕੋਸ਼ਿਸ਼ ਦੱਸਦਿਆਂ ਲੇਖਕ ਨੂੰ ਵਧਾਈ ਦਿੱਤੀ ਗਈ | ਜਰਨੈਲ ਸਿੰਘ ਜਾਫਰਪੁਰ ਵਲੋਂ ਕਿਤਾਬ ਦੇ ਲੇਖ ‘ਆਜ਼ਾਦੀ ਤੇ ਅਫਵਾਹ’ ਤੇ ਚਰਚਾ ਕਰਦਿਆਂ ਕਿਹਾ ਕਿ ਸਾਡੇ ਮੁਲਕ ਦੇ ਲੋਕਾਂ ਨੇ ਆਜ਼ਾਦੀ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਪਰ ਉਸਦਾ ਫਲ ਆਮ ਲੋਕਾਂ ਨੂੰ ਨਹੀਂ ਮਿਲਿਆ | ਉਹਨਾਂ ਨੇ ਕਿਹਾ ਕਿ 1857 ਦਾ ਵਿਦਰੋਹ ਆਜ਼ਾਦੀ ਦੀ ਲੜਾਈ ਦਾ ਪਹਿਲਾ ਸੰਘਰਸ਼ ਸੀ ਉਸ ਤੋਂ ਬਾਅਦ ਗ਼ਦਰੀ ਬਾਬਿਆਂ ਤੇ ਭਗਤ ਸਿੰਘ ਹੁਰਾਂ ਦੀ ਜਥੇਬੰਦੀ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ‘ ਵਲੋਂ ਲੋਕਾਂ ਦੀ ਬੰਦਖਲਾਸੀ ਲਈ ਯਤਨ ਕੀਤੇ ਗਏ| ਉਹਨਾਂ ਅੰਗਰੇਜ਼ਾਂ ਦੇ ਖਿਲਾਫ ਨੇਵੀ ਦੇ ਵਿਦਰੋਹ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 1946 ਵਿਚ ਬੰਬਈ ਦੀ ਨੇਵੀ ਦੇ ਸੈਨਿਕ ਵਲੋਂ ਵਿਦਰੋਹ ਕੀਤਾ ਗਿਆ l ਜਿਸ ਵਿਚ ਮਜ਼ਦੂਰ ਯੂਨੀਅਨਾਂ ਦਾ ਆਮ ਲੋਕਾਂ ਨੇ ਵੀ ਸਾਥ ਦਿੱਤਾ| ਉਹਨਾਂ ਚਰਚਾ ਜਾਰੀ ਰੱਖਦਿਆਂ ਕਿਹਾ ਕਿ ਇਹ ਸਾਰੀਆਂ ਕੁਰਬਾਨੀਆਂ ਦੇ ਬਾਵਜੂਦ l947 ਨੂੰ ਜੋ ਆਜ਼ਾਦੀ ਮਿਲੀ ਉਹ ਅੱਧੀ ਅਧੂਰੀ ਹੀ ਸੀ ਤੇ ਦੇਸ਼ ਸੀ ਸੱਤਾ ਤੇ ਲੋਟੂ ਲਾਣਾ ਕਾਬਜ਼ ਹੋ ਗਿਆ | ਉਸ ਤੋਂ ਬਾਅਦ ਸੰਦੀਪ ਨਈਅਰ ਨੇ ਚਰਚਾ ਨੂੰ ਫ਼ੈਜ਼ ਅਹਿਮਦ ਫ਼ੈਜ਼ ਦੀ ਗ਼ਜ਼ਲ “ਯੇਹ ਦਾਗ ਦਾਗ ਉਜਾਲਾ ਯੇਹ ਸ਼ਬ ਗ਼ਜ਼ੀਦਾ ਸਹਿਰ,ਵੋਹ ਇੰਤਜ਼ਾਰ ਥਾ ਜਿਸਕਾ ਵੋ ਯੇਹ ਸਹਿਰ ਤੋਂ ਨਹੀਂ ” ਨਾਲ ਅਗਾਂਹ ਤੋਰਦਿਆਂ ਕਿਹਾ ਕਿ ਲੇਖਕ ਦੀ ਕਿਤਾਬ ਦਾ ਲੇਖ ‘ ਆਜ਼ਾਦੀ ਤੇ ਅਫਵਾਹ ‘ ਫ਼ੈਜ਼ ਅਹਿਮਦ ਫ਼ੈਜ਼ ਦੀ ਗ਼ਜ਼ਲ ਦੀ ਤਰਜ਼ਮਾਨੀ ਕਰਦੀ ਹੈ | ਫ਼ੈਜ਼ ਅਹਿਮਦ ਫ਼ੈਜ਼ ਤੇ ਤਰੱਕੀਪਸੰਦ ਸਾਹਿਤਕਾਰ ਜਿਸ ਤਰਾਂ ਦੀ ਆਜ਼ਾਦੀ ਚਾਹੁੰਦੇ ਸੀ ਉਹ ਨਹੀਂ ਮਿਲੀ ਸਗੋਂ 1947 ਤੋਂ ਬਾਅਦ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ | ਉਹਨਾਂ ਇੱਕ ਹੋਰ ਲੇਖ ਦੇਸ਼ ਧ੍ਰੋਹੀ ਤੇ ਗੱਲ ਰੱਖਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਇਸ ਸ਼ਬਦ ਦਾ ਬਿੰਬ ਅਲੱਗ ਰੂਪ ਵਿਚ ਪੇਸ਼ ਕੀਤਾ ਗਿਆ ਹੈ |ਇਸ ਕਿਤਾਬ ਬਾਰੇ ਉਹਨਾਂ ਕਿਹਾ ਕਿ “ਸੂਹੀ ਸਵੇਰ ” ਵਰਗੀ ਇਹ ਇੱਕ ਹੋਰ ਕਿਤਾਬ ਪੜਨ ਨੂੰ ਮਿਲੀ ਹੈ l ਗੁਰਦੀਪ ਸੈਣੀ ਜੀ ਨੇ ਗੱਲ ਜਾਰੀ ਰੱਖਦਿਆਂ ਕਿਹਾ ਕਿ ਕਿਤਾਬ ਦਾ ਟਾਈਟਲ ‘ਯਤਨ ਜਾਰੀ ਹੈ’ ਬਹੁਤ ਹੀ ਸ਼ਾਨਦਾਰ ਹੈ | ਗੁਰਦੀਪ ਸੈਣੀ ਜੀ ਨੇ ਕਿਤਾਬ ਦੇ ਲੇਖ ‘ਸਿੱਖਿਆ ਸੋਚ ,ਸਮਝ ਤੇ ਸੱਚ’ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਿਸੇ ਵੀ ਲਿਖਤ ਨੂੰ ਪੜਨ ਦੀ ਪ੍ਰਕਿਰਿਆ ਦੋਹਰਾ ਕੇ ਅਤੇ ਪੂਜਾ ਕਰਕੇ ਕੋਈ ਲਾਭ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਚੰਗੇ ਵਿਚਾਰਾਂ ਤੇ ਅਮਲ ਕਰ ਕੇ ਹੀ ਵਧੀਆ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਹਨ | ਪਰਮਜੀਤ ਕਰਿਆਮ ਵਲੋਂ ਕਿਹਾ ਗਿਆ ਕਿ ਕਿਤਾਬ ਖੋਜ ਤੇ ਅਧਾਰਤ ਹੈ | ਉਹਨਾਂ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਕਿਤਾਬਾਂ ਸਮਾਜ ਨੂੰ ਵਧੀਆ ਸੇਧ ਦਿੰਦੀਆਂ ਹਨ | ਦੀਪ ਜਗਤਪੁਰੀ ਜੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਤਾਬ ਦੇ ਲੇਖ ਪੁਰਾਣੇ ਰੀਤੀ ਰਿਵਾਜਾਂ ਤੇ ਪ੍ਰਚਲਿਤ ਵਿਚਾਰਾਂ ਤੇ ਗਹਿਰੀ ਚੋਟ ਕਰਦੇ ਹਨ | ਉੱਭਰਦੇ ਕਵੀ ਨੂਰਕਮਲ ਜੀ ਵਲੋਂ ਕਿਤਾਬ ਦੇ ਸੰਬੰਧ ਵਿਚ ਵਿਚਾਰਾਂ ਦੇ ਅਮਲ ਕਰਨ ਸੰਬੰਧੀ ਕਈ ਸੁਆਲ ਉਠਾਏ ਗਏ | ਇਹਨਾਂ ਤੋਂ ਇਲਾਵਾ ਇਸ ਮੌਕੇ ਦੀਪ ਸ਼ੇਰਗਿੱਲ ਜੀ ਨੇ ਵੀ ਆਪਣੇ ਵਿਚਾਰ ਰੱਖੇ| ਜਸਵੀਰ ਸਿੰਘ ਮੋਰੋਂ ਨੇ ਕਿਤਾਬ ‘ਯਤਨ ਜਾਰੀ ਹੈ ” ਤੇ ਕੀਤੀ ਜਾ ਰਹੀ ਚਰਚਾ ਤੇ ਆਪਣੇ ਵਿਂਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਵਿਅਕਤੀ ਆਪਣੇ ਆਲੇ-ਦੁਆਲੇ ਚੱਲ ਰਹੇ ਵਰਤਾਰਿਆਂ ਤੋਂ ਪ੍ਭਾਵਤ ਹੁੰਦਾ ਹੈl ਜਿਸ ਨਾਲ ਉਸ ਦੀ ਜ਼ਿੰਦਗ਼ੀ ਪ੍ਭਾਵਤ ਹੁੰਦੀ ਹੈ ਤੇ ਉਸਦੇ ਆਪਣੇ ਅਨੁਭਵਾਂ ਨਾਲ ਵਿਚਾਰ ਬਣਦੇ ਹਨ l ਹਰ ਵਿਅਕਤੀ ਦੀ ਜਾਨਣ,ਸਮਝਣ ,ਕਲਪਨਾ ਕਰਨ ਦੀ ਇੱਕ ਸੀਮਤਾਈ ਹੁੰਦੀ ਹੈ lਸਮਾਜ ਵਿੱਚ ਸਥਾਪਿਤ ਵਿਚਾਰਾਂ ਦੇ ਬਿੰਬ ਤੋੜਨ ਦੇ ਯਤਨ ਇਸ ਕਿਤਾਬ ਰਾਹੀਂ ਕੀਤੇ ਗਏ ਹਨ l ਸਮੇਂ ਦੀਆਂ ਹਾਲਤਾਂ ,ਹਾਲਾਤਾਂ ਦੇ ਸਨਮੁੱਖ ਨਵੇਂ ਰਾਹਾਂ ਤੁਰਨ ਲਈ ਪੇ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਬਰਾਦਰੀ ਬਾਗ਼ ਦੇ ਲਾਇਬੇ੍ਰੀਅਨ ਮੈਡਮ ਅਨੂਪ ਰਾਣਾ ਵਲੋਂ ਪਾਠਕਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਣ ਲਈ ਪ੍ਰੇਰਿਤ ਕੀਤਾ ਤੇ ਲਾਇਬਰੇਰੀ ਦੀ ਮੈਂਬਰਸ਼ਿਪ ਲੈਣ ਲਈ ਪ੍ਰੇਰਿਆ |ਅਦਾਰਾ ਪਾਠਕ ਸੱਥ ਵਲੋਂ ਮੈਡਮ ਅਨੂਪ ਰਾਣਾ ਨੂੰ ਲਾਇਬ੍ਰੇਰੀ ਵਾਸਤੇ ਕਿਤਾਬ ਦਾ ਇਕ ਸੈੱਟ ਭੇਟ ਕੀਤਾ ਗਿਆ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj