(ਸਮਾਜ ਵੀਕਲੀ)- ਉਦੋੰ ਕੁ ਦੀ ਓ ਗੱਲ ਆ,ਜਦੋਂ ਮੈਂ ਜਗ ਬਾਣੀ ਅਖਬਾਰ ਲਈ ਫੀਚਰ ਲਿਖਣ ਲੱਗਾ ਸੀ। ਤਿੰਨ ਵੱਖੋ-ਵੱਖ ਪੰਜਾਬੀ ਗਾਇਕਾਂ ਬਾਰੇ ਲਿਖੇ ਫੀਚਰ ਬਿਨਾਂ ਕਾਂਟ-ਛਾਂਟ ਛਪ ਚੁੱਕੇ ਸੀ। ਚਮਕੀਲਾ-ਅਮਰਜੋਤ ਦੇ ਕਤਲ ਤੋੰ ਬਾਅਦ,ਇੱਕੋ ਦਮ ਅਨੇਕਾਂ ਪੰਜਾਬੀ ਗਾਇਕ ਜੋੜੀਆਂ ਕਤਲ ਹੋਈ ਜੋੜੀ ਦੀਆਂ ਕਾਪੀਆਂ ਕਰਨ ਅਤੇ ਖੁਦ ਨੂੰ ਚਮਕੀਲੇ ਦੇ ਚੇਲੇ/ਰਿਸ਼ਤੇਦਾਰ ਦੱਸ ਕੇ ਤੇ ਚਮਕੀਲੇ ਦੇ ਨਾਂ ਵਰਗੇ ਤਖੱਲਸ ਰੱਖ-ਰੱਖ,ਪੰਜਾਬੀਆਂ ਦੇ ਦਿਲਾਂ ਵਿੱਚ ਉਸ ਜੋੜੀ ਵਰਗਾ ਨਾਂ ਬਣਾਉਣ ਵਿੱਚ ਇੱਕ ਦੂਸਰੇ ਤੋਂ ਅੱਗੇ ਪੈਰ ਪੁੱਟ ਰਹੀਆਂ ਸਨ। ਬਠਿੰਡੇ ਰਹਿੰਦੀ ਇਹੋ ਜਿਹੀ ਇੱਕ ਜੋੜੀ ਲਈ ਗੀਤ ਲਿਖਦੇ ਇੱਕ ਗੀਤਕਾਰ ਨੇ ਮੈਨੂੰ ਓਹਨਾਂ ਦੀ ਇੰਟਰਵਿਊ ਕਰਨ ਲਈ ਕਿਹਾ।
ਗੀਤਕਾਰ ਨੇ ਟੈਲੀਫੋਨ ਕਰਕੇ ਓਹਨਾਂ ਨੂੰ ਦੱਸ ਦਿੱਤਾ। ਮਿਥੀ ਤਰੀਕ ਨੂੰ ਅਸੀਂ ਦੋਵੇਂ ਅਪ੍ਰੈਲ ਮਹੀਨੇ ਓਹਨਾਂ ਦੀ ਕਿਰਾਏ ਦੀ ਕੋਠੀ ਵਿੱਚ ਜਾ ਪੁੱਜੇ। ਗਾਇਕ ਦੇ ਘਰਵਾਲੀ ਗਾਇਕਣੀ ਨੇ ਸਾਡਾ ਹੱਥ ਜੋੜ ਅਤੇ ਬੁੱਲ੍ਹਾਂ ਵਿੱਚ ਹੱਸ ਕੇ ਸਵਾਗਤ ਕੀਤਾ। ਗਾਇਕ ਸਾਹਿਬ ਬਜਾਰ ਕਿਸੇ ਕੰਮ ਗਏ ਹੋਏ ਸਨ। ਗੀਤਕਾਰ ਦਾ ਤਾਂ ਓਹਨਾਂ ਦੇ ਘਰ ਪਹਿਲਾਂ ਤੋੰ ਈ ਕਾਫੀ ਆਉਣ ਜਾਣ ਸੀ। ਖੈਰ,ਗਾਇਕਣੀ ਨੇ ਪਹਿਲਾਂ ਮੁਸਕਰਾਉਂਦਿਆਂ ਪਾਣੀ ਪਿਲਾਇਆ ਤੇ ਫਿਰ ਨਮਕੀਨ ਨਾਲ਼ ਕੋਲਡ ਡਰਿੰਕ ਲੈ ਆਈ।
“ਜੀ,ਮੈੰ ਕੋਲਡ ਡਰਿੰਕ ਨ੍ਹੀਂ ਪੀਂਦਾ।” ਮੈਂ ਨਿਮਰਤਾ ਨਾਲ਼ ਕਿਹਾ।
“ਮੇਰੇ ਹੱਥੋਂ ਪੀ ਲਵੋ।” ਗਾਇਕਣੀ ਮੁਸਕਰਾਉਂਦਿਆਂ ਬੋਲੀ। ਮੈਂ ਸ਼ਰਮਾਉਂਦਿਆਂ ਗਲਾਸ ਚੁੱਕ ਲਿਆ। ਉਦੋਂ ਮੇਰੀ ਉਮਰ ਮਸੀਂ 19-20 ਕੁ ਸਾਲ ਸੀ ਤੇ ਗਾਇਕਣੀ ਅਠਾਈਆਂ-ਤੀਹਾਂ ਨੂੰ ਢੁੱਕੀ ਹੋਣੀ। ਥੋੜ੍ਹੀ ਦੇਰ ‘ਚ ਗਾਇਕ ਸਾਹਿਬ ਆ ਗਏ। ਅਸੀਂ ਅਜੇ ਗੱਲਾਂ ਬਾਤਾਂ ਕਰ ਈ ਰਹੇ ਸੀ ਕਿ ਗਾਇਕਣੀ ਪਾਏ ਸਲਵਾਰ ਕਮੀਜ਼ ਦੀ ਥਾਂ,ਤੰਗ ਟੌਪ ਜ਼ੀਨ ਪਾ ਕੇ ਤੇ ਵਾਲ਼ ਖੁੱਲ੍ਹੇ ਛੱਡ,ਡਰਾਇੰਗ ਰੂਮ ਵਿੱਚ ਆ ਗਈ। ਵੈਰਨ ਨੇ ਏਨਾ ਸੈਂਟ ਲਾਇਆ ਹੋਇਆ ਸੀ ਕਿ ਮੈਨੂੰ ਸਾਹ ਲੈਣਾ ਔਖਾ ਹੋ ਗਿਆ। ਖੈਰ ਇੰਟਰਵਿਊ ਕੀਤੀ। ਇੰਟਰਵਿਊ ਦੌਰਾਨ ਗਾਇਕ ਤਾਂ ਬੇਚਾਰਾ ਘੱਟ ਈ ਬੋਲਿਆ, ਪਰ ਉਸਦੀ ਗਾਇਕ ਪਤਨੀ ਜਿੱਥੇ ਵੱਧ ਬੋਲੀ,ਓਥੇ ਈ ਓਹਨੇ ਹਰ ਸ਼ਬਦ ਉੱਤੇ ਹਾਸੇ ਖਲੇਰੇ। ਇੰਟਰਵਿਊ ਤੋਂ ਬਾਅਦ ਓਹਨੇ ਸਾਨੂੰ ਧੱਕੇ ਨਾਲ਼ ਖਾਣਾ ਖਵਾਇਆ ਤੇ ਮੈਨੂੰ ਦੋ ਫੁਲਕੇ ਧੱਕੇ ਨਾਲ਼ ਈ ਖਵਾ ਗਈ। ਜਦੋਂ ਵਾਪਸੀ ਦਾ ਟਾਇਮ ਹੋਣ ਲੱਗਾ,ਉਦੋਂ ਓਹਨੇ ਟੌਪ ਜ਼ੀਨ ਦਾ ਥਾਂ ਫਰਾਕ ਸੂਟ ਪਹਿਨਿਆ ਹੋਇਆ ਸੀ।
ਰਸਤੇ ‘ਚ ਗੀਤਕਾਰ ਮੈਨੂੰ ਬੋਲਿਆ,”ਕੰਜਰਾ,ਤੇਰੇ ‘ਤੇ ਤਾਂ ਪੂਰੀ ਲਿਫੀ ਫਿਰਦੀ ਸੀ। ਮੈਨੂੰ ਤਾਂ ਕਦੀ ਚਾਹ ਵੀ ਨ੍ਹੀਂ ਪੁੱਛੀ ਇਹਨੇ।”
ਮੈੰ ਕਿਹਾ,”ਇਹ ਮੈਨੂੰ ਮਾਰਕ ਟੱਲੀ ਈ ਸਮਝੀ ਫਿਰਦੀ ਹੋਣੀ। ਬੀ ਬਹੁਤ ਤਕੜਾ ਪੱਤਰਕਾਰ ਹੋਣਾ।”
ਜਸਵਿੰਦਰ ਪੰਜਾਬੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly