(ਸਮਾਜ ਵੀਕਲੀ)
(20 ਅਕਤੂਬਰ ਬਰਸੀ ‘ਤੇ)
ਵਿਚ ਮੈਦਾਨੇ ਰਿਹਾ ਜੂਝਦਾ ਸੀਸ ਤਲੀ ‘ਤੇ ਧਰ ਕੇ।
ਜੱਸਾ ਸਿੰਘ ਨੇ ਜੱਸ ਖੱਟ ਲਿਆ,ਦੇਸ਼ ਦੀ ਸੇਵਾ ਕਰਕੇ।
ਜ਼ਿਲ੍ਹਾ ਲਾਹੌਰ ਦੇ ਆਹਲੂ ਪਿੰਡ ਵਿਚ ਬਦਰ ਸਿੰਘ ਸੀ ਰਹਿੰਦਾ,
ਕਰਕੇ ਸੁੱਚੀ ਕਿਰਤ ਕਮਾਈ ਮੁੱਖੋਂ ਸਤਿਨਾਮ ਸੀ ਕਹਿੰਦਾ,
Ñਲੋਕ ਪ੍ਰਲੋਕ ਸਵਾਰੇ ਬਾਣੀ ਗੁਰੂ ਗ੍ਰੰਥ ਦੀ ਪੜ੍ਹਕੇ।
ਜੱਸਾ ਸਿੰਘ ਨੇ…… ——————–।
ਛੋਟੀ ਉਮਰੇ ਸਿਰ ਤੋਂ ਉਠ ਗਿਆ,ਜਦੋਂ ਪਿਤਾ ਦਾ ਸਾਇਆ,
ਆਹਲੂਵਾਲੀਏ ਉਸ ਵਕਤ ਨੂੰ ਹੌਂਸਲੇ ਨਾਲ ਲੰਘਾਇਆ,
ਵੱਧਦਾ ਰਿਹਾ ਵੱਲ ਅਗਾਂਹ ਨੂੰ ਦੁੱਖ ਤਕਲੀਫ਼ਾਂ ਜਰ ਕੇ।
ਜੱਸਾ ਸਿੰਘ ਨੇ———————–।
ਮਾਤਾ ਸੁੰਦਰੀ ਨੇ ਜੱਸੇ ‘ਤੇ ਨਜ਼ਰ ਮੇਹਰ ਦੀ ਕੀਤੀ,
ਪੁੱਤ ਸਮਝਕੇ ਤੋੜ ਨਿਭਾਈ ਉਸ ਦੇ ਨਾਲ ਪ੍ਰੀਤੀ
ਸ਼ਸਤਰ ਸੌਂਪ ਕੇ ਆਖਿਆ ਜੀਣਾ ਨਹੀਂ ਕਿਸੇ ਤੋਂ ਡਰ ਕੇ।
ਜੱਸਾ ਸਿੰਘ ਨੇ————————।
ਗੁਰੂ ਸਮਝ ਕੇ ਗ੍ਰੰਥ ਸਾਹਿਬ ਤੋਂ ਲੈਂਦਾ ਰਿਹਾ ਅਗਵਾਈ,
ਇਸ ਅਗਵਾਈ ਨੇ ਹੀ ਉਸ ਨੂੰ ਜੀਵਨ ਜਾਚ ਸਿਖਾਈ,
ਚੁੱੱਕੇ ਹੋਏ ਕਦਮ ਕਦੇ ਨਾ ਪਿੱਛੇ ਵੱਲ ਨੂੰ ਸਰਕੇ।
ਜੱਸਾ ਸਿੰਘ ਨੇ——————-।
ਮੱਘਦੇ ਸੂਰਜ ਵਰਗੀ ਸੀ ਉਸ ਦੇ ਚੇਹਰੇ ‘ਤੇ ਲਾਲੀ,
ਕੰਬਦਾ ਸੀ ਤੱਕ ਕੇ ਜਿਸ ਨੂੰ ਅਹਿਮਦ ਸ਼ਾਹ ਅਬਦਾਲੀ,
ਮੁੜ ਜਾਂਦਾ ਸੀ ਖ਼ਾਲੀ ਆਪਣੀ ਜਿੱਤੀ ਬਾਜੀ ਹਰਕੇ।
ਜੱਸਾ ਸਿੰਘ ਨੇ——————–।
ਏਨਾ ਸੌਖਾ ਹੁੰਦਾ ਨਹੀਂ ਸੁਲਤਾਨ ਕੌਮ ਦਾ ਬਣਨਾ,
ਦੁਸ਼ਮਣ ਦੀਆਂ ਬੰਦੂਕਾਂ ਅੱਗੇ ਸੀਨਾ ਪੈਂਦਾ ਤਣਨਾ,
ਬਿੰਨ ਕੁਰਬਾਨੀ ਨਹੀਂ ਬਦਲਦੇ ਕਦੇ ਇਤਿਹਾਸ ਦੇ ਵਰਕੇ।
ਜੱਸਾ ਸਿੰਘ ਨੇ……——————–।
‘ਚੋਹਲੇ ’ਵਾਲਿਆ ਜਗ ਦੇ ਉਤੇ ਆਉਂਦੇ ਵਿਰਲੇ ਟਾਵੇਂ,
ਭਰੇ ਹੁੰਦੇ ਕੁਰਬਾਨੀਆਂ ਦੇ ਨਾਲ ਜਿਹਨਾਂ ਦੇ ਸਿਰਨਾਵੇਂ ,
ਤਾਹੀਉਂ ਸੀਸ ਝੁਕਾਉਂਦੇ ਲੋਕੀ ਆ ਉਨ੍ਹਾਂ ਦੇ ਦਰ ‘ਤੇ।
ਜੱਸਾ ਸਿੰਘ ਨੇ ਜੱਸ ਖੱਟ ਲਿਆ ਦੇਸ਼ ਦੀ ਸੇਵਾ ਕਰਕੇ।
ਰਮੇਸ਼ ਬੱਗਾ ਚੋਹਲਾ
ਗਲੀ ਨੰ‚ਬਰ 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ 9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly