ਚੰਗੀ ਨਹੀਂ ਹੁੰਦੀ ਅਣਗਹਿਲੀ ਬਾਈ! ਜੀ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

 

ਅਣਗਹਿਲੀ ਕਿਸੇ ਵੀ ਪੱਖ ਤੋਂ ਮਨੁੱਖ ਦੇ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਪ੍ਰਤੀ ਲਾਹੇਵੰਦੀ ਨਹੀਂ ਕਹੀ ਜਾ ਸਕਦੀ।ਅਣਗਹਿਲੀ ਕਰਕੇ ਕੋਈ ਵੀ ਵਿਅਕਤੀ ਸੰਤੋਖਜਨਕ ਸਿੱਟਿਆਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਅਤੇ ਇਹ ਹਮੇਸ਼ਾਂ ਹੀ ਨਿਰਾਸ਼ਾ ਦਾ ਆਲਮ ਸਿਰਜਦੀ ਹੈ।ਇਸ ਆਲਮ ਵਿਚ ਵਿਚਰਦਾ ਬਸ਼ਰ ਮਾਨਸਿਕ ਪੱਖੋਂ ਕਮਜ਼ੋਰ ਹੋ ਜਾਂਦਾ ਹੈ।ਇਹ ਕਮਜ਼ੋਰੀ ਉਸ ਦੇ ਜੀਵਨ ਦੀ ਰਫ਼ਤਾਰ ਨੂੰ ਮੱਠਾ ਕਰ ਦਿੰਦੀ ਹੈ ਅਤੇ ਉਹ ਡਾਵਾਂਡੋਲਤਾ ਦੀ ਸਥਿਤੀ ਵਿਚ ਆ ਜਾਂਦਾ ਹੈ। ਆਮ ਤੌਰ ‘ਤੇ ਅਣਗਹਿਲੀ ਦੀ ਸੰਭਾਵਨਾ ਉਥੇ ਵਧੇਰੇ ਹੁੰਦੀ ਹੈ ਜਿਥੇ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਘਾਟ ਹੁੰਦੀ ਹੈ।

ਜ਼ਿੰਮੇਵਾਰ ਵਿਅਕਤੀ ਅਣਗਹਿਲੀ ਘੱਟ ਹੀ ਕਰਦੇ ਹਨ ਅਤੇ ਗ਼ੈਰਜ਼ਰੂਰੀ ਨਿਰਾਸ਼ਾ ਤੋਂ ਬਚੇ ਰਹਿੰਦੇ ਹਨ।ਅਜਿਹੇ ਮਨੁੱਖ ਹਮੇਸ਼ਾਂ ਹੀ ਚੜ੍ਹਦੀਕਲਾ ਵਿਚ ਰਹਿੰਦੇ ਹਨ।ਅਣਗਹਿਲੀ ਜ਼ਿੰਦਗੀ ਦੇ ਕਿਸੇ ਵੀ ਮੋੜ ‘ਤੇ ਕੀਤੀ ਜਾਵੇ ਕਿਸੇ ਨਾ ਕਿਸੇ ਹਾਦਸੇ ਦਾ ਸਬੱਬ ਬਣ ਜਾਂਦੀ ਹੈ ਅਤੇ ਇਨ੍ਹਾਂ ਹਾਦਸਿਆਂ ਦੀ ਕੁੱਖ ‘ਚੋਂ ਕੇਵਲ ਪਛਤਾਵੇ ਹੀ ਉੱਗਦੇ ਹਨ।ਇਹ ਪਛਤਾਵੇ ਕਈ ਵਾਰ ਮਨੁੱਖੀ ਦੀ ਉਸਾਰੂ ਸ਼ਕਤੀ ਨੂੰ ਖ਼ੋਰਨ ਲੱਗ ਪੈਂਦੇ ਹਨ ਅਤੇ ਆਪਣੀ ਖ਼ੁਰ ਰਹੀ ਸ਼ਕਤੀ ਕਾਰਨ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ਼ ਕਰਨ ਲੱਗ ਪੈਂਦਾ ਹੈ। . ਆਮ ਤੌਰ ‘ਤੇ ਅਣਗਹਿਲੀ ਵਰਗੇ ਵਰਤਾਰੇ ਵਧੇਰੇ ਉੱਥੇ ਵਾਪਰਦੇ ਹਨ ਜਿਥੇ ਆਪਹੁਦਰੇਪਨ ਦਾ ਬੋਲਬਾਲਾ ਹੁੰਦਾ ਹੈ।ਕਿਸੇ ਅਨੁਸ਼ਾਸਨੀ ਜੀਵਨਧਾਰਾ ਵਿਚ ਅਣਗਹਿਲੀ ਦਾ ਵਾਪਰਨਾ ਨਾ ਦੇ ਬਰਾਬਰ ਹੀ ਹੁੰਦਾ ਹੈ।

ਜੇਕਰ ਕਿਸੇ ਜਾਣੇ-ਅਣਜਾਣੇ ਵਿਚ ਅਜਿਹੀ ਜੀਵਨਧਾਰਾ ਵਿਚ ਅਣਗਹਿਲੀ ਵਾਪਰ ਵੀ ਜਾਵੇ ਤਾਂ ਅਣਗਹਿਲੀਕਰਤਾ ਲਈ ਉਹ ਬੇਹੱਦ ਅਫ਼ਸੋਸਨਾਕ ਹੁੰਦੀ ਹੈ।ਸਿਆਣਾ ਅਤੇ ਦਿਮਾਗਦਾਰ ਵਿਅਕਤੀ ਇਸ ਅਫ਼ਸੋਸਨਾਕ ਪ੍ਰਸਥਿਤੀ ਵਿਚੋਂ ਕੋਈ ਨਾ ਕੋਈ ਸਬਕ ਜ਼ਰੂਰ ਲੈਂਦਾ ਹੈ ਅਤੇ ਅੱਗੇ ਤੋਂ ਉਨ੍ਹਾਂ ਹਲਾਤਾਂ ਨੂੰ ਟਾਲਣ ਦੀ ਭਰਪੂਰ ਕੋਸ਼ਿਸ਼ ਕਰਦਾ ਜਿਹੜੇ ਉਸ ਵੱਲੋਂ ਕੀਤੀ ਗਈ ਅਣਗਹਿਲੀ ਦਾ ਬਾਇਸ ਬਣੇ ਸਨ। ਅਣਗਹਿਲੀ ਜੀਵਨ ਦੇ ਕਿਸੇ ਵੀ ਪੜਾਅ ‘ਤੇ ਹੋਵੇ ਹਮੇਸ਼ਾਂ ਘਾਟੇਵੰਦੀ ਹੀ ਹੁੰਦੀ ਹੈ।ਪਰ ਵਿਦਿਆਰਥੀ-ਜੀਵਨ ਵਿਚ ਕੀਤੀ ਗਈ ਕਿਸੇ ਅਣਗਹਿਲੀ ਦਾ ਖ਼ਮਿਆਜ਼ਾ ਕਈ ਵਾਰ ਬਹੁਤ ਵੱਡਾ ਵੀ ਭੁਗਤਨਾ ਪੈ ਸਕਦਾ ਹੈ।ਸੂਝਵਾਨ ਹਲਕਿਆਂ ਵਿਚ ਵਿਦਿਆਰਥੀ-ਜੀਵਨ ਨੂੰ ਇੱਕ ਸੁਨਹਿਰੀ ਕਾਲ ਤਸਲ਼ੀਮ ਕੀਤਾ ਗਿਆ ਹੈ,ਕਿਉਂਕਿ ਇਸ ਕਾਲ ਵਿਚ ਕਿਸੇ ਵਿਦਿਆਰਥੀ/ਵਿਅਕਤੀ ਦੀ ਜ਼ਿੰਦਗੀ ਦੀ ਬੁਨਿਆਦ ਪੱਕੀ ਹੋਣੀ ਹੁੰਦੀ ਹੈ।

ਜੇਕਰ ਕਿਸੇ ਵਿਦਿਆਰਥੀ ਵੱਲੋਂ ਇਸ ਸਮੇਂ ਦੌਰਾਨ ਅਣਗਹਿਲੀ ਤੋਂ ਪ੍ਰਹੇਜ਼ ਨਹੀਂ ਕੀਤਾ ਜਾਂਦਾ ਤਾਂ ਇਸ ਬੁਨਿਆਦ ਦੇ ਕੱਚੀ-ਪਿੱਲੀ ਰਹਿਣ ਦੀਆਂ ਭਰਪੂਰ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਆਪਣੇ ਜ਼ਿੰਮੇ ਲੱਗੇ ਕਾਰਜਾਂ ਨੂੰ ਸਹੀ-ਸਲਾਮਤ ਨੇਪਰ੍ਹੇ ਚਾੜ੍ਹਨ ਲਈ ਹਰੇਕ ਮਨੁੱਖ ਨੂੰ ਜਿੰਨਾ ਵੀ ਹੋ ਸਕੇ ਅਣਗਹਿਲੀ ਤੋਂ ਬਚਣਾ ਚਾਹੀਦਾ ਹੈ।ਇਹ ਬਚਾਅ ਹੀ ਹੈ ਜਿਹੜਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਅਹਿਮਤਰੀਨ ਰੋਲ ਅਦਾ ਕਰਦਾ ਹੈ। . ਅਣਗਹਿਲੀ ਕਰਨ ਵਾਲਾ ਵਿਅਕਤੀ ਆਪਣੇ ਫ਼ਰਜਾਂ ਨੂੰ ਸਹੀ ਅਤੇ ਤਸੱਲੀਬਖਸ਼ ਢੰਗ ਨਾਲ ਨਹੀਂ ਨਿਭਾਅ ਸਕਦਾ।

ਜੇਕਰ ਕੋਈ ਅਧਿਆਪਕ ਅਣਗਹਿਲੀ ਕਰਦਾ ਹੈ ਤਾਂ ਉਹ ਆਪਣੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ।ਜੇਕਰ ਕੋਈ ਡਾਕਟਰ ਅਣਗਹਿਲੀ ਕਰਦਾ ਹੈ ਤਾਂ ਆਪਣੇ ਮਰੀਜ਼ ਦੇ ਭਰੋਸੇ ਨੂੰ ਠੇਸ ਪਹੁੰਚਾ ਰਿਹਾ ਹੁੰਦਾ ਹੈ।ਇਸ ਤਰ੍ਹਾਂ ਹੀ ਜੇਕਰ ਕੋਈ ਇੰਜੀਨੀਅਰ ਅਣਗਹਿਲੀ ਕਰਦਾ ਹੈ ਤਾਂ ਉਸ ਦੇ ਨਿਰਮਾਣ ਕਾਰਜ ਪ੍ਰਭਾਵਿਤ ਹੋ ਸਕਦੇ ਹਨ।ਕਿਸੇ ਧਰਮ ਪ੍ਰਚਾਰਕ ਵੱਲੋਂ ਕੀਤੀ ਗਈ ਅਣਗਹਿਲੀ ਉਸ ਧਰਮ ਦੇ ਸ਼ਰਧਾਲੂਆਂ/ਜਗਿਆਸੂਆਂ ਨੂੰ ਧਰਮ ਦੇ ਅਸਲੀ ਉਦੇਸ਼ ਤੋਂ ਅਭਿੱਜ ਹੀ ਰਹਿਣ ਦਿੰਦੀ ਹੈ।

ਇਸ ਤਰ੍ਹਾਂ ਉਪਰੋਕਤ ਸੰਖੇਪ ਚਰਚਾ ਤੋਂ ਅਸੀਂ ਇਸ ਸਿੱਟੇ ਪਹੁੰਚਦੇ ਹਾਂ ਕਿ ਅਣਗਹਿਲੀ ਜਿੰਦਗੀ ਦੇ ਕਿਸੇ ਵੀ ਸ਼ੋਬੇ ਵਿਚ ਕੀਤੀ ਜਾਵੇ,ਜੀਵਨ ਦੇ ਰਸ ਨੂੰ ਫਿੱਕਾ ਹੀ ਕਰਦੀ ਹੈ।ਇਸ ਫਿਕਾਵਟ/ ਰੁਕਾਵਟ ਤੋਂ ਬਚਣ ਲਈ ਸਾਨੂੰ ਆਪਣੀ ਹਯਾਤੀ ਵਿੱਚੋਂ ਅਣਗਹਿਲੀਆਂ ਦੀ ਗਿਣਤੀ ਘੱਟ ਤੋਂ ਘੱਟ ਕਰਨੀ ਪਵੇਗੀ ਨਹੀਂ ਤਾਂ ਸਾਡੇ ਹਿੱਸੇ ਸਿਰਫ਼ ‘ਚਿੜੀਆਂ ਦੇ ਚੋਗ਼ ਚੁੱਗਣ’ ਤੋਂ ਬਾਅਦ ਵਾਲਾ ਪਛਤਾਵਾ ਹੀ ਰਹਿ ਜਾਵੇਗਾ।ਅਣਗਹਿਲੀ ਕਰਕੇ ਕੋਈ ਵੀ ਵਿਅਕਤੀ ਕਾਮਯਾਬੀ ਦੀਆਂ ਸਿਖਰਾਂ ਨਹੀਂ ਛੂਹ ਸਕਦਾ।

ਰਮੇਸ਼ ਬੱਗਾ ਚੋਹਲਾ

ਹੈਬੋਵਾਲ ਖ਼ੁਰਦ (ਲੁਧਿਆਣਾ)ਮ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਆਰਥੀ ਵਰਗ ਨੂੰ ਨੈਤਿਕ ਕਦਰਾਂ ਨਾਲ ਜੋੜਦਾ ਹੈ ਪੰਜਾਬ ਖੇਤੀਬਾੜੀ ਵਿਸ਼ਵਵਿਦਿਆਲਿਆ ਵਿਚ ਬਣਿਆ ਗੁਰਦੁਆਰਾ ਸਾਹਿਬ
Next articleਜੱਸ ਖੱਟ ਲਿਆ………..