(ਸਮਾਜ ਵੀਕਲੀ) ਪੰਜਾਬੀ ਨਾਵਲ ਪੜਾਅ ਦਰ ਪੜਾਅ ਵਿਕਸਿਤ ਹੁੰਦਾ ਜਾ ਰਿਹਾ ਹੈ।ਸਮਾਜ ਦੇ ਹਰ ਵਰਗ ਖਿੱਤੇ ਦੀ ਤਰਜਮਾਨੀ ਕਰਦਾ ਹੋਇਆ ਯਥਾਰਥਵਾਦੀ ਵਿਧੀਆਂ ਦੀਆਂ ਲੀਹਾਂ ਨੂੰ ਹੋਰ ਮੋਕਲਾ ਕਰ ਰਿਹਾ ਹੈ। ਪ੍ਰਵਾਸੀ ਸਾਹਿਤ ਵਿੱਚ ਪੰਜਾਬੀ ਨਾਵਲ ਦਾ ਨਿਵੇਕਲਾ ਤੇ ਵਿਲੱਖਣ ਯੋਗਦਾਨ ਹੈ। ਹੋਰ ਸਾਹਿਤਿਕ ਵਿਧਾਵਾਂ ਨਾਲੋਂ ਪਰਵਾਸੀ ਪੰਜਾਬੀ ਨਾਵਲ ਦੀ ਗਿਣਤੀ ਭਾਵੇੰ ਘੱਟ ਹੈ ਪਰ ਫਿਰ ਵੀ ਵਿਸ਼ੇ ਪੱਖ ਤੋਂ ਨਵੀਨਤਾ ਕਰਕੇ ਆਧੁਨਿਕ ਬੋਧ ਵਿੱਚ ਵਾਧਾ ਕਰਦਾ ਹੈ। ਬਹੁਤੇ ਨਾਵਲਕਾਰ ਪੰਜਾਬ ਤੋਂ ਪ੍ਰਵਾਸ ਕਰਕੇ ਹੀ ਗਏ ਹਨ। ਇਸੇ ਲਈ ਉਹਨਾਂ ਦੀਆਂ ਲਿਖਤਾਂ ਵਿੱਚ ਪੰਜਾਬੀ ਠੇਠ ਤੇ ਬਿਰਤਾਂਤ ਵਿੱਚ ਪੰਜਾਬ ਅਤੇ ਬਾਹਰਲੇ ਮੁਲਕਾਂ ਦਾ ਕਥਾਨਕ ਰਲ ਗੱਡ ਹੁੰਦਾ ਹੈ।
ਇਹਨਾਂ ਨਾਵਲਕਾਰਾਂ ਵਿੱਚੋਂ ਜਰਨੈਲ ਸਿੰਘ ਸੇਖਾ ਦਾ ਪਿਛੋਕੜ ਵੀ ਮੋਗੇ ਦੇ ਨਾਲ ਲੱਗਦੇ ਪਿੰਡ ਸੇਖਾ ਦਾ ਹੈ। ਉਹ ਰਿਟਾਇਰਡ ਅਧਿਆਪਕ ਹਨ। ਉਹ ਪੰਜਾਬ ਵਿੱਚ ਰਹਿੰਦੇ ਹੋਏ ਵੀ ਲਿਖਦੇ ਸਨ ਅਤੇ ਕਨੇਡਾ ਵਿੱਚ ਰਹਿਣ ਤੋਂ ਬਾਅਦ ਵੀ ਲਿਖਦੇ ਹਨ। ਹੱਥਲਾ ਨਾਵਲ ‘ਨਾਬਰ’ ਉਸਦਾ ਪੰਜਵਾਂ ਨਾਵਲ ਹੈ।
‘ਨਾਬਰ’ ਨਾਵਲ ਦੇ ਵਿਸ਼ਾਲ ਕੈਨਵਸ ਵਿੱਚ ਪੰਜਾਬ ਦੇ ਪਿੰਡਾਂ ਦੀ ਪਿੱਠ ਭੂਮੀ ਵਿੱਚ ਪ੍ਰਵਾਸ ਕਰ ਚੁੱਕੇ ਪੰਜਾਬੀ ਪਰਿਵਾਰਾਂ ਦੀ ਕਥਾ ਵਸਤੂ ਵਿਚ ਨਾਰੀ ਦੇ ਅਸਤਿਤਵ ਨੂੰ ਪੜਾਅ ਦਰ ਪੜਾਅ ਵਿਕਸਿਤ ਹੁੰਦਾ ਦਿਖਾਇਆ ਹੈ।
ਨਾਵਲ ਦਾ ਆਰੰਭ ਫਲੈਸ਼ ਬੈਕ ਵਿਧੀ ਨਾਲ ਹੁੰਦਾ ਹੈ। ਜਿੱਥੇ ਨਾਵਲ ਦੀ ਪ੍ਰਮੁੱਖ ਪਾਤਰ ਰਾਜਵੀਰ ਉਰਫ ਰਾਜੀ ਤੇ ਤਨਵੀਰ ਉਰਫ ਤਨੂ ਦੀ ਆਪਸੀ ਗੱਲਬਾਤ ਨੂੰ ਨਾਵਲ ਦੇ ਅਖੀਰਲੇ ਕਾਂਡ ਨਾਲ ਜੋੜਿਆ ਗਿਆ ਹੈ। ਪਾਠਕ ਦੇ ਮਨ ਵਿੱਚ ਉਤਸੁਕਤਾ ਪੈਦਾ ਕੀਤੀ ਹੈ ਕਿ ਰਾਜੀ ਵੱਲੋਂ ਸਥਾਪਿਤ ਪ੍ਰਤਿਮਾਨ ਤੋੜ ਕੇ ਨਵੀਆਂ ਪੈੜਾਂ ਪਾਈਆਂ ਗਈਆਂ ਹਨ।ਰਾਜੀ ਮਰਦ ਸੱਤਾ ਨੂੰ ਚੁਨੌਤੀ ਦਿੰਦੀ ਕਹਿੰਦੀ ਹੈ, “ਐਵੇਂ ਮਰਦ ਦੀ ਫੋਕੀ ਚੌਧਰ ਬਣਾਉਣ ਲਈ ਅਜਿਹੀ ਮਰਦ ਸੱਤਾ ਤੋਂ ਨਾਬਰ ਆਂ ਮੈਂ”। ਇਸ ਵਾਰਤਾਲਾਪ ਵਿੱਚ ਨਾਵਲ ਦੇ ਮੁੱਖ ਮੰਤਵ ਨੂੰ ਸਮਝਿਆ ਜਾ ਸਕਦਾ ਹੈ।
ਨਾਵਲਕਾਰ ਨੇ ਪੰਜਾਬ ਦੇ ਮਲਵਈ ਖੇਤਰ ਦੇ ਪਿੰਡਾਂ ਦੇ ਮੱਧ ਵਰਗੀ ਕਿਸਾਨ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਦੀ ਕਥਾ ਵਸਤੂ ਨੂੰ ਉਭਾਰ ਕੇ ਸਮੁੱਚੇ ਬਿਰਤਾਂਤ ਨੂੰ ਵਿਸਥਾਰ ਦਿੰਦਾ ਹੈ। ਪੰਜਾਬੀ ਗ੍ਰਾਮੀਣ ਸਮਾਜ ਜ਼ਮੀਨ ਨਾਲ ਜੁੜਿਆ ਹੋਇਆ ਹੈ। ਜ਼ਮੀਨ ਦੀ ਵੰਡ ਨੂੰ ਰੋਕਣ ਲਈ ਜੋਰੂ ਭਾਵ ਇਸਤ੍ਰੀ ਨੂੰ ਫਿਊਡਲ ਯੁਗ ਵਿੱਚ ਵਸਤੂ ਹੀ ਸਮਝਿਆ ਜਾਂਦਾ ਰਿਹਾ ਹੈ। ਨਾਵਲ ਦੇ ਪਾਤਰ ਅਜਾਇਬ ਸਿੰਘ ਦੀ ਮਾਂ ਹਰ ਕੌਰ ਨੇ ਆਪਣੇ ਪਤੀ ਦੇ ਦੋ ਭਰਾਵਾਂ ਨੂੰ ਇੱਕੋ ਚੁੱਲੇ ਤੇ ਰੋਟੀ ਖਵਾਈ। ਇੱਥੇ ਰੋਟੀ ਤੋਂ ਭਾਵ ਕੇਵਲ ਰੋਟੀ ਹੀ ਨਹੀਂ ਸਗੋਂ ਉਹਨਾਂ ਨਾਲ ਆਪਣੇ ਸੰਬੰਧ ਵੀ ਬਣਾਉਣ ਤੋਂ ਹੈ।ਤਾਂ ਕਿ ਉਸਦੇ ਪੁੱਤਰਾਂ ਲਈ ਜ਼ਮੀਨ ਇੱਕੋ ਥਾਂ ਇਕੱਠੀ ਰਹੇ। ਇਸ ਤਰ੍ਹਾਂ ਦੀ ਸਥਿਤੀ ਪਿੰਡਾਂ ਦੇ ਬਹੁਤੇ ਪਰਿਵਾਰਾਂ ਦੀ ਰਹੀ ਹੈ। ਨਾਟਕ ਅਜਮੇਰ ਸਿੰਘ ਔਲਖ ਦੇ ਨਾਟਕਾਂ ਦੀ ਮੂਲ ਚੂਲ ਹੀ ਨਿਮਨ ਕਿਸਾਨੀ ਦੇ ਦੁਖਾਂਤ ਨੂੰ ਸਿਰਜਣ ਵਿੱਚ ਰਹੀ ਹੈ। ‘ਤੂੜੀ ਵਾਲਾ ਕੋਠਾ’, ‘ਇੱਕ ਰਮਾਇਣ ਹੋਰ’ ਆਦਿ ਨਾਟਕ ਇਸ ਦੀਆਂ ਉਦਾਹਰਨਾਂ ਹਨ।
ਨਾਵਲਕਾਰ ਇਸ ਯਥਾਰਥ ਨੂੰ ਪਹਿਲੀ ਪੀੜੀ ਦੀ ਪਾਤਰ ਹਰ ਕੌਰ ਤੇ ਉਸਦੀ ਨੂੰਹ ਸ਼ਾਮ ਕੌਰ ਦੇ ਸੰਵਾਦ ਰਾਹੀਂ ਦਰਸਾਉਂਦਾ ਹੈ। ਜੋ ਉਹ ਆਪਣੀ ਨੂੰਹ ਸ਼ਾਮ ਕੌਰ ਤੋਂ ਇਹ ਉਮੀਦ ਰੱਖਦੀ ਹੈ। ਪਰ ਉਹ ਇਹਨਾਂ ਪੁਰਾਣੇ ਖਿਆਲਾਂ ਤੋਂ ਨਾਬਰ ਹੁੰਦੀ ਦਿਖਾਈ ਹੈ। ਉਹ ਆਪਣੇ ਦਿਓਰ ਨਾਲ ਸੰਬੰਧ ਬਣਾਉਣ ਲਈ ਮਜਬੂਰ ਕੀਤੀ ਜਾਂਦੀ ਹੈ। ਜਿਸ ਦਾ ਖਮਿਆਜਾ ਉਸਨੂੰ ਸਾਰੀ ਜ਼ਿੰਦਗੀ ਭੁਗਤਣਾ ਪੈਂਦਾ ਹੈ। ਸ਼ਾਮ ਕੌਰ ਦਾ ਪਤੀ ਅਜਾਇਬ ਸਿੰਘ ਪਹਿਲਾਂ ਇੰਗਲੈਂਡ ਆਪਣੇ ਦੋਸਤ ਕੋਲ ਜਾਂਦਾ ਹੈ। ਫਿਰ ਉਹ ਕੈਨੇਡਾ ਵਿੱਚ ਪੱਕਾ ਹੋ ਜਾਂਦਾ ਹੈ। ਉਸਦੀ ਇੱਕ ਧੀ ਰਾਜਵੀਰ ਅਜੇ ਛੋਟੀ ਹੀ ਹੈ। ਸ਼ਾਮ ਕੌਰ ਜਾਂ ਹਰ ਕੌਰ ਦੋਵੇਂ ਹੀ ਔਰਤਾਂ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਫਿਊਡਲ ਸਿਸਟਮ ਦੇ ਤਹਿਤ ਆਪਣੇ ਆਪ ਨੂੰ ਮਰਦ ਦੇ ਹਵਾਲੇ ਕਰਨ ਲਈ ਮਜਬੂਰ ਹਨ। ਔਰਤ ਦੇ ਇਸ ਭ੍ਰਿਸ਼ਟਾਚਾਰ ਨੂੰ ਨਵੇਂ ਯੁਗ ਦੀਆਂ ਪ੍ਰਸਥਿਤੀਆਂ ਵਿੱਚ ਬਦਲਦਿਆਂ ਦਿਖਾਇਆ ਹੈ। ਸ਼ਾਮ ਕੌਰ ਕਨੇਡਾ ਪਹੁੰਚ ਕੇ ਆਪਣੀ ਧੀ ਰਾਜਵੀਰ ਨਾਲ ਮਿਲ ਕੇ ਸੰਘਰਸ਼ ਕਰਦੀ ਹੈ। ਉਹ ਮਰਦ ਸੱਤਾ ਨੂੰ ਵੰਗਾਰਦੀ ਹੈ। ਪਰ ਇਸ ਵੰਗਾਰ ਵਿੱਚ ਅਜੇ ਵੀ ਉਹ ਭਾਵਨਾ ਵੱਸ ਹੋ ਕੇ ਪਿਘਲਣ ਲਈ ਮਜ਼ਬੂਰ ਵੀ ਹੈ। ਸ਼ਾਮ ਕੌਰ ਦਾ ਪਤੀ ਅਜਾਇਬ ਸਿੰਘ ਦੋਵਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਉੱਤੇ ਸੈਟਲ ਹੋ ਜਾਂਦਾ ਹੈ। ਪਰ ਫਿਰ ਵੀ ਸ਼ਾਮ ਕੌਰ ਦੇ ਮਨ ਵਿੱਚ ਆਪਣੇ ਪਤੀ ਲਈ ਕਿਸੇ ਕੋਨੇ ਵਿੱਚ ਥਾਂ ਬਣੀ ਰਹਿੰਦੀ ਹੈ। ਸ਼ਾਮ ਕੌਰ ਇਸ ਸਥਿਤੀ ਲਈ ਉਹ ਆਪਣੇ ਪਰੰਪਰਾਗਤ ਰੂੜੀਆਂ ਤੋਂ ਸੰਸਕਾਰਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਈ। ਉਹ ਬੇਸ਼ਕ ਕੈਨੇਡਾ ਦੇ ਮਾਹੌਲ ਵਿੱਚ ਰਹਿ ਰਹੀ ਹੈ ਪਰ ਉਸ ਦੇ ਅਵਚੇਤਨ ਮਨ ਵਿੱਚ ਮਰਦ ਪ੍ਰਧਾਨ ਸਮਾਜ ਦੀ ਛਾਪ ਦਿਖਾਈ ਦਿੰਦੀ ਹੈ। ਉਹ ਭਾਵੇਂ ਸੋਹਣੀ ਹੈ,ਉਮਰ ਵੀ ਘੱਟ ਹੈ ਪਰ ਫਿਰ ਵੀ ਆਪਣੇ ਸਿਰੜ ਸਿਦਕ ਤੇ ਕਾਇਮ ਰਹਿੰਦੀ ਹੈ। ਅਜਾਇਬ ਦਾ ਦੋਸਤ ਹਮੀਰ ਸਿੰਘ ਜੋ ਉੱਪਰੋਂ ਉੱਪਰੋਂ ਉਸ ਨਾਲ ਹਮਦਰਦੀ ਦਾ ਨਾਟਕ ਕਰਕੇ ਉਸਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਸ਼ਾਮ ਕੌਰ ਸੰਘਰਸ਼ ਦਾ ਰਸਤਾ ਚੁਣਦੀ ਹੈ। ਨਾਵਲਕਾਰ ਨੇ ਸ਼ਾਮ ਕੌਰ ਦੇ ਪਾਤਰ ਨੂੰ ਬਦਲਦੇ ਦੌਰ ਵਿੱਚ ਸੰਘਰਸ਼ ਕਰਦੇ ਤਾਂ ਦਿਖਾਇਆ ਹੈ ਪਰ ਆਪਣੀ ਨਿਜੀ ਜ਼ਿੰਦਗੀ ਦੇ ਸੁਪਨਿਆਂ ਨੂੰ ਮਨ ਅੰਦਰ ਹੀ ਦਬਾ ਕੇ ਰੱਖਣ ਵਾਲੀ ਔਰਤ ਪੇਸ਼ ਕੀਤੀ ਹੈ। ਪਰ ਇਸ ਤਰਾਂ ਦੀ ਸਥਿਤੀ ਜਦ ਉਸਦੀ ਧੀ ਰਾਜਵੀਰ ਦੇ ਸਾਹਮਣੇ ਆਉਂਦੀ ਹੈ ਤਾਂ ਸਥਿਤੀ ਕੁਝ ਹੋਰ ਹੁੰਦੀ ਹੈ। ਲੇਖਕ ਨੇ ਨਾਵਲ ਦੇ ਅੰਤ ਵਿੱਚ ਰਾਜਵੀਰ ਦੇ ਮਨ ਦੀ ਅਵਸਥਾ ਨੂੰ ਮਨੋਵਿਗਿਆਨਕ ਢੰਗ ਨਾਲ ਕੁਦਰਤ ਦੇ ਵਰਤਾਰੇ ਨਾਲ ਚਿਹਨਤ ਕੀਤਾ ਹੈ। ਨਾਵਲਕਾਰ ਨੇ ਔਰਤਾਂ ਨੂੰ ਮਰਦ ਸੱਤਾ ਤੋਂ ਨਾਬਰ ਦਰਸਾਉਣ ਦਾ ਯਤਨ ਕੀਤਾ ਹੈ।
ਮਰਦਾਂ ਵੱਲੋਂ ਇਹਨਾਂ ਔਰਤਾਂ ਦੀ ਜ਼ਿੰਦਗੀ ਨੂੰ ਦੁੱਖਾਂ ਦਰਦਾਂ ਵਿੱਚ ਛੱਡ ਕੇ ਕਿਨਾਰਾ ਕੀਤਾ ਜਾਂਦਾ ਹੈ। ਨਾਵਲ ਦੀ ਕਥਾ ਵਸਤੂ ਵਿੱਚ ਸ਼ਾਮ ਕੌਰ ਦਾ ਪਤੀ ਅਜਾਇਬ ਆਪਣੀ ਪਤਨੀ ਅਤੇ ਧੀ ਨੂੰ ਛੱਡ ਕੇ ਚਲਾ ਜਾਂਦਾ ਹੈ। ਰਾਜਬੀਰ ਦਾ ਪਤੀ ਗੁਰਚੇਤ ਜੋ ਸਿਰਫ ਪੀ.ਆਰ. ਹੋਣ ਲਈ ਹੀ ਵਿਆਹ ਕਰਵਾਉਂਦਾ ਹੈ। ਉਹ ਵੀ ਰਾਜਵੀਰ ਤੇ ਉਸਦੀ ਧੀ ਰਿਸ਼ਮ ਨੂੰ ਛੱਡ ਕੇ ਡਾਲਰ ਤੇ ਗਹਿਣੇ ਚੋਰੀ ਕਰਕੇ ਭੱਜ ਜਾਂਦਾ ਹੈ ।ਅਜਿਹੀ ਸਥਿਤੀ ਵਿੱਚ ਉਹ ਕਿਵੇਂ ਆਪਣੇ ਆਪ ਨੂੰ ਸੰਭਾਲਦੀਆਂ ਹਨ, ਇਹ ਵੀ ਨਾਰੀ ਸ਼ਕਤੀ ਦੀ ਮਿਸਾਲ ਹਨ।
ਬੇਸ਼ੱਕ ਕੈਨੇਡਾ ਦੇ ਮਾਹੌਲ ਵਿਚ ਐਰਤਾਂ ਅਜ਼ਾਦ ਸੋਚ ਦੀਆਂ ਲਿਖਾਇਕ ਹਨ ਪਰ ਫੇਰ ਵੀ ਕਿਤੇ ਨਾ ਕਿਤੇ ਪਰੰਪਰਾ ਨਾਲ ਵੀ ਬਝੀਆਂ ਹੋਈਆਂ ਹਨ।ਉਹ ਆਪਣੇ ਆਪ ਨੂੰ ਮਰਦ ਸੱਤਾ ਤੋਂ ਨਿਜਾਤ ਹਾਸਲ ਕਰਨ ਦਾ ਯਤਨ ਕਰਦੀ ਹੈ।
ਰਾਜਵੀਰ ਇੱਕ ਸੁਲਝੀ ਹੋਈ ਕੁੜੀ ਹੈ ਜੋ ਆਪਣੀ ਮਾਂ ਦੇ ਆਖੇ ਲੱਗ ਕੇ ਨਰਸਿੰਗ ਦਾ ਕੋਰਸ ਕਰਕੇ ਨਰਸ ਬਣਦੀ ਹੈ।ਆਪਣੇ ਪਿਆਰ ਚੰਦਨ ਨੂੰ ਵੀ ਪਾਸੇ ਰੱਖ ਕੇ ਆਪਣੇ ਕੈਰੀਅਰ ਨੂੰ ਚੁਣਦੀ ਹੈ।ਉੱਥੇ ਹੀ ਉਸਨੂੰ ਐਲੀਸ਼ਾ ਮਿਲਦੀ ਹੈ ਜਿਸ ਨੇ ਵਿਆਹ ਨਹੀਂ ਕਰਵਾਇਆ। ਉਹ ਰਾਜਵੀਰ ਨੂੰ ਨਾਰੀ ਮੁਕਤੀ ਸਭਾ ਦੀ ਮੈਂਬਰ ਬਣਾਉਂਦੀ ਹੈ। ਜਿੱਥੇ ਮਰਦ ਸੱਤਾ ਨੂੰ ਚੁਣੌਤੀ ਦੇਣ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਰਾਜਵੀਰ ਉੱਪਰ ਇਹਨਾਂ ਦਾ ਅਸਰ ਹੁੰਦਾ ਹੈ।ਹੁਣ ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਨਾਰੀ ਚੇਤਨਾ ਇਕ ਵੱਖਰਾ ਵਿਸ਼ਾ ਹੈ ਪਰ ਨਾਰੀ ਦੀ ਮਰਦ ਪ੍ਰਤੀ ਨਫਰਤ ਹੋਰ ਵਿਸ਼ਾ ਹੈ।ਇਸ ਅੰਤਰ ਦਵੰਦ ਨੂੰ ਨਾਵਲਕਾਰ ਨੇ ਨਾਵਲ ਦੇ ਇਸਤ੍ਰੀ ਪਾਤਰਾਂ ਦੇ ਸੰਵਾਦ ਵਿੱਚੋਂ ਹੀ ਦੱਸਣ ਦਾ ਯਤਨ ਕੀਤਾ ਹੈ।
ਨਾਵਲਕਾਰ ਨੇ ਇੱਥੇ ਨਾਰੀ ਮੁਕਤੀ ਸਭਾ ਨੂੰ ਕਥਾਨਕ ਦਾ ਅੰਗ ਬਣਾਇਆ ਹੈ। ਨਾਵਲ ਦੇ ਬਿਰਤਾਂਤ ਵਿੱਚੋਂ ਹੀ ਇਹ ਗੱਲ ਉਭਰ ਕੇ ਆਉਂਦੀ ਹੈ ਕਿ ਸਮਾਜ ਭਾਵੇਂ ਭਾਰਤੀ ਹੋਵੇ ਜਾਂ ਕੈਨੇਡਾ ਦਾ ਹੋਵੇ ਪਰ ਮਰਦ ਸੱਤਾ ਔਰਤ ਨੂੰ ਬਰਾਬਰੀ ਦਾ ਹੱਕ ਨਹੀਂ ਦਿੰਦਾ। ਇਸੇ ਲਈ ਵਿਕਸਿਤ ਮੁਲਕਾਂ ਵਿੱਚ ਵੀ ਨਾਰੀ ਮੁਕਤੀ ਸਭਾ ਦਾ ਗਠਨ ਹੁੰਦਾ ਹੈ। ਇੱਥੇ ਇੱਕ ਹੋਰ ਸੰਵਾਦ ਵੀ ਛਿੜਦਾ ਹੈ ਕਿ ਔਰਤ ਵਿਆਹ ਸੰਬੰਧ ਵੀ ਨਾ ਬਣਾਵੇ। ਉਹ ਆਜ਼ਾਦ ਜ਼ਿੰਦਗੀ ਵਿੱਚ ਵਿਚਰੇ। ਨਾਲ ਹੀ ਇਹ ਵਿਚਾਰ ਵੀ ਉੱਠਦਾ ਹੈ ਕਿ ਔਰਤ ਮਰਦ ਬਾਰੇ ਸੋਚੇ ਵੀ ਨਾ, ਬਸ ਕਿਸੇ ਕੰਮ ਕਾਰ ਵੇਲੇ ਅਜਨਬੀਆਂ ਵਾਂਗ ਪੇਸ਼ ਆਵੇ। ਹੁਣ ਰਾਜਵੀਰ ਆਪਣੀ ਧੀ ਰਿਸ਼ਮ ਜੋ ਨਾਵਲ ਦੀ ਚੌਥੀ ਪੀੜੀ ਦੀ ਪ੍ਰਤਿਨਿਤਾ ਕਰਦੀ ਹੈ ਨੂੰ ਵੀ ਇਹਨਾਂ ਸਮਾਗਮਾਂ ਵਿੱਚ ਲੈ ਕੇ ਜਾਂਦੀ ਹੈ। ਉਹਨਾਂ ਦਾ ਲਿਟਰੇਚਰ ਵੀ ਪੜਾਉਂਦੀ ਹੈ। ਉਸ ਉੱਪਰ ਥੋੜਾ ਅਸਰ ਤਾਂ ਹੁੰਦਾ ਹੈ ਪਰ ਉਹ ਆਪਣੇ ਵੱਖਰੇ ਵਿਚਾਰਾਂ ਦੀ ਧਾਰਨੀ ਹੈ। ਉਹ ਮਰਦ ਨਾਲ ਬਰਾਬਰੀ ਦੇ ਹੱਕਾਂ ਦੀ ਤਰਜਮਾਨੀ ਕਰਦੀ ਹੈ। ਉਸ ਦਾ ਵਿਚਾਰ ਹੈ ਕਿ ਇਕੱਲਤਾ ਤੇ ਇਕੱਲੇਪਣ ਵਿੱਚ ਫਰਕ ਹੈ।
ਇਹਨਾਂ ਦੇ ਸੰਵਾਦ ਵਿੱਚ ਰਾਜਵੀਰ ਦੀ ਇੱਕ ਕੁਲੀਗ ਤੇ ਸਹੇਲੀ ਤਨਵੀਰ ਉਰਫ ਤਨੂ ਹੈ। ਉਹ ਵੀ ਮਰਦ ਨਾਲ ਬਰਾਬਰੀ ਲਈ ਲੜਨ ਤੇ ਜ਼ੋਰ ਦਿੰਦੀ ਹੈ ਇਸ ਸੰਵਾਦ ਦੀਆਂ ਕੁਝ ਇੱਕ ਉਦਾਹਰਨਾਂ ਹਾਜ਼ਰ ਹਨ ,
ਰਾਜਵੀਰ ਤਨੂ ਨੂੰ ਕਹਿ ਰਹੀ ਹੈ, “ਤਨੂ ਮੈਂ ਪਿਛਲੱਗ ਨਹੀਂ, ਜਿਹੜੀ ਬਿਨਾਂ ਸੋਚੇ ਸਮਝੇ ਕਿਸੇ ਦੇ ਮਗਰ ਲੱਗ ਜਾਵਾਂ। ਮੈਂ ਇਹ ਤੈਨੂੰ ਦੱਸ ਦਿਆਂ ਕਿ ਨਾਰੀ ਦੀ ਨਾਬਰੀ ਮਰਦ ਦੇ ਖਿਲਾਫ ਨਹੀਂ, ਮਰਦ ਦੀ ਸੱਤਾ ਦੇ ਖਿਲਾਫ ਹੈ। ਜਦੋਂ ਤੱਕ ਨਾਰੀ ਮਰਦ ਹੱਥੋਂ ਸੱਤਾ ਖੋਹ ਨਹੀਂ ਲੈਂਦੀ ਤੇ ਆਪਣੀ ਪ੍ਰਭੂਤਾ ਕਾਇਮ ਨਹੀਂ ਕਰ ਲੈਂਦੀ,ਤਦ ਤਾਈਂ ਨਾਰੀ ਮੁਕਤ ਨਹੀਂ ਹੋ ਸਕਦੀ।”
ਤਨੂ ਦਾ ਜਵਾਬ,
” ਜੇ ਸੱਤਾ ਨਾਰੀ ਹੱਥ ਆਏਗੀ ਤਾਂ ਮਰਦ ਗੁਲਾਮ ਹੋਵੇਗਾ। ਮੇਰੇ ਖਿਆਲ ਵਿੱਚ ਮਰਦ ਦੀ ਸੱਤਾ ਤੋਂ ਨਾਬਰ ਹੋਣ ਨਾਲੋਂ ਨਾਰੀ ਨੂੰ ਬਰਾਬਰੀ ਲਈ ਸੰਘਰਸ਼ ਕਰਨ ਦੀ ਲੋੜ ਹੈ।”……” ਤੂੰ ਆਪਣੇ ਤਨ ‘ਤੇ ਵੀ ਜਬਰ ਕਰ ਰਹੀ ਏਂ ਤੇ ਆਪਣੇ ਮਨ ‘ਤੇ ਵੀ।” (ਪੰਨਾ 135 ,136)
ਲੇਖਕ ਨੇ ਨਾਵਲ ਦੇ ਅੰਤਰੀਵ ਇਸ ਤਰ੍ਹਾਂ ਦੇ ਬਹੁਤ ਥਾਵਾਂ ਉੱਪਰ ਸੰਵਾਦ ਪੈਦਾ ਕੀਤੇੜਾ ਹੈ। ਪਾਠਕ ਦੇ ਮਨ ਵਿੱਚ ਉੱਠੇ ਸਵਾਲਾਂ ਨੂੰ ਆਪਣੇ ਪਾਤਰਾਂ ਦੀ ਵਾਰਤਾਲਾਪ ਵਿੱਚੋਂ ਜਵਾਬ ਦੇਣ ਦਾ ਸਾਰਥਿਕ ਯਤਨ ਕੀਤਾ ਹੈ।ਲੇਖਕ ਖੁਦ ਵੀ ਔਰਤ ਨੂੰ ਆਜ਼ਾਦੀ ਦੇਣ ਦੀ ਹਾਮੀ ਭਰਦਾ ਹੈ ਪਰ ਮਰਦ ਜਾਂ ਔਰਤ ਦੀ ਸੱਤਾ ਦੀ ਪ੍ਰਾਪਤੀ ਲਈ ਨਹੀਂ ਸਗੋਂ ਬਰਾਬਰੀ ਦੇ ਹੱਕ ਦੇਣ ਲਈ, ਇੱਕ ਦੂਜੇ ਨੂੰ ਸਮਝ ਕੇ ਜ਼ਿੰਦਗੀ ਨੂੰ ਅੱਗੇ ਤੋਰਨ ਲਈ, ਕੁਦਰਤ ਦੇ ਅਸੂਲਾਂ ਨਾਲ ਜ਼ਿੰਦਗੀ ਨੂੰ ਜਿਉਣ ਲਈ ਪ੍ਰੇਰਿਤ ਕਰਦਾ ਹੈ।
ਇਸ ਨਾਵਲ ਵਿੱਚ ਆਏ ਮਰਦ ਪਾਤਰਾਂ ਵਿੱਚ ਅਜਾਇਬ ਸਿੰਘ (ਜੋ ਸ਼ਾਮ ਕੌਰ ਦਾ ਪਤੀ ਹੈ, ਜੋ ਨਿੱਕੇ ਜਿਹੇ ਸ਼ੱਕ ਤੇ ਆਧਾਰਿਤ ਆਪਣੀ ਪਤਨੀ ਅਤੇ ਧੀ ਨੂੰ ਛੱਡ ਕੇ ਤੁਰ ਜਾਂਦਾ ਹੈ) ਆਪਣੀ ਪਤਨੀ ਨਾਲ ਜਿਆਦਤੀ ਕਰਦਾ ਹੈ। ਅਜਾਇਬ ਦਾ ਭਰਾ ਨਾਇਬ ਸਿੰਘ ਜੋ ਆਪਣੀ ਭਰਜਾਈ ਨੂੰ ਵਸਤੂ ਵਾਂਗ ਵਰਤਦਾ ਹੈ।ਉਹ ਸਥਿਤੀ ਨੂੰ ਸਮਝਦਾ ਨਹੀਂ ਸਗੋਂ ਹਾਲਾਤ ਤੋਂ ਭੱਜ ਜਾਂਦਾ ਹੈ।ਗੁਰਚੇਤ ਸਿੰਘ ਅਜਿਹਾ ਪਾਤਰ ਹੈ ਜੋ ਪੰਜਾਬ ਦੇ ਮਾੜੇ ਹਾਲਾਤ ਵਿੱਚ ਕੈਨੇਡਾ ਪਹੁੰਚ ਕੇ ਰਿਫਿਊਜੀ ਸ਼ਰਨ ਲੈਂਦਾ ਹੈ ਪਰ ਫਿਰ ਆਪਣੀ ਦੂਰ ਦੀ ਰਿਸ਼ਤੇਦਾਰੀ ਦੀ ਸਾਂਝ ਵਰਤ ਕੇ ਰਾਜਬੀਰ ਦੇ ਘਰ ਆਉਣ ਜਾਣ ਬਣਾਉਂਦਾ ਹੈ। ਰਾਜਬੀਰ ਨੂੰ ਇੱਕ ਪੌੜੀ ਵਾਂਗ ਵਰਤ ਕੇ ਅੱਗੇ ਲੰਘ ਜਾਂਦਾ ਹੈ।ਪਰ ਪੀ ਆਰ ਮਿਲਦਿਆਂ ਹੀ ਰਾਜੀ ਨੂੰ ਹਸਪਤਾਲ ਵਿਚ ਬੱਚੀ ਦੇ ਜਨਮ ਸਮੇਂ ਹੀ ਘਰ ਵਿਚੋਂ ਪੈਸਾ ਤੇ ਸੋਨਾ ਚੋਰੀ ਕਰਕੇ ਭੱਜ ਜਾਂਦਾ ਹੈ।ਉਸਦਾ ਦੋਸਤ ਰਣਜੋਧ ਸਿੰਘ ਅਜਿਹਾ ਪਾਤਰ ਹੈ ਜੋ ਸਿੱਖ ਸਮਾਜ ਦੇ ਜਜ਼ਬਾਤ ਭੜਕਾ ਕੇ ਉਹਨਾਂ ਪਾਸੋਂ ਡਾਲਰ, ਸੋਨਾ ਇਕੱਤਰ ਕਰਕੇ ਆਪ ਵੀ ਤੇ ਸੁਖਚੈਨ ਨੂੰ ਵੀ ਵੈਨਕੂਵਰ ਤੋਂ ਭਜਾ ਕੇ ਕਿਤੇ ਹੋਰ ਚਲਾ ਜਾਂਦਾ ਹੈ ।
ਲੇਖਕ ਨੇ ਹਰ ਤਰ੍ਹਾਂ ਦੇ ਵਿਅਕਤੀ ਨੂੰ ਯਥਾਰਥਮਈ ਢੰਗ ਨਾਲ ਪਾਤਰ ਉਸਾਰੀ ਕੀਤੀ ਹੈ। ਬਹੁਤਾ ਖਿਲਾਰਾ ਨਹੀਂ ਪਾਇਆ ਸਗੋਂ ਥੋੜੇ ਪਾਤਰਾਂ ਵਿੱਚੋਂ ਹੀ ਸਮੁੱਚੇ ਬਿਰਤਾਂਤ ਨੂੰ ਹਰ ਪੱਖ ਤੋਂ ਉਭਾਰਨ ਦਾ ਯਤਨ ਕੀਤਾ ਹੈ। ਭਾਵੇਂ ਉਹ 84 ਦਾ ਦੌਰ ਹੋਵੇ ਜਾਂ ਕਨਿਸ਼ਕ ਜਹਾਜ ਹਾਦਸਾ ਜਾਂ ਪੰਜਾਬ ਦੇ ਹਾਲਾਤ ਜਾਂ ਪੰਜਾਬ ਦੇ ਹਾਲਾਤ ਦਾ ਕੈਨੇਡਾ ਉਪਰ ਅਸਰ। ਇਹ ਸਾਰੇ ਹੀ ਸੰਦਰਭ ਉਸ ਨੇ ਵੱਖ-ਵੱਖ ਪਰਿਵਾਰਾਂ ਦੀਆਂ ਸਥਿਤੀਆਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਵਿਚਕਾਰ ਹੀ ਚੰਦਨ (ਜੋ ਰਾਜਬੀਰ ਦੇ ਬਚਪਨ ਦਾ ਦੋਸਤ ਇੱਕ ਦੂਜੇ ਨਾਲ ਜ਼ਿੰਦਗੀ ਲੰਘਾਉਣ ਦੇ ਸੁਪਨੇ ਲੈਂਦਾ ਨੌਜਵਾਨ) ਦੀ ਜ਼ਿੰਦਗੀ ਤੇ ਉਸਦੇ ਪਰਿਵਾਰ ਦੀ ਕਥਾ ਦਾ ਵਰਨਣ ਵੀ ਸਲਾਹੁਣ ਯੋਗ ਹੈ। ਚੰਦਨ ਵੀ ਆਪਣੀ ਮਾਂ ਵੱਲੋਂ ਕੀਤੇ ਨਾਟਕ ਦਾ ਸ਼ਿਕਾਰ ਹੋ ਕੇ ਸੁਨੈਣਾ ਨਾਂ ਦੀ ਲੜਕੀ ਨਾਲ ਵਿਆਹ ਬੰਧਨ ਵਿੱਚ ਬਝਦਾ ਹੈ।ਜੋ ਸਫਲ ਵੀ ਨਹੀਂ ਹੁੰਦਾ।
ਨਾਵਲ ਵਿੱਚ ਹੋਰ ਵੀ ਮਰਦ ਪਾਤਰ ਆਏ ਹਨ ਪਰ ਪ੍ਰਮੁੱਖ ਰੂਪ ਵਿੱਚ ਇਹਨਾਂ ਪਾਤਰਾਂ ਦੀ ਅਹਿਮੀਅਤ ਵਧੇਰੇ ਹੈ। ਸੁਦੀਪ ਔਲਖ ਜੋ ਰਿਸ਼ਮ ਦਾ ਹਮਸਫਰ ਬਣਦਾ ਹੈ। ਜੋ ਰਿਸ਼ਮ ਦੀ ਹਰ ਖੁਸ਼ੀ ਵਿੱਚ ਜੀਵਨ ਬਸਰ ਕਰਦਾ ਸੁਖਾਂਤ ਅੰਤ ਵੱਲ ਵਧਦਾ ਹੈ।
ਬੇਸ਼ੱਕ ਨਾਵਲ ਦੇ ਬਿਰਤਾਂਤ ਵਿੱਚ ਵਿਭਿੰਨ ਪੱਖਾਂ ਨੂੰ ਇੱਕ ਦੂਸਰੇ ਕਥਾਨਕ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਜਿਨਾਂ ਵਿੱਚ ਨਾਵਲ ਦੀ ਕਥਾ ਵਸਤੂ ਨੂੰ ਦਿਲਚਸਪੀ ਤੇ ਘਟਨਾਵਾਂ ਨੂੰ ਟਕਰਾਓ ਦੇਣ ਦਾ ਸੁਹਿਰਦ ਯਤਨ ਕੀਤਾ ਗਿਆ ਹੈ। ਉਹਨਾਂ ਘਟਨਾਵਾਂ ਦੀ ਵਿਆਖਿਆ ਵੀ ਸਕਦੀ ਹੈ। ਪਰ ਨਾਵਲ ਵਿੱਚ ਪ੍ਰਮੁੱਖ ਰੂਪ ਵਿੱਚ ਉਭਰੇ ਔਰਤ ਦੇ ਵਿਕਾਸ ਲਈ ਮਰਦ ਸੱਤਾ ਤੋਂ ਨਾਬਰ ਹੋਣਾ ਹੀ ਵੱਡੀ ਗੱਲ ਹੈ। ਜੋ ਨਾਵਲਕਾਰ ਕੇਵਲ ਇਸ਼ਾਰਾ ਦੇ ਕੇ ਸਮੱਸਿਆ ਨੂੰ ਵਿਚਕਾਰ ਹੀ ਨਹੀਂ ਛੱਡਦਾ ਬਲਕਿ ਉਸਨੂੰ ਅੰਜਾਮ ਤੱਕ ਪਹੁੰਚਾ ਕੇ ਉਸਦਾ ਹੱਲ ਵੀ ਕਰਨ ਦਾ ਯਤਨ ਕਰਦਾ ਹੈ। ਔਰਤ ਦੇ ਕੋਮਲ ਮਨ ਵਿੱਚ ਉੱਠੇ ਭਾਵਾਂ ਨੂੰ ਪੂਰਾ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।
ਕਈ ਥਾਵਾਂ ਤੇ ਇਹ ਮਹਿਸੂਸ ਹੁੰਦਾ ਹੈ ਕਿ ਨਾਵਲਕਾਰ ਮੌਕਾ ਮੇਲ ਬਣਾ ਰਿਹਾ ਹੈ। ਜਿਵੇਂ ਚੰਦਨ ਦਾ ਬਿਮਾਰ ਹੋ ਕੇ ਉਸੇ ਹਸਪਤਾਲ ਵਿੱਚ ਦਾਖਿਲ ਹੋਣਾ ਜਿਥੇ ਰਾਜਵੀਰ ਨਰਸ ਹੈ। ਉਸੇ ਤਰ੍ਹਾਂ ਰਾਜਵੀਰ ਦਾ ਗੁਰਚੇਤ ਨਾਲ ਅਤੇ ਚੰਦਨ ਦਾ ਸੁਨੇਹਾ ਦੇ ਨਾਲ ਵਿਆਹ ਵੀ ਮਜਬੂਰੀ ਵੱਸ ਹੋਣਾ ਆਦਿ ਆਦਿ।ਪਰ ਫਿਰ ਵੀ ਇਹ ਨਾਵਲ ਔਰਤ ਦੀ ਚੇਤਨਾ ਨੂੰ ਨਵੇਂ ਜਾਵੀਏ ਤੋਂ ਸੋਚਣ ਲਈ ਪ੍ਰਸ਼ਨ ਉਠਾਉਂਦਾ ਹੈ। ਉਹ ਔਰਤ ਦੇ ਵਿਕਾਸ ਦੀ ਗਾਥਾ ਨੂੰ ਪੀੜੀ ਦਰ ਪੀੜੀ ਪੇਸ਼ ਕਰਨ ਵਿੱਚ ਕਾਮਯਾਬ ਹੁੰਦਾ ਹੈ।ਇਹ ਨਾਵਲ ਪੜ੍ਹਨਯੋਗ ਅਤੇ ਗੌਲਨਯੋਗ ਤੇ ਸਾਂਭਣਯੋਗ ਹੈ।
ਭੁਪਿੰਦਰ ਸਿੰਘ ਬੇਦੀ ( ਡਾ.)
9417061645
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj