ਸਮਾਜ ਵੀਕਲੀ ਯੂ ਕੇ
ਡਾ. ਰਾਮਜੀ ਲਾਲ, ਸਮਾਜਿਕ ਵਿਗਿਆਨੀ, ਸਾਬਕਾ ਪ੍ਰਿੰਸੀਪਲ, ਦਿਆਲ ਸਿੰਘ ਕਾਲਜ, ਕਰਨਾਲ
ਈਮੇਲ : [email protected]
ਜਨਨਾਇਕ ਤਾਊ ਦੇਵੀ ਲਾਲ ਦਾ ਬਚਪਨ ਦਾ ਨਾਂ ਦੇਵੀ ਦਿਆਲ ਸੀ। ਉਨ੍ਹਾਂ ਦਾ ਜਨਮ 25 ਸਤੰਬਰ 1914 ਨੂੰ ਸਿਰਸਾ ਜ਼ਿਲ੍ਹੇ ਦੇ ਪਿੰਡ ਤੇਜਾ ਖੇੜਾ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਚੌਧਰੀ ਲੇਖ ਰਾਮ ਅਤੇ ਮਾਤਾ ਦਾ ਨਾਂ ਸੁਗਨਾ ਦੇਵੀ ਸੀ। ਸੰਨ 1925 ਵਿਚ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਦੇਵੀ ਲਾਲ ਦੀ ਸ਼ੁਰੂਆਤੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਚੌਟਾਲਾ ਵਿਚ ਹੋਈ ਅਤੇ ਪੰਜਵੀਂ ਤੋਂ ਅੱਠਵੀਂ ਤੱਕ ਸਰਕਾਰੀ ਸਕੂਲ ਡੱਬਵਾਲੀ ਵਿਖੇ ਪੜ੍ਹਾਈ-ਲਿਖਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਰੋਜ਼ਪੁਰ ਅਤੇ ਮੋਗਾ ਵਿਚ ਸਿੱਖਿਆ ਹਾਸਲ ਕੀਤੀ।
ਦੇਵੀ ਲਾਲ ਨੂੰ ਫਾਰਸੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗਿਆਨ ਸੀ। ਵਿਦਿਆਰਥੀ ਜੀਵਨ ਵਿਚ ਉਹ ਤਿੰਨ ਅਖ਼ਬਾਰਾਂ-‘ਵੰਦੇ ਮਾਤਰਮ’, ‘ਮਿਲਾਪ’ ਅਤੇ ‘ਪ੍ਰਤਾਪ’ ਤੋਂ ਬਹੁਤ ਪ੍ਰਭਾਵਿਤ ਹੋਏ। ਪੰਜਾਬ ਵਿਚ ਆਜ਼ਾਦੀ ਅੰਦੋਲਨ ਵਿਚ ਦੋ ਵਿਚਾਰਧਾਰਾਵਾਂ–ਗਾਂਧੀਵਾਦੀ ਅਤੇ ਕ੍ਰਾਂਤੀਕਾਰੀ ਦਾ ਪ੍ਰਭਾਵ ਸੀ ਪਰ ਦੇਵੀ ਲਾਲ ’ਤੇ ਗਾਂਧੀਵਾਦੀ ਵਿਚਾਰਧਾਰਾ ਦਾ ਜ਼ਿਆਦਾ ਪ੍ਰਭਾਵ ਸੀ। ਗਾਂਧੀਵਾਦੀ ਚਿੰਤਨ ਦੇ ਨਾਲ-ਨਾਲ ਦੇਵੀ ਲਾਲ ਦੇ ਚਿੰਤਨ ’ਤੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਵਿਚਾਰਾਂ, ਤਿਆਗ ਅਤੇ ਸ਼ਹਾਦਤ ਦਾ ਵੀ ਬਹੁਤ ਪ੍ਰਭਾਵ ਸੀ। ਇਸ ਦੇ ਨਤੀਜੇ ਵਜੋਂ ਉਹ ਕ੍ਰਾਂਤੀਕਾਰੀ ਵਿਚਾਰਾਂ ਵੱਲ ਵਧਣ ਲੱਗੇ।
ਸੀਮਾਂਤ ਕਿਸਾਨਾਂ ਅਤੇ ਕਿਸਾਨ ਮਜ਼ਦੂਰਾਂ ਦੀ ਆਰਥਿਕ ਸਥਿਤੀ, ਗ਼ਰੀਬੀ, ਬੇਰੁਜ਼ਗਾਰੀ, ਬਿਮਾਰੀ, ਅਗਿਆਨਤਾ ਅਤੇ ਅਨਪੜ੍ਹਤਾ ਨੇ ਦੇਵੀ ਲਾਲ ਦੇ ਚਿੰਤਨ ’ਤੇ ਅਸਰ ਕੀਤਾ। ਉਹ ਸਾਰੀ ਉਮਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਯਤਨਸ਼ੀਲ ਰਹੇ। ਉਨ੍ਹਾਂ ਨੇ ਭਾਰਤੀ ਰਾਜਨੀਤੀ ਵਿਚ ‘ਕਮੇਰਾ ਵਰਗ ਬਨਾਮ ਲੁਟੇਰਾ ਵਰਗ’ ਦਾ ਮੁਹਾਵਰਾ ਜੋੜਿਆ ਜੋ ਉਨ੍ਹਾਂ ਦੇ ਆਰਥਿਕ ਚਿੰਤਨ ਨੂੰ ਦਰਸਾਉਂਦਾ ਹੈ। ਦੇਵੀ ਲਾਲ ਦੇ ਚਿੰਤਨ ’ਤੇ ਕਰੋੜਾਂ ਭਾਰਤੀਆਂ ਦੀ ਤਰ੍ਹਾਂ ਸਭ ਤੋਂ ਵੱਧ ਪ੍ਰਭਾਵ ਮਹਾਤਮਾ ਗਾਂਧੀ ਦੀ ਅਹਿੰਸਾ, ਸੱਤਿਆਗ੍ਰਹਿ ਅਤੇ ਸ਼ਾਂਤੀ ਦੀ ਵਿਚਾਰਧਾਰਾ ਦਾ ਸੀ।
ਇਸੇ ਕਾਰਨ 15 ਸਾਲ ਦੀ ਉਮਰ ਵਿਚ ਮਹਾਤਮਾ ਗਾਂਧੀ ਦੇ ਸੱਦੇ ’ਤੇ ਦੇਵੀ ਲਾਲ ਅਤੇ ਉਨ੍ਹਾਂ ਦੇ ਵੱਡੇ ਭਰਾ ਸਾਹਿਬ ਰਾਮ ਨੇ ਪੜ੍ਹਾਈ ਛੱਡ ਕੇ ਰਾਸ਼ਟਰਵਾਦੀ ਅੰਦੋਲਨ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਦਸੰਬਰ 1929 ਵਿਚ ਦੇਵੀ ਲਾਲ ਨੇ ਕਾਂਗਰਸ ਪਾਰਟੀ ਦੇ ਲਾਹੌਰ ਇਜਲਾਸ ਵਿਚ ਸਵੈਮ-ਸੇਵਕ ਦੇ ਤੌਰ ‘ਤੇ ਭਾਗ ਲਿਆ। ਉਨ੍ਹਾਂ ਨੇ ਕਈ ਅੰਦੋਲਨਾਂ ਵਿਚ ਸਰਗਰਮੀ ਨਾਲ ਭਾਗ ਲਿਆ ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਦਿਲ ਅਤੇ ਦਿਮਾਗ ਤੋਂ ਜੇਲ੍ਹ ਦਾ ਡਰ ਸਦਾ ਲਈ ਖ਼ਤਮ ਹੋ ਗਿਆ।
ਤੇਈ ਮਾਰਚ 1931 ਨੂੰ ਕ੍ਰਾਂਤੀਕਾਰੀ ਸੁਖਦੇਵ, ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ। ਇਨ੍ਹਾਂ ਦੀ ਕੁਰਬਾਨੀ ਨੇ ਦੇਵੀ ਲਾਲ ਦੇ ਵਿਚਾਰਾਂ ਅਤੇ ਚਿੰਤਨ ’ਤੇ ਅਮਿੱਟ ਪ੍ਰਭਾਵ ਪਾਇਆ ਅਤੇ ਉਹ ਪੱਕੇ ਰਾਸ਼ਟਰਵਾਦੀ ਅਤੇ ਬਾਗ਼ੀ ਬਣ ਗਏ। ਪੰਦਰਾਂ ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਉਸ ਸਮੇਂ ਭਾਰਤ ਸਾਹਮਣੇ ਮੁੱਖ ਸਮੱਸਿਆ ਪੱਛਮੀ ਪਾਕਿਸਤਾਨ ਤੋਂ ਪੰਜਾਬ ਵਿਚ ਆਏ ਸ਼ਰਨਾਰਥੀਆਂ ਦੀ ਸੀ। ਦੇਵੀ ਲਾਲ ਨੇ ਉਨ੍ਹਾਂ ਦੇ ਕੈਂਪਾਂ ਵਿਚ ਜਾ ਕੇ ਸੇਵਾ ਕੀਤੀ। ਇਸੇ ਕਾਰਨ ਉਹ ਪੰਜਾਬੀ ਅਤੇ ਸਿੱਖ ਭਾਈਚਾਰੇ ਵਿਚ ਤਾਉਮਰ ਲੋਕਪ੍ਰਿਆ ਰਹੇ।
ਆਜ਼ਾਦੀ ਪ੍ਰਾਪਤੀ ਤੋਂ ਬਾਅਦ ਦੇਵੀ ਲਾਲ ਦਾ ਰਾਜਨੀਤਕ ਸੰਘਰਸ਼ ਹੋਰ ਵੀ ਤੇਜ਼ ਅਤੇ ਚੁਣੌਤੀਪੂਰਨ ਹੋ ਗਿਆ। ਉਨ੍ਹਾਂ ਨੇ ਕਦੇ ਵੀ ਸੱਤਾ ਪ੍ਰਾਪਤੀ ਨੂੰ ਮਹੱਤਵ ਨਹੀਂ ਦਿੱਤਾ।
ਦੇਵੀ ਲਾਲ 1952 ਤੋਂ 1957 ਤੱਕ, 1958 ਤੋਂ 1962 ਤੱਕ ਅਤੇ 1962 ਤੋਂ 1966 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ।
ਹਰਿਆਣਾ ਦੇ ਨਿਰਮਾਣ ਵਿਚ ਦੇਵੀ ਲਾਲ ਦੀ ਅਦੁੱਤੀ ਭੂਮਿਕਾ ਰਹੀ ਹੈ। ਪਹਿਲੀ ਨਵੰਬਰ 1966 ਨੂੰ ਪੰਜਾਬ ਦੀ ਵੰਡ ਤੋਂ ਬਾਅਦ ਹਰਿਆਣਾ ਦੀ ਸਥਾਪਨਾ ਹੋਈ। ਹਰਿਆਣਾ ਦੀ ਸਥਾਪਨਾ ਦੇ ਬਾਅਦ ਵੀ ਦੇਵੀ ਲਾਲ ਦਾ ਰਾਜਨੀਤਕ ਸੰਘਰਸ਼ ਜਾਰੀ ਰਿਹਾ। ਹਾਲਾਂਕਿ ਉਨ੍ਹਾਂ ਨੇ ਬੰਸੀ ਲਾਲ ਨੂੰ ਮੁੱਖ ਮੰਤਰੀ ਬਣਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 1971 ਵਿਚ ਕਾਂਗਰਸ ਪਾਰਟੀ ਨੂੰ ਸਦਾ ਲਈ ਛੱਡ ਦਿੱਤਾ।
ਸਿਰਸਾ ਵਿਚ ਕਿਸਾਨ ਸੰਮੇਲਨ ਤੋਂ ਬਾਅਦ 29 ਮਈ 1973 ਨੂੰ ਦੇਵੀ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 4 ਅਕਤੂਬਰ 1973 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਮੁਤਾਬਕ ਜੇਲ੍ਹ ਤੋਂ ਰਿਹਾਈ ਮਿਲੀ। ਸਾਲ 1974 ਵਿਚ ਰੋੜੀ ਹਲਕੇ ਤੋਂ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਂਦੇ ਹੋਏ ਵਿਧਾਇਕ ਬਣੇ। ਐਮਰਜੈਂਸੀ ਦੇ 21 ਮਹੀਨਿਆਂ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ‘ਕਾਲੇ ਅਧਿਆਏ’ ਵਜੋਂ ਜਾਣਿਆ ਜਾਂਦਾ ਹੈ। ਚੌਧਰੀ ਦੇਵੀ ਲਾਲ (25 ਜੂਨ 1975 ਤੋਂ 26 ਜਨਵਰੀ 1977 ਤੱਕ) 19 ਮਹੀਨੇ ਜੇਲ੍ਹ ਵਿਚ ਰਹੇ।
ਇੱਕੀ ਜੂਨ 1977 ਤੋਂ 28 ਜੂਨ 1979 ਤੱਕ ਦੇਵੀ ਲਾਲ ਹਰਿਆਣਾ ਦੇ ਮੁੱਖ ਮੰਤਰੀ ਰਹੇ। ਅਠਾਈ ਜੂਨ 1979 ਨੂੰ ਭਜਨ ਲਾਲ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸਾਲ 1980 ਵਿਚ ਦੇਵੀ ਲਾਲ ਸੰਸਦ ਮੈਂਬਰ ਬਣੇ। ਵੀਹ ਜੂਨ 1987 ਨੂੰ ਹਰਿਆਣਾ ਵਿਧਾਨ ਸਭਾ ਦੀ ਚੋਣ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੇਵੀ ਲਾਲ ਦੂਜੀ ਵਾਰ ਮੁੱਖ ਮੰਤਰੀ ਬਣੇ ਅਤੇ 2 ਦਸੰਬਰ 1989 ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਉਹ ਭਾਰਤ ਦੇ ਉਪ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਵੀ ਰਹੇ। ਛੇ ਅਪਰੈਲ 2001 ਨੂੰ ਸਵੇਰੇ 7 ਕੁ ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।



