ਜੰਮੂ ਕਸ਼ਮੀਰ: ਦੋ ਬਿਹਾਰੀ ਮਜ਼ਦੂਰਾਂ ਤੇ ਕਸ਼ਮੀਰੀ ਪੰਡਿਤ ਨੂੰ ਗੋਲੀਆਂ ਮਾਰੀਆਂ

 

  • ਜ਼ਖ਼ਮੀ ਹਾਲਤ ਵਿੱਚ ਹਸਪਤਾਲ ’ਚ ਜ਼ੇਰੇ ਇਲਾਜ
  • ਸ੍ਰੀਨਗਰ ਨੇੜੇ ਦਹਿਸ਼ਤੀ ਹਮਲੇ ਵਿੱਚ ਸੀਆਰਪੀਐੱਫ ਜਵਾਨ ਸ਼ਹੀਦ, ਦੂਜਾ ਜ਼ਖ਼ਮੀ

ਸ੍ਰੀਨਗਰ (ਸਮਾਜ ਵੀਕਲੀ):  ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਅੱਜ ਦੋ ਬਿਹਾਰੀ ਮਜ਼ਦੂਰਾਂ ਤੇ ਸ਼ੋਪੀਆਂ ਵਿੱਚ ਕਸ਼ਮੀਰੀ ਪੰਡਿਤ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਮਾਰੀਆਂ। ਪਿਛਲੇ 24 ਘੰਟਿਆਂ ਦੌਰਾਨ ਪੁਲਵਾਮਾ ਵਿੱਚ ਗੈਰ-ਮੁਕਾਮੀ ਲੋਕਾਂ ’ਤੇ ਇਹ ਦੂਜਾ ਹਮਲਾ ਹੈ। ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀ ਮਜ਼ਦੂਰਾਂ ਦੀ ਪਛਾਣ ਪਤਲੇਸ਼ਵਰ ਕੁਮਾਰ ਤੇ ਜਾਕੋ ਚੌਧਰੀ ਵਜੋਂ ਦੱਸੀ ਗਈ ਹੈ। ਦਹਿਸ਼ਤਗਰਦਾਂ ਨੇ ਅੱਜ ਦੁਪਹਿਰੇ ਉਨ੍ਹਾਂ ਨੂੰ ਪਿੰਡ ਲਜੁਰਾਹ ਵਿੱਚ ਗੋਲੀਆਂ ਮਾਰੀਆਂ। ਉਧਰ ਜ਼ਖ਼ਮੀ ਦੁਕਾਨਦਾਰ ਦੀ ਪਛਾਣ ਬਾਲ ਕ੍ਰਿਸ਼ਨ ਉਰਫ਼ ਸੋਨੂ ਵਾਸੀ ਚੋਟੀਗਾਮ ਪਿੰਡ ਵਜੋਂ ਹੋਈ ਹੈ।

ਸ਼ਾਮ ਨੂੰ ਹੋਏ ਇਸ ਹਮਲੇ ਦੌਰਾਨ ਉਸ ਦੇ ਹੱਥ ਤੇ ਲੱਤ ਉੱਤੇ ਸੱਟਾਂ ਲੱਗੀਆਂ ਹਨ। ਉਹ ਸ੍ਰੀਨਗਰ ਦੇ ਆਰਮੀ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਦਹਿਸ਼ਤਗਰਦਾਂ ਨੇ ਐਤਵਾਰ ਸ਼ਾਮ ਨੂੰ ਪੁਲਵਾਮਾ ਦੇ ਨੌਪੋਰਾ ਖੇਤਰ ਵਿੱਚ ਪੰਜਾਬ ਨਾਲ ਸਬੰਧਤ ਦੋ ਮਜ਼ਦੂਰਾਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਦੌਰਾਨ ਸ੍ਰੀਨਗਰ ਨੇੜੇ ਮਾਇਸੁਮਾ ਖੇਤਰ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ ਸੀਆਰਪੀਐੱਫ ਜਵਾਨ ਸ਼ਹੀਦ ਤੇ ਦੂਜਾ ਜ਼ਖ਼ਮੀ ਹੋ ਗਿਆ। ਸ਼ਹੀਦ ਦੀ ਪਛਾਣ ਹੈੱਡ ਕਾਂਸਟੇਬਲ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਸੀਆਰਪੀਐੱਫ ਜਵਾਨਾਂ ’ਤੇ ਗੋਲੀਆਂ ਚਲਾਈਆਂ। ਹਮਲੇ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐੱਸਐੱਮਐੱਚਐੱਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਇਕ ਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਦੂਜਾ ਜ਼ੇਰੇ ਇਲਾਜ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਊਸਿੰਗ ਫਾਇਨਾਂਸ ਕੰਪਨੀ ਐਚਡੀਐਫਸੀ ਦਾ ਐਚਡੀਐਫਸੀ ਬੈਂਕ ’ਚ ਹੋਵੇਗਾ ਰਲੇਵਾਂ
Next articleਪੁਣਛ ’ਚ ਦਹਿਸ਼ਤਗਰਦਾਂ ਦੀ ਛੁਪਣਗਾਹ ਤਬਾਹ, ਹਥਿਆਰਾਂ ਦਾ ਜ਼ਖ਼ੀਰਾ ਬਰਾਮਦ