ਜੰਮੂ (ਸਮਾਜ ਵੀਕਲੀ): ਜੰਮੂ ਕਸ਼ਮੀਰ ਪੁਲੀਸ ਨੇ ਜੰਮੂ ਜ਼ਿਲ੍ਹੇ ਦੀ ਸਰਹੱਦੀ ਪੱਟੀ ’ਚ ਪੰਜ ਕਿੱਲੋ ਧਮਾਕਾਖੇਜ਼ ਸਮੱਗਰੀ (ਆਈਈਡੀ) ਲਿਆ ਰਹੇ ਇੱਕ ਡਰੋਨ ਨੂੰ ਗੋਲੀ ਮਾਰ ਕੇ ਡੇਗਦਿਆਂ ਸਰਹੱਦ ਪਾਰੋਂ ਦਹਿਸ਼ਤੀ ਘਟਨਾ ਅੰਜਾਮ ਦੇਣ ਦੀ ਕੋਸ਼ਿਸ਼ ਨਾਕਾਮ ਬਣਾ ਦਿੱਤੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਨਾਲ ਲੱਗਦੀ ਕਨਾਚਕ ਪੱਟੀ ’ਚ ਡਰੋਨ ਉੱਡਣ ਦੀ ਸੂਚਨਾ ਮਿਲਣ ’ਤੇ ਪੁਲੀਸ ਦੀ ਤਤਕਾਲ ਪ੍ਰਤੀਕਿਰਿਆ ਟੀਮ (ਕਿਊਆਰਟੀ) ਹਰਕਤ ’ਚ ਆਈ ਅਤੇ ਡਰੋਨ ਵਿਰੋਧੀ ਤਕਨੀਕ ਦੀ ਵਰਤੋਂ ਕਰਦਿਆਂ ਵੱਡੇ ਤੜਕੇ ਡਰੋਨ ਨੂੰ ਡੇਗ ਨੂੰ ਲਿਆ।’ ਅਧਿਕਾਰੀਆਂ ਮੁਤਾਬਕ ਡਰੋਨ ਸਰਹੱਦ ਤੋਂ ਸੱਤ ਤੋਂ ਅੱਠ ਕਿਲੋਮੀਟਰ ਅੰਦਰ ਭਾਰਤੀ ਇਲਾਕੇ ’ਚ ਉੱਡ ਰਿਹਾ ਸੀ।
ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ, ‘ਤੜਕੇ ਇੱਕ ਵਜੇ ਜਦੋਂ ਡਰੋਨ ਧਮਾਕਾਖੇਜ਼ ਸਮੱਗਰੀ ਸੁੱਟਣ ਵਾਸਤੇ ਨੀਵਾਂ ਉੱਡ ਰਿਹਾ ਸੀ, ਤਾਂ ਗੋਲੀ ਮਾਰ ਕੇ ਉਸ ਨੂੰ ਡੇਗ ਲਿਆ ਗਿਆ।’ ਉਨ੍ਹਾਂ ਦੱਸਿਆ ਕਿ ਡਰੋਨ ਪੰਜ ਕਿੱਲੋ ਆਈਈਡੀ ਲਿਜਾ ਰਿਹਾ ਸੀ ਅਤੇ ਧਮਾਕੇ ਲਈ ਸਿਰਫ ਇਸ ਦੀਆਂ ਤਾਰਾਂ ਜੋੜਨੀਆਂ ਹੀ ਬਾਕੀ ਸਨ। ਏਡੀਜੀਪੀ ਨੇ ਕਿਹਾ ਕਿ ਮੁੱਢਲੀ ਪੜਤਾਲ ਮੁਤਾਬਕ ਉੱਡਣ ਵਾਲਾ ਇਹ ਯੰਤਰ ਛੇ ਖੰਭਾਂ ਵਾਲਾ ਹੈਕਸਾ ਐੱਮ-ਕਾਪਟਰ ਸੀ, ਜਿਸ ਵਿੱਚ ਜੀਪੀਐੈੱਸ ਅਤੇ ਫਲਾਈਟ ਕੰਟਰੋਲ ਲੱਗਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਅੱਜ ਤੜਕੇ ਡੇਗੇ ਗਏ ਡਰੋਨ ਵਿੱਚ ਚੀਨ, ਤਾਇਵਾਨ ਅਤੇ ਹਾਂਕਕਾਂਗ ਦੇ ਬਣੇ ਪੁਰਜ਼ੇ ਲੱਗੇ ਹਨ। ਉਨ੍ਹਾਂ ਮੁਤਾਬਕ ਇਸ ਡਰੋਨ ਅਤੇ ਪਿਛਲੇ ਵਰ੍ਹੇ ਕਠੂਆ ਵਿੱਚ ਡੇਗੇ ਗਏ ਡਰੋਨ ਦੇ ਲੜੀ ਨੰਬਰ ’ਚ ਸਿਰਫ ਇੱਕ ਅੰਕ ਦਾ ਫਰਕ ਹੈ, ਜੋ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਸਰਹੱਦ ਪਾਰਲੇ ਦਹਿਸ਼ਤਗਰਦ ਗੁੱਟਾਂ, ਜਿਵੇਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ, ਕੋਲ ਫਲਾਈਟ ਕੰਟਰੋਲਰ ਹਨ ਅਤੇ ਉਹ ਹਥਿਆਰਾਂ ਤੇ ਆਈਈਡੀ ਸਣੇ ਡਰੋਨ ਭਾਰਤ ਵਾਲੇ ਪਾਸੇ ਭੇਜ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly