ਸ੍ਰੀਨਗਰ, (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਬੜਗਾਮ ਜ਼ਿਲ੍ਹਿਆਂ ਵਿਚ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਪੰਜ ਅਤਿਵਾਦੀ ਮਾਰੇ ਗਏ ਹਨ। ਇਨ੍ਹਾਂ ਵਿਚ ਜੈਸ਼-ਏ-ਮੁਹੰਮਦ ਦਾ ਇਕ ਚੋਟੀ ਦਾ ਕਮਾਂਡਰ ਵੀ ਸ਼ਾਮਲ ਹੈ। ਜੈਸ਼ ਕਮਾਂਡਰ ਜ਼ਾਹਿਦ ਵਾਨੀ 2017 ਤੋਂ ਸਰਗਰਮ ਸੀ ਤੇ ਕਈ ਹੱਤਿਆਵਾਂ ਵਿਚ ਉਹ ਸ਼ਾਮਲ ਸੀ। ਨੌਜਵਾਨਾਂ ਨੂੰ ਉਹ ਅਤਿਵਾਦ ਲਈ ਭਰਤੀ ਵੀ ਕਰਦਾ ਰਿਹਾ ਹੈ। ਪੁਲਵਾਮਾ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ, ਫ਼ੌਜ ਦੀ ਵਿਕਟਰ ਫੋਰਸ ਦੇ ਜੀਓਸੀ ਮੇਜਰ ਜਨਰਲ ਪ੍ਰਸ਼ਾਂਤ ਸ੍ਰੀਵਾਸਤਵ ਨੇ ਕਿਹਾ ਕਿ ਮੁਕਾਬਲੇ ਸ਼ਨਿਚਰਵਾਰ ਨੂੰ ਕਸ਼ਮੀਰ ਵਾਦੀ ਦੇ ਪੁਲਵਾਮਾ ਤੇ ਬੜਗਾਮ ਜ਼ਿਲ੍ਹਿਆਂ ਵਿਚ ਸ਼ੁਰੂ ਹੋਏ ਸਨ। ਸੁਰੱਖਿਆ ਬਲਾਂ ਨੂੰ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਚਾਰ ਜੈਸ਼ ਅਤਿਵਾਦੀ ਪੁਲਵਾਮਾ ਦੇ ਨੈਰਾ ਇਲਾਕੇ ਵਿਚ ਮਾਰੇ ਗਏ ਜਦਕਿ ਲਸ਼ਕਰ ਦਾ ਇਕ ਦਹਿਸ਼ਤਗਰਦ ਬੜਗਾਮ ਦੇ ਚਰਾਰ-ਏ-ਸ਼ਰੀਫ਼ ਖੇਤਰ ਵਿਚ ਮਾਰਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਾਹਿਦ ਦਾ ਭਰਾ ਜੰਮੂ ਦੇ ਬਾਨ ਪਲਾਜ਼ਾ ਹਮਲੇ ਵਿਚ ਸ਼ਾਮਲ ਸੀ ਤੇ ਜੇਲ੍ਹ ਵਿਚ ਹੈ। ਸਮੀਰ ਡਾਰ ਦੇ ਮਾਰੇ ਜਾਣ ਤੋਂ ਬਾਅਦ ਜ਼ਾਹਿਦ ਜੈਸ਼ ਦਾ ਜ਼ਿਲ੍ਹਾ ਕਮਾਂਡਰ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਦਰਅਸਲ ਉਹ ਪੂਰੀ ਕਸ਼ਮੀਰ ਵਾਦੀ ’ਚ ਹੀ ਜੈਸ਼ ਦਾ ਮੁਖੀ ਸੀ। ਮੇਜਰ ਜਨਰਲ ਸ੍ਰੀਵਾਸਤਵ ਨੇ ਕਿਹਾ ਕਿ ਵਾਨੀ ਕਈ ਧਮਾਕਿਆਂ ਦਾ ਸਾਜ਼ਿਸ਼ਘਾੜਾ ਸੀ। ਉਸ ਦੇ ਮਾਰੇ ਜਾਣ ਨਾਲ ਇਸ ਇਲਾਕੇ ਵਿਚ ਜੈਸ਼ ਦਾ ਖ਼ਤਰਾ ਹੁਣ ਕਾਫ਼ੀ ਘਟੇਗਾ। ਵਿਕਟਰ ਫੋਰਸ ਦੇ ਜੀਓਸੀ ਨੇ ਕਿਹਾ ਕਿ ਜੈਸ਼ ਕਮਾਂਡਰ ਨੇ ਕਈ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਅਤਿਵਾਦੀ ਸੰਗਠਨ ਵਿਚ ਸ਼ਾਮਲ ਕੀਤਾ ਤੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ। ਉਸ ਦੀ ਮੌਤ ਨਾਲ ਇਲਾਕਾ ਵਾਸੀਆਂ ਨੂੰ ਰਾਹਤ ਮਿਲੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ੀ ਅਤਿਵਾਦੀ ਵੀ ਸਰਦੀਆਂ ਵਿਚ ਉੱਚੀਆਂ ਥਾਵਾਂ ਤੋਂ ਪਿੰਡਾਂ ਵੱਲ ਆ ਜਾਂਦੇ ਹਨ। ਪਿੰਡ ਵਾਸੀ ਬਲਾਂ ਨੂੰ ਜਾਣਕਾਰੀ ਦੇ ਦਿੰਦੇ ਹਨ ਤੇ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਜਾਂਦਾ ਹੈ। ਆਈਜੀਪੀ ਨੇ ਕਿਹਾ ਕਿ ਅਤਿਵਾਦੀਆਂ ਨੂੰ ਹਥਿਆਰ ਤੇ ਅਸਲਾ ਕਈ ਢੰਗਾਂ ਨਾਲ ਮਿਲਦਾ ਹੈ। ਜੰਮੂ ਵਿਚ 35 ਮੌਕਿਆਂ ’ਤੇ ਡਰੋਨ ਫੜੇ ਗਏ ਹਨ। ਹਥਿਆਰ-ਅਸਲਾ ਡਰੋਨ ਰਾਹੀਂ, ਸੜਕ ਰਾਹੀਂ, ਘੁਸਪੈਠ ਤੇ ਹੋਰ ਕਈ ਤਰੀਕਿਆਂ ਰਾਹੀਂ ਪਹੁੰਚਦਾ ਹੈ। ਪਰ ਸੁਰੱਖਿਆ ਬਲ ਮਨੁੱਖੀ ਤੇ ਤਕਨੀਕੀ ਇੰਟੈਲੀਜੈਂਸ ਢਾਂਚਿਆਂ ਰਾਹੀਂ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰ ਰਹੇ ਹਨ ਤਾਂ ਕਿ ਖ਼ਤਰਾ ਖ਼ਤਮ ਕੀਤਾ ਜਾ ਸਕੇ। ਆਈਜੀਪੀ ਨੂੰ ਅਤਿਵਾਦੀਆਂ ਵੱਲੋਂ ਵੀਡੀਓਜ਼ ਵਿਚ ਅਸਾਲਟ ਰਾਈਫਲਾਂ ਲਹਿਰਾਉਣ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਹਰ ਸਾਲ ਜਨਵਰੀ-ਫਰਵਰੀ ਵਿਚ ਉਹ ਪ੍ਰਚਾਰ ਲਈ ਅਜਿਹੀਆਂ ਵੀਡੀਓਜ਼ ਰਿਲੀਜ਼ ਕਰਦੇ ਹਨ ਤਾਂ ਕਿ ਅਤਿਵਾਦੀਆਂ ਦੀ ਭਰਤੀ ਵਧਾਈ ਜਾ ਸਕੇ। ਜਿਹੜੇ ਹਥਿਆਰ ਉਹ ਦਿਖਾਉਂਦੇ ਹਨ, ਉਹ ਇੱਥੇ ਮੌਜੂਦ ਨਹੀਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly