ਜਲੰਧਰ ਦਾ ਪੰਜਾਬ ਪ੍ਰੈੱਸ ਕਲੱਬ ਰਸਮੀ ਤੌਰ ‘ਤੇ ਦੋਫਾੜ, ਸੁਨੀਲ ਰੁਦਰਾ ਬਣੇ ਦੂਜੇ ਧੜੇ ਦੇ ਪ੍ਰਧਾਨ

ਜਲੰਧਰ (ਸਮਾਜ ਵੀਕਲੀ) : ਜਲੰਧਰ ਦਾ ਪੰਜਾਬ ਪ੍ਰੈੱਸ ਕਲੱਬ ਉਂਝ ਤਾਂ ਕਈ ਦਿਨ ਪਹਿਲਾਂ ਹੀ ਦੋਫਾੜ ਹੋ ਗਿਆ ਸੀ ਪਰ ਅੱਜ ਉਸ ਵੇਲੇ ਇਹ ਵੰਡੀਆਂ ਰਸਮੀ ਤੌਰ ‘ਤੇ ਪੈ ਗਈਆਂ, ਜਦੋਂ ਦੂਜੇ ਧੜੇ ਨੇ ਸੁਨੀਲ ਰੁਦਰਾ ਨੂੰ ਰਸਮੀ ਤੌਰ ‘ਤੇ ਆਪਣਾ ਪ੍ਰਧਾਨ ਚੁਣ ਲਿਆ। ਸਤਨਾਮ ਸਿੰਘ ਮਾਣਕ ਪਹਿਲੇ ਧੜੇ ਦੇ ਪ੍ਰਧਾਨ ਪਹਿਲਾਂ ਤੋਂ ਹੀ ਹਨ। ਜ਼ਾਹਿਰ ਹੈ ਕਿ ਅੱਜ ਦਾ ਇਹ ਦਿਨ ਪੰਜਾਬ, ਖ਼ਾਸ ਕਰ ਕੇ ਜਲੰਧਰ ਦੀ ਪੱਤਰਕਾਰੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ‘ਚ ਤਾਂ ਲਿਖਿਆ ਨਹੀਂ ਜਾਵੇਗਾ (‘ਕਾਲ਼ੇ ਅੱਖਰਾਂ ‘ਚ ਲਿਖਿਆ ਜਾਵੇਗਾ’ ਕਹਿਣ ਨੂੰ ਚਿੱਤ ਨਹੀਂ ਕਰਦਾ)।

ਸੁਨੀਲ ਰੁਦਰਾ

ਖ਼ੈਰ, ਜਲੰਧਰ ਵਿਖੇ ਪੰਜਾਬ ਪ੍ਰੈੱਸ ਕਲੱਬ ਦੇ ਖੇਤਰੀ ਪੱਤਰਕਾਰਾਂ ਵੱਲੋਂ ਚੁਣੀ ਗਈ 38 ਮੈਂਬਰੀ ਕਮੇਟੀ ਦੀ ਚੋਣ ਅੱਜ ਦੇਸ਼ ਭਗਤ ਯਾਦਗਰ ਹਾਲ ਵਿਖੇ ਕਾਰਜਕਾਰੀ ਜਨਰਲ ਸਕੱਤਰ ਪਰਮਜੀਤ ਸਿੰਘ ਰੰਗਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਅਹੁਦੇ ਲਈ ਜਤਿੰਦਰ ਸ਼ਰਮਾ ਅਤੇ ਸੁਨੀਲ ਰੁਦਰਾ ਮੁੱਖ ਵਿਰੋਧੀ ਸਨ | ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਕੁੱਲ 83 ਵੋਟਾਂ ਪਈਆਂ ਸਨ। ਪੰਜਾਬ ਪ੍ਰੈਸ ਕਲੱਬ ਵੱਲੋਂ ਜਾਰੀ ਵੋਟਰ ਸੂਚੀ ਵਿੱਚ ਜਿਨ੍ਹਾਂ ਦੇ ਨਾਂ ਸਨ, ਉਨ੍ਹਾਂ ਵਿੱਚੋਂ ਹੀ ਵੋਟਾਂ ਪਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 6 ਵੋਟਾਂ ਦੋਹਰੇ ਨਿਸ਼ਾਨ ਲਗਾਉਣ ਕਾਰਨ ਰੱਦ ਹੋ ਗਈਆਂ ਸਨ। ਪੰਜ ਵੋਟਾਂ ਜਤਿੰਦਰ ਸ਼ਰਮਾ ਨੂੰ ਪਈਆਂ। ਬਾਕੀ 72 ਵੋਟਾਂ ਸੁਨੀਲ ਰੁਦਰਾ ਨੂੰ ਪਈਆਂ। ਇੰਝ ਸੁਨੀਲ ਰੁਦਰਾ ਨੂੰ ਜੇਤੂ ਐਲਾਨਿਆ ਗਿਆ। ਜਤਿੰਦਰ ਸ਼ਰਮਾ ਨੇ ਸੁਨੀਲ ਰੁਦਰਾ ਨੂੰ ਵਧਾਈ ਦਿੰਦਿਆਂ ਇਸ ਨੂੰ ‘ਲੋਕਤੰਤਰ ਦੀ ਜਿੱਤ’ ਦੱਸਿਆ।

ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਹੀ, ਮੀਤ ਪ੍ਰਧਾਨ ਮੇਹਰ ਮਲਿਕ, ਜਨਰਲ ਸਕੱਤਰ ਨਿਖਿਲ ਸ਼ਰਮਾ, ਸੰਯੁਕਤ ਸਕੱਤਰ ਰਾਜੇਸ਼ ਥਾਪਾ, ਸਕੱਤਰ ਰਮੇਸ਼ ਨਈਅਰ ਅਤੇ ਖਜ਼ਾਨਚੀ ਰਾਜੇਸ਼ ਸ਼ਰਮਾ ਬਿਨਾਂ ਮੁਕਾਬਲਾ ਚੁਣੇ ਗਏ ਹਨ।

ਡਾ: ਸੁਰਿੰਦਰ, ਅਰੁਣ ਦੀਪ, ਜਸਪਾਲ ਕੈਂਥ, ਸਰਵੇਸ਼ ਭਾਰਤੀ, ਨਿਸ਼ਾ ਸ਼ਰਮਾ ਆਦਿ ਨੇ ਪ੍ਰੈੱਸ ਕਲੱਬ ਦੀਆਂ ਚੋਣਾਂ ਨੂੰ ਲੋਕਤੰਤਰੀ ਢੰਗ ਨਾਲ ਕਰਵਾਉਣ ਲਈ ਪੂਰੀ ਭੂਮਿਕਾ ਨਿਭਾਈ | ਸੁਨੀਲ ਰੁਦਰਾ ਨੇ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੇ ਰਾਜੇਸ਼ ਕਪਿਲ, ਰਾਜੇਸ਼ ਥਾਪਾ, ਸ਼ੈਲੀ ਅਲਬਰਟ, ਰਮੇਸ਼ ਗਾਬਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ |

ਇਸ ਤੋਂ ਬਾਅਦ ਸੁਨੀਲ ਰੁਦਰਾ ਦੇ ਗਲੇ ਵਿੱਚ ਹਾਰ ਪਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।ਉਨ੍ਹਾਂ ਵਿੱਚ ਰਾਜੇਸ਼ ਕਪਿਲ, ਦੀਪਕ ਲਾਡੀ, ਰਾਜੇਸ਼ ਟਿੰਕੂ , ਮਨਵੀਰ ਸਭਰਵਾਲ, ਜੀਵੇਸ਼, ਅਭਿਨੰਦਨ ਭਾਰਤੀ, ਹਰੀਸ਼ ਸ਼ਰਮਾ, ਕੀਰਤੀ ਬੌਬੀ, ਨਰਿੰਦਰ ਗੁਪਤਾ ਆਦਿ ਨੇ ਵਧਾਈ ਦਿੱਤੀ।

ਇਸ ਮੌਕੇ ਸੁਨੀਲ ਰੁਦਰਾ, ਡਾ.ਸੁਰਿੰਦਰ ਅਤੇ ਰਾਜੇਸ਼ ਥਾਪਾ ਨੇ ਦੱਸਿਆ ਕਿ ਇਹ ਤਾਂ ‘ਤਖ਼ਤਾ–ਪਲਟ ਦੀ ਸ਼ੁਰੂਆਤ ਹੈ’ ਪਰ ਇਸ ਤੋਂ ਅੱਗੇ ਦਾ ਮੁੱਖ ਕੰਮ ਫੀਲਡ ਦੇ ਪੱਤਰਕਾਰਾਂ ਲਈ ਸੁਵਿਧਾਵਾਂ ਜੁਟਾਉਣ ਦਾ ਹੋਵੇਗਾ। ਸੁਨੀਲ ਰੁਦਰਾ ਨੇ ਕਿਹਾ ਕਿ ਮਹਾਬੀਰ ਸੇਠ, ਜੋ ਕਿ ਸੀਨੀਅਰ ਪੱਤਰਕਾਰ ਹਨ, ਨੂੰ ਵੀ ਜਲਦੀ ਹੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੂੰ ਸੀਨੀਆਰਤਾ ਅਨੁਸਾਰ ਅਹੁਦਾ ਦਿੱਤਾ ਜਾਵੇਗਾ।

ਕੀ ਕਹਿੰਦਾ ਹੈ ਪਹਿਲਾ ਧੜਾ?

ਤੇਜਿੰਦਰ ਕੌਰ , ਸੰਯੁਕਤ ਸਕੱਤਰ, ਪੰਜਾਬ ਪ੍ਰੈੱਸ ਕਲੱਬ, ਜਲੰਧਰ

ਇਸ ਦੌਰਾਨ ਮਾਣਕ ਧੜੇ ਦੇ ਸੰਯੁਕਤ ਸਕੱਤਰ ਮੈਡਮ ਤੇਜਿੰਦਰ ਨੇ ਆਖਿਆ – ‘ਰੁਦਰਾ ਧੜਾ ਸਿਰਫ਼ ਆਪਣੀ ਹਉਮੈ ਦਾ ਪ੍ਰਗਟਾਵਾ ਹੀ ਕਰ ਰਿਹਾ ਹੈ। ਪ੍ਰੈੱਸ ਕਲੱਬ ਦੇ ਸੰਵਿਧਾਨ ‘ਚ ਸਪੱਸ਼ਟ ਲਿਖਿਆ ਹੈ ਕਿ ਜਦੋਂ ਇੱਕ ਵਾਰ ਹੱਥ ਖੜ੍ਹੇ ਕਰ ਕੇ ਸਰਬਸੰਮਤੀ ਨਾਲ ਚੋਣ ਹੋ ਗਈ, ਤਾਂ ਉਸ ਤੋਂ ਬਾਅਦ ਹੋਰ ਕੋਈ ਚੋਣ ਨਹੀਂ ਹੋਵੇਗੀ। ਦੂਜੇ ਧੜੇ ਵਿੱਚ ਅਸਲ ਮੈਂਬਰ ਸਿਰਫ਼ 25–30 ਹੀ ਹਨ; ਬਾਕੀ ਦੇ ਤਾਂ ਪ੍ਰੈੱਸ ਕਲੱਬ ਦੇ ਮੈਂਬਰ ਵੀ ਨਹੀਂ ਹਨ।’ ਓਧਰ ਦ ਜਰਨਲਿਸਟ ਫਰੰਟ ਪੰਜਾਬ ਦੇ ਰਮੇਸ਼ ਜਲੰਧਰੀ, ਨਾਮਵਰ ਖਬਰਨਵੀਸ ਯਾਦਵਿੰਦਰ ਦੀਦਾਵਰ, ਯੁੱਧਵੀਰ ਸਰੂਪ ਨਗਰ ਰਾਓਵਾਲੀ ਤੇ ਪਰਮਿੰਦਰ ਪੁਰੂ ਨੇ ਏਕਤਾ ਕਰਨ ਦੀ ਅਪੀਲ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵੱਲੋਂ ਚੋਣ ਪ੍ਰਚਾਰ ਦਾ ਆਗਾਜ਼
Next article“ਸਾਡੇ ਅਧਿਆਪਕ ਮਹਾਨ”