ਜਲੰਧਰ, ਬਿਊਰੋ: 16 ਅਕਤੂਬਰ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਜਨਰਲ ਇਜਲਾਸ ਦੌਰਾਨ ਹੋਏ ਹੰਗਾਮੇ ਤੋਂ ਬਾਅਦ ‘ਨਾਜਾਇਜ਼ ਤੌਰ ‘ਤੇ ਥਾਪੇ ਗਏ ਪ੍ਰਧਾਨ’ ਨੂੰ ਰੱਦ ਕਰਨ ਉਪਰੰਤ ਐਕਸ਼ਨ ਕਮੇਟੀ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੀਟਿੰਗ ਕੀਤੀ; ਜਿਸ ਵਿਚ ਸੁਨੀਲ ਰੁਦਰਾ, ਡਾ: ਸੁਰਿੰਦਰ, ਰਾਜੇਸ਼ ਕਪਿਲ, ਡਾ. ਨਿਖਿਲ ਸ਼ਰਮਾ, ਸੰਦੀਪ ਸਾਹੀ, ਨਰਿੰਦਰ ਨੰਦਨ, ਮਹਾਬੀਰ ਸੇਠ, ਰਮੇਸ਼ ਨਈਅਰ, ਸ਼ੈਲੀ ਅਲਬਰਟ, ਰਮੇਸ਼ ਗਾਬਾ ਅਤੇ ਅਭਿਨੰਦਨ ਭਾਰਤੀ ਆਦਿ ਨੇ ਫੈਸਲਾ ਕੀਤਾ ਕਿ ਤਤਕਾਲੀ ਪ੍ਰਧਾਨ ਲਖਵਿੰਦਰ ਜੌਹਲ ਵੱਲੋਂ ਜਾਰੀ ਸੰਦੇਸ਼ ਅਨੁਸਾਰ 29 ਅਕਤੂਬਰ ਨੂੰ ਚੋਣ ਪ੍ਰਕਿਰਿਆ ਜਾਰੀ ਰਹੇਗੀ ਅਤੇ ਚੋਣਾਂ ਕਰਵਾਈਆਂ ਜਾਣਗੀਆਂ।
ਮੀਟਿੰਗ ਤੋਂ ਬਾਅਦ 70 ਦੇ ਕਰੀਬ ਪੱਤਰਕਾਰ ਡੀ.ਸੀ. (DC) ਨੂੰ ਮਿਲਣ ਲਈ ਗਏ, ਜਿਨ੍ਹਾਂ ਵਿੱਚੋਂ ਸੀਨੀਅਰ ਪੱਤਰਕਾਰਾਂ ਨੇ ਡੀ.ਸੀ ਦਫ਼ਤਰ ਜਾ ਕੇ ਇਨ੍ਹਾਂ ਚੋਣਾਂ ਵਿੱਚ ਹੋਈਆਂ ਕਥਿਤ ‘ਧਾਂਦਲੀਆਂ’ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ।
ਇਸ ਮੌਕੇ ਰਾਜੇਸ਼ ਕਪਿਲ, ਸੁਨੀਲ ਰੁਦਰਾ ਅਤੇ ਡਾ: ਸੁਰਿੰਦਰ ਨੇ ਕਲੱਬ ਦੇ ਮੈਂਬਰਾਂ ਨੂੰ ਇਤਿਹਾਸ ਅਤੇ ਏ.ਜੀ.ਐਮ ਦੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਦਿੱਤੀ।
ਡੀਸੀ ਘਨਸ਼ਿਆਮ ਥੋਰੀ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿਵਾਇਆ ਅਤੇ ਮਾਮਲੇ ਦੀ ਜਾਂਚ ਹਿਮਾਂਸ਼ੂ ਜੈਨ ਆਈ.ਏ.ਐਸ ਨੂੰ ਸੌਂਪ ਦਿੱਤੀ। ਇਸ ਮੌਕੇ ਸੀਨੀਅਰ ਪੱਤਰਕਾਰ ਸੰਦੀਪ ਸਾਹੀ, ਮੇਹਰ ਮਲਿਕ, ਪਰਮਜੀਤ ਸਿੰਘ ਰੰਗਪੁਰੀ ਅੰਦਰ ਡੀਸੀ ਦਫ਼ਤਰ, ਵਿਨੈ ਪਾਲ ਜੈਦ, ਹਰੀਸ਼ ਸ਼ਰਮਾ, ਹੈਪੀ, ਜਸਪਾਲ ਕੈਂਥ, ਰਾਜੇਸ਼ ਸ਼ਰਮਾ, ਅਮਨਦੀਪ ਮਹਿਰਾ, ਵਿਕਾਸ ਮੋਦਗਿਲ ਅਤੇ ਨਿਸ਼ਾ ਸ਼ਰਮਾ ਹਾਜ਼ਰ ਸਨ। ਓਧਰ ਜਰਨਲਿਸਟ ਫਰੰਟ ਆਫ ਪੰਜਾਬ ਦੇ ਕਾਰਕੁਨਾਂ ਰਮੇਸ਼ ਜਲੰਧਰੀ, ਯਾਦਵਿੰਦਰ ਦੀਦਾਵਰ, ਯੁੱਧਵੀਰ ਸਰੂਪ ਨਗਰ ਰਾਓਵਾਲੀ ਨੇ ਮੁੱਦੇ ਦੇ ਹੱਲ ਦੀ ਮੰਗ ਕੀਤੀ ਹੈ।
ਵਿਸ਼ੇਸ਼ ਟਿੱਪਣੀ: ਹੁਣ ਜਿਹੋ ਜਿਹੇ ਹਾਲਾਤ ਜਲੰਧਰ ਦੇ ਪੱਤਰਕਾਰ ਭਾਈਚਾਰੇ ਦੇ ਬਣ ਗਏ ਹਨ; ਉਸ ਤੋਂ ਸਪੱਸ਼ਟ ਹੈ ਕਿ ਸ਼ਾਇਦ ਇਹ ਜਲੰਧਰੀ ਪੱਤਰਕਾਰ ਭਾਈਚਾਰਾ ਸਦਾ ਲਈ ਦੋ ਭਾਗਾਂ ‘ਚ ਵੰਡਿਆ ਜਾਵੇ। ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਸਮੇਤ ਪੰਜਾਬ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਦੋ–ਦੋ ਪ੍ਰੈੱਸ ਕਲੱਬ ਹਨ – ਇਹ ਸੱਚਮੁਚ ਮੰਦਭਾਗੀ ਸਥਿਤੀ ਹੈ। ਦੇਸ਼ ਇਸ ਵੇਲੇ ਡੂੰਘੇ ਸੰਕਟ ‘ਚੋਂ ਲੰਘ ਰਿਹਾ ਹੈ ਤੇ ਅਜਿਹੀਆਂ ਸਥਿਤੀਆਂ ਵਿੱਚ ਚੌਥੇ ਥੰਮ੍ਹ – ਪੱਤਰਕਾਰਤਾ ਲਈ ਹੁਣ ਏਕਤਾ ਡਾਢੀ ਜ਼ਰੂਰੀ ਹੈ।
ਸ਼ਾਇਦ ਪੰਜਾਬ ਦੇ ਮਹਾਂਨਗਰ ਜਲੰਧਰ ‘ਚ ਹੁਣ ਅਜਿਹੀ ਕੋਈ ਤਾਕਤਵਰ ਸਤਿਕਾਰਤ ਸ਼ਖ਼ਸੀਅਤ ਨਹੀਂ ਰਹਿ ਗਈ ਹੈ, ਜੋ ਪੱਤਰਕਾਰਾਂ ਦੀ ਖ਼ਲਕਤ ਨੂੰ ਦੋ ਟੋਟਿਆਂ ਵਿੱਚ ਵੰਡੇ ਜਾਣ ਤੋਂ ਰੋਕ ਸਕੇ। ਮਹਤਾਬ ਉਦ ਦੀਨ, ਮੋਹਾਲੀ।