ਅੰਮ੍ਰਿਤਸਰ (ਸਮਾੲਜ ਵੀਕਲੀ): ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਗੂਆਂ ਤੇ ਵਰਕਰਾਂ ਦਾ ਮਨੋਬਲ ਕਾਇਮ ਰੱਖਣ ਲਈ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਕੁਝ ਸਮਾਂ ਬਿਤਾਇਆ। ਇੱਥੇ ਅੱਜ ਅਕਾਲੀ ਆਗੂਆਂ ਨਾਲ ਮੁਲਾਕਾਤ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸੀ ਆਗੂ ਸੁਨੀਲ ਜਾਖੜ ਵੱਲੋਂ ਦਲਿਤ ਭਾਈਚਾਰੇ ਸਬੰਧੀ ਦਿੱਤੇ ਗਏ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸ੍ਰੀ ਜਾਖੜ ਮੁੱਖ ਮੰਤਰੀ ਬਣਨ ਦੇ ਇੱਛੁਕ ਸਨ ਤੇ ਅਜਿਹਾ ਨਾ ਹੋਣ ਕਾਰਨ ਉਹ ਸਦਮੇ ਵਿੱਚ ਹਨ, ਜਿਸ ਕਾਰਨ ਉਹ ਅਜਿਹੇ ਬਿਆਨ ਦੇ ਰਹੇ ਹਨ।
‘ਆਪ’ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਲਿਆਉਣ ਲਈ ‘ਆਪ’ ਨੂੰ ਚੁਣਿਆ ਹੈ ਅਤੇ ਹੁਣ ਦੇਖਣਾ ਹੈ ਕਿ ਕੀ ਬਦਲਾਅ ਆਉਂਦਾ ਹੈ। ਪਾਰਟੀ ਪ੍ਰਧਾਨ ਨੇ ਕੱਲ੍ਹ ਸ਼ਾਮ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਘਰ ਅਤੇ ਅੱਜ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਅਨਿਲ ਜੋਸ਼ੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ। ਸ੍ਰੀ ਬਾਦਲ ਨੇ ਉਕਤ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਤੇ ਇਨ੍ਹਾਂ ਮੀਟਿੰਗਾਂ ਨੂੰ ਗ਼ੈਰ ਰਸਮੀ ਦੱਸਿਆ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਸ੍ਰੀ ਬਾਦਲ ਬੀਤੇ ਕੱਲ੍ਹ ਇੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਸ ਤੋਂ ਬਾਅਦ ਉਨ੍ਹਾਂ ਵੱਖ-ਵੱਖ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly