ਤਾਲੇ ਤੋੜ ਕੇ ਇੰਨਵਰਟਰ , ਰਾਸ਼ਨ ਤੇ ਐੱਲ ਈ ਡੀ ਚੋਰੀਂ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਚੋਰ ਗਿਰੋਹ ਸਕੂਲਾਂ ਵਿੱਚ ਚੌਕੀਦਾਰਾਂ ਦੀ ਕਮੀਂ ਦੇ ਚੱਲਦੇ ਤੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਫਾਇਦਾ ਲੈਂਦੇ ਹੋਏ ਚੋਰਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਰਾਮਪੁਰ ਜਗੀਰ , ਸਰਕਾਰੀ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਸਕੂਲਾਂ ਦੀ ਚੋਰੀ ਦੀ ਗੁੱਥੀ ਹਜੇ ਸੁੱਝੀ ਹੀ ਨਹੀਂ ਸੀ ਕਿ ਇੱਕੋ ਕੰਪਲੈਕਸ ਵਿੱਚ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਜੈਨਪੁਰ ਤੇ ਸਰਕਾਰੀ ਮਿਡਲ ਸਕੂਲ ਜੈਨਪੁਰ ਨੂੰ ਚੋਰਾਂ ਨਿਸ਼ਾਨਾ ਬਣਾ ਦਿੱਤਾ। ਸਕੂਲ ਦੇ ਕਮਰੇ ਦੇ ਤਾਲੇ ਤੋੜ ਕੇ ਸਾਮਾਨ ਤੇ ਸਰਕਾਰੀ ਰਿਕਾਰਡ ਦੀ ਫੋਲਾ ਫਰਾਲੀ ਵੀ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਰੀ ਐਲੀਮੈਂਟਰੀ ਸਕੂਲ ਜੈਨਪੁਰ ਦੇ ਮੁੱਖੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੁਆਰਾ ਸਕੂਲ ਦੇ ਦਫ਼ਤਰ ਕਮ ਕਲਾਸ ਰੂਮ ਦੇ ਤਾਲੇ ਤੋੜ ਕੇ ਅਲਮਾਰੀਆਂ ਦੀ ਫੋਲਾ ਫਰਾਲੀ ਕਰਕੇ ਜਿੱਥੇ ਸਕੂਲ ਦੇ ਸਰਕਾਰੀ ਕੀਮਤੀ ਰਿਕਾਰਡ ਨੂੰ ਨੁਕਸਾਨ ਪਹੁੰਚਾਇਆ ਹੈ।
ਉਥੇ ਹੀ ਇੰਨਵਰਟਰ ਤੇ ਬੈਟਰੀ ਤੋਂ ਇਲਾਵਾ ਰਸੋਈ ਦਾ ਤਾਲਾ ਤੋੜ ਕੇ ਰਾਸ਼ਨ (ਕਣਕ ਤੇ ਚਾਵਲ) ਚੋਰੀ ਕਰ ਲਿਆ ਗਿਆ।ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਜੈਨਪੁਰ ਦੇ ਸਕੂਲ ਇੰਚਾਰਜ ਪ੍ਰੀਤਜੰਗ ਸਿੰਘ ਨੇ ਦੱਸਿਆ ਕਿ ਚੋਰਾਂ ਦੁਆਰਾ ਸਰਕਾਰੀ ਮਿਡਲ ਸਕੂਲ ਜੈਨਪੁਰ ਦੀ ਕੰਪਿਊਟਰ ਲੈਬ ਦਾ ਤਾਲਾ ਤੋੜ ਕੇ ਇੱਕ ਐੱਲ ਈ ਡੀ ਚੋਰੀ ਕੀਤੀ ਗਈ ਤੇ ਇੰਨਵਰਟਰ ਆਦਿ ਨਾਲ ਛੇੜਛਾੜ ਕੀਤੀ ਗਈ। ਇਸ ਦੇ ਨਾਲ ਹੀ ਚੋਰਾਂ ਨੇ ਸਟੋਰ ਰੂਮ ਦਾ ਤਾਲਾ ਤੋੜ ਕੇ ਰਾਸ਼ਨ ਚੋਰੀ ਕਰ ਲਿਆ ਗਿਆ ਹੈ। ਇਸ ਘਟਨਾ ਦਾ ਪਤਾ ਚਲਦੇ ਹੀ ਐੱਸ ਐੱਚ ਓ ਖੁਸ਼ਪ੍ਰੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਕੂਲ ਇੰਚਾਰਜ ਕੰਵਲਪ੍ਰੀਤ ਸਿੰਘ ਤੇ ਪ੍ਰੀਤਜੰਗ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇਣ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly