ਸੰਗਰੂਰ, 28 ਅਗਸਤ (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਮਾਸਿਕ ਸਾਹਿਤਕ ਇਕੱਤਰਤਾ ਮਾਨ ਹੋਮੀਓਪੈਥਿਕ ਮੈਡੀਕਲ ਸੈਂਟਰ ਸੰਗਰੂਰ ਵਿਖੇ ਬਾਬਿਆਂ ਦੇ ਗਿੱਧੇ ਵਾਲੇ ਦਲਬਾਰ ਸਿੰਘ ਚੱਠੇ ਸੇਖਵਾਂ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਉੱਘੇ ਬਾਲ ਗ਼ਜ਼ਲਗੋ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ‘ਆਪਣਾ ਪੰਜਾਬ’ ਅਤੇ ‘ਪਿਆਰਾ ਭਾਰਤ’ ਲੋਕ ਅਰਪਣ ਕੀਤੇ ਗਏ। ਪੁਸਤਕਾਂ ਲੋਕ ਅਰਪਣ ਕਰਨ ਤੋਂ ਬਾਅਦ ਪੁਸਤਕਾਂ ਸਬੰਧੀ ਪੜ੍ਹੇ ਗਏ ਆਪਣੇ ਖੋਜਪੂਰਨ ਪਰਚੇ ਵਿੱਚ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਕਿਸੇ ਵੀ ਮੁਕਾਬਲੇ ਵਿੱਚ ਵਧੀਆ ਅੰਕ ਲੈਣ ਲਈ ਜਗਜੀਤ ਸਿੰਘ ਲੱਡਾ ਦੀਆਂ ਪੁਸਤਕਾਂ ਬਿਨਾਂ ਸ਼ੱਕ ਬਹੁਤ ਹੀ ਲਾਭਦਾਇਕ ਅਤੇ ਕਾਰਗਰ ਸਿੱਧ ਹੋ ਸਕਦੀਆਂ ਹਨ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਦੀਆਂ ਪੁਸਤਕਾਂ ਸਕੂਲਾਂ ਦੇ ਸਿਲੇਬਸ ਵਿੱਚ ਲਗਾਉਣ ਦੇ ਪੂਰੀ ਤਰ੍ਹਾਂ ਯੋਗ ਹਨ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਬੋਲਦਿਆਂ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਦੀ ਬਾਲ-ਗ਼ਜ਼ਲ ਰੂਪਕ ਪੱਖ ਦੇ ਨਾਲ-ਨਾਲ ਬਾਲ ਮਨੋਵਿਗਿਆਨ ਦੀ ਵੀ ਸੂਖਮ ਸੂਝ-ਬੂਝ ਰੱਖਦੀ ਹੈ। ਜਗਜੀਤ ਸਿੰਘ ਲੱਡਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਬਾਰੇ ਸਾਂਝੀਆਂ ਕਰਦਿਆਂ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ ਵੀ ਪੜ੍ਹ ਕੇ ਸੁਣਾਈਆਂ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਫਿਲਮੀ ਗੀਤਕਾਰ ਦੇਵ ਕੋਹਲੀ ਅਤੇ ਉੱਘੇ ਸਾਹਿਤਕਾਰ ਦੇਸ ਰਾਜ ਕਾਲੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਾਧਾਂਜਲੀ ਦਿੱਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਸਭਾ ਦਾ ਆਪਣਾ ਦਫ਼ਤਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ।
ਉਪਰੰਤ ਰਜਿੰਦਰ ਸਿੰਘ ਰਾਜਨ ਦੇ ਇਨਕਲਾਬੀ ਦੋਹਿਆਂ ਨਾਲ ਸ਼ੁਰੂ ਹੋਏ ਸੁਤੰਤਰਤਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ ਵਿੱਚ ਗੁਰਮੀਤ ਸਿੰਘ ਸੋਹੀ, ਹਰਕਰਣ ਸਿੰਘ, ਸੁਖਵਿੰਦਰ ਸਿੰਘ ਲੋਟੇ, ਡਾ. ਇਕਬਾਲ ਸਿੰਘ ਸਕਰੌਦੀ, ਸੁਖਵਿੰਦਰ ਸਿੰਘ ਫੁੱਲ, ਮੂਲ ਚੰਦ ਸ਼ਰਮਾ, ਰਾਜਦੀਪ ਸਿੰਘ, ਡਾ. ਗੁਰਮੀਤ ਸਿੰਘ, ਗਗਨਪ੍ਰੀਤ ਕੌਰ ਸੱਪਲ, ਦਲਬਾਰ ਸਿੰਘ, ਧਰਮਵੀਰ ਸਿੰਘ, ਕਲਵੰਤ ਕਸਕ, ਜੱਗੀ ਮਾਨ, ਗੁਰਪ੍ਰੀਤ ਸਿੰਘ, ਦੇਸ਼ ਭੂਸ਼ਨ, ਕੁਲਵੰਤ ਉੱਪਲੀ, ਸੁਰਜੀਤ ਸਿੰਘ ਮੌਜੀ, ਰਵਿੰਦਰ ਸਿੰਘ, ਜਗਜੀਤ ਸਿੰਘ ਲੱਡਾ, ਮੀਤ ਸਕਰੌਦੀ, ਕਰਮ ਸਿੰਘ ਜ਼ਖ਼ਮੀ, ਸੁਰਿੰਦਰਪਾਲ ਸਿੰਘ ਸਿਦਕੀ, ਜਰਨੈਲ ਸਿੰਘ ਸੱਗੂ, ਕੁਲਵਿੰਦਰ ਸਿੰਘ ਨਾੜੂ, ਮਹਿੰਦਰਜੀਤ ਸਿੰਘ ਧੂਰੀ, ਭੁਪਿੰਦਰ ਨਾਗਪਾਲ, ਕਾਰਤਿਕ ਅਰੋੜਾ, ਵਿਸ਼ਾਲ ਸ਼ਰਮਾ, ਗੁਰਚਰਨ ਸਿੰਘ ਅਤੇ ਰਣਬੀਰ ਸਿੰਘ ਪ੍ਰਿੰਸ ਆਦਿ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly