HOME ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰ ਹੁਸ਼ਿਆਰਪੁਰ ਤੋਂ ਕਾਬੂ; 4 ਪਿਸਤੌਲ ਬਰਾਮਦ

ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰ ਹੁਸ਼ਿਆਰਪੁਰ ਤੋਂ ਕਾਬੂ; 4 ਪਿਸਤੌਲ ਬਰਾਮਦ

3
ਫੋਟੋ ਅਜਮੇਰ ਦੀਵਾਨਾ

ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਅੰਮ੍ਰਿਤ ਦਾਲਮ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਾਰਦਾਤਾਂ ਨੂੰ ਦਿੰਦੇ ਸਨ ਅੰਜ਼ਾਮ: ਡੀਜੀਪੀ ਗੌਰਵ ਯਾਦਵ 

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਹੁਸ਼ਿਆਰਪੁਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਚਾਰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ  ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਵਿੰਦਰ ਸਿੰਘ ਉਰਫ਼ ਬੋਧੀ ਅਤੇ ਸੁਖਮਨ ਉਰਫ਼ ਜਸ਼ਨ ਦੋਵੇਂ ਵਾਸੀ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਗਲੌਕ ਪਿਸਤੌਲ, ਇੱਕ ਜ਼ਿਗਾਨਾ ਪਿਸਤੌਲ ਅਤੇ ਇੱਕ ਪੀਐਕਸ30 ਪਿਸਤੌਲ ਸ਼ਾਮਲ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਜਿਸ ‘ਤੇ ਉਹ ਸਵਾਰ ਸਨ, ਵੀ ਜ਼ਬਤ ਕਰ ਲਿਆ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਜੱਗੂ ਭਗਵਾਨਪੁਰੀਆ ਗੈਂਗ ਦੇ ਸਰਗਰਮ ਮੈਂਬਰ ਸਨ ਅਤੇ ਆਪਣੇ ਵਿਦੇਸ਼ੀ ਹੈਂਡਲਰ ਜਿਸਦੀ ਪਛਾਣ ਅੰਮ੍ਰਿਤ ਦਾਲਮ ਵਜੋਂ ਹੋਈ ਹੈ, ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਕਲਾਨੌਰ ਦੇ ਵਡਾਲਾ ਬਾਂਗਰ ਵਿਖੇ ਡਾ. ਹਰੀ ਸਿੰਘ ਨੂੰ ਨਿਸ਼ਾਨਾ ਬਣਾ ਕੇ ਮੈਡੀਕਲ ਦੀ ਦੁਕਾਨ ‘ਤੇ ਕੀਤੀ ਗੋਲੀਬਾਰੀ ਸਬੰਧੀ ਮਾਮਲੇ ਵਿੱਚ ਲੋੜੀਂਦੇ ਸਨ। ਇਹ ਗੋਲੀਬਾਰੀ ਉਨ੍ਹਾਂ ਨੇ ਆਪਣੇ ਹੈਂਡਲਰ ਦੇ ਨਿਰਦੇਸ਼ਾਂ ‘ਤੇ ਕੀਤੀ ਸੀ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਸੂਹ ‘ਤੇ ਕਾਰਵਾਈ ਕਰਦਿਆਂ ਡੀਐਸਪੀ ਏਜੀਟੀਐਫ ਜਲੰਧਰ ਰੇਂਜ ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਹੁਸ਼ਿਆਰਪੁਰ ਪੁਲਿਸ ਦੇ ਤਾਲਮੇਲ ਨਾਲ ਦਸੂਹਾ ਦੇ ਪਿੰਡ ਬੋਦਲਾ ਵਿਖੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਨੇੜੇ ਟੀ-ਪੁਆਇੰਟ ਕੋਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਹੁਸ਼ਿਆਰਪੁਰ ਸੰਦੀਪ ਮਲਿਕ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਕਤਲ, ਅਗਵਾ ਅਤੇ ਬੱਚਿਆਂ ਦੀ ਤਸਕਰੀ ਸਬੰਧੀ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਹਨਾ ਦੱਸਿਆ ਕਿ ਇਸ ਸਬੰਧ ਵਿੱਚ, ਐਫਆਈਆਰ ਨੰਬਰ 229  ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿਖੇ ਅਸਲਾ ਐਕਟ ਦੀ ਧਾਰਾ 25(6) ਤਹਿਤ ਦਰਜ ਕੀਤੀ ਗਈ ਹੈ। ਇਸ ਮੌਕੇ ਐਸਪੀਡੀ ਪਰਮਿੰਦਰ ਸਿੰਘ ਹੀਰ  ਵੀ ਹਾਜ਼ਰ ਸਨ।

ਸਮਾਜਵੀਕਲੀਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲਿਵਾਸਾ ਹਸਪਤਾਲ, ਹੁਸ਼ਿਆਰਪੁਰ ਨੇ ਖੇਤਰ ਵਿਚ ਰੀਨਲ ਕੇਅਰ ਨੂੰ ਹੋਰ ਮਜ਼ਬੂਤ ਕੀਤਾ
Next articleਝੂਠੇ ਪਰਚਿਆਂ ਤੇ ਨਜਾਇਜ਼ ਗ੍ਰਿਫ਼ਤਾਰੀਆਂ ਦੇ ਵਿਰੋਧ ‘ਚ ਬਸਪਾ ਦਾ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ ਪ੍ਰਦਰਸ਼ਨ