(ਸਮਾਜ ਵੀਕਲੀ)
ਜਾਗ ਖਾਲਸਾ ! ਗਫਲਤ ਦੀ ਨੀਂਦ ਵਿੱਚੋਂ,
ਤੇਰੇ ਘਰ ਨੂੰ ਲੁੱਟਿਆ ਜਾ ਰਿਹਾ ਏ।
ਬੇਖ਼ਬਰਾ ! ਤੂੰ ਖਾਮੋਸ਼ ਬੈਠਾ ਏਂ,
ਦੁਸ਼ਮਣ ਦਾਅ ‘ਤੇ ਦਾਅ ਲਗਾ ਰਿਹਾ ਏ।
ਤੂੰ ਚਾਲ ਜਮਾਨੇ ਦੀ ਸਮਝਿਆ ਨਾ,
ਚੋਰ ਏਸੇ ਦਾ ਫਾਇਦਾ ਉਠਾ ਰਿਹਾ ਏ।
ਉਠ ! ਜਾਗ ! ਘਰਾੜੇ ਮਾਰ ਨਾਂਹੀ,
ਵਕਤ ਤੇਜ਼ੀ ਨਾਲ ਲੰਘਿਆ ਜਾ ਰਿਹਾ ਏ।
ਤੇਰੇ ਨਾਮ ਦਾ ਡੰਕਾ ਵੱਜਦਾ ਸੀ,
ਹਰ ਮੈਦਾਨ ਫਤਹਿ, ਹੁੰਦੀ ਹਾਰ ਨਹੀਂ ਸੀ।
ਅੱਜ ਕੀ ਹੋਇਆ ਤੈਨੂੰ ਖਾਲਸਾ ਜੀ !
ਇਸ ਤਰ੍ਹਾਂ ਦਾ ਤਾਂ ਤੇਰਾ ਕਿਰਦਾਰ ਨਹੀਂ ਸੀ।
ਉਹ ਵੀ ਸਮਾਂ ਸੀ, ਜਦੋਂ ਨਿਸ਼ਾਨ ਤੇਰਾ,
ਦਿੱਲੀ ਕਾਬੁਲ ਲਾਹੌਰ ਵਿਚ ਝੁੱਲਦਾ ਸੀ।
ਤੇਰੇ ਪਰਉਪਕਾਰ ਦੀਆਂ ਹੋਣ ਗੱਲਾਂ,
ਭਲਾ ਵਾਹਿਗੁਰੂ ਤੋਂ ਮੰਗਦਾ ਕੁੱਲ ਦਾ ਸੀ।
ਦੁੱਖੀ ਦੀਨਾਂ ਦੀ ਰੱਖਿਆ ਕਰਨ ਬਦਲੇ,
ਲਹੂ ਤੇਰਾ ਈ ਸਦਾ ਡੁੱਲ੍ਹਦਾ ਸੀ।
ਨਾਦਰ ਮੰਨੂੰ ਅਬਦਾਲੀ ਜਿਹੇ ਖੌਫ਼ ਖਾਂਦੇ,
ਤਾਜ ਤੇਰਿਆਂ ਪੈਰਾਂ ਵਿਚ ਰੁਲਦਾ ਸੀ।
ਮਰਦਾਂ ਵਾਸਤੇ ਮੰਜ਼ਿਲ ਮੌਤ ਹੁੰਦੀ,
ਜੀਣਾ ਕਾਇਰਾਂ ਦਾ ਤੈਨੂੰ ਦਰਕਾਰ ਨਹੀਂ ਸੀ।
ਪੈਸੇ ਬਦਲੇ ਜਮੀਰ ਨੂੰ ਵੇਚ ਦੇਣਾ,
ਇਸ ਤਰ੍ਹਾਂ ਦਾ ਤਾਂ ਤੇਰਾ ਕਿਰਦਾਰ ਨਹੀਂ ਸੀ।
ਸਿੱਖ ਸੂਰਿਆ ! ਵਾਰਸ ਦਸ਼ਮੇਸ਼ ਦਾ ਤੂੰ,
ਜਿਨ੍ਹੇ ਚਿੜੀਆਂ ਤੋਂ ਬਾਜ ਤੁੜਵਾ ਦਿੱਤਾ।
ਸਵਾ ਲੱਖ ਨਾਲ ਲੜੇਗਾ ਸਿੱਖ ਮੇਰਾ,
ਬੋਲ ਕਰਕੇ ਪੂਰਾ ਵਿਖਾ ਦਿੱਤਾ ।
ਖਾਲਸਾ ਗੁਰੂ ਦਾ ਤੇ ਗੁਰੂ ਖਾਲਸੇ ਦਾ,
ਖਾਸ ਰੂਪ ਮੇਰਾ ਹੁਕਮ ਸੁਣਾ ਦਿੱਤਾ।
ਇੱਕ ਰੱਬ ਬਿਨਾਂ ਕਿਸੇ ਨੂੰ ਮੰਨਣਾ ਨਹੀਂ,
ਉਪਦੇਸ਼ ਗੁਰੂ ਜੀ ਦਾ ਮਨੋਂ ਭੁਲਾ ਦਿੱਤਾ।
ਅੱਜ ਫਿਰੇਂ ਪਾਖੰਡੀਆਂ ਮਗਰ ਲੱਗਾ,
ਬਾਜਾਂ ਵਾਲੇ ਦੀ ਰਹੀ ਸਾਰ ਨਹੀਂ ਸੀ।
ਸ਼ਬਦ ਗੁਰੂ ਤੋਂ ਮੁੱਖੜਾ ਮੋੜ ਲੈਣਾ,
ਇਸ ਤਰ੍ਹਾਂ ਦਾ ਤਾਂ ਤੇਰਾ ਕਿਰਦਾਰ ਨਹੀਂ ਸੀ।
ਬਾਣੀ ਗੁਰੂ ਨੂੰ ਭੁੱਲ ਕੇ ਤੂੰ ਸਿੱਖਾ !
ਮਾਇਆ ਮੋਹ ਵਿੱਚ ਹੋ ਮਦਹੋਸ਼ ਬੈਠਾ।
ਨਕਲੀ ਗੁਰੂ ਦਸ਼ਮੇਸ਼ ਦੀਆਂ ਕਰਨ ਨਕਲਾਂ,
ਉਹਨਾਂ ਸਾਹਮਣੇ ਤੂੰ ਹੋਇਆ ਖਾਮੋਸ਼ ਬੈਠਾ।
ਕਿਤੇ ਸਰਸਾ ਤੇ ਕਿਤੇ ਬਿਆਸ ਬਣਿਆ,
ਕਿਤੇ ਨੂਰ ਮਹਿਲੀਆ ਆਸ਼ੂਤੋਸ਼ ਬੈਠਾ।
ਕਿਤੇ ਪਿਆਰਾ ਭਨਿਆਰੇ ਵਾਲਾ ਰੱਬ ਬਣਿਆ,
ਦੋਸ਼ ਕਰਕੇ ਵੀ ਹੋਇਆ ਨਿਰਦੋਸ਼ ਬੈਠਾ।
ਤੇਰੇ ਕੰਨਾਂ ‘ਤੇ ਜੂੰ ਨਾ ਸਰਕਦੀ ਏ,
ਕਦੇ ਤੱਕਿਆ ਮੈਂ ਐਨਾ ਲਾਚਾਰ ਨਹੀਂ ਸੀ।
ਅੱਖਾਂ ਸਾਹਮਣੇ ਗੁਰੂ ਦਾ ਅਪਮਾਨ ਜਰਨਾ,
ਇਸ ਤਰ੍ਹਾਂ ਦਾ ਤਾਂ ਤੇਰਾ ਕਿਰਦਾਰ ਨਹੀਂ ਸੀ।
ਅੰਮ੍ਰਿਤ ਛਕ ਕੇ ਸ਼ਰਾਬਾਂ ਮਾਸ ਖਾਵੇਂ,
ਇਹ ਰਹਿਤ ਮਰਿਆਦਾ ਦਾ ਅੰਗ ਨਹੀਂ।
ਕੁੱਠਾ ਖਾਣਾ ਤੇ ਰੋਮਾਂ ਦੀ ਬੇਅਦਬੀ,
ਪਰ ਨਾਰੀ ਦਾ ਕਰਨਾ ਸੰਗ ਨਹੀਂ।
ਕਰਮਕਾਂਡ ਕਰਨੇ, ਜਾਤ-ਪਾਤ ਮੰਨਣੀ,
ਤੇਰੇ ਜੀਣ ਦਾ ਇਹ ਤਾਂ ਢੰਗ ਨਹੀਂ।
ਸਿੰਘ ਸਜ ਕੇ ਕੁਰਹਿਤਾਂ ਕਰਨ ਵਾਲਾ,
ਅਖਵਾ ਸਕਦਾ ਕਦੇ ਨਿਹੰਗ ਨਹੀਂ।
ਖੁੱਲ੍ਹਾ ਦਾਹੜਾ ਤੇ ਕੁੰਡੀਆਂ ਹੋਣ ਮੁੱਛਾਂ,
ਸ਼ਾਨ ਸਿੱਖੀ ਦੀ ਸੋਹਣੀ ਦਸਤਾਰ ਹੋਵੇ।
ਤੈਨੂੰ ਹਰ ਕੋਈ ਸਿਜਦਾ ਕਰੂ ‘ਭੁੱਲੜਾ’
ਜੇ ਗੁਰਮਤਿ ਗਿਆਨ ਦੀ ਕੋਲ ਤਲਵਾਰ ਹੋਵੇ।
ਸੁਖਦੇਵ ਸਿੰਘ ” ਭੁੱਲੜ “
ਸੁਰਜੀਤ ਪੁਰਾ ਬਠਿੰਡਾ
94170-46117