*ਜੱਗ ਜਣਨੀਆਂ* ਕਿਤਾਬ ਲੇਖਕ ਕਰਮ ਸਿੰਘ ਜ਼ਖ਼ਮੀ

(ਸਮਾਜ ਵੀਕਲੀ)  ਬਹੁ ਵਿਧਾਵੀ ਲੇਖਕ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਸ. ਕਰਮ ਸਿੰਘ ਜ਼ਖ਼ਮੀ ਨੇ ਹਾਲ ਹੀ ਵਿੱਚ ਪੰਜਾਬੀ ਸਾਹਿਤ ਦੀ ਝੋਲੀ ਪਾਈ ‘ਜੱਗਜਣਨੀਆਂ’ ਨਾਮਕ ਕਿਤਾਬ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਉਹਨਾਂ ਦੀਆਂ ਹੁਣ ਤੱਕ ਮਾਰੀਆਂ ਮੱਲਾਂ ਵਿੱਚੋਂ ਬਿਲਕੁਲ ਹਟਵਾਂ ਅਤੇ ਨਿਵੇਕਲਾ ਕਾਰਜ ਮਹਿਸੂਸ ਹੋਇਆ। ਇੱਕ ਅਣਛੂਹੇ ਵਿਸ਼ੇ ਨੂੰ ਬੜੇ ਸੁਚੱਜੇ ਢੰਗ ਨਾਲ ਪਾਠਕਾਂ ਦੇ ਸਨਮੁੱਖ ਰੱਖਿਆ ਗਿਆ ਹੈ। ਇਹ ਕਿਤਾਬ ਵੇਰਵਿਆਂ ਸਮੇਤ ਇਹ ਦਰਸਾਉਂਦੀ ਹੈ ਕਿ ਕਿਵੇਂ ਵੈਦਿਕ ਕਾਲ ਵਿੱਚ ਔਰਤਾਂ ਨੂੰ ਪ੍ਰਾਪਤ ਆਪਣੇ ਹਿੱਸੇ ਦੇ ਅਧਿਕਾਰ ਮਨੂ ਸਿਮਰਤੀ ਦੇ ਦੌਰ ਵਿੱਚ ਜ਼ਬਰੀ ਖੋਹ ਲੀਤੇ ਗਏ ਅਤੇ ਉਹਨਾਂ ਦੀ ਹਾਲਤ ਨੂੰ ਮਰਦ ਪ੍ਰਧਾਨ ਸਮਾਜ ਦੇ ਅੜੀਅਲ ਵਤੀਰੇ ਦੇ ਰਹਿਮੋ ਕਰਮ ‘ਤੇ ਛੱਡ ਦਿੱਤਾ ਗਿਆ। ਉਦੋਂ ਤੋਂ ਲੈ ਕਰ ਹੁਣ ਤੀਕ ਔਰਤ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਲਈ ਲੜਦੀ ਆ ਰਹੀ ਹੈ। ਔਰਤ ਨੂੰ ਪੈਰ ਦੀ ਜੁੱਤੀ ਬਣਾ ਦੇਣ ਵਾਲੀ ਇਹ ਧਾਰਨਾ ਅੱਜ ਵੀ ਮਰਦ ਪ੍ਰਧਾਨ ਸਮਾਜ ਦੀ ਧੌਣ ਵਿੱਚ ਫ਼ਸੇ ਹੋਏ ਕਿੱਲ ਵਾਂਗਰ ਹੀ ਹੈ। ਬੇਸ਼ੱਕ ਸਾਰੇ ਸਮਾਜ ਨੂੰ ਇਕੋ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ ਪਰ ਅੱਜ ਦੇ ਸਮੇਂ ਵੀ ਔਰਤ ਨਾਲ ਵਾਪਰ ਰਹੇ ਸ਼ਰਮਨਾਕ ਵਰਤਾਰੇ ਇਸੇ ਸਮਾਜ ਨੂੰ ਮੂੰਹ ਚਿੜਾਉਂਦੇ ਮਹਿਸੂਸ ਹੁੰਦੇ ਨੇ। ਅਧਿਆਤਮਿਕਤਾ ਦੇ ਰਾਹ ਤੁਰ ਪਈਆਂ ਇਹਨਾਂ ਔਰਤਾਂ ਨੂੰ ਸਮਾਜ ਨੇ ਸਹਿਜੇ ਹੀ ਨਹੀਂ ਸਵੀਕਾਰ ਕੀਤਾ ਬਲਕਿ ਅਨੇਕਾਂ ਹੀ ਤਸ਼ੱਦਦ ਝਲਦਿਆਂ ਉਹਨਾਂ ਨੂੰ ਆਪਣੇ ਰਸਤੇ ਆਪ ਹੀ ਸਵਾਰਨੇ ਪਏ। ਸੱਤਵੀਂ ਸਦੀ ਈਸਾ ਪੂਰਵ ਵਿਚ ਜਨਮੀ ਗਾਰਗੀ ਵਾਚਕਨਵੀ ਤੋਂ ਸ਼ੁਰੂ ਹੋ ਕੇ ਇਹ ਕਿਤਾਬ ਬ੍ਰਹਮ ਗਿਆਨ ਨੂੰ ਹਾਸਲ ਕਰਨ ਵਾਲੀਆਂ ਮੌਜੂਦਾ ਮਹਾਨ ਔਰਤ ਸੰਤਾਂ ਤੱਕ ਦਾ ਜ਼ਿਕਰ ਕੜੀ ਦਰ ਕੜੀ ਬੜੇ ਸਰਲ ਤਰੀਕੇ ਬਿਆਨ ਕੀਤਾ ਗਿਆ ਹੈ। ਕੁਝ ਸੰਤ ਔਰਤਾਂ ਜਿਵੇਂ ਅੱਕਾ ਮਹਾਂਦੇਵੀ, ਮੁਕਤਾ ਦੇਵੀ, ਸੰਤ ਜਨਾ ਬਾਈ, ਸੰਤ ਕਾਹਨੋ ਪਾਤਰਾ, ਸੰਤ ਮੀਰਾ ਬਾਈ, ਸੰਤ ਸਹਿਜੋ ਬਾਈ, ਰਿਤੰਭਰਾ ਸਾਧਵੀ ਅਤੇ ਆਨੰਦਮੂਰਤੀ ਗੁਰੂ ਮਾਂ ਦਾ ਜੀਵਨ, ਸਾਧਨਾ, ਜਗਿਆਸਾ, ਪਰਮਾਰਥ ਦੀ ਸਮਝ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਹਜ਼ਰਤ ਰਾਬੀਆ ਅਤੇ ਹਜ਼ਰਤ ਬਾਬਾਜਾਨ ਮੁਸਲਿਮ ਔਰਤ ਸੰਤਾਂ ਨੇ ਬੇਅੰਤ ਪਰਿਵਾਰਿਕ, ਸਮਾਜਿਕ ਔਕੜਾਂ ਅਤੇ ਵਿਰੋਧ ਦੇ ਚਲਦਿਆਂ ਵੀ ਪਰਮਹੰਸ ਦੀ ਬ੍ਰਹਮ ਅਵਸਥਾ ਨੂੰ ਪ੍ਰਾਪਤ ਕੀਤਾ। ਵੱਖ ਵੱਖ ਔਰਤ ਸੰਤਾਂ ਦੁਆਰਾ ਸਥਾਪਿਤ ਕੀਤੇ ਨਾਰੀ ਨਿਕੇਤਨ, ਅਨਾਥ ਆਸ਼ਰਮ, ਬਿਰਧ ਆਸ਼ਰਮ, ਹਸਪਤਾਲ, ਸਕੂਲ, ਕਾਲਜ, ਧਿਆਨ ਕੇਂਦਰ, ਮਨੋਵਿਗਿਆਨ ਕੇਂਦਰ ਉਸ ਹੀ ਸਮਾਜ ਨੂੰ ਸਹਾਰਾ ਦੇ ਰਹੇ ਨੇ ਜਿਸ ਸਮਾਜ ਨੇ ਉਹਨਾਂ ਨੂੰ ਕਿਸੇ ਵੇਲੇ ਬੇਸਹਾਰਾ ਕਰ ਦਿੱਤਾ ਸੀ। ਅਖ਼ੀਰ ਵਿੱਚ ਮੈਂ ਜ਼ਖ਼ਮੀ ਸਾਹਬ ਨੂੰ ਇਸ ਪ੍ਰੇਰਨਾਦਾਇਕ ਕਿਤਾਬ ਅਤੇ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦਾ ਹਾਂ। ਸ਼ੁਭ ਕਾਮਨਾਵਾਂ ਸਹਿਤ…..
            ਮਾ. ਲਵਪ੍ਰੀਤ ਸਿੰਘ ‘ਭੰਗੂ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਰਿਆਣਾ ਵਿਧਾਨ ਸਭਾ ਚੋਣਾਂ: ‘ਆਪ’ ਨੇ ਜਾਰੀ ਕੀਤੀ 19 ਉਮੀਦਵਾਰਾਂ ਦੀ ਛੇਵੀਂ ਸੂਚੀ, ਜਾਣੋ ਕਿਸ ਨੂੰ ਕਿੱਥੋਂ ਮਿਲੀਆਂ ਟਿਕਟਾਂ
Next articleਸ਼ਾਦੀ ਸਾਲ ਗਿਰਾਹ ਦੇ ਛੱਤੀ ਵਰ੍ਹੇ