(ਸਮਾਜ ਵੀਕਲੀ)
ਦੁਨੀਆਂ ਉੱਤੇ ਕੋਈ ਵੀ ਮਨੁੱਖ ਕਿਸੇ ਰੂਪ ਵਿੱਚ ਆਇਆ, ਭਾਵ ਪੈਦਾ ਹੋਇਆ। ਆਮ ਜਾਂ ਖ਼ਾਸ ਸਭ ਨੂੰ ਇੱਕੋ ਰਸਤੇ ਰਾਹੀਂ ਸੰਸਾਰ ਵਿੱਚ ਪ੍ਰਵੇਸ਼ ਕਰਨਾ ਪੈਂਦਾ ਹੈ।
ਉਹ ਰਸਤਾ ਹੈ ਮਾਂ, ਇਸਤਰੀ,ਔਰਤ ਜੱਗ ਦੀ ਜਨਨੀ,ਮਨੁੱਖ ਦੀ ਪਹਿਲੀ ਗੁਰੂ ਜਿੱਥੋ ਮਨੁੱਖ ਦੇ ਅੰਦਰ ਸੰਸਕਾਰਾਂ ਦੀ ਉੱਤਪਤੀ ਹੁੰਦੀ ਹੈ। ਸਾਡੇ ਰਹਿਬਰਾਂ ਨੇ ਸਭ ਤੋਂ ਉੱਤਮ ਦਰਜਾ ਇਸਤਰੀ ਨੂੰ ਦਿੱਤਾ। ਕਿਵੇਂ ਉਹ ਆਪਣੇ ਉੱਪਰ ਸਰੀਰਕ ਮਾਨਸਿਕ ਪੀੜਾਂ ਨੂੰ ਝੱਲ ਕੇ ਆਪਣੇ ਅੰਦਰੋਂ ਇੱਕ ਹੋਰ
ਸਰੀਰ ਪੈਦਾ ਭਾਵ ਬੱਚੇ ਨੂੰ ਜਨਮ ਦਿੰਦੀ ਹੈ। ਫੇਰ ਉਸ ਦੀ ਪਾਲਣ ਪੋਸ਼ਣ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੰਦੀ। ਆਪ ਭੁੱਖੀ ਰਹਿ ਕੇ ਗਿੱਲੀ ਜਗ੍ਹਾਂ ਤੇ ਪੈ ਆਪਣੇ ਸਾਰੇ ਸੁੱਖ ਅਰਾਮ ਤਿਆਗ ਕੇ ਕਿਵੇਂ ਆਪਣੇ ਬੱਚੇ ਵੱਡੇ ਕਰਦੀ ਹੈ। ਸੰਸਾਰ ਵਿੱਚ ਕਿੰਨੇ ਰੂਪਾਂ ਵਿੱਚ ਵਿਚਰ ਕੇ ਕਦੇ ਮਾਂ ਕਦੇ ਭੈਣ ਤੇ ਕਦੇ ਪਤਨੀ ਦੇ ਰੂਪ ਵਿੱਚ, ਔਰਤ ਆਪਣੇ ਫਰਜ਼ ਨਿਭਾਉਂਦੀ ਹੈ।
ਔਰਤ ਸਿਰਫ ਆਪਣੇ ਬੱਚਿਆਂ ਪਰਿਵਾਰ ਤੱਕ ਹੀ ਸੀਮਿਤ ਨਹੀਂ ਹੁੰਦੀ, ਉਹ ਸਮਾਜ ਵਿੱਚ ਵੀ ਮਰਦ ਦੇ ਬਰਾਬਰ ਹਿੱਸਾ ਪਾਉਂਦੀ ਹੈ। ਅੱਜ ਔਰਤ ਨੇ ਕਿੰਨੀ ਤਰੱਕੀ ਕੀਤੀ, ਉਹ ਵੀ ਸਮਾਂ ਸੀ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਦਾਸੀ ਗੋਲੀ ਸਮਝਿਆ ਜਾਂਦਾ ਸੀ, ਸਿਰਫ ਚਾਰ ਦੀਵਾਰੀ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀ। ਅੱਜ ਔਰਤ ਆਪਣੇ ਫੈਸਲੇ ਲੈਣ ਦੇ ਸਮਰੱਥ ਹੈ। ਚਾਹੇ ਫੌਜ, ਪੁਲਿਸ,ਪੁਲਾੜ ਦੀ ਗੱਲ ਹੋਵੇ। ਮੁਸ਼ਕਿਲ ਤੋਂ ਮੁਸ਼ਕਿਲ ਕੰਮ ਆਪਣੀ ਪੂਰੀ ਤਨ ਦੇਹੀ ਨਾਲ ਨਿਭਾਉਂਦੀ ਹੈ।
ਜੇ ਔਰਤ ਨਾ ਹੁੰਦੀ ਤਾਂ ਸਾਡੀ ਵੀ ਹੋਂਦ ਨਹੀਂ ਸੀ ਹੋਣੀ, ਇਸ ਕਰਕੇ ਹੀ ਅੱਜ ਸਾਰੀ ਦੁਨੀਆ ਹੈ। ਔਰਤ ਨੇ ਹੀ ਸਾਡੇ ਰਹਿਬਰਾਂ ਨੂੰ ਪੈਦਾ ਕੀਤਾ, ਚਾਹੇ ਕੋਈ, ਕਿਸੇ ਵੀ ਵੱਡੇ ਅਹੁਦੇ ਤੇ ਹੋਵੇ ਸਾਰੀ ਦੁਨੀਆਂ ਉਸ ਨੂੰ ਸਲਾਮਾਂ ਕਰੇ।
ਪਰ ਔਰਤ ਤੋਂ ਉੱਪਰ ਨਹੀਂ ਹੋ ਸਕਦਾ। ਕਿਉਂ ਕਿ ਉਸ ਦਾ ਜਨਮ ਹੀ ਇੱਕ ਔਰਤ ਦੇ ਪੇਟੋਂ ਪੈਦਾ ਹੋਇਆ। ਇਹ ਐਸੀ ਧਰਤੀ ਹੈ।ਜਿੱਥੋਂ ਮਨੁੱਖ ਤੇ ਮਨੁੱਖਤਾ ਦੀ ਪੈਦਾਇਸ਼ ਹੁੰਦੀ ਹੈ। ਇਹ ਧਰਤੀ ਧਰਮ ਹੈ। ਔਰਤ ਹਮੇਸ਼ਾ ਸਤਿਕਾਰ ਯੋਗ ਹੈ, ਪਰ ਕੁਝ ਲੋਕ ਇਸ ਦੀ ਸ਼ਰਾਫਤ ਦਾ ਫਾਇਦਾ ਚੁੱਕ ਕੇ ਗ਼ਲਤ ਕੰਮਾਂ ਨੂੰ ਇਨਜ਼ਾਮ ਦਿੰਦੇ ਹਨ। ਜੋ ਕੇ ਇੱਕ ਔਰਤ ਨੂੰ ਮਜਬੂਰ,ਲਾਚਾਰ ਸਮਝ ਲੈਂਦੇ ਹਨ। ਪਰ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜੇ ਇਹ ਦੇਵੀਆਂ ਚ ਵੱਡੀ ਦੇਵੀ ਹੈ ਤਾਂ ਰਣ ਦੇ ਵਿੱਚ ਚੰਡੀ ਵੀ। ਕੀ ਉਹਨਾਂ ਸ਼ਾਤਰ ਲੋਕਾਂ ਦੀ ਨਿਗ੍ਹਾ ਵਿੱਚ ਇੱਕ ਇਸਤਰੀ ਹੋਣਾ ਸ਼ਰਾਫ ਹੈ। ਇਹ ਰੂੜੀਵਾਦੀ ਸੋਚ ਨੂੰ ਤਿਆਗ ਕੇ ਨਾਅਰਾ ਦੇਈਏ ” ਔਰਤ ਮਹਾਨ ਹੈ ਤਾਂਹੀ ਇਨਸਾਨ ਹੈ”
ਗੁਰੂ ਨਾਨਕ ਦੇਵ ਜੀ ਤੇ ਹੋਰ ਰਹਿਬਰਾਂ ਨੇ ਵੀ ਇਸਤਰੀ ਜਾਤੀ ਦੇ ਹੱਕ ਵਿੱਚ ਅਵਾਜ਼ ਉਠਾਈ। ਕਿਹਾ” ਸੋ ਕਿਉ ਮੰਦਾ ਆਖੀਏ, ਜਿਤ ਜੰਮੇ ਰਜਾਨ” ਇਹ ਪੈਰ ਦੀ ਜੁੱਤੀ ਨਹੀਂ ਇਹ ਤਾਂ ਮਨੁੱਖ ਦੇ ਸਿਰ ਦਾ ਸਿਰਤਾਜ਼ ਹੈ।
ਔਰਤ ਦੀ ਜੁੰਮੇਵਾਰੀ ਮਰਦ ਤੋਂ ਵੱਧ ਹੁੰਦੀ ਹੈ। ਔਰਤ ਮਰਦ ਦੀ ਗੈਰਹਾਜ਼ਰੀ ਵਿੱਚ ਘਰ ਤੇ ਸਮਾਜ ਚਲਾ ਸਕਦੀ ਹੈ। ਜਿਸ ਦੀ ਅਗਵਾਹੀ ਸਾਡਾ ਪੁਰਾਣਾ ਇਤਿਹਾਸ ਵੀ ਭਰਦਾ, ਜਿੱਥੇ ਮਰਦ ਹੱਥ ਖੜ੍ਹੇ ਕਰ ਦੇਵੇ, ਉੱਥੇ ਔਰਤ ਨੂੰ ਅਗਵਾਈ ਕਰਨੀ ਪੈਂਦੀ ਹੈ। ਸੋ ਸਾਨੂੰ ਸਾਰਿਆਂ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਅਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਸ ਦੀਆਂ ਸਮਾਜ ਵਿੱਚ ਸੇਵਾਵਾਂ ਵੇਖ ਕਿ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਤਾਂ ਕਿ ਅਸੀਂ ਆਪਣੇ ਗੁਰੂ ਪੀਰਾਂ ਦੀਆਂ ਰਹਿਮਤਾਂ ਦੇ ਪਾਤਰ ਬਣ ਸਕੀਏ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰa
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly