ਘਰ ਵਾਪਸੀ ਦਾ ਮੌਸਮ ਆ ਗਿਆ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਛੇ ਕੁ ਮਹੀਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਕੀ ਹਨ,ਪਰ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਤੇ ਉਹ ਨੇਤਾ ਜਿਨ੍ਹਾਂ ਨੇ ਰਾਜਨੀਤੀ ਨੂੰ ਇੱਕ ਰੁਜ਼ਗਾਰ ਸਮਝਿਆ ਹੋਇਆ ਹੈ।ਉਨ੍ਹਾਂ ਸਭਨਾਂ ਦੀ ਨਿਗ੍ਹਾ ਪਹਿਲਾਂ ਟਿਕਟ ਚੋਣਾਂ ਲਈ ਪ੍ਰਾਪਤ ਕਰਨ ਲਈ ਹੈ ਪਾਰਟੀ ਚਾਹੇ ਕੋਈ ਵੀ ਹੋਵੇ।ਸਭ ਤੋਂ ਭਾਰੂ ਨੇਤਾਵਾਂ ਦੀ ਸੋਚ ਹੈ ਜੋ ਕਿ ਉਪਰਲੀ ਕੁਰਸੀ ਦੀ ਭਾਲ ਵਿੱਚ ਹਨ।

ਮੁਸ਼ਕਿਲ ਇਹ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਇਕ ਹੁੰਦੀ ਹੈ ਪਰ ਦੋ ਕੁ ਦਹਾਕਿਆਂ ਤੋਂ ਪੰਜਾਬ ਵਿੱਚ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਹੀ ਦੋ ਕੁ ਦਰਜਨ ਕੰਮ ਚਲਾਊ ਨੇਤਾਵਾਂ ਦੀ ਨਿਗ੍ਹਾ ਮੁੱਖ ਮੰਤਰੀ ਦੀ ਕੁਰਸੀ ਵੱਲ ਹੁੰਦੀ ਹੈ ਥੋੜ੍ਹਾ ਪਿਛਾਂਹ ਵੱਲ ਝਾਤ ਮਾਰ ਕੇ ਵੇਖੋ।ਦੋ ਮੁੱਖ ਰਾਜਨੀਤਕ ਪਾਰਟੀਆਂ ਨੇ ਤਾਂ ਮੁੱਖ ਮੰਤਰੀ ਦਾ ਠੱਪਾ ਆਪਣੇ ਉੱਤੇ ਪੱਕਾ ਹੀ ਲਗਾ ਕੇ ਰੱਖਿਆ ਹੋਇਆ ਹੈ,ਜੋ ਰੁਕਾਵਟ ਖਡ਼੍ਹੀ ਕਰਨ ਵਾਲੇ ਦਿਸਦੇ ਹਨ ਉਨ੍ਹਾਂ ਨੂੰ ਚੋਗਾ ਪਹਿਲਾਂ ਹੀ ਪਾਉਣਾ ਚਾਲੂ ਕਰ ਦਿੱਤਾ ਜਾਂਦਾ ਹੈ।ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਤੀਸਰੀ ਨਵੀਂ ਪਾਰਟੀ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਂਦੀ ਪਰ ਕੁਰਸੀ ਦੀ ਲੜਾਈ ਨੇ ਪਾਰਟੀ ਦਾ ਆਧਾਰ ਹੀ ਕਮਜ਼ੋਰ ਕਰ ਕੇ ਰੱਖ ਦਿੱਤਾ।ਧਰਮ ਦੇ ਨਾਮ ਤੇ ਸਥਾਪਤ ਹੋਈ ਰਾਜਨੀਤਕ ਪਾਰਟੀ ਨੇਤਾ ਕੁਰਸੀ ਨੂੰ ਆਪਣੀ ਜੱਦੀ ਜਾਇਦਾਦ ਹੀ ਸਮਝਿਆ ਹੋਇਆ ਹੈ।

ਇੱਕ ਪਾਰਟੀ ਦੀ ਖਿੱਚ ਧੂਹ ਦੀ ਲੜਾਈ ਚਲ ਰਹੀ ਹੈ ਤੀਸਰੀ ਪਾਰਟੀ ਦੀ ਬੁਣਤੀ ਨਵੀਂ ਛੇੜਨੀ ਪਵੇਗੀ ਫਿਲਹਾਲ ਉਨ੍ਹਾਂ ਦਾ ਆਧਾਰ ਬਹੁਤਾ ਮਜ਼ਬੂਤ ਨਹੀਂ। ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਤਾਂ ਸਾਡੇ ਕਿਸਾਨ ਤੇ ਮਜ਼ਦੂਰ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ਘੇਰ ਕੇ ਬੈਠੇ ਹਨ।ਵਿਧਾਨ ਸਭਾ ਦੀਆਂ ਚੋਣਾਂ ਲਈ ਪੰਜਾਬ ਦੇ ਵੋਟਰਾਂ ਨੂੰ ਸੋਚਣਾ ਚਾਹੀਦਾ ਹੈ ਜਦੋਂ ਤਿੰਨ ਕਾਲੇ ਕਾਨੂੰਨ ਪਾਸ ਹੋ ਰਹੇ ਸਨ ਤਾਂ ਸਾਡੀਆਂ ਰਾਜਨੀਤਕ ਪਾਰਟੀਆਂ ਕਾਨੂੰਨ ਦੇ ਹੱਕ ਵਿੱਚ ਸਨ ਜਾਂ ਵਿਰੋਧ ਵਿਚ ਹੁਣ ਤਕ ਪਾਰਟੀਆਂ ਅਸਲੀ ਰੂਪ ਆਪਣਾ ਸਪੱਸ਼ਟ ਨਹੀਂ ਕਰ ਸਕੀਆਂ।ਪਾਰਲੀਮੈਂਟ ਵਿਚ ਸੁਰ ਕੁਝ ਹੋਰ ਹੁੰਦਾ ਹੈ ਜਦੋਂ ਪੰਜਾਬ ਵਿੱਚ ਚੋਣਾਂ ਦਾ ਚੇਤਾ ਆ ਜਾਂਦਾ ਹੈ ਤਾਂ ਸੁਰ ਫੱਟ ਬਦਲ ਜਾਂਦਾ ਹੈ।

ਇੱਕ ਰਾਜਨੀਤਕ ਪਾਰਟੀ ਜੋ ਕੇਂਦਰ ਸਰਕਾਰ ਦੀ ਭਾਗੀਦਾਰ ਸੀ ਕਨੂੰਨ ਪਾਸ ਕਰਾਉਣ ਵੇਲੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਸੀ,ਪਰ ਸਾਡੀ ਪੇਂਡੂ ਤੇ ਕਿਸਾਨੀ ਵੋਟ ਭਾਰੂ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਵੇਖ ਕੇ ਕਾਨੂੰਨ ਦੇ ਵਿਰੁੱਧ ਢੋਲਕ ਵਜਾਉਣੀ ਚਾਲੂ ਕੀਤੀ।ਪਰ ਕਾਨੂੰਨ ਪਾਸ ਹੋਣ ਵੇਲੇ ਪ੍ਰਿੰਟ ਤੇ ਬਿਜਲਈ ਮੀਡੀਆ ਰਾਜਨੀਤਕ ਪਾਰਟੀਆਂ ਦੀ ਆਵਾਜ਼ ਸਹੀ ਰੂਪ ਵਿੱਚ ਸਾਡੇ ਤਕ ਪਹੁੰਚਾ ਰਿਹਾ ਸੀ।ਪਰ ਇਕ ਦਹਾਕੇ ਤੋਂ ਬਿਜਲਈ ਤੇ ਸਰਕਾਰੀ ਮੀਡੀਆ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤ ਰਿਹਾ ਹੈ ਸਦਕੇ ਜਾਈਏ ਸੋਸਲ ਮੀਡੀਆ ਨੇ ਜੋ ਕਿ ਕਿਸੇ ਦੇ ਵੀ ਸੱਚ ਅਤੇ ਝੂਠ ਦੀ ਅਸਲੀ ਤਸਵੀਰ ਸਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੰਦਾ ਹੈ।

ਪੰਜਾਬ ਦੀ ਸਰਕਾਰ ਕਿਸ ਪਾਰਟੀ ਦੀ ਬਣਨੀ ਹੈ ਉਸ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਤਿੱਖੇ ਦੰਦਿਆਂ ਉਪਰ ਦੀ ਲੰਘਣਾ ਪਵੇਗਾ।ਕਿਸਾਨ ਮੋਰਚੇ ਤੋਂ ਪਹਿਲਾਂ ਜੋ ਪੰਜਾਬ ਦੀ ਰਾਜਨੀਤਕ ਤੇ ਸਮਾਜਿਕ ਤਸਵੀਰ ਸੀ ਉਹ ਮੋਰਚਾ ਫਤਿਹ ਹੋਵੇ ਜਾਂ ਮੋਰਚਾ ਚੱਲਦਾ ਹੋਵੇ ਪਹਿਲਾਂ ਵਾਲੀ ਤਸਵੀਰ ਬਿਲਕੁਲ ਸਾਹਮਣੇ ਨਹੀਂ ਆਵੇਗੀ।ਅਨੇਕਾਂ ਨੇਤਾ ਜੋ ਪਾਰਟੀ ਨਾਲ ਰੁੱਸੇ ਹੋਏ ਸੀ ਉਹ ਵੇਖ ਰਹੇ ਹਨ ਕਿੱਧਰ ਨੂੰ ਮੂੰਹ ਕੀਤਾ ਜਾਵੇ ਤਾਂ ਜੋ ਕੁਰਸੀ ਤਾਂ ਵੇਖੀ ਜਾਵੇਗੀ ਪਹਿਲਾਂ ਟਿਕਟ ਮਿਲ ਜਾਵੇ।ਕੁਝ ਕੁ ਅਜਿਹੇ ਬਾਜ਼ਾਰੂ ਨੇਤਾ ਹੁੰਦੇ ਹਨ ਜੋ ਜਿੱਤ ਤੋਂ ਬਾਅਦ ਕੁਰਸੀ ਨੂੰ ਪਹਿਲ ਦਿੰਦੇ ਹਨ,ਜਨਤਾ ਨੇ ਕਿਸ ਲਈ ਚੁਣ ਕੇ ਭੇਜਿਆ ਹੈ ਇਹ ਭੁੱਲ ਜਾਂਦੇ ਹਨ।ਅਜਿਹੇ ਅਨੇਕਾਂ ਨੇਤਾ ਹਨ ਜੋ ਹਾੜ੍ਹੀ ਸਾਉਣੀ ਪਾਰਟੀਆਂ ਬਦਲਦੇ ਰਹਿੰਦੇ ਹਨ।

ਅਜਿਹੇ ਨੇਤਾਵਾਂ ਦਾ ਵੋਟ ਬੈਂਕ ਬਹੁਤ ਕਮਜ਼ੋਰ ਹੁੰਦਾ ਹੈ ਇੱਧਰ ਉੱਧਰ ਹੱਥ ਪੱਲਾ ਮਾਰਨ ਤੋਂ ਬਾਅਦ ਆਪਣੀ ਪਹਿਲੀ ਪਾਰਟੀ ਵਿੱਚ ਹੀ ਆ ਖੜ੍ਹਦੇ ਹਨ ਤੇ ਪ੍ਰੈੱਸ ਵਿੱਚ ਖ਼ਬਰ ਪੜ੍ਹਨ ਨੂੰ ਮਿਲਦੀ ਹੈ।ਫਲਾਣਾ ਸਿੰਘ ਜੀ ਨੇ ਮੁੜ ਘਰ ਵਾਪਸੀ ਕਰ ਲਈ ਹੈ। ਪੰਜਾਬ ਇਕ ਅਜਿਹਾ ਰਾਜ ਹੈ ਜਿਸ ਵਿੱਚ ਜੋ ਥੋੜ੍ਹਾ ਬਹੁਤ ਪੜ੍ਹ ਲਿਖ ਗਏ ਹਨ ਬਿਜਲਈ ਤੇ ਪ੍ਰਿੰਟ ਮੀਡੀਆ ਤੇ ਨੇਤਾਵਾਂ ਦੇ ਵਿਚਾਰ ਚਰਚਾ ਸੁਣਦੇ ਤੇ ਪੜ੍ਹਦੇ ਰਹਿੰਦੇ ਹਨ ਉਨ੍ਹਾਂ ਦੀ ਜਿਸ ਕਿਸੇ ਨਾਲ ਵੀ ਗੱਲ ਹੋਵੇ ਤਾਂ ਉਨ੍ਹਾਂ ਦੀ ਵਿਚਾਰ ਚਰਚਾ ਚ ਮੁੱਖ ਮੁੱਦਾ ਹੁੰਦਾ ਹੈ ਉਹ ਫਲਾਣਾ ਹੁਣ ਕਿਹੜੀ ਪਾਰਟੀ ਵਿੱਚ ਜਾਊਗਾ।ਸੋਸ਼ਲ ਮੀਡੀਆ ਤੇ ਜ਼ਿਆਦਾ ਲੋਕ ਅਜਿਹੇ ਨੇਤਾਵਾਂ ਦੀ ਲੜਾਈ ਵਿੱਚ ਹੀ ਆਪਣਾ ਸਮਾਂ ਬਰਬਾਦ ਕਰਦੇ ਹਨ ਸੇਧ ਤਾਂ ਕੀ ਲੈਣੀ ਹੈ।

ਪੰਜਾਬ ਦੇ ਵੋਟਰੋ ਸੱਤ ਦਹਾਕੇ ਆਜ਼ਾਦੀ ਪ੍ਰਾਪਤ ਕੀਤੀ ਨੂੰ ਹੋ ਗਏ ਰਾਜਨੀਤਕ ਪਾਰਟੀਆਂ ਨੇ ਸਾਡੇ ਲਈ ਕੀ ਕੀਤਾ ਕੀ ਨਹੀਂ ਕੀਤਾ ਹੁਣ ਸਮਝ ਲੈਣਾ ਚਾਹੀਦਾ ਹੈ।ਸਾਡੇ ਕਿਸਾਨ ਮਜ਼ਦੂਰ ਕਲਾਕਾਰ ਉਨ੍ਹਾਂ ਦੇ ਪਰਿਵਾਰ ਮੋਰਚੇ ਤੇ ਬੈਠੇ ਹਨ।ਸਾਡੇ ਨੇਤਾ ਚੋਣਾਂ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਕੋਈ ਘਰ ਛੱਡ ਕੇ ਜਾ ਰਿਹਾ ਹੈ ਕੋਈ ਘਰ ਵਾਪਿਸ ਆ ਰਿਹਾ ਹੈ।ਕਿਸੇ ਨੂੰ ਕਿਸਾਨਾਂ ਮਜ਼ਦੂਰਾਂ ਮੋਰਚੇ ਤੇ ਬੈਠੇ ਲੋਕਾਂ ਦਾ ਕੁਝ ਵੀ ਪਤਾ ਨਹੀਂ,ਜੋ ਵੀ ਰਾਜਨੀਤਕ ਪਾਰਟੀ ਜਿੱਤ ਕੇ ਆਵੇਗੀ ਉਹ ਆਪਣਾ ਕੀ ਸੰਵਾਰ ਸਕਦੀ ਹੈ ਅੱਜ ਸੋਚਣ ਦੀ ਜ਼ਰੂਰਤ ਹੈ।ਧਰਮ ਜਾਤ ਰਾਜਨੀਤਕ ਪਾਰਟੀਆਂ ਨੂੰ ਛੱਡ ਕੇ ਪੰਜਾਬ ਦੇ ਵੋਟਰੋ ਅੱਜ ਸਾਨੂੰ ਆਪਣੀ ਵੋਟ ਦੀ ਕੀਮਤ ਪਹਿਚਾਨਣੀ ਚਾਹੀਦੀ ਹੈ।

ਕਿਸਾਨ ਮੋਰਚਾ ਪੰਜਾਬੀਆਂ ਨੇ ਚਾਲੂ ਕੀਤਾ ਸੀ ਆਪਣੇ ਗਵਾਂਢੀ ਸੂਬੇ ਹਰਿਆਣਾ ਨੇ ਛੋਟੇ ਭਾਈ ਦਾ ਰੁਤਬਾ ਪ੍ਰਾਪਤ ਕਰ ਕੇ ਜਿਹੜੀ ਬਹੁਤ ਵੱਡੀ ਸਿੱਖਿਆ ਪ੍ਰਾਪਤ ਕੀਤੀ ਹੈ,ਪਿੰਡਾਂ ਤੇ ਸ਼ਹਿਰਾਂ ਵਿਚ ਰਾਜਨੀਤਕ ਨੇਤਾਵਾਂ ਦਾ ਕਿਵੇ ਸਵਾਗਤ ਕਰ ਰਹੇ ਹਨ ਪੂਰੀ ਦੁਨੀਆ ਜਾਣਦੀ ਹੈ।ਕੀ ਉਨ੍ਹਾਂ ਦੀ ਸੋਚ ਆਪਣੇ ਤੋਂ ਕੁਝ ਕਦਮ ਅੱਗੇ ਨਹੀਂ ਨਿਕਲ ਗਈ ਸਾਨੂੰ ਸੋਚਣਾ ਬਣਦਾ ਹੈ। ਹਰ ਪੇਂਡੂ ਤੇ ਸ਼ਹਿਰੀ ਵੋਟਰ ਨੂੰ ਵੀ ਅੱਜ ਫ਼ੈਸਲਾ ਕਰ ਲੈਣਾ ਚਾਹੀਦਾ ਹੈ।ਜਦੋਂ ਕੋਈ ਵੀ ਰਾਜਨੀਤਕ ਪਾਰਟੀ ਦਾ ਨੇਤਾ ਵੋਟ ਮੰਗਣ ਆਵੇਗਾ ਤਾਂ ਉਸ ਤੋਂ ਆਪਣੀ ਵੋਟ ਦਾ ਅਸਲੀ ਮੁੱਲ ਕੀ ਹੈ ਇਹ ਪੁੱਛਣਾ ਸਿੱਖ ਜਾਵੋ।ਸਾਡੇ ਪੰਜਾਬੀ ਬਹੁਤ ਭੁਲੱਕੜ ਹਨ,ਫੇਰ ਕਿਤੇ ਨਸ਼ਿਆਂ ਤੇ ਪੈਸਿਆਂ ਪਿੱਛੇ ਆਪਣੀ ਵੋਟ ਵੇਚ ਨਾ ਬੈਠਿਓ।

ਨਹੀਂ ਤਾਂ ਫੇਰ ਲੋਟੂ ਨੇਤਾਵਾਂ ਦੀ ਮੁੜ ਘਰ ਵਾਪਸੀ ਹੋ ਜਾਵੇਗੀ,ਅਸੀਂ ਪੰਜ ਸਾਲ ਹੋਰ ਸਿਹਤ ਦੀਆਂ ਸਹੂਲਤਾਂ ਵਿੱਦਿਆ ਤੇ ਨੌਕਰੀ ਤੋਂ ਵਾਂਝੇ ਘਰ ਵਿੱਚ ਬੈਠੇ ਆਪਣਾ ਮੂੰਹ ਛੁਪਾ ਕੇ ਰੋਂਦੇ ਹੋਏ ਆਪਣੀ ਗ਼ਲਤ ਵੋਟ ਬਾਰੇ ਸੋਚਾਂਗੇ।ਪੰਜਾਬੀਓ ਸਾਡੀ ਸੋਚ ਇਨਕਲਾਬੀ ਹੈ। ਆਜ਼ਾਦੀ ਲੈਣ ਲਈ ਅਸੀਂ ਕੁਰਬਾਨੀਆਂ ਕਰਨੀਆਂ ਜਾਣਦੇ ਹਾਂ।ਇਹ ਖ਼ੁਦਕਸ਼ੀਆਂ ਦਾ ਪਾਠ ਸਾਨੂੰ ਰਾਜਨੀਤਕ ਪਾਰਟੀਆਂ ਨੇ ਪੜ੍ਹਾਇਆ ਹੈ ਇਹ ਸਬਕ ਪੜ੍ਹਨਾ ਛੱਡ ਦੇਵੋ।ਆਓ ਆਪਣੇ ਗੁਰੂਆਂ ਪੀਰਾਂ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਦੀ ਦਿੱਤੀ ਸਿੱਖਿਆ ਤੇ ਚਲਦੇ ਹੋਏ ਘਰ ਵਾਪਸੀ ਕਰ ਲਈਏ,ਦੇਖੋ ਕੰਧ ਤੇ ਉਕਰਿਆ ਇਨਕਲਾਬ ਸਾਫ਼ ਵਿਖਾਈ ਦੇ ਰਿਹਾ ਹੈ। ਆਮੀਨ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ -9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleडॉ. अंबेडकर फ्री ट्यूशन सैंटर को कंपूयटर भेंट किया गया
Next articleਪਿੰਡ ਸੁੰਨੜਵਾਲ ਵਿਖੇ ਥਾਪਰ ਮਾਡਲ ਸਕੀਮ ਦਾ ਉਦਘਾਟਨ