ਵਿਲੱਖਣ ਕਰਦੇ ਰਹਿਣਾ ਹੀ ਮੇਰਾ ਸੁਭਾਅ ਹੈ: ਸੁਖਵਿੰਦਰ ਸਿੰਘ ਲੋਟੇ

(ਸਮਾਜ ਵੀਕਲੀ)

ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਦੇ ਪਹਿਲੇ ਕਵੀ ਸੁਖਵਿੰਦਰ ਸਿੰਘ ਲੋਟੇ ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਹਨ। ਮਜ਼ਬੂਤ ਇਰਾਦੇ, ਸਖ਼ਤ ਮਿਹਨਤ, ਲਗਨ ਅਤੇ ਸ਼ੌਕ ਨੇ ਉਨ੍ਹਾਂ ਦੀ ਇਸ ਵਿਲੱਖਣ ਕਲਾ ਨੂੰ ਅਜਿਹੀ ਬੁਲੰਦੀ ਬਖ਼ਸ਼ੀ ਹੈ ਕਿ ਉਹ ਸਾਹਿਤਕ ਅਤੇ ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਬਣ ਚੁੱਕੇ ਹਨ। ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਸੁਖਵਿੰਦਰ ਸਿੰਘ ਲੋਟੇ ਦਾ ਜਨਮ ਸੰਗਰੂਰ ਜਿਲ੍ਹੇ ਦੀ ਤਹਿਸੀਲ ਧੂਰੀ ਵਿਖੇ 7 ਅਗਸਤ 1964 ਨੂੰ ਪਿਤਾ ਜਤਿੰਦਰਪਾਲ ਸਿੰਘ ਦੇ ਘਰ ਮਾਤਾ ਦੀਪ ਕੌਰ ਦੀ ਕੁੱਖੋਂ ਹੋਇਆ। ਦਸਵੀਂ ਤੱਕ ਦੀ ਮੁਢਲੀ ਪੜ੍ਹਾਈ ਉਨ੍ਹਾਂ ਨੇ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਧੂਰੀ ਤੋਂ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਲਈ ਉਨ੍ਹਾਂ ਨੇ ਸਰਕਾਰੀ ਰਣਬੀਰ ਕਾਲਜ ਵਿਖੇ ਦਾਖ਼ਲਾ ਲਿਆ।

ਦਸੰਬਰ 2016 ਵਿੱਚ ਸੁਖਵਿੰਦਰ ਸਿੰਘ ਲੋਟੇ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਗ਼ਜ਼ਲਾਂ ਹੀ ਸਿਰਨਾਵਾਂ’ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਉਨ੍ਹਾਂ ਨੇ ਬਿਲਕੁੱਲ ਹੀ ਅਣਛੋਹੇ ਸ਼ਾਨਦਾਰ ਕਾਫ਼ੀਆਂ ਨਾਲ ਗ਼ਜ਼ਲਾਂ ਦੀ ਸਿਰਜਣਾ ਕਰ ਕੇ ਪੰਜਾਬ ਦੇ ਚੋਟੀ ਦੇ ਗ਼ਜ਼ਲਕਾਰਾਂ ਤੋਂ ਵਾਹ ਵਾਹ ਖੱਟਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਪਿੰਗਲ ਤੇ ਅਰੂਜ਼ ਦੀ ਤਕਨੀਕ ਨੂੰ ਬਹੁਤ ਹੀ ਸੰਖੇਪ ਅਤੇ ਸਰਲ ਤਰੀਕੇ ਨਾਲ ਯੂ. ਟਿਊਬ ’ਤੇ ਬਣੇ ਆਪਣੇ ਚੈਨਲ ‘ਲੋਟੇ ਟੱਚ’ ’ਤੇ ‘ਲੋਟੇ ਗ਼ਜ਼ਲ ਅਰੂਜ਼’ ਦੇ ਸਿਰਲੇਖ ਹੇਠ ਵੀਡੀਓ ਰਾਹੀਂ ਮੁਹੱਈਆ ਕਰ ਕੇ ਬਹੁਤ ਹੀ ਮਹੱਤਵਪੂਰਨ ਅਤੇ ਜ਼ਿਕਰਯੋਗ ਉਪਰਾਲਾ ਕੀਤਾ ਹੈ। ਅੱਜ ਮੈਂ ਇਸ ਮਾਣਮੱਤੇ ਲੇਖਕ ਅਤੇ ਵਿਲੱਖਣ ਕਲਾਕਾਰ ਹੋਣ ਦੇ ਨਾਲ ਨਾਲ ਬਹੁਤ ਹੀ ਮਿਲਾਪੜੇ ਸੁਭਾਅ ਵਾਲੇ ਹਸੂੰ-ਹਸੂੰ ਕਰਦੇ ਇਨਸਾਨ ਨਾਲ ਬੀਤੇ ਦਿਨੀਂ ਕੀਤੀ ਗੱਲਬਾਤ ਦੇ ਕੁੱਝ ਅੰਸ਼ ਪੇਸ਼ ਕਰਨ ਦੀ ਖ਼ੁਸ਼ੀ ਪ੍ਰਾਪਤ ਕਰ ਰਿਹਾ ਹਾਂ-

*ਸੁਖਵਿੰਦਰ ਸਿੰਘ ਲੋਟੇ ਜੀ, ਬੋਤਲਾਂ ਵਿੱਚ ਕਵਿਤਾਵਾਂ ਲਿਖਣ ਦਾ ਸ਼ੌਕ ਤੁਹਾਨੂੰ ਕਿਵੇਂ ਪਿਆ?
-ਜ਼ਖ਼ਮੀ ਜੀ, ਮੈਂ ਸ਼ੁਰੂ ਤੋਂ ਹੀ ਨਸ਼ਿਆਂ ਦੇ ਖ਼ਿਲਾਫ਼ ਹਾਂ। ਇੱਕ ਦਿਨ ਇੱਕ ਕਵਿਤਾ ‘ਮੈਂ ਸ਼ਰਾਬ ਹਾਂ, ਬੜੀ ਖ਼ਰਾਬ ਹਾਂ’ ਲਿਖੀ। ਕੁੱਝ ਦਿਨਾਂ ਬਾਅਦ ਖ਼ਿਆਲ ਆਇਆ ਕਿ ਜੇ ਮੈਂ ਇਸ ਕਵਿਤਾ ਨੂੰ ਸ਼ਰਾਬ ਦੀ ਖ਼ਾਲੀ ਬੋਤਲ ਦੇ ਅੰਦਰ ਲਿਖਾਂ ਤਾਂ ਮੇਰਾ ਨਾਂ ਸਾਰੀ ਦੁਨੀਆ ਵਿੱਚ ਮਸ਼ਹੂਰ ਹੋ ਸਕਦਾ ਹੈ। ਫਿਰ ਮੈਂ ਪੂਰੀ ਕੋਸ਼ਿਸ਼ ਕੀਤੀ ਅਤੇ ਅਖ਼ੀਰ ਅਜਿਹਾ ਕਰਨ ਵਿੱਚ ਸਫ਼ਲ ਹੋ ਗਿਆ।

*ਇਸ ਵਿਲੱਖਣ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਤੁਹਾਨੂੰ ਕਿੰਨਾ ਕੁ ਸਮਾਂ ਲੱਗਿਆ?
-ਇਸ ਵਿੱਚ ਮੁਹਾਰਤ ਹਾਸਲ ਕਰਨ ਲਈ ਮੈਨੂੰ ਬੜੀ ਭਾਰੀ ਮਿਹਨਤ ਕਰਨੀ ਪਈ। ਬੁਰਸ਼ ਮੌਡੀਫਾਈ ਕਰਨੇ ਪਏ, ਕਬਾੜ ਦੀਆਂ ਦੁਕਾਨਾਂ ਤੋਂ ਵਧੀਆ ਕਿਸਮ ਦੀਆਂ ਸ਼ਰਾਬ ਦੀਆਂ ਬੋਤਲਾਂ ਇਕੱਠੀਆਂ ਕੀਤੀਆਂ। ਰੰਗ ਡੁੱਲ੍ਹੇ, ਬੁਰਸ਼ ਟੁੱਟੇ, ਬੋਤਲਾਂ ਖ਼ਰਾਬ ਹੋਈਆਂ। ਆਖ਼ਰ ਮੈਂ ਛੇ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਪਹਿਲੀ ਕਵਿਤਾ ਲਿਖਣ ਵਿੱਚ ਕਾਮਯਾਬੀ ਪ੍ਰਾਪਤ ਕਰ ਲਈ। ਹੁਣ ਮੈਂ ਸਿਰਫ਼ ਅੱਧੇ ਘੰਟੇ ਵਿੱਚ ਪੂਰੀ ਕਵਿਤਾ ਬੋਤਲ ਵਿੱਚ ਲਿਖ ਲੈਂਦਾ ਹਾਂ। ਹੁਣ ਤੱਕ ਮੈਂ ਅੱਸੀ ਕਵਿਤਾਵਾਂ ਦੁਨੀਆ ਦੀਆਂ ਗਿਆਰਾਂ ਭਾਸ਼ਾਵਾਂ ਵਿੱਚ ਲਿਖ ਚੁੱਕਾ ਹਾਂ।

*ਕੀ ਤੁਹਾਡੇ ਨਾਲੋਂ ਪਹਿਲਾਂ ਵੀ ਕੋਈ ਵਿਅਕਤੀ ਇਸ ਕਲਾ ਦੇ ਖੇਤਰ ਵਿੱਚ ਦੇਖਣ ਜਾਂ ਸੁਣਨ ਵਿੱਚ ਆਇਆ ਹੈ?
-ਇਹ ਤਾਂ ਮੇਰੀ ਆਪਣੀ ਹੀ ਕਾਢ ਹੈ ਜੀ। ਇਸ ਤੋਂ ਪਹਿਲਾਂ ਇਹ ਕੰਮ ਕਿਸੇ ਹੋਰ ਨੇ ਨਹੀਂ ਕੀਤਾ। ਜਦੋਂ ਮੈਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਾਲਿਆਂ ਨੂੰ ਲਾਈਵ ਲਿਖ ਕੇ ਦਿਖਾਇਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਇਸ ਕਲਾ ਨੂੰ ਨੈੱਟ ’ਤੇ ਪਾਵਾਂਗੇ। ਜੇ ਕੋਈ ਹੋਰ ਕਲਾਕਾਰ ਇੰਝ ਕਰਨ ਵਾਲਾ ਹੋਇਆ ਤਾਂ ਤੁਹਾਡਾ ਕੰਪੀਟੀਸ਼ਨ ਹੋਵੇਗਾ। ਉਸ ਤੋਂ ਬਾਅਦ ਜਿਹੜਾ ਜਿੱਤੇਗਾ, ਉਸ ਦਾ ਨਾਂ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਦਰਜ ਕਰਾਂਗੇ ਪਰ ਦੋ ਮਹੀਨੇ ਅੰਦਰ ਕੋਈ ਕੰਪੀਟੀਟਰ ਨਾ ਆ ਸਕਿਆ। ਫਿਰ ਉਨ੍ਹਾਂ ਨੇ ਮੇਰਾ ਨਾਂ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਦਰਜ ਕਰ ਲਿਆ।

*ਤੁਹਾਡੇ ਆਉਣ ਤੋਂ ਬਾਅਦ ਇਸ ਖੇਤਰ ਵਿੱਚ ਹੋਰ ਕਿੰਨੇ ਕੁ ਵਿਅਕਤੀ ਸਰਗਰਮ ਹੋਏ ਹਨ?
-ਕੋਸ਼ਿਸ਼ ਤਾਂ ਕਈਆਂ ਨੇ ਕੀਤੀ ਹੈ ਪਰ ਸਫ਼ਲ ਕੋਈ ਵੀ ਨਹੀਂ ਹੋ ਸਕਿਆ ਕਿਉਂਕਿ ਇਹ ਬੜਾ ਅਣਖਿੱਝ ਕੰਮ ਹੈ। ਇੱਕ ਵਿਅਕਤੀ ਬੋਤਲ ਵਿੱਚ ਸਿਰਫ਼ ਨਾਂ ਲਿਖਣ ਵਿੱਚ ਤਾਂ ਸਫ਼ਲ ਹੋਇਆ ਪਰ ਉਹ ਵੀ ਬਹੁਤਾ ਸਾਫ਼ ਨਹੀਂ ਲਿਖ ਸਕਿਆ। ਮੈਂ ਤਾਂ ਇੱਕੋ ਹੀ ਬੋਤਲ ਦੇ ਅੰਦਰ ਚਾਰ ਕਵਿਤਾਵਾਂ, ਉਹ ਵੀ ਚਾਰ ਭਾਸ਼ਾਵਾਂ ਵਿੱਚ ਲਿਖ ਚੁੱਕਾ ਹਾਂ।

*ਤੁਸੀਂ ਆਪਣੀ ਇਸ ਕਲਾ ਦੀ ਪ੍ਰਦਰਸ਼ਨੀ ਕਿੱਥੇ-ਕਿੱਥੇ ਲਗਾ ਚੁੱਕੇ ਹੋ?
-ਇੰਦਰਾ ਗਾਂਧੀ ਕਲਾ ਕੇਂਦਰ ਨੋਇਡਾ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਸ਼ਾ ਵਿਭਾਗ ਪੰਜਾਬ ਪਟਿਆਲਾ, ਪ੍ਰੋ. ਮੋਹਨ ਸਿੰਘ ਮੇਲਾ ਨਾਭਾ, ਵਿਰਾਸਤ ਮੇਲਾ ਬਠਿੰਡਾ, ਪੰਜਾਬੀ ਭਵਨ ਲੁਧਿਆਣਾ, ਸਾਹਿਤ ਸਭਾ ਧੂਰੀ, ਪੰਜਾਬੀ ਸਾਹਿਤ ਸਭਾ ਧੂਰੀ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨੀਆਂ ਲਗਾ ਚੁੱਕਾ ਹਾਂ।

*ਹੁਣ ਤੱਕ ਤੁਹਾਨੂੰ ਕਿਹੜੀਆਂ-ਕਿਹੜੀਆਂ ਸੰਸਥਾਵਾਂ ਸਨਮਾਨਿਤ ਕਰ ਚੁੱਕੀਆਂ ਹਨ?
-ਇੰਡੀਆ ਬੁੱਕ ਆਫ਼ ਰਿਕਾਰਡਜ਼ ਫਰੀਦਾਬਾਦ, ਪੰਜਾਬੀ ਕਵਿਤਾ ਮੇਲਾ ਲੁਧਿਆਣਾ, ਤਹਿਸੀਲ ਪੱਧਰੀ ਐਵਾਰਡ ਐੱਸ. ਡੀ. ਐੱਮ. ਧੂਰੀ, ਜ਼ਿਲ੍ਹਾ ਪੱਧਰੀ ਐਵਾਰਡ ਡੀ. ਸੀ. ਸੰਗਰੂਰ, ਸਾਹਿਤ ਸਭਾ ਧੂਰੀ, ਰਾਮਗੜ੍ਹੀਆ ਸੋਸਾਇਟੀ ਨਾਭਾ ਤੋਂ ਇਲਾਵਾ ਦਰਜ਼ਨ ਤੋਂ ਵੱਧ ਸੰਸਥਾਵਾਂ ਵੱਲੋਂ ਸਨਮਾਨ ਮਿਲ ਚੁੱਕੇ ਹਨ।

*ਲੋਟੇ ਸਾਹਿਬ, ਸਰਕਾਰੀ ਮਾਨਾਂ-ਸਨਮਾਨਾਂ ਲਈ ਅਜੋਕੀ ਚੋਣ-ਪ੍ਰਣਾਲੀ ਬਾਰੇ ਤੁਸੀਂ ਕਿੱਥੋਂ ਕੁ ਤੱਕ ਸੰਤੁਸ਼ਟ ਹੋ?
-ਜ਼ਖ਼ਮੀ ਸਾਹਿਬ, ਜ਼ਿਲ੍ਹਾ ਪੱਧਰੀ ਸਨਮਾਨ ਲਈ ਪਹਿਲੀ ਦਫ਼ਾ ਮੇਰੀ ਫਾਈਲ ਨੂੰ ਸਨਮਾਨ ਲਈ ਨਹੀਂ ਚੁਣਿਆ ਗਿਆ। ਦੂਸਰੀ ਦਫ਼ਾ ਮੇਰਾ ਨਾਂ ਸਨਮਾਨਿਤ ਹੋਣ ਵਾਲੇ ਵਿਅਕਤੀਆਂ ਦੀ ਲਿਸਟ ਵਿੱਚ ਸ਼ਾਮਲ ਸੀ ਕਿਉਂਕਿ ਪੰਦਰਾਂ ਅਗਸਤ ਤੋਂ ਇੱਕ ਦਿਨ ਪਹਿਲਾਂ ਮੈਨੂੰ ਫ਼ੋਨ ਆਇਆ ਕਿ “ਤੁਸੀਂ ਤਿਆਰ ਰਹੋ, ਜਦੋਂ ਸੱਦਾ-ਪੱਤਰ ਵੰਡੇ ਜਾਣਗੇ ਤਾਂ ਤੁਹਾਨੂੰ ਫ਼ੋਨ ਕਰਾਂਗੇ ਅਤੇ ਤੁਸੀਂ ਆ ਜਾਣਾ।” ਫਿਰ ਅੱਧੇ ਘੰਟੇ ਬਾਅਦ ਪਤਾ ਲੱਗਿਆ ਕਿ ਕਿਸੇ ਸਿਆਸੀ ਲੀਡਰ ਦੀ ਸਿਫ਼ਾਰਸ਼ ਵਾਲੇ ਕਿਸੇ ਹੋਰ ਵਿਅਕਤੀ ਨੂੰ ਅਡਜਸਟ ਕਰਨ ਲਈ ਮੇਰਾ ਨਾਂ ਲਿਸਟ ਵਿੱਚੋਂ ਕੱਢ ਦਿੱਤਾ ਗਿਆ। ਮੈਂ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰ ਰਿਹਾ ਸੀ। ਇਸ ਤੋਂ ਬਾਅਦ ਮੈਂ ਇੱਕ ਆਰਟੀਕਲ ਲਿਖਿਆ ‘ਐਵਾਰਡ ਮਿਲਦੇ ਨਹੀਂ ਖੋਹੇ ਜਾਂਦੇ ਹਨ’ ਜੋ ਕਈ ਅਖ਼ਬਾਰਾਂ ਨੇ ਛਾਪਿਆ। ਇਸ ਤੋਂ ਅਗਲੀ ਦਫ਼ਾ ਮੈਂ ਅਪਲਾਈ ਕੀਤਾ ਅਤੇ ਮੈਨੂੰ ਸਨਮਾਨ ਮਿਲ ਗਿਆ। ਇਹ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦੈ।

*ਗ਼ਜ਼ਲ ਦੇ ਖੇਤਰ ਵਿੱਚ ਤੁਸੀਂ ਕਦੋਂ ਆਏ ਅਤੇ ਹੁਣ ਤੱਕ ਕਿੰਨੀਆਂ ਕੁ ਗ਼ਜ਼ਲਾਂ ਲਿਖ ਚੁੱਕੇ ਹੋ?
-ਗ਼ਜ਼ਲ ਦੇ ਖੇਤਰ ਵਿੱਚ ਮੈਂ 2014 ਵਿੱਚ ਆਇਆ। ਇਸ ਤੋਂ ਪਹਿਲਾਂ ਮੈਂ ਤੁਕਬੰਦੀ ਜਿਹੀ ਹੀ ਕਰਦਾ ਸੀ। ਗ਼ਜ਼ਲਕਾਰੀ ਦੇ ਨਿਯਮ ਅਤੇ ਬਾਰੀਕੀਆਂ ਸਮਝਣ ਦੀ ਪ੍ਰੇਰਣਾ ਮੈਨੂੰ ਤੁਹਾਡੇ ਕੋਲੋਂ ਹੀ ਮਿਲੀ। ਹੁਣ ਤੱਕ ਮੈਂ ਢਾਈ ਸੌ ਤੋਂ ਵੱਧ ਗ਼ਜ਼ਲਾਂ ਲਿਖ ਚੁੱਕਾਂ ਹਾਂ। ਗ਼ਜ਼ਲ ਤੋਂ ਇਲਾਵਾ ਮੈਂ ਬਹੁਤ ਸਾਰੀਆਂ ਮਿੰਨੀ ਕਹਾਣੀਆਂ ਅਤੇ ਲੇਖ ਵੀ ਲਿਖੇ ਹਨ।

*ਪਿੱਛੇ ਜਿਹੇ ਤੁਹਾਡਾ ਇੱਕ ਗ਼ਜ਼ਲ-ਸੰਗ੍ਰਹਿ ‘ਗ਼ਜ਼ਲਾਂ ਹੀ ਸਿਰਨਾਵਾਂ’ ਵੀ ਪ੍ਰਕਾਸ਼ਿਤ ਹੋਇਆ ਸੀ, ਉਸ ਨੂੰ ਸਾਹਿਤਕ ਹਲਕਿਆਂ ਵਿੱਚ ਕਿੰਨਾ ਕੁ ਸਮਰਥਨ ਮਿਲਿਆ?
-ਪਾਠਕਾਂ ਨੇ ਮੇਰੀ ਪੁਸਤਕ ‘ਗ਼ਜ਼ਲਾਂ ਹੀ ਸਿਰਨਾਵਾਂ’ ਨੂੰ ਬੇਹੱਦ ਪਿਆਰ ਦਿੱਤੈ। ਸਾਹਿਤਕ ਹਲਕਿਆਂ ਵਿੱਚ ਵੀ ਉਸ ਦੀ ਚਰਚਾ ਛਿੜੀ ਅਤੇ ਬਹੁਤ ਸਾਰੇ ਉੱਘੇ ਗ਼ਜ਼ਲਗੋਆਂ ਵੱਲੋਂ ਮੇਰੀ ਗ਼ਜ਼ਲਕਾਰੀ ’ਤੇ ਸਹੀ ਪਾਈ ਗਈ। ਪੰਜਾਬੀ ਗ਼ਜ਼ਲ ਦੇ ਚੋਣਵੇਂ ਸ਼ਿਅਰਾਂ ਵਾਲੀਆਂ ਪ੍ਰਕਾਸ਼ਿਤ ਹੋ ਰਹੀਆਂ ਕਈ ਕਿਤਾਬਾਂ ਵਿੱਚ ਵੀ ਮੇਰੇ ਸ਼ਿਅਰ ਦਰਜ ਕੀਤੇ ਜਾ ਰਹੇ ਹਨ। ਮੇਰੀ ਇਹ ਕਿਤਾਬ ਆਨ-ਲਾਈਨ ਵਿਕ ਰਹੀ ਹੈ। ਪਹਿਲੀ ਕਿਤਾਬ ਹੋਣ ਦੇ ਬਾਵਜੂਦ ਮੈਂ ਕਿਤਾਬ ਦਾ ਮੁੱਲ ਪੂਰਾ ਕਰ ਚੁੱਕਾ ਹਾਂ।

*ਸੁਖਵਿੰਦਰ ਸਿੰਘ ਲੋਟੇ ਜੀ, ਪੰਜਾਬੀ ਵਿੱਚ ਲਿਖੀ ਜਾ ਰਹੀ ਗ਼ਜ਼ਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
-ਜ਼ਖ਼ਮੀ ਜੀ, ਪੰਜਾਬ ਵਿੱਚ ਲੱਗਭੱਗ ਹਰ ਵਿਸ਼ੇ ’ਤੇ ਗ਼ਜ਼ਲ ਲਿਖੀ ਜਾ ਰਹੀ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਗ਼ਜ਼ਲਕਾਰ ਤਕਨੀਕੀ ਪੱਖ ਨੂੰ ਹੀ ਅਹਿਮੀਅਤ ਨਹੀਂ ਦਿੰਦੇ। ਲੋੜ ਹੈ ਕਿ ਬਹਿਰ-ਵਜ਼ਨ ਅਤੇ ਰਵਾਨਗੀ ਦਾ ਖ਼ਿਆਲ ਰੱਖਦੇ ਹੋਏ ਅਰਥ ਭਰਪੂਰ ਸ਼ਿਅਰ ਕਹੇ ਜਾਣ, ਜਿਸ ਨਾਲ ਪੰਜਾਬੀ ਗ਼ਜ਼ਲ ਦਾ ਮਿਆਰ ਬਰਕਰਾਰ ਰਹਿ ਸਕੇ।

*ਗ਼ਜ਼ਲ ਲਿਖਣ ਲਈ ਤੁਸੀਂ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਸਮਝਦੇ ਹੋ ਜਾਂ ਸਿਰਫ਼ ਗੁਨ-ਗੁਨਾ ਕੇ ਲਿਖਣਾ ਵੀ ਸਹੀ ਮੰਨਦੇ ਹੋ?
-ਗ਼ਜ਼ਲ ਲਿਖਣ ਲਈ ਪਿੰਗਲ ਜਾਂ ਅਰੂਜ਼ ਦੇ ਨਿਯਮਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਮੈਂ ਹਮੇਸ਼ਾ ਹੀ ਅਰੂਜ਼ ਦੇ ਆਧਾਰ ’ਤੇ ਗ਼ਜ਼ਲ ਲਿਖਦਾ ਹਾਂ। ਜੇਕਰ ਗ਼ਜ਼ਲ ਪਿੰਗਲ ਜਾਂ ਅਰੂਜ਼ ਦੇ ਨਿਯਮਾਂ ਅਨੁਸਾਰ ਨਾ ਲਿਖੀ ਜਾਵੇ ਤਾਂ ਉਹ ਸੰਗੀਤਕ ਪ੍ਰਕਿਰਿਆ ਵਿੱਚ ਵੀ ਫਿੱਟ ਨਹੀਂ ਬੈਠਦੀ, ਜਿਵੇਂ ਕੋਈ ਰਾਜ-ਮਿਸਤਰੀ ਸੂਤ, ਸਾਹਲ, ਗਜ, ਲੈਵਲ ਅਤੇ ਗੁਣੀਏ ਤੋਂ ਬਗੈਰ ਦੋ ਚਾਰ ਫੁੱਟ ਕੰਧ ਤਾਂ ਉਸਾਰ ਸਕਦਾ ਹੈ ਪਰ ਮੁਕੰਮਲ ਮਕਾਨ ਨਹੀਂ ਬਣਾ ਸਕਦਾ, ਇਸੇ ਤਰ੍ਹਾਂ ਗੁਨ-ਗੁਨਾ ਕੇ ਵੀ ਗ਼ਜ਼ਲ ਸਹੀ ਨਹੀਂ ਲਿਖੀ ਜਾ ਸਕਦੀ।

*ਬੋਤਲਾਂ ਵਿੱਚ ਕਵਿਤਾਵਾਂ ਲਿਖਣ ਅਤੇ ਲੇਖਣੀ ਦੇ ਸ਼ੌਕ ਤੋਂ ਇਲਾਵਾ ਆਪਣੀਆਂ ਹੋਰ ਗਤੀਵਿਧੀਆਂ ਬਾਰੇ ਚਾਨਣਾ ਪਾਓ ਜੀ?
-ਗ਼ਜ਼ਲ ਵਿਧਾ ਸਿਖਾਉਣ ਲਈ ਮੈਂ ਬਹੁਤ ਹੀ ਸਰਲ ਤਕਨੀਕ ਤਿਆਰ ਕੀਤੀ ਹੈ, ਜਿਸ ਵਿੱਚ ਮੈਂ ਬਲੈਕ ਬੋਰਡ ਉੱਤੇ ਲਿਖ ਕੇ ਅਰੂਜ਼ ਵਿਧਾ ਦੇ ਨਿਯਮ ਬਹੁਤ ਹੀ ਸੌਖੇ ਢੰਗ ਨਾਲ ਯੂ-ਟਿਊਬ ਉੱਤੇ ਵੀਡੀਓ ਰਾਹੀਂ ਸਮਝਾ ਰਿਹਾਂ। Lotey Touch ਚੈਨਲ ਉੱਤੇ ‘ਲੋਟੇ ਗ਼ਜ਼ਲ ਅਰੂਜ਼’ ਦੇ ਨਾਂ ’ਤੇ ਵੀਡੀਓ ਪਾਏ ਹੋਏ ਹਨ, ਜਿਨ੍ਹਾਂ ਨੂੰ ਸੈਂਕੜੇ ਲੋਕਾਂ ਨੇ ਸਬਸਕਰਾਈਬ ਕਰ ਕੇ ਤਸੱਲੀਬਖ਼ਸ਼ ਹੁੰਗਾਰਾ ਦਿੱਤਾ ਹੈ। ਕਈ ਪੀ. ਐੱਚ. ਡੀ. ਵਾਲੇ ਸਾਹਿਤਕਾਰ ਵੀ ਗ਼ਜ਼ਲ ਸਮਝ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਸਰਲ ਤਰੀਕਾ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ।

*ਨਵੇਂ ਲੇਖਕਾਂ ਨੂੰ ਸੇਧ ਦੇਣ ਸਬੰਧੀ ਸਾਹਿਤ ਸਭਾਵਾਂ ਦੀ ਭੂਮਿਕਾ ਬਾਰੇ ਤੁਹਾਡੇ ਕੀ ਵਿਚਾਰ ਹਨ?
-ਨਵੇਂ ਲੇਖਕਾਂ ਨੂੰ ਸੇਧ ਨਹੀਂ ਦਿੱਤੀ ਜਾ ਰਹੀ। ਇਸ ਪਾਸੇ ਸਾਹਿਤ ਸਭਾਵਾਂ ਨੂੰ ਧਿਆਨ ਦੇ ਕੇ ਕੰਮ ਕਰਨਾ ਚਾਹੀਦੈ। ਸਾਹਿਤਕ ਇਕੱਤਰਤਾਵਾਂ ਵਿੱਚ ਪੜ੍ਹੀਆਂ ਗਈਆਂ ਰਚਨਾਵਾਂ ਦੀਆਂ ਕਾਪੀਆਂ ਲਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਗਲੀ ਵਾਰ ਵਾਧਾ-ਘਾਟਾ ਠੀਕ ਕਰ ਕੇ ਵਾਪਸ ਕਰਨੀਆਂ ਚਾਹੀਦੀਆਂ ਹਨ। ਬੜੀ ਬਾਰੀਕੀ ਨਾਲ ਹਰ ਵਿਧਾ ਦੇ ਤਕਨੀਕੀ ਪਹਿਲੂ ਸਮਝਾਉਣੇ ਚਾਹੀਦੇ ਹਨ। ਤਾਂ ਹੀ ਚੰਗਾ ਸਾਹਿਤ ਲਿਖਿਆ ਜਾ ਸਕਦੈ ਅਤੇ ਇਸ ਤਰ੍ਹਾਂ ਕਰ ਕੇ ਪਾਠਕਾਂ ਦਾ ਦਾਇਰਾ ਵੀ ਵਧਾਇਆ ਜਾ ਸਕਦਾ ਹੈ।

*ਸੁਖਵਿੰਦਰ ਲੋਟੇ ਜੀ, ਇੱਕ ਇੱਕ ਸ਼ਹਿਰ ਵਿੱਚ ਕਈ ਕਈ ਸਾਹਿਤ ਸਭਾਵਾਂ ਦੇਖ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ?
-ਕਰਮ ਸਿੰਘ ਜ਼ਖ਼ਮੀ ਜੀ, ਮੈਂ ਦੋਵਾਂ ਕੇਂਦਰੀਆਂ ਤਹਿਤ ਚੱਲ ਰਹੀਆਂ ਸਭਾਵਾਂ ਵਿੱਚ ਕੰਮ ਕਰ ਚੁੱਕਾਂ। ਦੋਵੇਂ ਸਭਾਵਾਂ ਹੀ ਸਾਹਿਤ ਪ੍ਰਤੀ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਮੇਰੀ ਦਿਲੀ ਇੱਛਾ ਹੈ ਕਿ ਜੇ ਅਸੀਂ ਸੱਚੇ ਦਿਲੋਂ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਪਿਆਰ ਕਰਦੇ ਹਾਂ ਤਾਂ ਸਭ ਕੁੱਝ ਭੁਲਾ ਕੇ ਬਿਨਾਂ ਸ਼ਰਤ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਮਾਂ ਬੋਲੀ ਪੰਜਾਬੀ ਦੀ ਚੰਗੀ ਸੇਵਾ ਕਰ ਸਕਦੇ ਹਾਂ।

*ਸਾਹਿਤਕਾਰਾਂ ਦੀ ਆਪਸੀ ਖਹਿਬਾਜ਼ੀ ਦੇ ਅਜੋਕੇ ਦੌਰ ਵਿੱਚ ਤੁਸੀਂ ਆਲੋਚਕਾਂ ਦੀ ਆਲੋਚਨਾ ਨੂੰ ਕਿਵੇਂ ਲੈਂਦੇ ਹੋ?
-ਅੱਜਕੱਲ੍ਹ ਬਹੁਤੀ ਆਲੋਚਨਾ ਲਿਖਤ ਨੂੰ ਨਹੀਂ ਬਲਕਿ ਲੇਖਕ ਨੂੰ ਦੇਖ ਕੇ ਕੀਤੀ ਜਾ ਰਹੀ ਹੈ। ਕਈ ਦਫ਼ਾ ਕਾਵਿ-ਵਿਧਾ ਦੀਆਂ ਕਿਤਾਬਾਂ ਵਿੱਚ ਤਰੁੱਟੀਆਂ ਹੋਣ ਦੇ ਬਾਵਜੂਦ ਵੀ ਬੇਲੋੜੀ ਪ੍ਰਸ਼ੰਸਾ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਨਵੇਂ ਕਵੀ ਦਾ ਅੱਗੇ ਵਧਣਾ ਹੀ ਰੁਕ ਜਾਂਦਾ ਹੈ। ਅਸਲ ਵਿੱਚ ਸਹੀ ਆਲੋਚਕ ਓਹੀ ਹੈ, ਜਿਹੜਾ ਬਿਨਾਂ ਕਿਸੇ ਪੱਖ-ਪਾਤ ਦੇ ਰਚਨਾ ਦਾ ਮੁਲਾਂਕਣ ਕਰਦੈ। ਆਲੋਚਕ ਦਾ ਕੰਮ ਹੁੰਦੈ ਰਚਨਾਕਾਰ ਦੇ ਵਿਚਾਰਾਂ ਨੂੰ ਪਰਖ ਕੇ ਦੱਸਣਾ ਕਿ ਕਿਹੜੀਆਂ ਗੱਲਾਂ ਦਾ ਪ੍ਰਭਾਵ ਸਾਕਾਰਾਤਮਿਕ ਹੈ ਅਤੇ ਕਿਹੜੀਆਂ ਦਾ ਨਾਕਾਰਾਤਮਿਕ। ਉਸ ਨੇ ਇਹ ਵੀ ਦੱਸਣਾ ਹੁੰਦਾ ਹੈ ਕਿ ਨਾਕਾਰਾਤਮਿਕ ਪਹਿਲੂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਸੀ। ਆਲੋਚਕ ਨੂੰ ਰਚਨਾਕਾਰ ਦੇ ਵਿਚਾਰ ਵੀ ਜ਼ਰੂਰ ਸੁਣਨੇ ਚਾਹੀਦੇ ਹਨ, ਨਾ ਕਿ ਆਪਣੀ ਕਹੀ ਹੋਈ ਗੱਲ ’ਤੇ ਹੀ ਅੜਿਆ ਰਹਿਣਾ ਚਾਹੀਦਾ ਹੈ।

*ਗ਼ਜ਼ਲ ਦੇ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਸਿਖਾਂਦਰੂਆਂ ਸਬੰਧੀ ਤੁਹਾਡਾ ਕੀ ਪ੍ਰਤੀਕਰਮ ਹੈ?
-ਪ੍ਰਵੇਸ਼ ਕਰ ਰਹੇ ਸਿਖਾਂਦਰੂਆਂ ਨੂੰ ਮੈਂ ਤਾਂ ਇਹੋ ਹੀ ਕਹਾਂਗਾ ਕਿ ਗ਼ਜ਼ਲ ਦੇ ਤਕਨੀਕੀ ਪਹਿਲੂਆਂ ਨੂੰ ਸਮਝ ਕੇ ਹੀ ਆਪਣੀਆਂ ਰਚਨਾਵਾਂ ਅਖ਼ਬਾਰਾਂ ਜਾਂ ਸਾਹਿਤਕ ਪਰਚਿਆਂ ਵਿੱਚ ਛਪਵਾਈਆਂ ਜਾਣ। ਤਕਨੀਕ ਸਮਝਣ ਲਈ ਤੁਸੀਂ ਕਿਸੇ ਇੱਕ ਵਿਅਕਤੀ ’ਤੇ ਨਿਰਭਰ ਨਾ ਰਹੋ ਬਲਕਿ ਜਿਸ ਕਿਸੇ ਵੀ ਮਿੱਤਰ ਜਾਂ ਸੀਨੀਅਰ ਗ਼ਜ਼ਲਕਾਰ ਤੋਂ ਸਲਾਹ ਮਿਲਦੀ ਹੈ ਤਾਂ ਜ਼ਰੂਰ ਲੈ ਲਵੋ। ਮੈਂ ਹੁਣ ਤੱਕ ਵੀ ਆਪਣੀ ਰਚਨਾ ਬਾਰੇ ਮਿੱਤਰਾਂ ਨਾਲ ਵਿਚਾਰ-ਚਰਚਾ ਕਰਦਾਂ।

ਕਰਮ ਸਿੰਘ ਜ਼ਖ਼ਮੀ

 

 

 

 

 

 

 

ਸੰਪਰਕ: 98146-28027

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਭਾਣੋਲੰਗਾ ਵਿਖੇ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ