(ਸਮਾਜ ਵੀਕਲੀ)- ਬੜਾ ਦੁਖਦਾਈ ਹੈ ਕਿ ਅਸੀਂ ਨਿੰਦਕ ਹੋ ਗਏ ਹਾਂ … ਤੇ ਨਿੰਦਾ ਅਸੀਂ ਆਪਣੀ ਸਹੂਲਤ ਮੁਤਾਬਿਕ ਕਰਦੇ ਹਾਂ.. ਅੱਜਕੱਲ੍ਹ ਕਿਸਾਨਾਂ ਦੀ ਨਿੰਦਾ ਹੋ ਰਹੀ ਹੈ, ਕਿ ਉਹ ਇੰਨਾ ਵੱਡਾ ਮੋਰਚਾ ਲਾਉਣ ਤੋਂ ਬਾਅਦ ਅਡਾਨੀਆਂ ਦੇ ਸੀਲੋ ਗੁਦਾਮਾਂ ‘ਤੇ ਆਪਣੀ ਜਿਣਸ ਕਿਉਂ ਵੇਚ ਰਹੇ ਹਨ…ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ.. ਪਹਿਲਾਂ ਇਹ ਜਾਇਜ਼ਾ ਪੇਸ਼ ਕਰਦਿਆਂ ਕਿ ਮੁੱਖ ਰੂਪ ‘ਚ ਨਿੰਦ ਕੌਣ ਰਹੇ ਨੇ..ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ..ਚਿੰਤਕ..ਕਰੋੜਾਂ ਰੁਪਈਆਂ ਦੀ ਟਰਨਓਵਰ ਵਾਲੇ ਵਪਾਰੀ..ਕਿਸਾਨਾਂ ਦੇ ਆਰਥਿਕ ਮੋਰਚੇ ਦੇ ਮੌਰਾਂ ‘ਤੇ ਚੜ੍ਹ ਕੇ ਇਕ ਵੱਖਰੀ ਮੰਗ ਉਭਾਰਨ ਵਾਲੇ ਤੱਤੇ ਲੋਕ..ਜ਼ਮੀਨੀ ਹਕੀਕਤ ਤੋਂ ਸੱਖਣੇ ਸ਼ਹਿਰਾਂ ਵਿੱਚ ਰਹਿੰਦੇ ‘ਸੁਖ ਰਹਿਣੇ’ ਲੋਕ..!
ਇਸ ਤੋਂ ਪਹਿਲਾਂ ਕਿ ਇਨ੍ਹਾਂ ਸਾਰੀਆਂ ਧਿਰਾਂ ਨਾਲ ਇਕੱਲਿਆਂ ਇਕੱਲਿਆਂ ਗੱਲ ਕਰਾਂ, ਇੱਕ ਗੱਲ ਯਾਦ ਕਰਵਾਉਣੀ ਚਾਹੁਨਾ.. ਜੇ ਤੁਸੀਂ ਕਿਸਾਨ ਪਰਿਵਾਰ ਨਾਲ ਸਬੰਧਤ ਹੋ ਤਾਂ ਯਾਦ ਕਰੋ.. ਬਚਪਨ ਤੋਂ ਲੈਕੇ ਹੁਣ ਤੱਕ ਤੁਸੀਂ ਇੱਕ ਵਾਕ ਬਹੁਤ ਵਾਰ ਸੁਣਿਆ ਹੋਵੇਗਾ.. ਜਦੋਂ ਤੁਹਾਡੇ ਚਾਚੇ, ਤਾਏ, ਦਾਦੇ, ਉਨ੍ਹਾਂ ਦੇ ਬਜ਼ੁਰਗ.. ਫ਼ਸਲ ਸਾਂਭਣ ਤੋਂ ਬਾਅਦ ਇਹ ਕਹਿੰਦੇ ਸਨ ਤੇ ਹਨ, “ਕਣਕ ਮੰਡੀ ਸੁੱਟਣ ਜਾ ਰਹੇ ਹਾਂ.. ਝੋਨਾ ਮੰਡੀ ਸੁੱਟਣ ਜਾ ਰਹੇ ਹਾਂ !”..ਇਸ ਇੱਕ ਵਾਕ ਵਿੱਚ ਹੀ ਸਾਰਾ ਸੱਚ ਛੁਪਿਆ ਹੈ.. ਮੰਨਣਾ ਤਾਂ ਮੰਨੋ.. ਨਹੀਂ ਤਾਂ ਤੁਹਾਡੀ ਮਰਜ਼ੀ!
ਸਿਸਟਮ ਨੇ ਕਿਸਾਨ ਕੋਲ ਅਜਿਹਾ ਕੋਈ ਪ੍ਰਬੰਧ ਨਹੀਂ ਛੱਡਿਆ ਕਿ ਆਪਣੀ ਖੇਤਾਂ ‘ਚੋਂ ਕਿਉਂਟੀ ਹੋਈ ਫ਼ਸਲ ਨੂੰ ਇਕ ਦਿਨ ਲਈ ਵੀ ਕਿਤੇ ਸਟੋਰ ਕਰ ਸਕੇ ..ਉਹ ਨਹੀਂ ਕਰ ਸਕਦਾ.. ਉਸ ਕੋਲ ਅਜਿਹਾ ਪ੍ਰਬੰਧ ਨਹੀਂ ਹੈ..ਉਹ ਮਜਬੂਰ ਹੈ.. ਉਸ ਨੇ ਆਪਣਾ ਟੱਬਰ ਪਾਲਣਾ ਹੈ.. ਛੇ ਮਹੀਨੇ ਦੇ ਕਰਜੇ ਚੁਕਾਉਣੇ.. ਤੁਸੀਂ ਨਿੰਦਾ ਪ੍ਰਬੰਧ ਦੀ ਨਹੀਂ, ਉਸ ਮਜਬੂਰ ਕਿਸਾਨ ਦੀ ਕਰ ਰਹੇ ਹੋ..ਕਿਸਾਨ ਨੇ ਹਕੂਮਤ ਦੇ ਖ਼ਿਲਾਫ਼ ਮੋਰਚਾ ਲੜਿਆ.. ਉਹ ਮੋਰਚਾ ਇਤਹਾਸਕ ਹੈ.. ਰਹੇਗਾ..ਪਰ ਤੁਸੀਂ ਵੀ ਜਾਣਦੇ ਹੋ ਕਿ ਲੜਾਈ ਉਸ ਨੇ ਕਿੱਡੀ ਵੱਡੀ ਤਾਕਤ ਖ਼ਿਲਾਫ਼ ਲੜੀ ਹੈ.. ਤੇ ਉਹ ਵੱਡੀ ਤਾਕਤ ਐਨੀ ਛੇਤੀ ਹਾਰਨ ਵਾਲੀ ਨਹੀਂ.. ਉਹ ਕਿਸਾਨ ਨੂੰ ਮੁੜ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ… ਤੇ ਤੁਹਾਡੀ ਹਮਦਰਦੀ ਢਹਿਣ ਵਾਲੇ ਨਾਲ ਨਹੀਂ ਹੈ.. ਢਾਹੁਣ ਵਾਲੇ ਦੇ ਹੱਕ ਵਿੱਚ ਭੁਗਤ ਰਹੇ ਹੋ ਤੁਸੀਂ!
ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ, ਚਿੰਤਕ ਸਾਹਿਬਾਨ! ਆਪਣੀ ਚਾਦਰ ‘ਚ ਮੂੰਹ ਦੇ ਕੇ ਕਦੇ ਸੋਚਿਓ ਕਿ ਤੁਸੀਂ ਕਿੱਥੋਂ ਕਿੱਥੋਂ ਕੀ ਫ਼ਾਇਦਾ ਲੈਂਦੇ ਹੋ…ਤੁਸੀਂ ਤਾਂ ਹਜ਼ਾਰ ਦੋ ਹਜ਼ਾਰ ਦੇ ਟੀ ਏ ਡੀ ਏ ਪਿੱਛੇ ਕਿੰਨੇ ਸਮਝੌਤੇ ਕਰ ਲੈਂਦੇ ਹੋ, ਯਾਦ ਕਰੋ…ਅਜੇ ਤਾਂ ਕੱਲ੍ਹ ਹੀ ਸਰਕਾਰ ਬਦਲੀ ਹੈ.. ਕਿੱਥੋਂ ਕਿੱਥੋਂ ਅੰਗਲੀਆਂ ਸੰਗਲੀਆਂ ਪਾ ਕੇ ਤੁਸੀਂ ਉਹ ਸਰਕਾਰ ਨਾਲ ਨਾਤਾ ਜੋੜ ਕੇ ਫ਼ਾਇਦੇ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਜੱਗ ਜ਼ਾਹਰ ਹੈ..ਤੁਹਾਡਾ ਕੁੱਤਾ ਟੌਮੀ ਤੇ ਸਾਡਾ ਕੁੱਤਾ ਵਿਚਾਰਾ ਕੁੱਤਾ!..ਕਰੋੜਾਂ ਦੀ ਟਰਨਓਵਰ ਵਾਲੇ ਵਪਾਰੀ ਸੱਜਣੋ! ਕਿਸਾਨ ਨੂੰ ਲਾਹਨਤ ਪਾਉਣ ਤੋਂ ਪਹਿਲਾਂ ਕਦੇ ਆਪਣੇ ਅੰਦਰ ਝਾਤੀ ਮਾਰ ਲਓ..ਕਿੱਥੇ ਕਿੱਥੇ ਸਿਆਸਤਦਾਨਾਂ ਨਾਲ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ, ਇਹ ਗੱਲਾਂ ਹੁਣ ਛੁਪੀਆਂ ਨਹੀਂ ਰਹੀਆਂ..ਬਾਹਲੀਆਂ ਤੱਤੀਆਂ ਗੱਲਾਂ ਕਰਕੇ ਲੋਕਾਂ ਨੂੰ ਜਜ਼ਬਾਤੀ ਕਰਨ ਵਾਲੇ ਮੇਰੇ ਤੱਤੇ ਵੀਰਿਓ, ਕਦੇ ਉਨ੍ਹਾਂ ਮਾਵਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਦੇਖਿਓ, ਜਿਹੜੀਆਂ ਅੱਜ ਵੀ ਬੇਸਹਾਰਾ ਕੇਂਦਰਾਂ ‘ਚ ਬੈਠੀਆਂ ਇਹ ਸੋਚਦੀਆਂ ਨੇ ਕੇ ਰੁਜ਼ਗਾਰ ਦੀ ਖ਼ਾਤਰ ਲੜਦਾ ਮੇਰਾ ਪੁੱਤ ਕਿਉਂ ਮਰ ਗਿਆ..ਹਰ ਸਹੂਲਤ ਮਾਣਦੇ ‘ਸੁਖ ਰਹਿਣੇ ਲੋਕੋ,’ ਕਦੀ ਪਿੰਡਾਂ ਵੱਲ ਗੇੜਾ ਮਾਰਿਓ.. ਉਹਨਾਂ ਲੋਕਾਂ ਦੇ ਘਰਾਂ ‘ਚ ਜਾਇਓ.. ਕਿਸਾਨਾਂ ਮਜ਼ਦੂਰਾਂ ਦੇ ਵਿਹੜੇ ‘ਚ ਜਾਇਓ.. ਤੁਹਾਨੂੰ ਪਤਾ ਲੱਗ ਜਾਏਗਾ, ਕਿੰਨੀ ਸਖ਼ਤ ਜ਼ਿੰਦਗੀ ਜੀਅ ਰਹੇ ਨੇ ਲੋਕ!
ਡਾਹਢਿਆਂ ਨਾਲ ਲੜਾਈ ਲੜਦੇ ਲੋਕ ਜੇ ਅੱਜ ਸੀਲੋ ਕੰਪਨੀ ਦੇ ਸਾਹਮਣੇ ਟਰਾਲੀਆਂ ਦੀ ਕਤਾਰਾਂ ਖੜ੍ਹੀਆਂ ਕਰਦੇ, ਹਾਰੇ ਹੋਏ ਨਜ਼ਰ ਆ ਰਹੇ ਨੇ.. ਤਾਂ ਉਸ ਹਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਯਾਰੋ… ਇਹ ਸਮਝੋ ਕਿ ਲੜਾਈ ਕਿੱਥੇ ਹੈ.. ਕਿੱਡੀ ਔਖੀ ਹੈ.. ਤਾਅਨੇ ਨਾ ਮਾਰੋ! ਜੇ ਕੁਝ ਕਰ ਸਕਦੇ ਹੋ ਤਾਂ ਇਹ ਕਰੋ.. ਸਮਝੋ ਤੇ ਸਮਝਾਓ ਕਿ ਕਿਸਾਨ ਤੇ ਮਜ਼ਦੂਰ ਨਿੱਕੇ ਨਿੱਕੇ ਸਮਝੌਤਿਆਂ ਲਈ ਮਜਬੂਰ ਕਿਉਂ ਹੈ..ਇੱਥੇ ਤਾਂ ਮਜਬੂਰੀਆਂ ਬਹੁਤ ਸਖ਼ਤ ਨੇ.. ਗ਼ਰੀਬ ਵਿਹੜਿਆਂ ‘ਚ ਰਹਿੰਦੀਆਂ ਔਰਤਾਂ ਆਪਣੇ ਬੱਚਿਆਂ ਦਾ ਢਿੱਡ ਪਾਲਣ ਲਈ ਵੱਡਿਆਂ ਦੇ ਬਿਸਤਰ ਤੱਕ ਪਹੁੰਚਣ ਲਈ ਮਜਬੂਰ ਹੋ ਜਾਂਦੀਆਂ ਨੇ.. ਕੀ ਤੁਸੀਂ ਉਨ੍ਹਾਂ ਦੀ ਵੀ ਨਿੰਦਾ ਕਰੋਗੇ?? ਨਿੰਦਕ ਬਣਨ ਤੋਂ ਪਹਿਲਾਂ ਸਮਝਦਾਰ ਬਣੋ ਯਾਰੋ…ਸਥਿਤੀ ਨੂੰ ਧੁਰ ਅੰਦਰ ਤਕ ਸਮਝਣ ਦੀ ਕੋਸ਼ਿਸ਼ ਕਰੋ.. ਫਿਰ ਮਿਲ ਕੇ ਕੁਝ ਕਰ ਲਵਾਂਗੇ!
ਆਪਣਿਆਂ ਹੱਥੋਂ ਪ੍ਰੇਸ਼ਾਨ
ਸਾਹਿਬ ਸਿੰਘ