ਸਮੇਂ ਸਮੇਂ ਦੀ ਗੱਲ !!!!!

(ਜਸਪਾਲ ਜੱਸੀ)

(ਸਮਾਜ ਵੀਕਲੀ)

ਗੱਲਾਂ ਵੀ ਸੁਰਖ਼ ਸੀ।
ਬਾਤਾਂ ਵਿਚ ਜੁੱਰਅਤ ਸੀ।
ਸ਼ਬਦ ਵੀ ਚੌਂਦੇ ਸੀ।
ਲਾਲ਼ ਰੰਗ ਵਿਚ ਸਾਰੇ।।

ਕੁਝ ਕਾਲ਼ੀਆਂ ਰਾਤਾਂ ਸੀ।
ਕੁਝ ਉਲਝੀਆਂ ਬਾਤਾਂ ਸੀ।
ਇੱਕ ਦੀਵਾ ਜਗਦਾ ਸੀ।
ਮੰਜ਼ਿਲ ਤੇ ਜਾਣ ਲਈ।।

ਕੁਝ ਭੁੱਖੇ ਪੈ ‌ਗਏ ਸੀ।
ਕੁਝ ਛਿੱਥ੍ਹੇ ਪੈ ਗਏ ਸੀ।
ਕੁਝ ਪੇਟ ਦੀ ਅੱਗ ਅੱਗੇ।
ਢਿੱਡ ਫੜ ਕੇ ਬਹਿ ਗਏ ਸੀ।।

ਕੁਝ ਧਰਮੀ ਹੋ ਗਏ ਸੀ।
ਕੁਝ ਕਰਮੀਂ ਹੋ ਗਏ ਸੀ।
ਕੁਝ ਬੈਠੀਆਂ ਲਹਿਰਾਂ ਸੰਗ।
ਮੱਠੇ ਜਿਹੇ ਪੈ ਗਏ ਸੀ।।

ਕੁਝ ਦਿਮਾਗ਼ ਤੋਂ ਮਰ ਗਏ ਸੀ।
ਕੁਝ ਜਿਸਮੀਂ ਠਰ ਗਏ ਸੀ।
ਕੁਝ ਬਲਦੇ ਸਿਵਿਆਂ ਦੀ।
ਅੱਗ ਤੋਂ ‌ਡਰ ਗਏ ਸੀ।।

ਅੱਜ ਘਰ ਤੋਂ ਨਿਕਲਿਆ ਸੀ।
ਲੱਭਣ ਲਈ ਸੱਜਣਾਂ ਨੂੰ।
ਕੁਝ ਪੁਜਾਰੀ ਹੋ ਗਏ ਸੀ।
ਕੁਝ ਪਾਠੀ ਬਣ ਗਏ ਸੀ।।

ਅੱਜ ਬੁੱਧ ਸਿਓਂ ਪੁੱਛ ਰਿਹਾ ਸੀ।
ਬਾਕੀ ਕੀ ਕਰਦੇ ਨੇ ?
ਮੈਂ ਕਿਹਾ,”‌‌
ਕਦੇ ਕੁਝ ਟਿਮਟਿਮਾਉਂਦੇ ਨੇ।
ਕੁਝ ਹੌਂਕੇ ਜਿਹੇ ਭਰਦੇ ਨੇ।
ਕੁਝ ਰਾਜਨੀਤਕਾਂ ਦੇ ਅੱਗੇ।
ਤਰਲੇ ਜਿਹੇ ਭਰਦੇ ਨੇ।

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਪੱਟਾ ਤੇਰਾ ਸੱਤ ਰੰਗ ਦਾ..
Next articleMystery behind Telangana nurse’s murder solved as brother-in-law arrested