ਬਹੁਤ ਜ਼ਰੂਰੀ ਹੈ ਕਿ ਖੇਤਾਂ ਦੇ ਨਿਰੀਖਣ ਕਰਨ ਦੇ ਤੁਰੰਤ ਕਿਸਾਨਾਂ ਦੀਆਂ ਜੇਬਾਂ ਵਿਚ ਪੈਸਾ ਵੀ ਪਵੇ 

ਡਾਕਟਰੀ ਟੀਮ ਨੇ ਫ਼ਰੀਦਕੋਟ ਤੇ ਕੋਟਕਪੂਰਾ ਬਲਾਕ ਦੇ ਖੇਤਾਂ ਦਾ ਕੀਤਾ ਨਿਰੀਖਣ
ਹਜ਼ਾਰਾਂ ਪਿੰਡ ਹਨ ਮੀਂਹ ਦੇ ਪਾਣੀਆਂ ਤੋਂ ਪ੍ਰਭਾਵਿਤ
ਫਰੀਦਕੋਟ/ਭਲੂਰ 16 ਜੁਲਾਈ (ਬੇਅੰਤ ਗਿੱਲ ਭਲੂਰ) ਤੇਜ਼ ਵਰ੍ਹੇ ਮੀਂਹ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ। ਜੇਕਰ ਵੇਖਿਆ ਜਾਵੇ ਤਾਂ ਕਿਸਾਨੀ ਨੁਕਸਾਨ ਵੱਡੇ ਪੱਧਰ ‘ਤੇ ਹੋਇਆ ਹੈ। ਕਈ ਥਾਵਾਂ ਉੱਪਰ ਤਾਂ ਫ਼ਸਲਾਂ ਦਾ ਬਿਲਕੁਲ ਸਫ਼ਾਇਆ ਹੋ ਚੁੱਕਾ ਹੈ। ਦੋ ਢਾਈ ਕਿੱਲਿਆਂ ਵਾਲਾ ਕਿਸਾਨ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਸ ਕੋਲ ਐਨੀ ਪੂੰਜੀ ਨਹੀਂ ਕਿ ਉਹ ਦੁਬਾਰਾ ਖੇਤ ਵਿੱਚ ਫ਼ਸਲ ਬੀਜ ਸਕੇ। ਉਸ ਨੇ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਆਪਣੇ ਖੇਤ ਵਿੱਚ ਫ਼ਸਲ ਖੜੀ ਕੀਤੀ ਸੀ। ਹੁਣ ਆਮ ਆਦਮੀ ਪਾਰਟੀ ਰੌਲਾ ਤਾਂ ਪਾ ਰਹੀ ਹੈ ਕਿ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਹੋਵੇਗੀ। ਮੀਂਹ ਨਾਲ ਪ੍ਰਭਾਵਿਤ ਖੇਤਾਂ ਦੇ ਦੌਰੇ ਵੀ ਕੀਤੇ ਜਾ ਰਹੇ ਹਨ ਪਰ ਸਵਾਲ ਤਾਂ ਇਹ ਹੈ ਕਿ ਸਰਵੇਖਣਾ ਤੋਂ ਕਿੰਨੇ ਦਿਨਾਂ ਮਗਰੋਂ ਕਿਸਾਨਾਂ ਦੀ ਜੇਬ ਵਿੱਚ ਪੈਸਾ ਆਵੇਗਾ ? ਕਿਉਂਕਿ ਕਿ ਪਿਛਲੀਆਂ ਸਰਕਾਰਾਂ ਦੇ ਸਤਾਏ ਕਿਸਾਨ ਆਖ ਰਹੇ ਹਨ ਕਿ ਇਕੱਲੇ ਨਿਰੀਖਣਾਂ ਦਾ ਕੀ ਕਰੀਏ। ਕਿਸਾਨਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਇਹੀ ਹੁੰਦਾ ਹੈ ਕਿ ਖੇਤਾਂ ਦੇ ਨਿਰੀਖਣ ਤਾਂ ਕਰ ਲਏ ਜਾਂਦੇ ਹਨ, ਪ੍ਰੰਤੂ ਮਿਲਦਾ ਕਿਸਾਨਾਂ ਨੂੰ ਧੇਲਾ ਵੀ ਨਹੀਂ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਕਿਸਾਨਾਂ ਦੇ ਘਰਾਂ ਵਿੱਚ ਮਜ਼ਾਕ ਉਡਾਉਣ ਵਾਲੇ ਚੈੱਕ ਆ ਜਾਂਦੇ ਹਨ। ਜਿੰਨ੍ਹਾਂ ਪੈਸਿਆਂ ਨਾਲ ਤੂੜੀ ਦੀ ਪੰਡ ਵੀ ਖ੍ਰੀਦੀ ਨਹੀਂ ਜਾ ਸਕਦੀ।ਇਸ ਲਈ ਆਮ ਆਦਮੀ ਪਾਰਟੀ ਨੂੰ ਅਪੀਲ ਹੈ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਮਜ਼ਾਕ ਨਾ ਕੀਤਾ ਜਾਵੇ ਅਤੇ ਜਲਦ ਨੁਕਸਾਨ ਦੀ ਭਰਪਾਈ ਹੋਵੇ। ਖ਼ਬਰ ਮਿਲੀ ਹੈ ਫਰੀਦਕੋਟ ਦੇ ਕਈ ਪਿੰਡਾਂ ਵਿਚ ਖੇਤਾਂ ਦਾ ਸਰਵੇਖਣ ਹੋਇਆ ਹੈ। ਪਤਾ ਲੱਗਾ ਕਿ ਜਿਲ੍ਹਾ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਡਾ. ਰੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਬੀਜ) ਅਤੇ ਡਾ. ਖੁਸ਼ਵੰਤ ਸਿੰਘ ਡੀ.ਪੀ.ਡੀ. ਆਤਮਾ ਵੱਲੋਂ ਬਲਾਕ ਫਰੀਦਕੋਟ ਅਤੇ ਬਲਾਕ ਕੋਟਕਪੂਰਾ ਦੇ ਮੀਂਹ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਦੀਆਂ ਟੀਮਾਂ ਵੱਲੋਂ ਵੀ ਮੀਂਹ ਪ੍ਰਭਾਵਿਤ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈੇ, ਜਿਸ ਵਿੱਚ ਹੁਣ ਤੱਕ ਅੰਦਾਜਨ 2300 ਏਕੜ ਰਕਬਾ ਪ੍ਰਭਾਵਿਤ ਪਾਇਆ ਗਿਆ ਹੈ। ਬਲਾਕ ਫਰੀਦਕੋਟ ਦੇ ਪਿੰਡ ਕੰਮੇਆਣਾ ਫਰੀਦਕੋਟ ਦਿਹਾਤੀ (ਭੋਲੂਵਾਲਾ ਰੋਡ), ਰੱਤੀ ਰੋੜੀ, ਦਾਨਾ ਰੋਮਾਣਾ, ਚਹਿਲ, ਬੀੜ ਚਹਿਲ, ਧੂੜਕੋਟ, ਮੰਡਵਾਲਾ, ਕੋਟਸੁਖੀਆ, ਬੀਹਲੇਵਾਲਾ, ਚੱਕ ਕਾਲਾ ਤੋਲਾ, ਪੱਖੀ, ਭਾਗਥਲਾ ਅਤੇ ਬਲਾਕ ਕੋਟਕਪੂਰਾ ਦੇ ਪਿੰਡ ਸੰਧਵਾਂ, ਢਿੱਲਵਾਂ ਕਲਾਂ, ਪੰਜਗਰਾਂਈ ਕਲਾਂ, ਦੇਵੀ ਵਾਲਾ, ਕੋਟਕਪੂਰਾ ਦਿਹਾਤੀ ਸਮੇਤ ਲੱਗਭਗ 25 ਪਿੰਡ ਜਿਆਦਾ ਪ੍ਰਭਾਵਿਤ ਪਾਏ ਗਏ ਹਨ। ਇਨਾਂ ਪ੍ਰਭਾਵਿਤ ਖੇਤਾਂ ਵਿੱਚ ਹੁਣ ਪਾਣੀ ਦੀ ਨਿਕਾਸੀ ਹੋ ਰਹੀ ਹੈ ਅਤੇ ਅੰਦਾਜਨ 1300 ਏਕੜ ਰਕਬਾ ਜਿਆਦਾ ਪ੍ਰਭਾਵਿਤ ਹੈ, ਜਿੱਥੇ ਦੁਬਾਰਾ ਫਸਲ ਦੀ ਬਿਜਾਈ ਕਰਨ ਦੀ ਲੋੜ ਹੋਵੇਗੀ।
ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਫਰੀਦਕੋਟ ਵੱਲੋਂ ਝੋਨੇ ਅਤੇ ਬਾਸਮਤੀ ਦੀ ਪਨੀਰੀ ਬਿਜਵਾਈ ਜਾ ਰਹੀ ਹੈ ਅਤੇ ਜਿਸ ਕਿਸੇ ਕਿਸਾਨ ਵੀਰ ਨੂੰ ਪਨੀਰੀ ਜਾਂ ਬੀਜ ਦੀ ਲੋੜ ਹੈ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇ ਕਿਸਾਨ ਵੀਰਾਂ ਦੇ ਨਰਮੇਂ ਦੇ ਖੇਤਾਂ ਵਿੱਚ ਪੈਰਾਵਿਲਟ ਦੀ ਸਮੱਸਿਆ ਆ ਰਹੀ ਹੈ ਤਾਂ ਉਹ ਕਿਸਾਨ ਵੀਰ ਵੀ ਵਿਭਾਗ ਪਾਸੋਂ ਮੁਫਤ ਕੋਬਾਲਟ ਕਲੋਰਾਈਡ ਪ੍ਰਾਪਤ ਕਰਕੇ ਆਪਣੇ ਖੇਤਾਂ ਵਿੱਚ ਇਸਦੀ ਸਪਰੇਅ ਕਰ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰਟ ਆਫ ਲਿਵਿੰਗ ਵੱਲੋਂ ਹੜ੍ਹ ਪ੍ਰਭਾਵਿਤ  ਖੇਤਰਾਂ ਲਈ ਰਾਹਤ ਸਮੱਗਰੀ ਰਵਾਨਾ 
Next articleਮਿੰਨੀ ਲਿਖਤ