(ਸਮਾਜ ਵੀਕਲੀ) ਵਰਤਮਾਨ ਸਮੇਂ ਬੱਚਿਆਂ ਵਿੱਚ ਕਈ ਅਜਿਹੀਆਂ ਆਦਤਾਂ ਦੇਖਣ ਨੂੰ ਮਿਲ ਰਹੀਆਂ ਹਨ ਜੋ ਉਨ੍ਹਾਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹਨ ਜਿਵੇਂ ਬੱਚੇ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਫੋਨ, ਟੈਬਲੇਟ ਅਤੇ ਕੰਪਿਊਟਰ ‘ਤੇ ਗੇਮਾਂ ਖੇਡਣ ਜਾਂ ਵੀਡੀਓ ਦੇਖਣ ਵਿੱਚ ਬਿਤਾਉਂਦੇ ਹਨ। ਇਸ ਨਾਲ ਉਨ੍ਹਾਂ ਦੀਆਂ ਅੱਖਾਂ ‘ਤੇ ਬੁਰਾ ਅਸਰ ਪੈਂਦਾ ਹੈ ਅਤੇ ਸਰੀਰਕ ਗਤੀਵਿਧੀਆਂ ਘੱਟ ਜਾਂਦੀਆਂ ਹਨ।ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਉਨ੍ਹਾਂ ਨੂੰ ਸਾਈਬਰ ਬੁਲਿੰਗ, ਗਲਤ ਜਾਣਕਾਰੀ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਬਣਾ ਸਕਦਾ ਹੈ।ਕਾਰਟੂਨ ਅਤੇ ਹੋਰ ਪ੍ਰੋਗਰਾਮ ਦੇਖਣ ਵਿੱਚ ਬੱਚੇ ਇੰਨੇ ਲੀਨ ਹੋ ਜਾਂਦੇ ਹਨ ਕਿ ਉਹ ਬਾਹਰੀ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਤੋਂ ਦੂਰ ਹੋ ਜਾਂਦੇ ਹਨ। ਬੱਚਿਆਂ ਨੂੰ ਇਹਨਾਂ ਬੁਰੀਆਂ ਆਦਤਾਂ ਦੇ ਜਾਲ ਵਿੱਚੋਂ ਕੱਢ ਕੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਯੋਗ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਸਰੀਰਕ ਸਿਹਤ ਲਈ ਹੀ ਨਹੀਂ, ਬਲਕਿ ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸਥਿਰਤਾ ਲਈ ਵੀ ਲਾਹੇਵੰਦ ਹੈ। ਯੋਗ ਦੇ ਬੱਚਿਆਂ ਲਈ ਫਾਇਦਿਆਂ ਦੀ ਜੇਕਰ ਗੱਲ ਕਰੀਏ ਤਾਂ ਯੋਗ ਆਸਣ ਬੱਚਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ, ਲਚਕਤਾ ਵਧਾਉਂਦੇ ਹਨ ਅਤੇ ਸਰੀਰਕ ਤਾਲਮੇਲ ਨੂੰ ਬਿਹਤਰ ਬਣਾਉਂਦੇ ਹਨ। ਯੋਗ ਬੱਚਿਆਂ ਦੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਵੀ ਸੁਧਾਰ ਹੁੰਦਾ ਹੈ। ਅੱਜਕੱਲ੍ਹ ਬੱਚਿਆਂ ਵਿੱਚ ਵੀ ਤਣਾਅ, ਚਿੜਚਿੜਾਪਣ ਅਤੇ ਚਿੰਤਾ ਦੇ ਮਾਮਲੇ ਵੱਧ ਰਹੇ ਹਨ। ਯੋਗ ਉਨ੍ਹਾਂ ਨੂੰ ਸ਼ਾਂਤ ਰਹਿਣ, ਤਣਾਅ ਮੁਕਤ ਕਰਨ ਅਤੇ ਭਾਵਨਾਵਾਂ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਯੋਗ ਬੱਚਿਆਂ ਨੂੰ ਆਪਣੇ ਸਰੀਰ ਅਤੇ ਮਨ ਨਾਲ ਜੁੜਨ ਦਾ ਮੌਕਾ ਦਿੰਦਾ ਹੈ, ਜੋ ਉਨ੍ਹਾਂ ਦੀ ਰਚਨਾਤਮਕਤਾ ਅਤੇ ਕਲਪਨਾ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਯੋਗ ਕਰਨ ਨਾਲ ਬੱਚਿਆਂ ਨੂੰ ਚੰਗੀ ਅਤੇ ਡੂੰਘੀ ਨੀਂਦ ਆਉਂਦੀ ਹੈ, ਜੋ ਉਨ੍ਹਾਂ ਦੇ ਸਿਹਤਮੰਦ ਵਿਕਾਸ ਲਈ ਜ਼ਰੂਰੀ ਹੈ। ਬੱਚਿਆਂ ਨੂੰ ਯੋਗ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜੇਕਰ ਸੰਭਵ ਹੋਵੇ, ਤਾਂ ਬੱਚਿਆਂ ਨੂੰ ਕਿਸੇ ਯੋਗ ਇੰਸਟ੍ਰਕਟਰ ਕੋਲ ਭੇਜੋ ਜੋ ਬੱਚਿਆਂ ਨੂੰ ਯੋਗ ਸਿਖਾਉਣ ਵਿੱਚ ਮਾਹਰ ਹੋਵੇ। ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਯੋਗ ਨੂੰ ਸ਼ਾਮਲ ਕਰਨਾ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰੇਗਾ।
ਜਤਿੰਦਰ ਸ਼ਰਮਾ
9501475400



