ਗੱਲ ਕਾਇਦੇ ਕਾਨੂੰਨ ਮੰਨਣ ਦੀ ਹੋ ਰਹੀ ਏ….

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)- ਦੋ ਕੁ ਦਿਨ ਪਹਿਲਾਂ ਸਾਨੂੰ ਖ਼ਬਰ ਸੁਣਨ ਨੂੰ ਮਿਲੀ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਸੀਟ ਬੈਲਟ ਨਾ ਪਾਏ ਹੋਣ ਕਾਰਨ ਉਥੋਂ ਦੀ ਪੁਲਿਸ ਨੇ ਉਹਨਾਂ ਦਾ ਚਾਲਾਨ ਕੱਟਿਆ ਹੈ। ਪ੍ਰਧਾਨ ਮੰਤਰੀ ਸ੍ਰੀ ਰਿਸ਼ੀ ਸੂਨਕ ਨੇ ਜਨਤਕ ਤੌਰ ਤੇ ਮਾਫ਼ੀ ਵੀ ਮੰਗੀ ਹੈ ਤੇ ਸੌ ਪੌਂਡ ਜੁਰਮਾਨਾ ਵੀ ਭਰਿਆ ਹੈ। ਗੱਲ ਕਾਇਦੇ-ਕਾਨੂੰਨ ਦੇ ਮੰਨਣ ਦੀ ਹੁੰਦੀ ਹੈ। ਅਸੀਂ ਸਾਰੇ ਜਾਣਦੇ ਵੀ ਹਾਂ ਕਿ ਵਿਦੇਸ਼ਾਂ ਵਿੱਚ ਸਖ਼ਤ ਕਾਨੂੰਨ ਹਨ। ਇੱਥੋਂ ਤੱਕ ਕਿ ਉੱਥੇ ਤਾਂ ਉਮਰ ਕੈਦ ਤੱਕ ਵੀ ਹੋ ਜਾਂਦੀ ਹੈ, ਜੋ ਨਿਯਮਾਂ ਦੇ ਮੁਤਾਬਕ ਨਹੀ ਚੱਲਦਾ। ਜ਼ਿਆਦਾਤਰ ਸੜਕ ਹਾਦਸੇ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਨ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਸੜਕ ਹਾਦਸਿਆਂ ਵਿੱਚ ਜਾ ਰਹੀਆਂ ਹਨ। ਕੁੱਝ ਕੁ ਦਿਨ ਪਹਿਲਾਂ ਹੀ ਪੰਜਾਬ ਪੁਲੀਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ” ਰੋਡ ਸੇਫਟੀ ਵੀਕ ” ਵੀ ਮਨਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲਾਂ, ਕਾਲਜਾਂ ਵਿੱਚ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੈਮੀਨਾਰ ਵੀ ਕਰਵਾਏ ਗਏ। ਸਾਹਿਤਕਾਰਾਂ ਵੱਲੋਂ ਅਖਬਾਰਾਂ ਵਿੱਚ ਹਰ ਰੋਜ਼ ਪਤਾ ਨਹੀਂ ਟ੍ਰੈਫਿਕ ਨਿਯਮਾਂ ਨੂੰ ਮੰਨਣ ਲਈ ਕਿੰਨੇ ਹੀ ਲੇਖ ਅਸੀਂ ਪੜਦੇ ਹਾਂ। ਕਹਿਣ ਦਾ ਮਤਲਬ ਹੈ ਕਿ ਪੂਰਾ ਹਫ਼ਤਾ ਟ੍ਰੈਫਿਕ ਨਿਯਮਾਂ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਅਕਸਰ ਦੇਖਿਆ ਵੀ ਜਾਂਦਾ ਹੈ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ। ਨਿਯਮਾਂ ਨੂੰ ਛਿੱਕੇ ਟੰਗ ਕੇ ਗੱਡੀ ਚਲਾਉਂਦੇ ਹਨ। ਜ਼ਿਆਦਾਤਰ ਨੌਜਵਾਨ ਟ੍ਰੈਫਿਕ ਨਿਯਮਾਂ ਨੂੰ ਨਹੀਂ ਮੰਨਦੇ। ਲਾਲ ਬੱਤੀ ਵਿੱਚ ਹੀ ਗੱਡੀ ਨੂੰ ਕਰੋਸ ਕਰ ਲੈਂਦੇ ਹਨ।ਗੱਡੀ ਚਲਾਉਣ ਦਾ ਉਹਨਾਂ ਅੰਦਰ ਨਵਾਂ-ਨਵਾਂ ਜੋਸ਼ ਹੁੰਦਾ ਹੈ। ਲਾਇਸੰਸ ਤੱਕ ਵੀ ਨਹੀਂ ਬਣਿਆ ਹੁੰਦਾ। ਮਾਂ ਬਾਪ ਵੀ ਕੁਝ ਹੱਦ ਤੱਕ ਕਸੂਰਵਾਰ ਹੁੰਦੇ ਹਨ, ਜੋ ਆਪਣੇ ਬੱਚਿਆਂ ਨੂੰ ਬਿਨਾਂ ਲਾਈਸੰਸ ਤੋਂ ਗੱਡੀ ਚਲਾਉਣ ਦੀ ਇਜਾਜ਼ਤ ਦੇ ਦਿੰਦੇ ਹਨ। ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਜਿੱਦ ਅੱਗੇ ਕਦੇ ਵੀ ਨਹੀਂ ਝੁੱਕਣਾ ਚਾਹੀਦਾ। ਕੁੱਝ ਕੁ ਦਿਨ ਪਹਿਲਾਂ ਖ਼ਬਰ ਪੜ੍ਹੀ ਕਿ ਟ੍ਰੈਫਿਕ ਮੁਲਾਜ਼ਮ ਨੇ ਗੱਡੀ ਨੂੰ ਰੋਕਣਾ ਚਾਹਿਆ ਤੇ ਉਸ ਬੰਦੇ ਨੇ ਗੱਡੀ ਰੋਕਣ ਦੀ ਬਜਾਏ ਤੇਜ਼ ਕਰਕੇ ਗੱਡੀ ਨੂੰ ਟ੍ਰੈਫਿਕ ਮੁਲਾਜ਼ਮ ਤੇ ਹੀ ਹੀ ਚੜ੍ਹਾ ਦਿੱਤਾ। ਸਾਡੇ ਇੱਥੇ ਤਾਂ ਇੰਨਾ ਬੁਰਾ ਹਾਲ ਹੈ ਕਿ ਜੇ ਪੁਲਿਸ ਮੁਲਾਜ਼ਮ ਗੱਡੀ ਰੋਕ ਵੀ ਲੈਂਦਾ ਹੈ ਤਾਂ ਲੋਕ ਉਸ ਦੀ ਵਰਦੀ ਨੂੰ ਹੱਥ ਤੱਕ ਪਾ ਲੈਂਦੇ ਹਨ। ਲੋਕ ਆਪਣੀ ਗਲਤੀ ਤੱਕ ਨਹੀਂ ਮੰਨਦੇ। ਇਕ ਤਾਂ ਕਾਨੂੰਨ ਤੋੜਦੇ ਹਨ ਤੇ ਦੂਜਾ ਰੁੱਕਦੇ ਵੀ ਨਹੀਂ ਹਨ। ਜੇ ਸਾਡੇ ਇੱਥੇ ਕਿਸੇ ਬੰਦੇ ਨੂੰ ਪੁਲਿਸ ਰੋਕ ਵੀ ਲੈਂਦੀ ਹੈ , ਜੋ ਕਾਨੂੰਨ ਦੇ ਮੁਤਾਬਕ ਗੱਡੀ ਨਹੀਂ ਚਲਾਉਂਦਾ, ਤਾਂ ਬੰਦਾ ਗੱਡੀ ਵਿਚੋਂ ਉਤਰ ਕੇ ਕਹਿੰਦਾ ਹੈ ਕਿ ਆਹ ਲਓ ਸਾਹਿਬ! ਜੀ ਫੋਨ ਤੇ ਗੱਲ ਕਰੋ। ਮੈਂ ਫਲਾਣੇ ਮੰਤਰੀ ਦਾ ਖਾਸ ਬੰਦਾ ਹਾਂ। ਜਾਂ ਟਮਕਾਣਾ ਪੁਲੀਸ ਅਫ਼ਸਰ ਮੇਰਾ ਭਰਾ ਹੈ। ਫਿਰ ਉਹ ਪੁਲਿਸ ਮੁਲਾਜ਼ਮ ਬੇਵੱਸ ਹੋ ਕੇ ਉਸ ਬੰਦੇ ਨੂੰ ਛੱਡ ਦਿੰਦੇ ਹਨ।ਉਸ ਮੁਲਾਜ਼ਮ ਨੂੰ ਡਰ ਵੀ ਹੁੰਦਾ ਹੈ ਕਿ ਕਿਤੇ ਮੇਰੀ ਦੂਰ ਦੀ ਬਦਲੀ ਨਾ ਹੋ ਜਾਵੇ, ਜੇ ਇਸ ਬੰਦੇ ਦਾ ਮੈਂ ਚਲਾਨ ਕੱਟ ਦਿੱਤਾ। ਅਕਸਰ ਕਈ ਵਾਰ ਤਾਂ ਅਸੀਂ ਚਲਾਨ ਤੋਂ ਬਚਣ ਲਈ ਪੁਲਿਸ ਵਾਲਿਆਂ ਦੀ ਮੁੱਠੀ ਵੀ ਗਰਮ ਕਰ ਦਿੰਦੇ ਹਾਂ। ਭ੍ਰਿਸ਼ਟਾਚਾਰ ਦਾ ਵੀ ਬਹੁਤ ਜ਼ਿਆਦਾ ਬੋਲ-ਬਾਲਾ ਹੈ । ਹੁਣ ਤੱਕ ਮਾਨ ਸਰਕਾਰ ਨੇ ਪਤਾ ਨਹੀਂ ਕਿੰਨੇ ਹੀ ਭਿ੍ਸ਼ਟ ਅਧਿਕਾਰੀਆਂ ਨੂੰ ਕਾਬੂ ਕੀਤਾ ਹੈ। ਹਰ ਰੋਜ਼ ਕੋਈ ਨਾ ਕੋਈ ਕਿਸੇ ਵਿਭਾਗ ਦਾ ਅਧਿਕਾਰੀ ਭ੍ਰਿਸ਼ਟਾਚਾਰ ਹੇਠ ਵਿਜੀਲੈਂਸ ਵੱਲੋਂ ਫੜਿਆ ਜਾਂਦਾ ਹੈ । ਇਹ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ,ਜੋ ਭਿ੍ਸ਼ਟ ਕਰਮਚਾਰੀ ਅਧਿਕਾਰੀਆਂ ਨੂੰ ਨੱਥ ਪਾਈ ਜਾ ਰਹੀ ਹੈ। ਜੇ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਉੱਥੇ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਹਨ। ਸਿਕਊਰਟੀ ਸਿਸਟਮ ਬਹੁਤ ਚੰਗਾ ਹੈ। ਜੇ ਕੋਈ ਬੰਦਾ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਹੈ, ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਗੱਡੀ ਚਲਾਉਂਦਾ ਹੈ ,ਤਾਂ ਉਸ ਦੀ ਤਸਵੀਰ ਕੈਮਰੇ ਵਿਚ ਕੈਦ ਹੋ ਜਾਂਦੀ ਹੈ । ਫਿਰ ਉਸ ਦਾ ਓਨਲਾਈਨ ਚਾਲਾਨ ਘਰ ਪੁੱਜ ਜਾਂਦਾ ਹੈ ।ਇਥੋਂ ਤੱਕ ਕਿ ਡਰਾਈਵਿੰਗ ਲਾਇਸੰਸ ਵੀ ਰੱਦ ਕੀਤਾ ਜਾਂਦਾ ਹੈ। ਉਸ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ।ਸਾਡੇ ਇੱਥੇ ਇਮਾਨਦਾਰ ਅਫਸਰਾਂ ਦੀ ਵੀ ਘਾਟ ਨਹੀਂ ਹੈ। ਕੁੱਝ ਸਮਾਂ ਪਹਿਲਾਂ ਖ਼ਬਰ ਵੀ ਸੁਣਨ ਨੂੰ ਮਿਲੀ ਸੀ ਕਿ ਫਲਾਣੇ ਪੁਲਿਸ ਅਧਿਕਾਰੀ ਨੇ ਕਿਸੇ ਮੰਤਰੀ ਦੀ ਗੱਡੀ ਰੋਕ ਲਈ ਤੇ ਨਿਯਮਾਂ ਦੀ ਉਲੰਘਣਾ ਕਰਨ ਤੇ ਉਸ ਗੱਡੀ ਦਾ ਚਲਾਨ ਵੀ ਕੱਟਿਆ ਗਿਆ। ਕੁਝ ਘੰਟਿਆਂ ਬਾਅਦ ਉਸ ਅਫ਼ਸਰ ਦੀ ਬਦਲੀ ਹੋ ਗਈ। ਪੁਲਿਸ ਪ੍ਰਸ਼ਾਸਨ ਨੂੰ ਜੋ ਬੰਦਾ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਹੈ ,ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਂਕਿ ਕੇਂਦਰ ਸਰਕਾਰ ਰਾਹੀਂ ਸੂਬਾ ਸਰਕਾਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖਤ ਧਾਰਾਵਾਂ ਲਾ ਕੇ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਹੈ। ਤਾਂ ਜੋ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋ ਸਕੇ।ਵਿਚਾਰਨ ਵਾਲੀ ਗੱਲ ਹੈ ਕਿ ਜੇ ਕਾਇਦੇ ਕਾਨੂੰਨ ਦੀ ਚੰਗੀ ਤਰ੍ਹਾਂ ਪਾਲਣਾ ਹੋਵੇ ਤਾਂ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਆਪਣੇ-ਆਪ ਨਿਬੇੜਾ ਹੋ ਜਾਵੇਗਾ। ਇਹ ਸਾਡੇ ਸਾਰਿਆਂ ਲਈ ਇੱਕ ਤਰ੍ਹਾਂ ਨਾਲ ਨਸੀਹਤ ਵੀ ਹੈ। ਅੱਜ ਲੋੜ ਹੈ ਕਾਨੂੰਨ ਦੇ ਮੁਤਾਬਕ ਚੱਲਣ ਦੀ।

ਸੰਜੀਵ ਸਿੰਘ ਸੈਣੀ, ਮੋਹਾਲੀ 7888966168

Previous articleआज गणतंत्र दिवस 26 जनवरी के उपलक्ष में…..
Next articleIND v NZ, 1st T20I: We ended up giving 25 runs more than par, says Hardik Pandya