(ਸਮਾਜ ਵੀਕਲੀ)-ਸੋਚਣ ਵਾਲੀ ਗੱਲ ਹੈ ਕਿ ਯੁੱਧ ਵਿੱਚ ਸੈਨਿਕ ਨਹੀਂ ਲੜਦੇ ਅਤੇ ਜਿੱਤਦੇ ਵੀ ਸੈਨਿਕ ਨਹੀਂ ਹਨ। ਸਿਰਫ਼ ਉਹਨਾਂ ਦਾ ਆਤਮ ਵਿਸ਼ਵਾਸ ਹੀ ਹੈ ,ਜੋ ਉਹਨਾਂ ਨੂੰ ਜਿਤਾਉਂਦਾ ਹੈ । ਆਪਣੇ ਆਤਮ ਵਿਸ਼ਵਾਸ ਨਾਲ਼ ਹੀ ਉਹ ਲੜਦੇ ਹਨ। ਇਤਿਹਾਸ ਕਹਿੰਦਾ ਹੈ, ਸਿਕੰਦਰ ਮਹਾਨ ਦੁਨੀਆਂ ਜਿੱਤਣ ਲਈ ਨਿਕਲਦਾ ਹੈ। ਸਿਕੰਦਰ ਤੋਂ ਉਹ ਹੀ ਰਾਜੇ ,ਮਹਾਰਾਜੇ ਹਾਰੇ ਜਿੰਨ੍ਹਾਂ ਕੋਲ਼ ਆਤਮ ਵਿਸ਼ਵਾਸ਼ ਨਹੀਂ ਸੀ।
ਆਤਮ ਵਿਸ਼ਵਾਸ ਨਾਲ ਭਰੇ ਅਚਾਰਿਆ ਚਾਣਕਿਆ ਦੀ ਇੱਕ ਹੀ ਲਲਕਾਰ ਦੇ ਨਾਲ਼ ਸਿਕੰਦਰ ਮਹਾਨ ਦੇ ਹੌਂਸਲੇ ਢਹਿ ਢੇਰੀ ਹੋ ਗਏ ਅਤੇ ਉਸ ਨੂੰ ਆਪਣਾ ਘੋੜਾ ਮੋੜਨਾ ਪਿਆ। ਸ਼ਾਇਦ ਉਸ ਦੇ ਮਨ ਵਿੱਚ ਪਹਿਲੀ ਵਾਰ ਇਹ ਵਿਚਾਰ ਆਇਆ ਕਿ ਭਾਰਤ ਨੂੰ ਜਿੱਤਣਾ ਮੁਸ਼ਕਿਲ ਹੀ ਨਹੀਂ ,ਅਸੰਭਵ ਵੀ ਹੈ । ਜਿੱਤਿਆ ਗੁਲਾਮਾਂ ਨੂੰ ਜਾਂਦਾ ਹੈ ,ਆਤਮ ਵਿਸ਼ਵਾਸ ਨਾਲ ਭਰੇ ਹੋਏ ਲੋਕਾਂ ਨੂੰ ਜਿੱਤਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਵੀ ਹੈ। ਅਸੰਭਵ ਨੂੰ ਸੰਭਵ ਬਣਾਉਣ ਵਾਲੇ ਅਤੇ ਜਨੂੰਨੀ ਲੋਕਾਂ ਨੇ ਹੀ ਇਤਿਹਾਸ ਰਚੇ ਨੇ। ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ, ਰੋਬਰਟ ਬੀਅਰ ਨੇ ਉੱਤਰੀ ਧਰੁਵ ਲੱਭਿਆ, ਮੈਗਲਿਨ ਪਹਿਲੀ ਵਾਰ ਸਮੁੰਦਰੀ ਤਲ ਤੇ ਪਹੁੰਚ ਜਾਂਦਾ ਹੈ,ਇਸੇ ਤਰਾਂ ਇਬਰਾਹੀਮ ਲਿੰਕਨ, ਵਾਸ਼ਿੰਗਟਨ, ਏ ਪੀ ਜੇ ਅਬਦੁਲ ਕਲਾਮ, ਬਰਾਕ ਹੁਸੈਨ ਓਬਾਮਾ,ਮਦਰ ਟੈਰੇਸਾ, ਆਦਿ ਜ਼ਿੰਦਗੀ ਦੇ ਕਾਮਯਾਬ ਨਾਇਕ ਨੇ। ਇਹ ਯਾਦ ਰਹੇ ਇਹਨਾਂ ਨੇ ਜ਼ਿੰਦਗੀ ਵਿੱਚ ਜੋ ਵੀ ਮੁਕਾਮ ਹਾਸਿਲ ਕੀਤਾ, ਉਸ ਜ਼ਮਾਨੇ ਵਿੱਚ ਕੋਈ ਬਹੁਤੀਆਂ ਸਹੂਲਤਾਂ ਨਹੀਂ ਸਨ । ਸੂਚਨਾ ਦੇ ਕੋਈ ਸਾਧਨ ਨਹੀਂ ਸਨ।, ਕੋਈ ਤਕਨੀਕ ਨਹੀਂ ਸੀ। ਕੋਈ ਪੈਸਾ ਬਹੁਤਾ ਨਹੀਂ ਸੀ। ਪਰ ਇਹਨਾਂ ਲੋਕਾਂ ਕੋਲ਼ ਕਮਾਲ ਦਾ ਆਤਮ ਵਿਸ਼ਵਾਸ ਸੀ। ਬ੍ਰਹਿਮੰਡ ਤੇ ਦੂਰ ਦੀ ਗੱਲ ਹੈ, ਲੋਕਾਂ ਨੂੰ ਧਰਤੀ ਬਾਰੇ ਵੀ ਬਹੁਤਾ ਪਤਾ ਨਹੀਂ ਸੀ। ਲੋਕਾਂ ਲਈ ਸਾਰੀ ਦੁਨੀਆ ਬੇਹੱਦ ਰਹੱਸਮਈ ਸੀ, ਜਦੋਂ ਤੱਕ ਕਾਪਰ ਨਿਕਸ ਨੇ ਸੂਰਜ ਮੰਡਲ ਬਾਰੇ ਨਹੀਂ ਦੱਸਿਆ। ਇਤਿਹਾਸਕ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ਕਿ ਆਤਮ ਵਿਸ਼ਵਾਸ ਵਿੱਚ ਬਹੁਤ ਸ਼ਕਤੀ ਹੈ। ਇਤਿਹਾਸ ਇੱਕ ਗੱਲ ਤੇ ਤਹਿ ਜ਼ਰੂਰ ਕਰ ਦਿੰਦਾ ਹੈ, ਲੋਕਾਂ ਦੀ ਪਰਵਾਹ ਕਰਨ ਵਾਲੇ ਕਿਸੇ ਕੰਮ ਦੇ ਨਹੀਂ ਹੁੰਦੇ ।
ਇਤਹਾਸ ਕਹਿੰਦਾ ਹੈ ,
ਹੋਇਆ ਇਉਂ ਕਿ ਸਿਕੰਦਰ ਦੇ ਹਮਲੇ ਦੀ ਗੱਲ ਸੁਣ ਕੇ ਇਸਤਰੀਆਂ, ਬੱਚੇ ਅਤੇ ਬਜ਼ੁਰਗ ਤਕਸ਼ਿਲਾ ਯੂਨੀਵਰਸਿਟੀ ਦੇ ਭਵਨ ਵਿੱਚ ਆ ਕੇ ਛੁਪ ਜਾਂਦੇ ਹਨ। ਉਧਰੋਂ ਸਿਕੰਦਰ ਵੀ ਆਪਣੇ ਲਾਅ ਲਸ਼ਕਰ ਨਾਲ਼ ਪਹੁੰਚ ਜਾਂਦਾ ਹੈ। ਉਸ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਭਵਨ ਦੀ ਇੱਟ ਨਾਲ ਇੱਟ ਵਜਾ ਦਿਓ। ਪਰ ਉੱਥੇ ਭਵਨ ਦੇ ਗੇਟ ਉੱਤੇ ਉਸਦਾ ਸਾਹਮਣਾ ਹੁੰਦਾ ਹੈ “ਅਚਾਰੀਆ ਚਾਣਕਿਆ” ਨਾਲ। ਅਚਾਰੀਆ ਚਾਣਕਿਆ ਭਵਨ ਦੇ ਦਵਾਰ ਉੱਤੇ ਅਡੋਲ ਖੜ੍ਹੇ ਨੇ। ਉਹ ਲਲਕਾਰ ਕੇ ਬੋਲਿਆ,
“ਦੁਨੀਆਂ ਜਿੱਤਣ ਦੀ ਇੱਛਾ ਰੱਖਣ ਵਾਲਾ ਸਿਕੰਦਰ, ਇਸਤਰੀਆਂ ਬੱਚਿਆਂ ਅਤੇ ਬਜ਼ੁਰਗਾਂ ਤੇ ਹਮਲਾ ਕਰਨ ਆਇਆ ਹੈ? ਜਾਹ, ਬਹਾਦਰੀ ਦਿਖਾਉਣੀ ਹੈ ਤਾਂ ਕਿਸੇ ਯੁੱਧ ਦੇ ਮੈਦਾਨ ਵਿੱਚ ਜਾਹ”।
ਇਹ ਸੁਣ ਕੇ ਸਿਕੰਦਰ ਦੇ ਹੋਸ਼ ਉੱਡ ਜਾਂਦੇ ਨੇ। ਸਿਕੰਦਰ,ਜਿਸ ਦਾ ਨਾਮ ਸੁਣਦੇ ਹੀ ਲੋਕ ਥਰ ਥਰ ਕੰਬਣ ਲੱਗ ਜਾਂਦੇ ਸਨ, ਉਸ ਮਹਾਨ ਸਿਕੰਦਰ ਨੂੰ ਇੱਕ ਬ੍ਰਾਹਮਣ ਨੇ ਅਜਿਹੀ ਲਾਹਣਤ ਪਾਈ। ਕਿਸ ਦੇ ਵਿੱਚ ਹੌਸਲਾ ਸੀ ਸਿਕੰਦਰ ਨੂੰ ਇਹ ਕਹਿਣ ਦਾ? ਇਹ ਅਚਾਰੀਆ ਚਾਣਕਿਆ ਦਾ ਆਤਮ ਵਿਸ਼ਵਾਸ ਹੀ ਸੀ ਕਿ ਸਿਕੰਦਰ ਨੂੰ ਆਪਣਾ ਘੋੜਾ ਮੋੜਨਾ ਪਿਆ। ਸ਼ਾਇਦ, ਉਸ ਦੇ ਪਹਿਲੀ ਵਾਰ ਇਹ ਦਿਮਾਗ ਦੇ ਵਿੱਚ ਆਇਆ ਕਿ ਭਾਰਤ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੀ ਨਹੀਂ ਅਸੰਭਵ ਹੈ।
ਸੋ ਕੋਈ ਵੀ ਕੰਮ ਅਸੰਭਵ ਜਾਂ ਔਖਾ ਨਹੀਂ ਹੁੰਦਾ। ਆਪਣਾ ਆਤਮ ਵਿਸ਼ਵਾਸ ਜਗਾਓ ਤੇ ਜ਼ਿੰਦਗੀ ਵਿੱਚ ਕਾਮਯਾਬ ਹੋਵੋ।
ਅੰਮ੍ਰਿਤਪਾਲ ਕਲੇਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly