(ਸਮਾਜ ਵੀਕਲੀ)
ਅਗਰ ਤੁਹਾਡਾ ਬੱਚਾ ਕਾਫ਼ਰਾਂ, ਕਾਤਿਬਾਂ, ਕਾਮਰੇਡਾਂ, ਤਰਕਸ਼ੀਲਾਂ, ਪ੍ਰਗਤੀਸ਼ੀਲਾਂ ਆਦਿ ਦੀ ਸੰਗਤ ਵਿਚ ਹੈ ਤਾਂ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਅਗਰ ਉਹ ਅਜਿਹੇ ਵਿਚਾਰਵਾਨ, ਸਹਿਜਵਾਨ ਲੋਕਾਂ ਵਿਚ ਵਿਚਰਦਾ ਹੈ ਤਾਂ ਕਲਮ, ਕਰਮ, ਕਿਰਤ, ਕਿਤਾਬ ਅਤੇ ਕਿਰਦਾਰ ਉਸ ਦੇ ਕਕਾਰ ਹੋਣਗੇ। ਉਹ ਤੇਗ਼ ਦੀ ਬਜਾਏ ਦਲੀਲ ਨਾਲ ਗੱਲ ਕਰੇਗਾ, ਉਹ ਅਸਹਿਮਤੀ ਨੂੰ ਕੁਚਲਣ ਦੀ ਬਜਾਏ ਉਸ ਨੂੰ ਸਮਝਣ/ਸਮਝਾਉਣ ਦੀ ਕੋਸ਼ਿਸ਼ ਕਰੇਗਾ। ਉਹ ਵਿਵਾਦ ਦੀ ਬਜਾਏ ਸੰਵਾਦ ਵਿਚ ਯਕੀਨ ਰੱਖੇਗਾ। ਉਹ ਇੱਕਵੀਂ ਸਦੀ ਵਿਚ ਰਹਿੰਦਿਆਂ ਅਠਾਰਵੀਂ ਸਦੀ ਵਿਚ ਜੀਣ ਦੀ ਕੋਸ਼ਿਸ਼ ਨਹੀਂ ਕਰੇਗਾ। ਨਿਸਚਿੰਤ ਰਹੋ, ਉਹ ਐਸੇ ਗੈਰ ਧਾਰਮਿਕ ਦਾਇਰੇ ਵਿਚ ਰਹਿੰਦਿਆਂ ਵੀ ਸਿੱਖੀ ਦੀ ਅਸਲ ਸਪਿਰਟ ਤੋਂ ਬਿਲਕੁਲ ਦੂਰ ਨਹੀਂ ਜਾਵੇਗਾ।
ਅਗਰ ਤੁਹਾਡਾ ਬੱਚਾ ਕੱਟੜ ਧਰਮੀ ਲੋਕਾਂ ਦੀ ਸੰਗਤ ਕਰਦਾ ਹੈ, ਰੂੜ੍ਹੀਵਾਦੀਆਂ ਵਿਚ ਉੱਠਦਾ ਬਹਿੰਦਾ ਹੈ, ਜੜ੍ਹਤਾ/ਅਣਪੜ੍ਹਤਾ ਵਾਲੇ ਲੋਕ ਉਸ ਦੇ ਆਲੇ-ਦੁਆਲੇ ਵਿਚ ਹਨ ਤਾਂ ਉਸਦਾ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ। ਪ੍ਰਦੀਪ ਸਿੰਘ ਕੋਈ ਪਹਿਲਾ ਨੌਜਵਾਨ ਨਹੀਂ, ਜੋ ਅਜਿਹੀਆਂ ਝੜਪਾਂ ਵਿਚ ਭੰਗ ਦੇ ਭਾੜੇ ਮਾਰਿਆ ਗਿਆ ਹੈ। ਭੰਗ ਦੇ ਭਾੜੇ ਹੀ ਨਹੀਂ, ਉਹ ਭੰਗ ਦੇ ਚਾੜੇ ਵੀ ਮਰ/ਮਾਰ ਸਕਦਾ ਸੀ। ਉਸ ਫ਼ਿਰਕੇ ਦੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ, ਜਿਸ ਦਾ ਸਰਵ ਉੱਚ ਜਥੇਦਾਰ ਭੰਗ ਦੇ ਨਸ਼ੇ ਨੂੰ (ਸ਼ਹੀਦੀ ਦੇਗਾਂ) ਕਹਿ ਕੇ ਪੀਣ ਲਈ ਪ੍ਰੇਰਿਤ ਕਰ ਰਿਹਾ ਹੋਵੇ। ਅਜਿਹੀ ਉਜੱਡਤਾ ਭਰੀ ਰਹਿਨੁਮਾਈ ਦੇ ਹੁੰਦਿਆਂ, ਆਪਣੇ ਬੱਚਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਹਾਲਤਾਂ ਵਿਚ ਸੂਰਮਤਾਈ ਕਦੀ ਵੀ ਮੂਰਖਤਾਈ ਵਿਚ ਬਦਲ ਸਕਦੀ ਹੈ।
ਕੋਈ ਸਮਾਂ ਸੀ, ਜਦੋਂ ਲੋਕ ਆਨੰਦਪੁਰ ਸਾਹਿਬ ਸਿਰ ਦੇਣ ਲਈ ਆਉਂਦੇ ਸਨ, ਹੁਣ ਸਿਰ ਲੈਣ ਵਾਲਿਆਂ ਦੀ ਵਾਹਰ ਤੁਰੀ ਫਿਰਦੀ ਹੈ। ਹਕੀਕਤ ਹੈ ਕਿ ਹੁਣ ਸਿਰਾਂ ਦੇ ਇਸ ਲੈਣ-ਦੇਣ ਦਾ ਸੰਬੰਧ ਕਿਸੇ ਸੱਤਾ/ਸਥਾਪਤੀ ਦੇ ਵਿਰੋਧ ਨਾਲ ਨਹੀਂ ਹੈ। ਹੁਣ ਤਰਕ ਤੇ ਤਲਵਾਰ ਹਾਵੀ ਹੈ। ਹੁਣ ਸਿੱਖਾਂ ਨੂੰ ਨਿਆਰੇਪਣ ਨਾਲੋਂ ਵਹੀਰ ਹੋ ਜਾਣ ਦੀ ਕਾਹਲੀ ਹੈ। ਹੁਣ ਸਚਿਆਰੇ ਹੋਣ ਨਾਲ਼ੋਂ ਹੁੱਲੜਬਾਜ਼ ਹੋਣ ਦਾ ਰੁਝਾਣ ਹੈ। ਹੁਣ ਧਾਰਮਿਕ ਹੋਣ ਨਾਲ਼ੋਂ ਧਾਰਮਿਕ ਦਿਸਣ ਨੂੰ ਜ਼ਰੂਰੀ ਸਮਝਿਆ ਜਾ ਰਿਹਾ ਹੈ। ਹੁਣ ਧਾਰਮਿਕ ਪੁਰਬਾਂ/ਮੇਲਿਆਂ ਵਿਚ ਅਸਹਿਜ ਲੋਕਾਂ ਦੀ ਭੀੜ ਦਾ ਬੋਲਬਾਲਾ ਹੈ। ਕਿਸੇ ਧਰਮ ਦੇ (ਸਹਿਜ) ਰੂਪ ਨਾਲ ਜੁੜਣਾ ਕੋਈ ਬੁਰੀ ਪ੍ਰਵਿਰਤੀ ਨਹੀਂ। ਪਰ ਧਰਮ ਦੇ ਜਿਸ (ਉਗਰ) ਰੂਪ ਨਾਲ ਪ੍ਰਦੀਪ ਜੁੜਿਆ ਹੋਇਆ ਸੀ, ਉਹ ਰੂਪ ਦਇਆ ਅਤੇ ਸਦਭਾਵਨਾ ਤੋਂ ਸੱਖਣਾ ਹੈ।
ਮਰਨ ਤੋਂ ਕੁਝ ਮਿੰਟ ਪਹਿਲਾਂ ਜਿੰਨੀ ਬੇਰਹਿਮੀ ਨਾਲ ਉਹ ਭੀੜ ਵਿਚ ਤਲਵਾਰ ਘੁੰਮਾ ਰਿਹਾ ਸੀ, ਉਸ ਨਾਲ ਉਸ ਨੇ ਇਕ ਨੌਜਵਾਨ ਦੇ ਹੱਥ ਕੱਟ ਦਿੱਤੇ ਸਨ। ਧਰਮ ਦਾ ਜੋ ਉਗਰ ਰੂਪ ਪ੍ਰਦੀਪ ਦੇ ਦਿਮਾਗ਼ ਨੂੰ ਚਲਾਉਂਦਾ ਸੀ, ਉਹ ਤਹਿਤ ਉਹ ਕਿਸੇ ਦੀ ਜਾਨ ਵੀ ਲੈ ਸਕਦਾ ਸੀ। ਕਨੇਡਾ ਦਾ ਸਿਟੀਜ਼ਨ ਹੋ ਕੇ, ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਵੀ ਜਿਹੜੀਆਂ ਹਵਾਵਾਂ ਤੇ ਸਵਾਰ ਹੋ ਕੇ ਉਹ ‘ਅਨੰਦਪੁਰੀ’ ਆਇਆ ਸੀ, ਉਹਨਾਂ ਹਵਾਵਾਂ ਨੇ ਅਨੰਦ ਨਹੀਂ, ਹਮੇਸ਼ਾ ਖਰੂਦ ਹੀ ਸਿਰਜਿਆ ਹੈ। ਉਸ ਦੀ ਦਰਦਨਾਕ ਮੌਤ ਤੇ ਦਿਲ ਝੰਜੋੜਿਆ ਗਿਆ ਹੈ। ਉਸ ਦੇ ਪਰਿਵਾਰ ਨਾਲ ਹਮਦਰਦੀ ਹੈ, ਪਰ ਅਫ਼ਸੋਸ ਹੈ ਕਿ ਇਸ ਘਟਨਾ ਤੋਂ ਵੀ ਸਬਕ ਲੈਣ ਦਾ ਬਿਰਤਾਂਤ ਨਹੀਂ ਸਿਰਜਿਆ ਜਾ ਰਿਹਾ।
ਮਸਲਾ ਦੋਵਾਂ ਧਿਰਾਂ ਚੋਂ ਇਕ ਨਾਲ ਖੜਣ ਦਾ ਨਹੀਂ, ਮਸਲਾ ਹੈ ਕਿ ਦੋ ਧਿਰਾਂ ਬਣੀਆਂ ਹੀ ਕਿਉਂ ਹਨ ? ਦੋਵੇਂ ਪਾਸੇ ਹੀ ਸਿੱਖੀ ਦਾ ਅਸਲ ਅਰਥ ਅਮਲ ਅਤੇ ਵਿਵਹਾਰ ਵਿੱਚੋਂ ਖ਼ਾਰਜ ਹੈ। ਕੁੱਝ ਕੁ ਸਿੱਖਾਂ ਦੀ ਖਰੂਦੀ, ਬਰੂਦੀ ਤੇ ਮਹਿਦੂਦੀ ਪਹੁੰਚ ਕਾਰਨ ਹੀ ਸਮੁੱਚੇ ਸਮਾਜ ਵਿਚ ਅਸਹਿਜਤਾ ਅਤੇ ਅਸਹਿਣਸ਼ੀਲਤਾ ਨਹੀਂ ਫੈਲੀ, ਬਹੁ ਗਿਣਤੀ ਲੋਕਾਂ ਦੀ ਮੀਸਨੀ ਚੁੱਪ ਅਤੇ ਆਪਾ ਬਚਾਈ ਦੀ ਸੋਚ ਨੇ ਵੀ ਹਿੰਸਕ ਅਤੇ ਹਜੂਮੀ ਲੋਕਾਂ ਦਾ ਹੌਸਲਾ ਵਧਾਇਆ ਹੈ। ਇਸ ਖਰੂਦ ਦੀ ਬਦੌਲਤ ਹੀ ਅੱਜ ਭਾਈ ਲਾਲੋ, ਭਾਈ ਨੰਦ ਲਾਲ, ਭਾਈ ਘਨੱਈਆ, ਭਾਈ ਗੁਰਦਾਸ ਵਰਗੇ ਸਿੱਖ— ਸਿੱਖਾਂ ਦੀ ਅਗਵਾਈ ਕਰਦੀ ਕਤਾਰ, ਸੰਸਥਾਗਤ ਪ੍ਰਬੰਧ ਅਤੇ ਮੋਹਰੀ ਅਹੁਦਿਆਂ ਵਿਚ ਗੈਰ ਹਾਜ਼ਰ ਹਨ। ਅੱਜ ਅਣਪੜ੍ਹ/ਅੱਧਪੜ੍ਹ ਹੋਣ ਤੇ ਗੌਰਵ ਕਰਨ ਵਾਲੇ ਲੋਕ ਸਿੱਖੀ ਵਿਚੋਂ ਵਿਵੇਕ ਬੁੱਧੀ ਤਾਂ ਕੀ ਸਾਧਾਰਨ ਬੁੱਧੀ ਨੂੰ ਵੀ ਛੁਟਿਆਉਣ ਤੇ ਲੱਗੇ ਹੋਏ ਹਨ। ਇਸ ਬੌਧਿਕ ਕੰਗਾਲੀ ਦੇ ਦੌਰ ਵਿਚ, ਮਾਪਿਆਂ ਨੂੰ ਧਾਰਮਿਕ ਦਾਇਰਿਆਂ ਵਿਚ ਵਿਚਰਦੇ ਬੱਚਿਆਂ ਦਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ।
ਸਰਬਜੀਤ ਸੋਹੀ
ਆਸਟਰੇਲੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly