ਪੰਜਾਬ ਵਿਚ ਨਸ਼ਾਂ ਗੰਭੀਰ ਸਮੱਸਿਆ ਦਾ ਵਿਸ਼ਾ ?

 (ਸਮਾਜ ਵੀਕਲੀ)- ਅਜੋਕੇ ਸਮੇਂ ਵਿਚ ਚਿੰਤਾ ਦੇ ਨਾਲ ਚਿੰਤਨ ਦੀ ਲੋੜ
ਪੰਜਾਬ ਪੰਜ ਆਬ  ਭਾਵ ਪੰਜ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਇਹ ਉਹ ਧਰਤ ਜਿਸ ਦੇ ਜਾਇਆਂ ਨੇ ਕਾਬਲ ਕੰਧਾਰ ਤੱਕ ਦੀਆਂ ਕੰਧਾਂ ਹਿਲਾ ਕੇ ਰੱਖ ਦਿੱਤੀਆਂ। ਇਸ ਦੇ ਗੱਭਰੂਆਂ ਦੀਆਂ ਪੁੜ ਵਰਗੀਆਂ ਚੌੜੀਆਂ ਛਾਤੀਆਂ, ਗੇਲਣਾਂ  ਵਰਗੇ ਪੱਟ, ਥਰ ਥਰ ਫਰਕਦੇ ਡੌਲੇ, ਸ਼ਤੀਰ ਵਰਗੇ ਕੱਦ,
ਜਿਨ੍ਹਾਂ ਨੇ ਅਮਿੱਟ ਪੈੜਾਂ ਸਿਰਜੀਆਂ ਤੇ ਅੱਜ ਵੀ ਸਿਰਜ ਰਹੇ ਹਨ। ਇਹ ਗੱਭਰੂ ਮੁੱਢ ਤੋਂ ਦੁੱਧ ਮੱਖਣਾਂ ਦੇ ਸ਼ੌਂਕੀ ਰਹੇ ਹਨ। ਕਬੱਡੀ, ਭਲਵਾਨੀ, ਰੱਸਾਕਸ਼ੀ ਆਦਿ ਖੇਡਾਂ ਇਨਾਂ ਦੇ ਵਿਰਸੇ ਦੇ ਸ਼ੋਕ ਹਨ। ਖੁਲੀਆਂ ਹਵੇਲੀਆਂ ਵਿੱਚ ਖੁਲੀਆਂ ਖੁਰਾਕਾਂ ਖਾ ਕੇ ਦੰਡ ਮਾਰਨੇ, ਜੋਰ ਅਜਮਾਈ ਕਰਨੀ, ਬੈਠਕਾਂ ਮਾਰਨੀਆਂ, ਭਾਰ ਚੁੱਕਣਾ ਤੇ ਡੋਲਿਆ ਨੂੰ ਮਾਪਣਾ ਵਿਰਾਸਤੀ ਗੁੜ੍ਹਤੀ ਹੈ ‌‌। ਭਾਰਤ ਦਾ ਦਿਲ ਹੈ ਪੰਜਾਬ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀਆਂ ਦਾ ਆਪਣਾ ਰਾਜ ਸੀ ਇਸ ਵਿਚ ਪੰਜਾਬ ਪੰਜਾਬੀ ਪੰਜਾਬੀਅਤ ਦੇ ਰਾਖਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਰਾਜ ਕਰਦਾ ਸੀ। ਸਮੇਂ ਨੇ ਕਰਵਟ ਬਦਲੀ ਰਾਜ ਭਾਗ ਰਾਜਨੀਤੀ ਦੀ ਭੇਟ ਚੜ੍ਹ ਗਿਆ। ਦੇਸ਼ ਅਜ਼ਾਦ ਹੋਇਆਂ ਪੰਜਾਬ ਦੇ ਟੁਕੜੇ ਕਰ ਦਿੱਤੇ ਗਏ। ਇਕ ਹਿੱਸਾ ਭਾਰਤ ਅਤੇ ਇੱਕ ਪਾਕਿਸਤਾਨ ਵਿਚ ਰਹਿ ਗਿਆ। ਜਿਹੜਾ ਹਿੱਸਾ ਭਾਰਤ ਵਿਚ ਆਇਆ ਉਹ ਅੱਜ ਵੀ ਆਪਣੀ ਹੋਂਦ, ਆਪਣੀ ਬੋਲੀ, ਆਪਣਾ ਵਿਰਸਾ, ਤੇ ਆਪਣੀ ਜਵਾਨੀ ਬਚਾਉਣ ਲਈ ਲੜਾਈ ਲੜ ਰਿਹਾ ਹੈ। ਬੇਸ਼ੱਕ ਪੰਜਾਬ ਵਿਚ ਸ਼ਰਾਬ, ਡੋਡੇ, ਅਫੀਮ, ਚਰਸ, ਤਮਾਖੂ, ਆਦਿ ਨਸ਼ਿਆਂ ਦੀ ਭਰਮਾਰ ਰਹੀ ਹੈ ਪਰ ਹੁਣ ਜੋ ਕੈਮੀਕਲ ਚਿੱਟਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਇਹ ਚਿੰਤਾ ਦਾ ਹੀ ਨਹੀਂ ਚਿੰਤਨ ਦਾ ਵਿਸ਼ਾ ਹੈ। ਇਸ ਲਈ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਧਾਰਮਿਕ ਆਗੂਆਂ, ਸਾਰੀਆਂ ਪਾਰਟੀਆਂ, ਜਥੇਬੰਦੀਆਂ, ਮੌਜੂਦਾ ਸਰਕਾਰਾਂ, ਪੁਲਿਸ ਪ੍ਰਸ਼ਾਸ਼ਨ , ਸਿਹਤ ਵਿਭਾਗ ਸਭ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਗੰਭੀਰਤਾ ਨਾਲ ਸੋਚਣ ਤੇ ਕੁਝ ਕਰਨ ਦੀ ਲੋੜ ਹੈ। ਚਿੰਤਾ ਗ੍ਰਸਤ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਜਿਥੇ ਰੋਜ਼ਗਾਰ ਲਈ ਬਾਹਰ ਭੇਜਿਆ ਜਾ ਰਿਹਾ ਹੈ ਉਥੇ ਇਕ ਕਾਰਨ ਨਸ਼ਾ ਵੀ ਹੈ। ਦਿਨੋ ਦਿਨ ਖਾਲੀ ਤੇ ਖੋਖਲਾ ਹੋ ਰਹੇ ਪੰਜਾਬ ਲਈ ਅੱਜ ਸਖ਼ਤ ਤੇ ਸਪੱਸ਼ਟ ਫ਼ੈਸਲੇ ਲੈਣ ਦੀ ਘੜੀ ਹੈ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਲੇਖਕ:- ਚੈਅਰਮੈਨ ਹਰਜਿੰਦਰ ਸਿੰਘ ਚੰਦੀ (ਸੰਸਥਾ ਸ਼ਬਦ ਗੁਰੂ ਪ੍ਰਚਾਰ ਕੇਂਦਰ ਰਜਿ: )
                              ਮਹਿਤਪੁਰ ਪੰਜਾਬ
                             9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਧਿਆਪਕ ਦਲ ਪੰਜਾਬ ਜਵੰਦਾ ਵੱਲੋਂ ਸਟੇਟ ਐਵਾਰਡੀ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਨਮਾਨਿਤ
Next articleSamaj Weekly 208 = 09/09/2023