ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇਰਾਨ ਨਾਲ ਜਾਰੀ ਟਕਰਾਅ ਦੇ ਪ੍ਰਭਾਵ ਕਾਰਨ ਬ੍ਰਿਟੇਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ ਅਤੇ ਮਾਹਿਰਾਂ ਨੇ ਭਵਿੱਖ ਵਿੱਚ ਇੰਧਨ ਦੀ ਲੰਬੇ ਸਮੇਂ ਦੀ ਘਾਟ ਦਾ ਵੀ ਖ਼ਤਰਾ ਜਤਾਇਆ ਹੈ। ਆਰਏਸੀ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਡੀਜ਼ਲ ਦੀ ਔਸਤ ਕੀਮਤ 181.20 ਪੈਂਸ ਪ੍ਰਤੀ ਲੀਟਰ ਤੱਕ ਪਹੁੰਚ ਗਈ, ਜਦਕਿ ਪੈਟਰੋਲ ਦੀ ਕੀਮਤ 152.01 ਪੈਂਸ ਪ੍ਰਤੀ ਲੀਟਰ ਦਰਜ ਕੀਤੀ ਗਈ। ਇਸ ਨਾਲ ਡੀਜ਼ਲ ਪੈਟਰੋਲ ਨਾਲੋਂ ਲਗਭਗ 29 ਪੈਂਸ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ, ਜੋ ਪਿਛਲੇ ਕਈ ਸਾਲਾਂ ਦਾ ਸਭ ਤੋਂ ਵੱਡਾ ਅੰਤਰ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਰਾਨ ਵੱਲੋਂ ਹੋਰਮੁਜ਼ ਜਲਡੰਘੇ ‘ਚ ਜਹਾਜ਼ੀ ਆਵਾਜਾਈ ‘ਤੇ ਪੈਦਾ ਹੋਈ ਤਣਾਅਪੂਰਨ ਸਥਿਤੀ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਚੜ੍ਹ ਗਈਆਂ ਹਨ। ਇਸ ਕਾਰਨ ਟੈਂਕਰਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਸਪਲਾਈ ‘ਤੇ ਦਬਾਅ ਵੱਧ ਰਿਹਾ ਹੈ। ਬੈਂਕ ਆਫ ਇੰਗਲੈਂਡ ਦੇ ਸਾਬਕਾ ਡਿਪਟੀ ਗਵਰਨਰ ਅਤੇ ਨੈਟਵੈਸਟ ਦੇ ਚੇਅਰਮੈਨ ਸਰ ਹਾਵਰਡ ਡੇਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਜਲਡੰਘਾ ਪ੍ਰਭਾਵਿਤ ਰਹਿੰਦਾ ਹੈ ਤਾਂ ਪੱਛਮੀ ਦੇਸ਼ਾਂ ਲਈ ਇੰਧਨ ਦੀ ਸਪਲਾਈ ਲੰਬੇ ਸਮੇਂ ਲਈ ਘੱਟ ਹੋ ਸਕਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਖਪਤ ਘਟਾਉਣ ਵਰਗੇ ਕਦਮਾਂ ‘ਤੇ ਵੀ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਦੇਸ਼ ਦੇ ਕੁਝ ਪੈਟਰੋਲ ਪੰਪਾਂ ‘ਤੇ ਇੰਧਨ ਦੀ ਘਾਟ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਬ੍ਰਿਡਜਵਾਟਰ ਅਤੇ ਪ੍ਰੈਸਟਨ ਦੇ ਕੁਝ ਸਟੇਸ਼ਨਾਂ ‘ਤੇ ਪੈਟਰੋਲ ਖ਼ਤਮ ਹੋਣ ਦੀਆਂ ਖ਼ਬਰਾਂ ਹਨ, ਜਦਕਿ ਕੁਝ ਥਾਵਾਂ ‘ਤੇ ਡੀਜ਼ਲ ਦੀ ਵੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਫਿਊਲ ਇੰਡਸਟਰੀ ਯੂਕੇ ਨੇ ਕਿਹਾ ਹੈ ਕਿ ਦੇਸ਼ ਵਿੱਚ ਇੰਧਨ ਦੀ ਕੁੱਲ ਸਪਲਾਈ ਇਸ ਸਮੇਂ ਸਥਿਰ ਹੈ, ਹਾਲਾਂਕਿ ਵਧ ਰਹੀਆਂ ਕੀਮਤਾਂ ਕਾਰਨ ਡਰਾਈਵਰਾਂ ਵਿੱਚ ਚਿੰਤਾ ਜ਼ਰੂਰ ਵਧੀ ਹੈ। ਮਾਹਿਰਾਂ ਮੁਤਾਬਕ ਬ੍ਰਿਟੇਨ ਵਿੱਚ ਡੀਜ਼ਲ ਦੀ ਮੰਗ ਜ਼ਿਆਦਾ ਹੈ ਅਤੇ ਦੇਸ਼ ਨੂੰ ਇਸ ਦਾ ਵੱਡਾ ਹਿੱਸਾ ਆਯਾਤ ਕਰਨਾ ਪੈਂਦਾ ਹੈ, ਜਿਸ ਕਾਰਨ ਕੀਮਤਾਂ ‘ਚ ਵਾਧਾ ਹੋਰ ਵੀ ਜ਼ਿਆਦਾ ਮਹਿਸੂਸ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਸੜਕਾਂ ‘ਤੇ ਲਗਭਗ 1.62 ਕਰੋੜ ਡੀਜ਼ਲ ਵਾਹਨ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਪਾਰਕ ਵੈਨਾਂ ਦੀ ਹੈ। ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਬ੍ਰਿਟੇਨ ਦੀ ਚਾਂਸਲਰ ਰੇਚਲ ਰੀਵਜ਼ ‘ਤੇ ਫਿਊਲ ਡਿਊਟੀ ਵਧਾਉਣ ਦੀ ਯੋਜਨਾ ਨੂੰ ਰੱਦ ਕਰਨ ਲਈ ਵੀ ਦਬਾਅ ਵਧ ਰਿਹਾ ਹੈ, ਜਦਕਿ ਸਰਕਾਰ ਨੇ ਇੰਧਨ ਅਤੇ ਊਰਜਾ ਖੇਤਰ ਦੇ ਮੁਖੀਆਂ ਨਾਲ ਸਥਿਤੀ ‘ਤੇ ਵਿਚਾਰ ਕਰਨ ਲਈ ਮੀਟਿੰਗ ਬੁਲਾਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



