ਚੀਤਾ ਤੇ ਬਾਕਸਰ ਤੋਂ ਮਿਲੀ ਜਾਣਕਾਰੀ ਨਾਲ ਮੁਲਤਾਨੀ ਤੱਕ ਪੁੱਜੀਆਂ ਜਾਂਚ ਏਜੰਸੀਆਂ

ਲੁਧਿਆਣਾ (ਸਮਾਜ ਵੀਕਲੀ):  ਲੁਧਿਆਣਾ ਦੇ ਕਚਹਿਰੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਲਈ ਕੰਮ ਕਰਦੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਕੇਂਦਰੀ ਜਾਂਚ ਏਜੰਸੀਆਂ ਨੇ ਜਰਮਨੀ ਤੋਂ ਕਾਬੂ ਕਰ ਲਿਆ ਹੈ। ਮੁਲਤਾਨੀ ਦੀ ਗ੍ਰਿਫ਼ਤਾਰੀ ਵਿੱਚ ਜੇਲ੍ਹ ਵਿੱਚ ਬੰਦ ਤੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਰਣਜੀਤ ਸਿੰਘ ਚੀਤਾ ਅਤੇ ਸੁਖਵਿੰਦਰ ਸਿੰਘ ਬਾਕਸਰ ਤੋਂ ਕੀਤੀ ਪੁੱਛ-ਪੜਤਾਲ ਅਹਿਮ ਸਾਬਤ ਹੋਈ ਹੈ। ਇਨ੍ਹਾਂ ਦੋਵਾਂ ਨੇ ਹੀ ਮੁਲਤਾਨੀ ਤੇ ਬੰਬ ਧਮਾਕੇ ਨੂੰ ਅੰਜਾਮ ਦੇਣ ਦੌਰਾਨ ਮਾਰੇ ਗਏ ਪੰਜਾਬ ਪੁਲੀਸ ਦੇ ਬਰਖਾਸਤ ਹੌਲਦਾਰ ਗਗਨਦੀਪ ਸਿੰਘ ਦੀ ਫੋਨ ’ਤੇ ਗੱਲਬਾਤ ਕਰਵਾਈ ਸੀ। ਮੁਲਤਾਨੀ ਦਾ ਪਿਛੋਕੜ ਹੁੁਸ਼ਿਆਰਪੁਰ ਨਾਲ ਜੁੜਿਆ ਹੋਣ ਕਰਕੇ ਹੁਣ ਇਹ ਸ਼ਹਿਰ ਜਾਂਚ ਏਜੰਸੀਆਂ ਦੇ ਨਿਸ਼ਾਨੇ ’ਤੇ ਆ ਗਿਆ ਹੈ।

ਜਾਂਚ ਕਰ ਰਹੀ ਕੇਂਦਰੀ ਏਜੰਸੀ ਨੂੰ ਜਿਵੇਂ ਹੀ ਇਸ ਬੰਬ ਧਮਾਕੇ ਦੇ ਤਾਰ ਜਰਮਨੀ ਨਾਲ ਜੁੜੇ ਦਿਖੇ ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਜ਼ਰੀਏ ਜਰਮਨੀ ਵਿੱਚ ਬੈਠੇ ਜਸਵਿੰਦਰ ਮੁਲਤਾਨੀ ਨੂੰ ਕਾਬੂ ਕਰ ਲਿਆ। ਸੂਤਰ ਦੱਸਦੇ ਹਨ ਕਿ ਧਮਾਕੇ ਪਿੱਛੇ ਮੁਲਤਾਨੀ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਤੇ ਪੰਜਾਬ ਦੀਆਂ ਖੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਚੁੱਕੀਆਂ ਹਨ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਸੂਤਰਾਂ ਅਨੁਸਾਰ ਜਸਵਿੰਦਰ ਸਿੰਘ ਮੁਲਤਾਨੀ ਦੀ ਜਰਮਨੀ ’ਚ ਗ੍ਰਿਫ਼ਤਾਰੀ ਮਗਰੋਂ ਹੁਸ਼ਿਆਰਪੁਰ ਵੀ ਏਜੰਸੀਆਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਏਜੰਸੀਆਂ ਨੇ ਇਥੇ ਵੀ ਜਾਂਚ ਵਿੱਢ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਬੰਬ ਧਮਾਕੇ ਮਗਰੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਰਣਜੀਤ ਸਿੰਘ ਚੀਤਾ ਅਤੇ ਸੁਖਵਿੰਦਰ ਸਿੰਘ ਬਾਕਸਰ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਕਈ ਭੇਤ ਖੁੱਲ੍ਹੇ ਹਨ। ਇਨ੍ਹਾਂ ਖੁਲਾਸਿਆਂ ਮਗਰੋਂ ਹੀ ਕੇਂਦਰੀ ਏਜੰਸੀਆਂ ਮੁਲਤਾਨੀ ਤੱਕ ਪੁੱਜਣ ਵਿੱਚ ਸਫ਼ਲ ਰਹੀਆਂ। ਜਾਣਕਾਰੀ ਅਨੁਸਾਰ ਮੁਲਤਾਨੀ ਖਿਲਾਫ਼ ਵੀ ਕਈ ਅਪਰਾਧਿਕ ਕੇਸ ਦਰਜ ਹਨ ਤੇ ਉਹ ਸਿੱਖਸ ਫਾਰ ਜਸਟਿਸ ਦੇ ਰੈਫ਼ਰੈਂਡਮ 2020 ਮੁਹਿੰਮ ਨਾਲ ਵੀ ਜੁੜਿਆ ਹੋਇਆ ਸੀ। ਇਸੇ ਦੌਰਾਨ ਉਹ ਐੱਸਐੱਫਜੇ ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਾਫ਼ੀ ਨਜ਼ਦੀਕ ਆ ਗਿਆ ਤੇ ਉਸ ਮਗਰੋਂ ਉਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ।

ਸੂਤਰਾਂ ਮੁਤਾਬਕ ਜਾਂਚ ਦੌਰਾਨ ਜਦੋਂ ਮ੍ਰਿਤਕ ਗਗਨਦੀਪ ਸਿੰਘ ਦੀ ਪਛਾਣ ਹੋਈ ਤਾਂ ਜਾਂਚ ਏਜੰਸੀਆਂ ਉਸ ਦੇ ਖੰਨਾ ਸਥਿਤ ਘਰ ਪੁੱਜ ਗਈਆਂ। ਜਾਂਚ ਦੌਰਾਨ ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਨੂੰ ਉਥੋਂ ਇੱਕ ਲੈਪਟਾਪ ਅਤੇ ਹੋਰ ਸਾਮਾਨ ਮਿਲਿਆ। ਮੋਬਾਈਲ ਤੇ ਅੱਧ ਸੜੀ ਡੌਂਗਲ ਗਗਨਦੀਪ ਸਿੰਘ ਦੇ ਕੋਲੋਂ ਹੀ ਮਿਲ ਗਈ ਸੀ। ਇਸ ਤੋਂ ਇਲਾਵਾ ਇੱਕ ਡਾਇਰੀ ਤੇ ਕੁਝ ਪੈਸੇ ਵੀ ਗਗਨਦੀਪ ਸਿੰਘ ਦੀ ਜੇਬ ’ਚੋਂ ਮਿਲੇ ਸਨ। ਸੂਤਰਾਂ ਅਨੁਸਾਰ ਜਦੋਂ ਪੁਲੀਸ ਨੇ ਡੌਂਗਲ ਦੀ ਜਾਂਚ ਕੀਤੀ ਤਾਂ ਉਸ ’ਚੋਂ ਕਈ ਅਜਿਹੇ ਨੰਬਰ ਮਿਲੇ, ਜਿਸ ਤੋਂ ਸਾਫ਼ ਹੋ ਗਿਆ ਕਿ ਲੁਧਿਆਣਾ ’ਚ ਧਮਾਕੇ ਦੀ ਸਾਜ਼ਿਸ਼ ਵਿਦੇਸ਼ ’ਚ ਰਚੀ ਗਈ ਹੈ। ਗਗਨਦੀਪ ਦੇ ਲੈਪਟਾਪ ਤੋਂ ਵੀ ਕਾਫ਼ੀ ਜਾਣਕਾਰੀ ਮਿਲੀ ਹੈ। ਉਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਆਪਣੀ ਜਾਂਚ ਅੱਗੇ ਵਧਾਈ ਤੇ ਕਈ ਭੇਤ ਖੁੱਲ੍ਹਦੇ ਗਏ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਰਣਜੀਤ ਸਿੰਘ ਚੀਤਾ ਅਤੇ ਸੁਖਵਿੰਦਰ ਸਿੰਘ ਬਾਕਸਰ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਗਗਨਦੀਪ ਸਿੰਘ ਉਨ੍ਹਾਂ ਦੀ ਬੈਰਕ ’ਚ ਬੰਦ ਸੀ।

ਸੂਤਰਾਂ ਅਨੁਸਾਰ ਚੀਤਾ ਅਤੇ ਬਾਕਸਰ ਜੇਲ੍ਹ ’ਚੋਂ ਹੀ ਅਤਿਵਾਦੀ ਭੂਰਾ ਦੇ ਸੰਪਰਕ ’ਚ ਸਨ। ਭੂਰਾ ਨੇ ਹੀ ਉਨ੍ਹਾਂ ਦਾ ਨਸ਼ਾ ਤਸਕਰ ਰਿੰਦਾ ਨਾਲ ਸੰਪਰਕ ਕਰਵਾਇਆ ਸੀ। ਰਿੰਦਾ ਅੱਗੋਂ ਜਸਵਿੰਦਰ ਮੁਲਤਾਨੀ ਦੇ ਸੰਪਰਕ ’ਚ ਸੀ। ਤਿੰਨੇ ਅਕਸਰ ਭਾਰਤ ਸਰਕਾਰ ਖਿਲਾਫ਼ ਸਾਜ਼ਿਸ਼ ਘੜਦੇ ਰਹਿੰਦੇ ਸਨ। ਸੂਤਰ ਦੱਸਦੇ ਹਨ ਕਿ ਜੇਕਰ ਗਗਨਦੀਪ ਸਿੰਘ ਲੁਧਿਆਣਾ ’ਚ ਬੰਬ ਧਮਾਕੇ ਨੂੰ ਸਹੀ ਤਰੀਕੇ ਨਾਲ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਉਸ ਤੋਂ ਬਾਅਦ ਦਿੱਲੀ ਅਤੇ ਮੁੰਬਈ ’ਚ ਧਮਾਕਾ ਕਰਨ ਲਈ ਉਸ ਨੂੰ ਭੇਜਿਆ ਜਾਣਾ ਸੀ। ਸੂਤਰਾਂ ਅਨੁਸਾਰ ਮੁਲਤਾਨੀ ਨੇ ਹੀ ਗਗਨਦੀਪ ਨੂੰ ਧਮਾਕੇ ਕਰਨ ਲਈ ਸਮੱਗਰੀ ਦਿੱਤੀ ਸੀ। ਧਮਾਕਾਖੇਜ਼ ਸਮੱਗਰੀ ਕੌਣ ਦੇ ਗਿਆ, ਇਸ ਬਾਰੇ ’ਚ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਜਾਂਚ ਏਜੰਸੀਆਂ ਚੀਤਾ ਅਤੇ ਬਾਕਸਰ ਤੋਂ ਪੁੱਛ-ਪੜਤਾਲ ਕਰ ਰਹੀਆਂ ਹਨ। ਧਮਾਕਾਖੇਜ਼ ਸਮੱਗਰੀ ਲਈ ਫੰਡਿੰਗ ਵੀ ਮੁਲਤਾਨੀ ਨੇ ਕੀਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਦੇ ਡੈਨਵਰ ’ਚ ਗੋਲੀਬਾਰੀ, ਹਮਲਾਵਰ ਸਮੇਤ ਪੰਜ ਦੀ ਮੌਤ
Next articleI would like Reliance’s story to be told in the book which has no final chapter: Mukesh Ambani