ਪੜਤਾਲੀਆ ਟੀਮ ਦੀ ਜੁਬਾਨਬੰਦੀ ਦਾ ਯਤਨ ਕਰ ਰਹੇ ਸਾਜਸ਼ਕਾਰੀਆਂ ਨੂੰ ਮਿੱਤਰ ਸੈਨ ਮੀਤ ਦੀ ਤਾੜਨਾ

ਮਿੱਤਰ ਸੈਨ ਮੀਤ
ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਟੀਮਾਂ ਨੇ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਵਿੱਚ ਹੁੰਦੇ ਪੱਖਪਾਤ ਨੂੰ ਉਜਾਗਰ ਕੀਤਾ ਹੈ। ਉਹਨਾਂ  ਯਤਨਾਂ ਦੇ ਸਿੱਟਿਆਂ ਤੋਂ ਸਭ ਭਲੀ ਭਾਂਤ ਵਾਕਫ ਹਨ।
ਪਿੱਛੇ ਜਿਹੇ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਰੇਖਤਾ ਫਾਊਂਡੇਸ਼ਨ ਨਾਲ ਅਕੈਡਮੀ ਦੀਆਂ ਲੱਖਾਂ ਪੁਸਤਕਾਂ ਅਤੇ ਖੋਜ-ਪ੍ਰਬੰਧਾਂ ਨੂੰ ਸਕੈਨ ਕਰਨ ਲਈ ਸਮਝੌਤਾ ਕੀਤਾ ਗਿਆ ਸੀ। ਨਿੰਦਿਆ ਮਤੇ ਦੇ ਰੂਪ ਵਿੱਚ ਇਸ ਮਾਮਲੇ ਬਾਰੇ ਕਾਫੀ ਵਿਵਾਦ ਖੜਾ ਹੋਇਆ ਹੋਇਆ ਹੈ। ਵਿਵਾਦ ਸੁਲਝਾਉਣ ਅਤੇ ਇਹ ਜਾਨਣ ਲਈ ਕਿ ਕੀ ਅਕੈਡਮੀ ਦਾ ਇਹ ਫੈਸਲਾ ਸਹੀ ਹੈ ਜਾਂ ਇਸ ਵਿਚ ਕਮੀਆਂ ਪੇਸ਼ੀਆਂ ਹਨ? ਅਸੀਂ ਇਕ ਟੀਮ ਗਠਿਤ ਕੀਤੀ ਹੈ।
 ਸ਼ਾਇਦ ਕੁੱਝ ਵਿਅਕਤੀਆਂ ਨੂੰ ਇਹ ਘੋਖ ਪਸੰਦ ਨਹੀਂ। ਸਾਹਿਤਕ ਸੰਸਥਾਵਾਂ ਤੇ ਕਾਬਜ਼ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨੁਮਾਇੰਦੇ ਸਾਡੀ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰ ਰਹੇ ਹਨ। ਟੀਮ ਮੈਂਬਰਾਂ ਨੂੰ ਇਸ ਪੜਤਾਲ ਤੋਂ ਅਲੱਗ ਹੋਣ ਦੀ ਸਲਾਹ ਦੇ ਰਹੇ ਹਨ। ਦੱਬਵੀਂ ਸੁਰ ਵਿਚ, ਸਲਾਹ ਨਾ ਮੰਨਣ ਦੇ ਭਵਿੱਖ ਵਿਚ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਸੁਚੇਤ ਕਰ ਰਹੇ ਹਨ।
 ਇਥੇ ਹੀ ਬਸ ਨਹੀਂ। ਤਿੰਨ ਚਾਰ ਦਿਨਾਂ ਤੋਂ ਕੁਝ ਅਣਜਾਣ ਵਿਅਕਤੀ, ਅਣਜਾਣ whatsapp ਫੋਨ ਨੰਬਰਾਂ ਤੋਂ (ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ) ਫੋਨ ਕਰਕੇ ਮੇਰੇ ਨਾਲ ਵੀ ਪੁੱਠੇ ਸਿੱਧੇ ਢੰਗ ਨਾਲ ਗੱਲ ਕਰ ਰਹੇ ਹਨ। ਮੇਰੇ ਵਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸਬੰਧਤ ਉਠਾਏ ਜਾ ਰਹੇ ਮਸਲਿਆਂ ਬਾਰੇ, ਮੈਨੂੰ ਚੁੱਪ ਹੋਣ ਦੀ ਧਮਕੀ ਵਰਗੀ ਸਲਾਹ ਦੇ ਰਹੇ ਹਨ।
ਸਾਨੂੰ ਪਤਾ ਹੈ ਕਿ ਸਾਨੂੰ ਚੁੱਪ ਕਰਾਉਣ ਵਾਲੇ ਕੌਣ ਹਨ ਅਤੇ ਉਹ ਇਹ ਕਿਹੜਾ ਘਟੀਆ ਹੱਥ ਕੰਡਾ ਵਰਤ ਸਕਦੇ ਹਨ।
ਪ੍ਰੋਫੈਸਰ ਵਰਗ ਨਾਲ ਸਬੰਧਤ ਇਹ ਲੋਕ ਕਿਰਦਾਰਕੁਸ਼ੀ ਦਾ ਹਥਿਆਰ ਵਰਤਨ ਦੇ ਆਦੀ ਹਨ। ਇਹ ਕੋਝਾ ਹਥਿਆਰ ਇਹ ਆਪਣੀਆਂ ਉਨ੍ਹਾਂ ਮਾਸੂਮ ਅਤੇ ਨਿਰਦੋਸ਼, ਮੌਜੂਦਾ ਜਾਂ ਸਾਬਕਾ, ਵਿਦਿਆਰਥਣਾਂ ਰਾਹੀਂ ਚਲਾਉਣ ਦਾ ਯਤਨ ਕਰਦੇ ਹਨ ਜਿਹੜੀਆਂ ਕਿਸੇ ਮਜਬੂਰੀ ਵੱਸ ਉਨ੍ਹਾਂ ਦੇ ਦਬਾਅ ਹੇਠ ਹੁੰਦੀਆਂ ਹਨ ਜਾਂ ਰਹੀਆਂ ਹੁੰਦੀਆਂ ਹਨ। ਜਾਂ ਫੇਰ ਉਹ ਗਰੀਬ ਔਰਤਾਂ ਜੋ ਪੇਟ ਦੀ ਅੱਗ ਬੁਝਾਉਣ ਲਈ ਕੁੱਝ ਵੀ ਕਰਨ ਲਈ ਮਜਬੂਰ ਹੁੰਦੀਆਂ ਹਨ।
ਕਦੇ ਕਦੇ ਪੇਸ਼ਾਵਰ ਬਦਮਾਸ਼ ਦਾ ਸਹਾਰਾ ਵੀ ਲੈ ਲੈਂਦੇ ਹਨ।
ਇਹ ਲੋਕ ਕਿਰਦਾਰਕੁਸ਼ੀ ਦਾ ਇਹ ਹਥਿਆਰ, ਆਪਣੇ ਵਿਰੋਧੀਆਂ ਦੀ ਜੁਬਾਨਬੰਦੀ ਜਾਂ ਉਨ੍ਹਾਂ ਤੋਂ ਕੋਈ ਹੋਰ ਨਜਾਇਜ਼ ਫਾਇਦਾ ਉਠਾਉਣ ਲਈ, ਪਹਿਲਾਂ ਵੀ ਕਈ ਵਾਰ ਵਰਤ ਚੁੱਕੇ ਹਨ। ਉਨ੍ਹਾਂ ਦੋਸਤਾਂ ਨੂੰ ਪਤਾ ਹੀ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ।
ਘਬਰਾਏ ਅਤੇ ਬੁਖਲਾਏ ਦੋਸਤਾਂ ਨੂੰ, ਟੀਮ ਦੀ ਸਲਾਹ ਹੈ ਕਿ ਸਾਡੇ ਵਲੋਂ, ਲਿਖਤੀ ਰੂਪ ਵਿਚ ਉਠਾਏ, ਮਾਮਲਿਆਂ ਬਾਰੇ ਉਹ ਵੀ ਆਪਣੇ ਵਿਚਾਰ (ਜਾਂ ਸਪਸ਼ਟੀਕਰਨ) ਲਿਖਤੀ ਰੂਪ ਵਿਚ ਹੀ ਲੋਕਾਂ ਅਗੇ ਰੱਖਣ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕਾ ਹਾਂ ਕਿ ਮੈਂ ਆਪਣੇ ਵਲੋਂ ਉਠਾਏ ਹਰ ਮੁੱਦੇ ਬਾਰੇ, ਹਰ ਮੰਚ ਤੇ ਖੁੱਲੇ ਵਿਚਾਰ ਵਟਾਂਦਰੇ ਲਈ ਤਿਆਰ ਹਾਂ।
ਉਹੋ ਬੇਨਤੀ ਅੱਜ ਫੇਰ ਦੁਹਰਾ ਰਿਹਾ ਹਾਂ।
  ਮਜਬੂਰੀ ਵੱਸ, ਸਾਡੀ ਸਾਜਿਸ਼ਕਾਰਾਂ ਨੂੰ ਚੇਤਾਵਨੀ ਹੈ ਕਿ ਜੇ ਸਾਡੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਇੱਕ ਵੀ ਹੋਰ ਧਮਕੀ ਆਈ ਤਾਂ ਅਸੀਂ ਪੁਲਿਸ ਸਹਾਇਤਾ ਲੈਣ  ਤੋਂ ਗ਼ੁਰੇਜ਼ ਨਹੀਂ ਕਰਾਂਗੇ।
ਸਾਨੂੰ ਉਨ੍ਹਾਂ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕਰਨੀ ਪਵੇਗੀ ਜਿਨ੍ਹਾਂ ਅਧੀਨ ਸਾਜ਼ਸ਼ਕਾਰੀ ਨੌਕਰੀਆਂ ਕਰਦੇ ਹਨ।
ਸਾਨੂੰ ਪਤਾ ਹੈ ਕਿ ਪੁਲਿਸ ਕਾਰਵਾਈ, ਸਾਡੇ ਸਮੇਤ, ਸਭ ਨੂੰ ਜਲੀਲ ਕਰੇਗੀ।
ਧਮਕੀਆਂ ਦਵਾਉਣ ਵਾਲੇ ਮਿੱਤਰ ਜੇ ਸੱਚ ਮੁੱਚ ਬੁੱਧੀ-ਜੀਵੀ ਹਨ ਤਾਂ ਬਦਮਾਸ਼ੀ ਦੀ ਥਾਂ ਤਰਕ ਦਾ ਸਹਾਰਾ ਲੈਣ।
ਸਾਜਸ਼ਕਾਰੀਆਂ ਨੂੰ ਇੱਕ ਹੋਰ ਨੇਕ ਸਲਾਹ ਹੈ।
ਅਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਨਾ ਉਹ ਆਪਣੇ ਸ਼ਾਨਦਾਰ ਭਵਿੱਖ ਨੂੰ ਦਾਅ ਤੇ ਲਾਉਣ ਅਤੇ ਨਾ ਹੀ ਆਪਣੇ ਸ਼ੁਭ ਚਿੰਤਕਾਂ ਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਕਰਤਾਰ ਸਿੰਘ ਦੀ ਬਰਸੀ 17 ਨੂੰ ਮਨਾਈੰ ਜਾਵੇਗੀ