(ਸਮਾਜ ਵੀਕਲੀ)
ਹੰਕਾਰ ਇੱਕ ਛੋਟਾ ਜਿਹਾ ਲਫਜ਼ ਹੈ ਪਰ ਇਹ ਸਾਡੇ ਵੱਡੇ-ਵੱਡੇ ਰਿਸ਼ਤਿਆਂ ਨੂੰ ਖਾ ਸਕਦਾ ਹੈ। ਕਹਿੰਦੇ ਹਨ ਕਿ ਹੰਕਾਰ ਇੱਕ ਇਹੋ ਜਿਹਾ ਨਸ਼ਾ ਹੈ ਜਿਹੜਾ ਆਪ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਚੜ੍ਹ ਗਿਆ ਹੈ। ਇਹ ਹੰਕਾਰ ਹੀ ਹੈ ਜਿਸ ਕਰਕੇ ਅਸੀਂ ਆਪਣਿਆਂ ਤੋਂ ਦੂਰ ਹੋ ਜਾਂਦੇ ਹਾਂ। ਦਰਅਸਲ ਜਦ ਤੱਕ ਅਸੀਂ ਇਸ ਹੰਕਾਰ ਤੋਂ ਬਚੇ ਰਹਿੰਦੇ ਹਾਂ ਤਦ ਤੱਕ ਹੀ ਅਸੀਂ ਆਪਣੇ ਆਪ ਨੂੰ ਆਮ ਇਨਸਾਨ ਸਮਝਦੇ ਹਾਂ। ਜਦੋਂ ਅਸੀਂ ਇਸ ਹੰਕਾਰ ਦੀ ਚਪੇਟ ਵਿੱਚ ਆ ਜਾਂਦੇ ਹਾਂ ਤਾਂ ਖੁਦ ਨੂੰ ਦੇਵਤਾ ਬਣਾ ਬਹਿੰਦੇ ਹਾਂ।ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਹੰਕਾਰ ਕਰਕੇ ਕਿੰਨੇ ਲੋਕਾਂ ਦਾ ਮਨ ਦੁਖਾ ਦਿੰਦੇ ਹਾਂ। ਇਹ ਹੰਕਾਰ ਸਾਨੂੰ ਝੁੱਕਣ ਨਹੀਂ ਦਿੰਦਾ, ਚਾਹੇ ਕੋਈ ਹੇਠਾਂ ਪਿਆ ਸਾਡਾ ਹੱਥ ਉਡੀਕਦਾ ਹੋਵੇ।
ਰਾਵਣ ਦੀ ਉਦਾਹਰਣ ਸਾਡੇ ਸਾਹਮਣੇ ਹੈ। ਐਨਾ ਵੱਡਾ ਵਿਦਵਾਨ ਹੋਣ ਦੇ ਬਾਵਜੂਦ ਓਸਨੇ ਸ਼੍ਰੀ ਰਾਮ ਚੰਦਰ ਜੀ ਨਾਲ਼ ਟੱਕਰ ਲਈ। ਸਿਰਫ਼ ਇੱਕ ਹੰਕਾਰ ਕਰਕੇ ਉਹ ਆਪਣੀ ਨਿਮਰਤਾ ਨੂੰ ਭੁੱਲ ਗਿਆ। ਸਭ ਕੁਝ ਜਾਣਦਿਆਂ ਬੁਝਦਿਆਂ ਓਹਦੀ ਅਕਲ ਤੇ ਇਹੋ ਜਿਹਾ ਪਰਦਾ ਪਿਆ ਕਿ ਆਪਣੀ ਹੀ ਮੌਤ ਨੂੰ ਆਪ ਸਹੇੜ ਲਿਆ। ਅੱਜ ਇੱਥੇ ਕੁੱਝ ਉਦਾਹਰਣਾਂ ਰਾਹੀਂ ਸਮਝਦੇ ਹਾਂ ਕਿ ਹੰਕਾਰ ਕੀ ਕੁੱਝ ਕਰ ਸਕਦਾ ਹੈ। ਸੱਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋ ਸਕੀਆਂ ਭੈਣਾਂ ਦੀ। ਦੋਵਾਂ ਭੈਣਾਂ ਵਿੱਚ ਬਹੁਤ ਪਿਆਰ ਸੀ। ਵਿਆਹ ਤੋਂ ਬਾਅਦ ਵੱਡੀ ਭੈਣ ਦੇ ਘਰ ਦੋ ਪੁੱਤਰ ਹੋ ਗਏ ਤੇ ਦੂਜੀ ਦੇ ਦੋ ਕੁੜੀਆਂ ਹੋ ਗਈਆਂ। ਹੁਣ ਅਕਸਰ ਹੀ ਵੱਡੀ ਭੈਣ ਛੋਟੀ ਨੂੰ ਹੰਕਾਰਵਸ ਕਹਿੰਦੀ ਰਹਿੰਦੀ ਕਿ ਤੈਨੂੰ ਇੱਕ ਹੋਰ ਬੱਚੇ ਬਾਰੇ ਸੋਚਣਾ ਚਾਹੀਦਾ ਹੈ, ਕੁੜੀਆਂ ਜਿੰਨੀਆਂ ਮਰਜ਼ੀ ਆਪਣੀਆਂ ਹੋਣ ਪਰ ਸਹੁਰੇ ਤਾਂ ਤੋਰਨੀਆਂ ਹੀ ਹਨ ਕਿ ਘਰੇ ਬਿਠਾ ਕੇ ਰਖੇਂਗੀ? ਮੈਨੂੰ ਤਾਂ ਵਧੀਆ ਕਿ ਰੱਬ ਨੇ ਇੱਕ ਦੀ ਥਾਂ ਦੋ ਪੁੱਤਰ ਦੇ ਦਿੱਤੇ। ਮੈਂ ਤਾਂ ਚਿੰਤਾ ਮੁਕਤ ਹੋ ਗਈ। ਹੁਣ ਛੋਟੀ ਭੈਣ ਬੇਸ਼ੱਕ ਪੜੀ-ਲਿਖੀ ਤੇ ਅਗਾਂਹਵਧੂ ਸੋਚ ਕਰਕੇ ਮੁੰਡੇ ਕੁੜੀ ਵਿੱਚ ਫ਼ਰਕ ਨਹੀਂ ਕਰਦੀ ਸੀ ਪਰ ਭੈਣ ਦੀਆਂ ਕਹੀਆਂ ਗੱਲਾਂ ਉਸਨੂੰ ਅਕਸਰ ਰੁਆ ਦਿੰਦੀਆਂ।
ਹੁਣ ਗੱਲ ਕਰੀਏ ਮਾਂ ਬਾਪ ਦੀ। ਕਈ ਵਾਰੀ ਅਮੀਰ ਮਾਂ ਬਾਪ ਵੀ ਧੀ ਨੂੰ ਤਾਹਨੇ ਮਾਰਨ ਤੋਂ ਪਿੱਛੇ ਨਹੀਂ ਹਟਦੇ ਜਾਂ ਉਹ ਮਹਿੰਗੇ ਤੋਂ ਮਹਿੰਗੀ ਚੀਜ਼ ਲੈ ਕੇ ਜਾਂਦੇ ਹਨ ਤੇ ਜਵਾਈ ਦੇ ਆਤਮ ਸਨਮਾਨ ਨੂੰ ਝੰਜੋੜਦੇ ਹਨ। ਇਸੇ ਤਰ੍ਹਾਂ ਅਮੀਰ ਭਰਾ ਗਰੀਬ ਭੈਣ,ਭਰਾ ਨੂੰ ਜਾਂ ਅਮੀਰ ਭੈਣਾਂ ਆਪਣੇ ਗਰੀਬ ਭਰਾਵਾਂ ਜਾਂ ਕਈ ਵਾਰ ਤਾਂ ਮਾਪਿਆਂ ਨੂੰ ਵੀ ਨੀਵਾਂ ਦਿਖਾਉਣ ਤੋਂ ਨਹੀਂ ਟਲ਼ਦੀਆਂ। ਭਾਬੀਆਂ ਨਣਦਾਂ ਨੂੰ ਤੇ ਨਣਦਾਂ ਭਾਬੀਆਂ ਨੂੰ ਹੰਕਾਰ ਵਿੱਚ ਬਹੁਤ ਕੁੱਝ ਕਹਿ ਦਿੰਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰ ਬੱਚੇ ਵੀ ਹੰਕਾਰੇ ਹੋਏ ਹੁੰਦੇ ਹਨ ਤੇ ਮਾਂ ਬਾਪ ਨੂੰ ਵੀ ਬੇਇੱਜ਼ਤ ਕਰਨ ਵਿੱਚ ਦੇਰ ਨਹੀਂ ਲਗਾਉਂਦੇ।
ਹੁਣ ਇਹ ਤਾਂ ਗੱਲ ਸੀ ਰਿਸ਼ਤੇ ਨਾਤਿਆਂ ਦੀ। ਇਸ ਤੋਂ ਇਲਾਵਾ ਅਸੀਂ ਆਪਣੇ ਮੂਹਰੇ ਕੰਮ ਕਰਨ ਵਾਲਿਆਂ ਨਾਲ਼ ਵੀ ਘੱਟ ਨਹੀਂ ਕਰਦੇ। ਕੁੱਝ ਫੈਕਟਰੀਆਂ, ਕਾਰਖਾਨਿਆਂ ਜਾਂ ਸਕੂਲਾਂ ਦੇ ਮਾਲਕ ਹੁੰਦੇ ਹਨ ਤੇ ਪੈਸੇ ਦੇ ਹੰਕਾਰ ਵਿੱਚ ਚੂਰ ਹੁੰਦੇ ਹਨ। ਆਪਣੇ ਕਰਮਚਾਰੀਆਂ ਦੀ ਸ਼ਰੇਆਮ ਇੱਜ਼ਤ ਉੱਤਾਰ ਦਿੰਦੇ ਹਨ। ਮਕਾਨ ਮਾਲਕ ਕਿਰਾਏਦਾਰਾਂ ਤੋਂ ਪੈਸੇ ਵੀ ਲੈਂਦੇ ਹਨ ਤੇ ਫੇਰ ਵੀ ਉਹਨਾਂ ਨੂੰ ਆਪਣੇ ਮਕਾਨ ਵਿੱਚ ਰੱਖ ਕੇ ਅਹਿਸਾਨ ਹੀ ਕਰਦੇ ਹਨ। ਸਕੂਲ ਵਿੱਚ ਅਧਿਆਪਕ ਬੇਸ਼ੱਕ ਬਹੁਤ ਪੜ੍ਹੇ ਲਿਖੇ ਹੁੰਦੇ ਹਨ ਪਰ ਸਕੂਲ ਮਾਲਕ ਜਾਂ ਮੁੱਖੀ ਉਹਨਾਂ ਦੀ ਬੇਇਜ਼ਤੀ ਕਰਨ ਲੱਗੇ ਇੱਕ ਮਿੰਟ ਵੀ ਨਹੀਂ ਲਗਾਉਂਦੇ।ਕਈ ਤਾਂ ਬੱਚਿਆਂ ਦੇ ਸਾਹਮਣੇ ਹੀ ਉਹਨਾਂ ਦੇ ਇੱਜ਼ਤਦਾਰ ਅਧਿਆਪਕਾਂ ਦੀ ਇੱਜ਼ਤ ਉਤਾਰ ਕੇ ਰੱਖ ਦਿੰਦੇ ਹਨ। ਬਾਅਦ ਵਿੱਚ ਬੱਚੇ ਵੀ ਉਹਨਾਂ ਦੀ ਇੱਜ਼ਤ ਨਹੀਂ ਕਰ ਪਾਉਂਦੇ। ਵਿਚਾਰੇ ਅਧਿਆਪਕ ਬੇਰੁਜ਼ਗਾਰ ਹੋਣ ਤੋਂ ਡਰਦੇ ਚੁੱਪ ਰਹਿੰਦੇ ਹਨ। ਜਿਹੜੇ ਬੋਲ ਪੈਂਦੇ ਹਨ ਭਾਵ ਗ਼ਲਤ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਂਦਾ ਹੈ।
ਹਰ ਦਿਨ, ਹਰ ਪਲ ਅਸੀਂ ਇਸ ਹੰਕਾਰ ਕਰਕੇ ਪਤਾ ਨਹੀਂ ਕਿੰਨਿਆਂ ਜੀਆਂ ਨੂੰ ਦੁੱਖੀ ਕਰਦੇ ਹਾਂ। ਪਰ ਕਿਉਂ….? ਉਸ ਸਰੀਰ ਕਰਕੇ…..?ਜੀਹਦਾ ਕੋਈ ਸਥਿਰ ਵਜ਼ੂਦ ਨਹੀਂ ਹੈ, ਉਸ ਪੈਸੇ ਲਈ…..?ਜਿਹੜਾ ਅਸੀਂ ਇਸੇ ਧਰਤੀ ਤੇ ਛੱਡ ਜਾਣਾ ਹੈ, ਉਹਨਾਂ ਕੋਠੀਆਂ ਕਾਰਾਂ ਆਦਿ ਕਰਕੇ….?ਜਿਹਨਾਂ ਵਿੱਚ ਅਸੀਂ ਆਪ ਹੀ ਪ੍ਰਾਹੁਣੇ ਹਾਂ, ਉੱਚੀ ਤੇ ਵੱਡੀ ਸੋਚ ਕਰਕੇ…..?ਜਿਹੜੀ ਕੁਦਰਤ ਵਲੋਂ ਬਖਸ਼ੀ ਗਈ ਹੈ। ਉਸ ਗਿਆਨ ਕਰਕੇ……? ਜਿਹੜਾ ਮਾਲਕ ਦੀ ਮਿਹਰ ਨਾਲ ਮਿਲ਼ਦਾ ਹੈ। ਉਹਨਾਂ ਬੱਚਿਆਂ ਕਰਕੇ……? ਜਿਹੜੇ ਜਿਉਂਦੇ ਜੀਅ ਛੱਡ ਜਾਂਦੇ ਹਨ।
ਫ਼ਿਰ ਕੀ ਹੈ ਆਪਣਾ ?ਕਾਹਦਾ ਤੇ ਕਿਸ ਚੀਜ਼ ਦਾ ਹੰਕਾਰ ਹੈ? ਕਿਉਂ ਮਾਣ ਕਰਦੇ ਹਾਂ ਉਹਨਾਂ ਚੀਜ਼ਾਂ ਦਾ ਜਿਹੜੀਆਂ ਸਥਿਰ ਹੈ ਹੀ ਨਹੀਂ ਤੇ ਸਾਡੀ ਜ਼ਿੰਦਗੀ ਵੀ ਸਦੈਵ ਨਹੀਂ ਹੈ।
ਹੰਕਾਰ ਛੱਡ ਦਿਓ। ਵੇਖੋ ਫਿਰ ਕਿਵੇਂ ਨਰਮ ਹੁੰਦੀ ਹੈ ਆਕੜੀ ਹੋਈ ਕਾਇਆ। ਇਹ ਜਿਹੜਾ ਧੌਣ ਵਿੱਚ ਸਰੀਆ ਹੁੰਦਾ ਇਹ ਬੰਦੇ ਨੂੰ ਚੰਗੀ ਤਰ੍ਹਾਂ ਜਿਊਣ ਨਹੀਂ ਦਿੰਦਾ। ਉਹਨੂੰ ਸਿਰਫ਼ ਆਪਣਾ ਆਪ ਹੀ ਅਹਿਮ ਲੱਗਦਾ ਹੈ, ਬਾਕੀ ਸੱਭ ਕੁੱਝ ਫਜ਼ੂਲ ਲੱਗਦਾ ਹੈ।
ਇਸ ਲਈ ਆਓ…..
ਇਹ ਜ਼ਿੰਦਗੀ ਹਸੀਨ ਬਣਾਈਏ।
ਹੈਂਕੜ ਛੱਡ ਕੇ ਪਿਆਰ ਵਧਾਈਏ।
ਮਿੱਠੀ ਬੋਲੀ ਬੋਲ ਕੇ ਸੱਭ ਨਾਲ਼,
ਰੂਹ ਨੂੰ ਫੁੱਲਾਂ ਵਾਂਗ ਮਹਿਕਾਈਏ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly