ਦਖ਼ਲ-ਅੰਦਾਜ਼ੀ

(ਸਮਾਜਵੀਕਲੀ) ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਿਮਰ ਨੂੰ ਰਾਹੁਲ ਨਾਲ਼ ਪਿਆਰ ਹੋ ਗਿਆ ਸੀ। ਪਹਿਲਾਂ ਪਹਿਲ ਦੋਹਾਂ ਦੀ ਗੱਲ ਬਾਤ ਕੰਟੀਨ ਵਿੱਚ ਇੱਕਠੇ ਚਾਹ ਪੀਣ ਤੱਕ ਸੀਮਤ ਸੀ। ਫਿਰ ਹੌਲੀ ਹੌਲੀ ਉਹਨਾਂ ਨੇ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫ਼ੈਸਲਾ ਲਿਆ। ਦੋਵਾਂ ਨੇ ਆਪਣੇ ਆਪਣੇ ਘਰ ਗੱਲ ਕੀਤੀ । ਸਿਮਰ ਦੇ ਮਾਪੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ। ਕਈ ਵਾਰ ਤਾਂ ਇਸ ਪਿੱਛੇ ਉਸ ਦੇ ਮਾਪੇ ਉਸ ਤੋਂ ਫੋ਼ਨ ਖੋਹ ਲੈਂਦੇ ਸਨ।ਪਰ ਕਿਵੇਂ ਨਾ ਕਿਵੇਂ ਉਹ ਰਾਹੁਲ ਨੂੰ ਆਪਣਾ ਸੁੱਖ ਸੁਨੇਹਾ ਦੇ ਦਿੰਦੀ ਸੀ। ਘਰ ਵਿੱਚ ਤਣਾਅ ਦਾ ਮਾਹੌਲ ਬਣਿਆ ਰਹਿੰਦਾ। ਦੂਜੇ ਪਾਸੇ ਰਾਹੁਲ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਕਰਕੇ ਉਸ ਦੇ ਮਾਪੇ ਰਾਜ਼ੀ ਸਨ। ਇੱਕ ਦਿਨ ਸਿਮਰ ਨੇ ਘਰੋਂ ਭੱਜ ਕੇ ਰਾਹੁਲ ਨਾਲ ਚੋਰੀ ਚੋਰੀ ਵਿਆਹ ਕਰਵਾ ਲਿਆ।
                   ਰਾਹੁਲ ਦੇ ਘਰ ਵਿੱਚ ਉਨ੍ਹਾਂ ਦੋਨਾਂ ਤੋਂ ਇਲਾਵਾ ਉਸ ਦੇ ਮਾਂ ਬਾਪ ਹੀ ਰਹਿੰਦੇ ਸਨ।ਸਿਮਰ ਨੂੰ ਘਰ ਵਿੱਚ ਸਾਰਿਆਂ ਤੋਂ ਬਹੁਤ ਪਿਆਰ ਮਿਲਦਾ ਸੀ।ਉਹ ਵੀ ਆਪਣੇ ਮਾਂ ਬਾਪ ਨੂੰ ਵਸ ਕੇ ਦਿਖਾਉਣਾ ਚਾਹੁੰਦੀ ਸੀ। ਰਾਹੁਲ ਦੇ ਮਾਤਾ-ਪਿਤਾ ਵੀ ਦੋਵੇਂ ਪੜ੍ਹੇ-ਲਿਖੇ ਸਨ।ਉਹ ਉਸ ਦੀ ਹਰ ਰੀਝ ਪੂਰੀ ਕਰਦੇ। ਵੈਸੇ ਸਿਮਰ ਦਾ ਸੁਭਾਅ ਤਾਂ ਪੇਕੇ ਘਰ ਤੋਂ ਹੀ ਬਹੁਤ ਵਧੀਆ ਨਹੀਂ ਸੀ। ਉਹ ਬਹੁਤ ਘੁੰਮਡੀ ਕੁੜੀ ਸੀ। ਵਿਆਹ ਨੂੰ ਛੇ ਮਹੀਨੇ ਲੰਘੇ ਸਨ ਕਿ ਉਹ ਆਪਣੇ ਗੁਸੈਲੇ ਅਤੇ ਘੁਮੰਡੀ ਸੁਭਾਅ ਦਾ ਰੰਗ ਦਿਖਾਉਣ ਲੱਗੀ।ਕਦੇ-ਕਦੇ ਉਹ ਰਾਹੁਲ ਨਾਲ ਵੀ ਝਗੜਾ ਕਰ ਲੈਂਦੀ। ਰਾਹੁਲ ਦੀ ਮਾਂ ਤਾਂ ਸਿਮਰ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੀ, ਉਸ ਨੂੰ ਕਦੇ ਵੀ ਊਟ-ਪਟਾਂਗ ਬੋਲ ਦਿੰਦੀ ਤਾਂ ਮਾਂ ਸਹਿਜੇ ਹੀ ਕਹਿ ਦਿੰਦੀ ,”ਚੱਲ ਕੋਈ ਨਾ ਨਿਆਣੀ ਆ,ਜੇ ਮੇਰੀ ਢਿੱਡੋਂ ਜੰਮੀ ਧੀ ਹੁੰਦੀ ਤਾਂ ਉਹਦਾ ਕਿਹੜਾ ਮੈਂ ਗੁੱਸਾ ਕਰਨਾ ਸੀ।”ਪਰ ਉਹ ਡਰਦੀ ਉਸ ਨੂੰ ਇੱਕ ਲਫ਼ਜ਼ ਨਾ ਬੋਲਦੀ ਪਤਾ ਨਹੀਂ ਕਿਹੜੇ ਵੇਲੇ ਉਸ ਨੇ ਬਾਤ ਦਾ ਬਤੰਗੜ ਬਣਾ ਦੇਣਾ ਹੁੰਦਾ ਸੀ।
                    ਵਿਆਹ ਤੋਂ ਡੇਢ ਕੁ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਸਾਰੇ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ।ਮੁੰਡਾ ਸੱਤ ਮਹੀਨੇ ਦਾ ਹੋ ਗਿਆ ਸੀ ਤੇ ਲੋਹੜੀ ਵੀ ਆ ਗਈ ਸੀ।ਸਾਰੇ ਬਹੁਤ ਖੁਸ਼ ਸਨ। ਆਪਣੇ ਘਰ ਦੇ ਚਿਰਾਗ ਦੀ ਪਹਿਲੀ ਲੋਹੜੀ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ।ਸਿਮਰ ਦੇ ਪੇਕਿਆਂ  ਨਾਲ ਮਿਲਵਰਤਣ ਸ਼ੁਰੂ ਕਰਨ ਦੇ ਬਹਾਨੇ  ਉਹਨਾਂ ਨੂੰ ਵੀ ਸੱਦਾ ਭੇਜਿਆ ਗਿਆ। ਸਿਮਰ ਦੇ ਪੇਕਿਆਂ ਨੂੰ ਵੀ ਲੱਗਿਆ ਕਿ ਹੁਣ ਉਹਨਾਂ ਦੀ ਧੀ ਵਸ ਗਈ ਹੈ ਇਸ ਲਈ ਉਹਨਾਂ ਨੇ ਜੋ ਖਰਚਾ ਵਿਆਹ ਤੇ ਕਰਨਾ ਸੀ ਸਾਰਾ ਦਾਜ-ਦਹੇਜ ਅਤੇ ਗੱਡੀ ਇਸ ਲੋਹੜੀ ਦੇ ਸਮਾਗਮ ਸਮੇਂ ਦੇ ਕੇ ਗਏ। ਜਦ ਕਿ ਰਾਹੁਲ ਦੇ ਮਾਤਾ-ਪਿਤਾ ਇਸ ਪੱਖ ਵਿੱਚ ਬਿਲਕੁਲ ਨਹੀਂ ਸਨ।ਸਭ ਕੁਝ ਖੁਸ਼ੀ-ਖੁਸ਼ੀ ਨਿਪਟ ਗਿਆ ਪਰ ਸਿਮਰ ਦੇ ਮਾਪਿਆਂ ਦੇ ਮਨ ਦੀ ਕੜਵਾਹਟ ਦੂਰ ਨਾ ਹੋਈ।
                           ਹੁਣ ਸਿਮਰ ਅਕਸਰ ਆਪਣੀ ਮਾਂ ਨਾਲ ਫੋਨ ਤੇ ਗੱਲਬਾਤ ਕਰਦੀ ਰਹਿੰਦੀ।ਉਸ ਦੀ ਮਾਂ ਇੱਕ ਅਨਪੜ੍ਹ ਔਰਤ ਸੀ। ਪਰ ਉਹ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੀ ਸੀ।ਉਸ ਨੇ ਸਿਮਰ ਨੂੰ ਕਿਹਾ,”ਤੂੰ ਐਨੀ ਪੜ੍ਹੀ ਹੋਈ ਹੈਂ, ਤੂੰ ਘਰ ਰਹਿ ਕੇ ਰੋਟੀਆਂ ਸੇਕਣ ਜੋਗੀ ਈ ਰਹਿਣਾ? ਜਵਾਕ ਆਪੇ ਤੇਰੀ ਸੱਸ ਸੰਭਾਲੂ, ਤੂੰ ਕੋਈ ਨੌਕਰੀ ਲੱਭ ਨਾਲ਼ੇ ਆਪਣੇ ਚਾਰ ਪੈਸੇ ਜੋੜ।” ਰਾਹੁਲ ਦੇ ਨਾ ਚਾਹੁੰਦੇ ਹੋਏ ਵੀ ਉਸ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਰਾਹੁਲ ਦੀ ਮਾਂ ਉਸ ਦੇ ਨੌਕਰੀ ਕਰਦੇ ਕਰਕੇ ਹੁਣ ਉਸ ਤੋਂ ਕੋਈ ਕੰਮ ਨਾ ਕਰਵਾਉਂਦੀ ਸਗੋਂ ਉਸ ਨੂੰ ਤਾਜ਼ਾ ਖਾਣਾ ਬਣਾ ਕੇ ਉਸ ਨੂੰ ਟਿਫ਼ਨ ਖੁਦ ਬਣਾ ਕੇ ਦਿੰਦੀ। ਘਰ ਵਿੱਚ ਉਸ ਦੇ ਅਰਾਮ ਦਾ ਪੂਰਾ ਖਿਆਲ ਰੱਖਿਆ ਜਾਂਦਾ।ਫਿਰ ਵੀ ਉਹ ਕਿਸੇ ਨੂੰ ਸਿੱਧੇ ਮੂੰਹ ਨਾ ਬੁਲਾਉਂਦੀ। ਕਮਰੇ ਵਿੱਚ ਬੰਦ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ। ਰਾਹੁਲ ਨੂੰ ਵੀ ਆਪਣੀ ਨੌਕਰੀ ਦਾ ਰੋਹਬ ਦੇਣ ਲੱਗੀ। ਜੇ ਕਿਤੇ ਰਾਹੁਲ ਦੀ ਮਾਂ ਕੋਲ ਗੋਦੀ ਚੁੱਕਿਆਂ ਉਸ ਦੇ ਮੁੰਡੇ ਨੇ ਰੋ ਪੈਣਾ ਤਾਂ ਉਸ ਨੇ ਕਈ ਗੱਲਾਂ ਸੱਸ ਨੂੰ ਸੁਣਾ ਦੇਣੀਆਂ। ਸਹੁਰੇ ਨੇ ਘਰ ਦਾ ਮਾਹੌਲ ਠੀਕ ਰੱਖਣ ਲਈ ਆਪਣੀ ਪਤਨੀ ਨੂੰ ਹੀ ਡਾਂਟ ਦੇਣਾ ਤਾਂ ਜੋ ਸਿਮਰ ਸ਼ਾਂਤ ਤੇ ਖੁਸ਼ ਰਹੇ।
                  ਹੁਣ ਮਾਂ ਦਾ ਫ਼ੋਨ ਸਵੇਰ ਦੇ ਉੱਠਣ ਤੋਂ ਰਾਤ ਦੇ ਸੌਣ ਵੇਲੇ ਤੱਕ ਪਤਾ ਨਹੀਂ ਕਿੰਨੀ ਕੁ ਵਾਰ ਆਉਂਦਾ। ਘਰ ਦੀ ਇੱਕ ਇੱਕ ਗੱਲ ਉਹ ਆਪਣੀ ਮਾਂ ਨਾਲ ਕਰਦੀ।ਉਸ ਦੀ ਮਾਂ ਉਸ ਨੂੰ ਕਹਿੰਦੀ,” ਧੀਏ ਦਬ ਕੇ ਨੀਂ ਰਹੀਦਾ ਹੁੰਦਾ,ਜੇ ਤੂੰ ਇੱਕ ਵਾਰੀ ਦਬ ਗਈ ਤਾਂ ਸਾਰੇ ਟੱਬਰ ਨੇ ਤੇਰੇ ਤੇ ਛਾਪਾ ਪਾ ਲੈਣਾ,ਕੈੜੀ ਹੋ ਕੇ ਰਿਹਾ ਕਰ, ਨਾਲ਼ੇ ਅਸੀਂ ਕਿਹੜਾ ਕੋਈ ਕਮੀ ਰੱਖੀ ਆ, ਅਗਲਿਆਂ ਦਾ ਘਰ ਭਰ ਦਿੱਤਾ।”ਮਾਂ ਦੀ ਸ਼ਹਿ ਕਰਕੇ ਘਰ ਵਿੱਚ ਸਾਰਿਆਂ ਨਾਲ ਸਿਮਰ ਦਾ ਵਰਤਾਰਾ ਬਦ ਤੋਂ ਬਦਤਰ ਹੁੰਦਾ ਗਿਆ। ਰਾਹੁਲ ਨੇ ਡਰਦੇ ਡਰਦੇ ਕਈ ਵਾਰੀ ਸਮਝਾਉਣ ਲੱਗਣਾ ਤਾਂ ਉਲਟਾ ਕਲੇਸ਼ ਕਰ ਦੇਣਾ ਤੇ ਕਹਿਣਾ,”ਤੇਰੀ ਮਾਂ ਨੇ ਤੈਨੂੰ ਚੱਕ ਦਿੱਤਾ ਹੈ,ਇਹ ਭੋਲ਼ੀ ਬਣ ਕੇ ਪਖੰਡ ਕਰਦੀ ਆ,ਇਹ ਹੈ ਬੜੀ ਚੰਟ-ਚਲਾਕ ਜ਼ਨਾਨੀ।”ਹੁਣ ਉਹ ਬਹੁਤ ਮਜ਼ਬੂਰ ਹੋ ਗਿਆ ਸੀ।ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ।ਉਹ ਸੋਚਦਾ ਸਾਡੇ ਦੇਸ਼ ਦਾ ਕਾਨੂੰਨ ਵੀ ਤਾਂ ਲੜਕੀਆਂ ਦੇ ਪੱਖ ਦੀ ਹੀ ਗੱਲ ਕਰਦਾ ਹੈ।ਉਸ ਨੂੰ ਲੱਗਦਾ ਜਿਵੇਂ ਉਸ ਲਈ ਸਾਰੇ ਰਸਤੇ ਬੰਦ ਹੋ ਗਏ ਹੋਣ।
                           ਰਾਹੁਲ ਬੁਝਿਆ ਬੁਝਿਆ ਰਹਿਣ ਲੱਗ ਪਿਆ।ਉਹ ਆਪਣੀ ਨੌਕਰੀ ਨੂੰ ਜ਼ਿਆਦਾ ਤਰਜੀਹ ਦੇਣ ਲੱਗਾ । ਦੂਜੇ ਪਾਸੇ ਸਿਮਰ ਦੀ ਦੁਨੀਆ ਸਿਰਫ਼ ਉਸ ਦੀ ਮਾਂ ਦੇ ਫ਼ੋਨਾਂ ਤੱਕ ਹੀ ਸੀਮਤ ਰਹਿ ਗਈ ਸੀ।  ਦੋਹਾਂ ਵਿਚਲਾ ਵਿਆਹ ਤੋਂ ਪਹਿਲਾਂ ਵਾਲ਼ਾ ਪਿਆਰ ਤਾਂ ਖੰਭ ਲਾਕੇ ਉਡ ਹੀ ਗਿਆ ਸੀ ਪਰ ਸਿਮਰ ਦੁਆਰਾ ਰਾਹੁਲ ਦੀ ਮਾਂ ਪ੍ਰਤੀ ਨਫ਼ਰਤ ਉਸ ਦਾ ਕਲੇਜਾ ਕੱਢ ਲੈਂਦੀ। ਕਈ ਵਾਰ ਉਹ ਇਕੱਲਾ ਬਹਿ ਕੇ ਰੋ ਲੈਂਦਾ। ਉਹ ਮਨ ਹੀ ਮਨ ਵਿੱਚ ਮਾਂ ਤੋਂ ਮਾਫ਼ੀ ਮੰਗਦਾ।ਉਹ ਸ਼ਿਕਾਇਤ ਵੀ ਕਿਸ ਕੋਲ ਕਰਦਾ? ਵਿਆਹ ਵੀ ਤਾਂ ਉਸ ਨੇ ਆਪਣੀ ਪਸੰਦ ਦੀ ਕੁੜੀ ਨਾਲ ਕਰਵਾਇਆ ਸੀ।
                            ਰਾਹੁਲ ਨੂੰ ਕਿਸੇ  ਵਿਦੇਸ਼ੀ ਕੰਪਨੀ ਵਿੱਚ ਪੱਕੀ ਨੌਕਰੀ ਮਿਲ ਗਈ।ਉਸ ਨੇ ਚੁੱਪ ਚੁਪੀਤੇ ਆਪਣੇ ਮਾਂ ਬਾਪ ਅਤੇ ਬੇਟੇ ਦੇ ਕਾਗਜ਼ ਤਿਆਰ ਕਰਵਾਏ।ਆਪਣਾ ਘਰ ਉਸ ਨੇ ਪਹਿਲਾਂ ਹੀ ਵੇਚਣਾ ਲਾਇਆ ਹੋਇਆ ਸੀ ਤਾਂ ਜੋ ਉਹ ਹੋਰ ਵੱਡਾ ਘਰ ਬਣਾਉਣਾ ਚਾਹੁੰਦੇ ਸਨ। ਉਹਨਾਂ ਦਾ ਘਰ ਵਿਕ ਗਿਆ ਸੀ। ਉਸ ਨੇ ਸਿਮਰ ਨੂੰ ਜ਼ਰਾ ਜਿੰਨੀ ਵੀ ਸੂਹ ਨਹੀਂ ਸੀ ਲੱਗਣ ਦਿੱਤੀ। ਸਿਮਰ ਘਰ ਵਿੱਚ ਬਗੈਰ ਕਿਸੇ ਤੋਂ ਆਗਿਆ ਲਏ ਆਪਣੇ ਦਫ਼ਤਰ ਦੇ ਚਾਰ ਦਿਨਾਂ ਦੇ ਟੂਰ ਤੇ ਘੁੰਮਣ ਗਈ ਹੋਈ ਸੀ। ਜਾਂਦੇ ਜਾਂਦੇ ਆਪਣੇ ਸਹੁਰੇ ਨੂੰ ਆਪਣੇ ਪੁੱਤਰ ਦਾ ਧਿਆਨ ਰੱਖਣ ਲਈ ਕਹਿ ਗਈ ਸੀ। ਮਗਰੋਂ ਰਾਹੁਲ ਆਪਣੇ ਮਾਤਾ-ਪਿਤਾ ਅਤੇ ਪੁੱਤਰ ਨਾਲ ਵਿਦੇਸ਼ ਚਲਾ ਗਿਆ ਸੀ।ਜਦ ਸਿਮਰ ਟੂਰ ਤੋਂ ਵਾਪਸ ਆਈ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ।ਰਾਹੁਲ ਵੱਲੋਂ ਸਿਮਰ ਦੇ ਨਾਂ ਇੱਕ ਚਿੱਠੀ ਲਿਖੀ ਹੋਈ ਸੀ ਜੋ ਉਹ ਜਾਂਦਾ ਹੋਇਆ ਗੁਆਂਢੀਆਂ ਦੇ ਘਰ ਦੇ ਗਿਆ ਸੀ। ਉਸ ਵਿੱਚ ਉਸਨੇ ਇਹੀ ਲਿਖਿਆ ਸੀ , “ਸਿਮਰ ਮੈਂ ਤੈਨੂੰ ਇਸ ਘਰ ਵਿੱਚ ਬਹੁਤ ਰੀਝਾਂ ਨਾਲ ਲੈ ਕੇ ਆਇਆ ਸੀ।  ਮੈਂ ਅਤੇ ਮੇਰੇ ਪਰਿਵਾਰ ਨੇ ਤੈਨੂੰ ਖੁਸ਼ ਰੱਖਣ ਦੀ ਅਤੇ ਆਪਣਾ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤੂੰ  ਪੰਜ ਸਾਲ ਇਸ ਘਰ ਵਿੱਚ ਬਿਗਾਨਿਆਂ ਵਾਂਗ ਹੀ ਰਹੀ, ਹੁਣ ਅਸੀਂ ਤੇਰੀ ਪਹੁੰਚ ਤੋਂ ਬਹੁਤ ਦੂਰ ਜਾ ਰਹੇ ਹਾਂ।ਹੁਣ ਆਪਾਂ ਕਦੇ ਨਹੀਂ ਮਿਲਾਂਗੇ।ਸਦਾ ਖੁਸ਼ ਰਹਿ।”  ਸਿਮਰ ਦੀਆਂ ਅੱਖਾਂ ਅੱਗੇ ਧੁੰਦ ਦਾ ਪਰਦਾ ਜਿਹਾ ਆ ਗਿਆ। ਰਾਹੁਲ ਨਾਲ ਪਿਆਰ ਤੋਂ ਲੈਕੇ ਹੁਣ ਤੱਕ ਦੀ ਜ਼ਿੰਦਗੀ ਇੱਕ ਫ਼ਿਲਮ ਦੀ ਰੀਲ ਵਾਂਗ ਘੁੰਮ ਰਹੀ ਸੀ।ਉਸ ਨੂੰ ਸਾਰਿਆਂ ਦੀ ਨਿਮਰਤਾ ਅਤੇ ਪਿਆਰ ਯਾਦ ਆ ਰਿਹਾ ਸੀ।ਉਸ ਨੇ ਕੰਬਦੇ ਹੱਥਾਂ ਨਾਲ ਫੋਨ ਕੱਢਿਆ ਰਾਹੁਲ ਅਤੇ ਪਰਿਵਾਰ ਤੋਂ ਮਾਫ਼ੀ ਮੰਗਣ ਲਈ ਫੋਨ  ਲਾਇਆ ਪਰ ਬਹੁਤ ਦੇਰ ਹੋ ਚੁੱਕੀ ਸੀ। ਮਾਂ ਨੂੰ ਫ਼ੋਨ ਲਾਉਣ ਦੀ ਉਹ ਹਿੰਮਤ ਨਹੀਂ ਕਰ ਪਾਈ। ਉਹ ਬਿਨਾਂ ਮੰਜ਼ਿਲ ਵੱਲ ਪੈਰ ਵਧਾਏ ਇਹ ਸੋਚਦੀ ਤੁਰੀ ਜਾ ਰਹੀ ਸੀ ਕਿ ਜੇਕਰ ਉਸ ਦੀ ਮਾਂ ਦੀ ਦਖਲਅੰਦਾਜ਼ੀ ਨਾ ਹੁੰਦੀ ਤਾਂ ਅੱਜ ਉਸ ਦਾ ਸਵਰਗ ਵਰਗਾ ਘਰ ਖਤਮ ਨਾ ਹੁੰਦਾ।

ਬਰਜਿੰਦਰ ਕੌਰ ਬਿਸਰਾਓ…

9988901324

ਸਮਾਜਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNatWest appoints new global chairs for their Sikh Network
Next articleਜਿਲਾ ਬਾਰ ਐਸੋਸਿਏਸ਼ਨ, ਜਲੰਧਰ, ਵੱਲੋ ਸੰਵਿਧਾਨ ਦਿਵਸ ਬੜੀ ਧੁਮ-ਧਾਮ ਨਾਲ ਮਨਾਇਆ ਗਿਆ