ਸਿਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਪੜਤਾਲ

 

  • ਪੁਲੀਸ ਨੂੰ ਜਾਂਚ ਜਲਦੀ ਨੇਪਰੇ ਚਾੜ੍ਹਨ ਦੇ ਨਿਰਦੇਸ਼
  • ਸਾਬਕਾ ਮੁੱਖ ਮੰਤਰੀ ਤੋਂ ਦੂਜੀ ਵਾਰ ਕੀਤੀ ਗਈ ਹੈ ਪੁੱਛ-ਪੜਤਾਲ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਸਮੇਂ ਸਾਲ 2015 ਦੌਰਾਨ ਵਾਪਰੇ ਕੋਟਕਪੂਰਾ ਪੁਲੀਸ ਗੋਲੀ ਕਾਂਡ ਦੀ ਤਫ਼ਤੀਸ਼ ਸਬੰਧੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਪੜਤਾਲ ਕੀਤੀ ਗਈ। ‘ਸਿਟ’ ਮੁਖੀ ਐੱਲ.ਕੇ. ਯਾਦਵ ਦੀ ਅਗਵਾਈ ਹੇਠ ਤਿੰਨ ਪੁਲੀਸ ਅਧਿਕਾਰੀਆਂ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਇਥੇ ਸੈਕਟਰ 9 ਸਥਿਤ ਨਿੱਜੀ ਰਿਹਾਇਸ਼ ਵਿੱਚ ਦੋ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ। ਬਰਗਾੜੀ ਵਿੱਚ ਲੱਗੇ ਧਰਨੇ ਕਾਰਨ ‘ਆਪ’ ਸਰਕਾਰ ਨੇ ਪੁਲੀਸ ਨੂੰ ਜਾਂਚ ਦਾ ਅਮਲ ਛੇਤੀ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਬਾਦਲਾਂ ਦੀ ਸੈਕਟਰ 9 ਸਥਿਤ ਨਿੱਜੀ ਰਿਹਾਇਸ਼ ’ਤੇ ਪੁੱਛਗਿੱਛ ਕਰਨ ਲਈ ਪਹੁੰਚੀ। ਪੁਲੀਸ ਅਧਿਕਾਰੀਆਂ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਤੋਂ ਕੋਟਕਪੂਰਾ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਸਵਾਲ ਪੁੱਛੇ। ਸੂਤਰਾਂ ਦਾ ਦੱਸਣਾ ਹੈ ਕਿ ਸਿਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਮੁੱਖ ਮੰਤਰੀ ਹੁੰਦਿਆਂ ਇਸ ਗੋਲੀ ਕਾਂਡ ਦੀ ਜਾਣਕਾਰੀ ਕਦੋਂ, ਕਿਵੇਂ ਅਤੇ ਕਿਸ ਰਾਹੀਂ ਲੱਗੀ। ਕੋਟਕਪੂਰਾ ਵਿੱਚ ਪੁਲੀਸ ਗੋਲੀ ਕਾਂਡ ਕਿਵੇਂ ਅਤੇ ਕਿਉਂ ਵਾਪਰਿਆ। ਸਰਕਾਰ ਵੱਲੋਂ ਘਟਨਾ ਉਪਰੰਤ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਪੱਧਰ ’ਤੇ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ‘ਸਿਟ’ ਵੱਲੋਂ ਕੀਤੇ ਜਿਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਹੈ, ਉਨ੍ਹਾਂ ਦੀ ਪ੍ਰਮਾਣਿਕਤਾ ਦੇਖੀ ਜਾਵੇਗੀ ਤੇ ਪੁਲੀਸ ਦਾ ਰਿਕਾਰਡ ਵੀ ਘੋਖਿਆ ਜਾਵੇਗਾ।

ਸਾਬਕਾ ਮੁੱਖ ਮੰਤਰੀ ਨੂੰ ਕੋਟਕਪੂਰਾ ਗੋਲੀ ਕਾਂਡ ਦੀ ਤਫਤੀਸ਼ ਵਿੱਚ ਦੂਜੀ ਵਾਰ ‘ਸਿਟ’ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਤੋਂ ਇਸ ਗੋਲੀ ਕਾਂਡ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਪੁੱਛਗਿੱਛ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ‘ਸਿਟ’ ਵੱਲੋਂ ਕੀਤੀ ਗਈ ਸੀ। ਇਸ ਸਿੱਟ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਨੂੰ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਤਾਂ ਕੈਪਟਨ ਸਰਕਾਰ ਵੱਲੋਂ ਐਲ.ਕੇ. ਯਾਦਵ ਦੀ ਅਗਵਾਈ ਹੇਠ ਨਵੀਂ ‘ਸਿਟ’ ਕਾਇਮ ਕੀਤੀ ਗਈ। ‘ਸਿਟ’ ਨੇ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵੀ ਪੁੱਛਗਿੱਛ ਲਈ ਸੱਦਿਆ ਸੀ, ਪਰ ਸ੍ਰੀ ਬਾਦਲ ਤੋਂ ਹੁਣ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਹੈ। ਇਸ ਸਿਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਹੁਣ ਤੱਕ ਰਿਪੋਰਟ ਨਹੀਂ ਦਿੱਤੀ ਗਈ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਜਲਦੀ ਨੇਪਰੇ ਚਾੜ੍ਹਨਾ ਚਾਹੁੰਦੀ ਹੈ, ਤਾਂ ਜੋ ਅਕਾਲੀਆਂ ਤੇ ਕਾਂਗਰਸੀਆਂ ਵਾਂਗ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਨਾ ਹੋਵੇ। ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲੀਸ ਗੋਲੀ ਕਾਂਡਾਂ ਲਈ ਵਿਰੋਧੀਆਂ ਵੱਲੋਂ ਬਾਦਲ ਪਰਿਵਾਰ ਨੂੰ ਲਗਾਤਾਰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ ਵੱਲੋਂ ਜਾਂਚ ਰਿਪੋਰਟ ਕੈਪਟਨ ਸਰਕਾਰ ਨੂੰ ਸੌਂਪੀ ਗਈ ਸੀ। ਸਿਆਸੀ ਪਾਰਟੀਆਂ ਲਈ ਚਿੰਤਾ ਦੀ ਗੱਲ ਇਹ ਵੀ ਹੈ ਕਿ ਪੰਜਾਬ ’ਚ ਸੱਤ ਸਾਲ ਪਹਿਲਾਂ ਵਾਪਰੀਆਂ ਇਨ੍ਹਾਂ ਘਟਨਾਵਾਂ ਦਾ ਸਿਆਸੀ ਅਸਰ ਅਜੇ ਤੱਕ ਵੇਖਣ ਨੂੰ ਮਿਲਦਾ ਹੈ। ਇਹੀ ਵਜ੍ਹਾ ਹੈ ਕਿ ‘ਆਪ’ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਵਿੱਚ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਧਰ ਬਰਗਾੜੀ ਵਿੱਚ ਸਿੱਖ ਸੰਗਠਨਾਂ ਨੇ ਮੋਰਚਾ ਲਾਇਆ ਹੋਇਆ ਹੈ। ਇਸ ਲਈ ਸਰਕਾਰ ਨੇ ਜਾਂਚ ਪੜਤਾਲ ਜਲਦੀ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਹਨ।

‘ਸਿਟ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ’

‘ਸਿੱਟ’ ਵੱਲੋਂ ਕੀਤੀ ਪੁੱਛਗਿੱਛ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਹਤ ਭਾਵੇਂ ਨਾਸਾਜ਼ ਹੈ, ਪਰ ਉਹ ਪੁਲੀਸ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਹਰ ਸਮੇਂ ਤਿਆਰ ਹਨ ਕਿਉਂਕਿ ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਜ਼ਿਆਦਾ ਨਾਸਾਜ਼ ਹੈ। ਉਹ ਇੱਥੇ ਸੈਕਟਰ 9 ਵਿੱਚ ਆਪਣੀ ਨਿੱਜੀ ਰਿਹਾਇਸ਼ ’ਤੇ ਡਾਕਟਰਾਂ ਦੀ ਦੇਖ ਰੇਖ ਹੇਠ ਰਹਿ ਰਹੇ ਹਨ। ਬਾਦਲਾਂ ਦੇ ਪਰਿਵਾਰਕ ਸੂਤਰਾਂ ਦਾ ਦੱਸਣਾ ਹੈ ਕਿ ਕੁਝ ਦਿਨ ਤਾਂ ਸ੍ਰੀ ਬਾਦਲ ਬਿਨਾਂ ਸਹਾਰੇ ਤੋਂ ਉਠਣ ਅਤੇ ਲੇਟਣ ਤੋਂ ਵੀ ਅਸਮਰੱਥ ਸਨ। ਰੀੜ੍ਹ ਦੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਰਾਜ ਬਹਾਦਰ ਤੇ ਹੋਰ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।

‘ਜਾਂਚ ਦਾ ਸਿਆਸੀਕਰਨ ਕੀਤਾ ਜਾ ਰਿਹੈ’

ਸਾਬਕਾ ਮੁੱਖ ਮੰਤਰੀ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਰਾਹ ’ਤੇ ਚੱਲਦਿਆਂ ਜਾਂਚ ਦਾ ਸਿਆਸੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਇਨ੍ਹਾਂ ਕੇਸਾਂ ਵਿੱਚ ਹੁਣ ਤੱਕ ਕੋਈ ਕਾਰਵਾਈ ਨਾ ਕਰਨਾ, ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ। ਸੂਬਾ ਸਰਕਾਰ ਬਹਿਬਲ ਕਲਾਂ ਤੇ ਕੋਟਕਪੁਰਾ ਵਿਚ ਪੁਲੀਸ ਫਾਇਰਿੰਗ ਦੇ ਸੰਵੇਦਨਸ਼ੀਲ ਮਾਮਲਿਆਂ ’ਤੇ ਰਾਜਨੀਤੀ ਖੇਡ ਰਹੀ ਹੈ ਤੇ ਇਸ ਨੂੰ ਦੋਸ਼ੀਆਂ ਨੂੰ ਫੜਨ ਤੇ ਸਜ਼ਾਵਾਂ ਦੇਣ ਵਿਚ ਕੋਈ ਦਿਲਚਸਪੀ ਨਹੀਂ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੌਰੰਗਾ ਕਬੱਡੀ ਕੱਪ ਨੇ ਜਿੱਤੇ ਸਭ ਦੇ ਦਿਲ ,ਲੋਕਾਂ ਨੇ ਕੋਵਿਡ ਤੋਂ ਬਾਅਦ ਲਗਵਾਈ ਭਰਵੀਂ ਹਾਜ਼ਰੀ ਖਿਡਾਰੀਆਂ ਦੇ ਹੋਏ ਡਰੱਗ ਟੈਸਟ |
Next articleਭਾਰਤ ਦਾ ਕਰਜ਼ਾ ਅਨੁਪਾਤ ਜੀਡੀਪੀ ਦਾ 84 ਫੀਸਦ ਰਹਿਣ ਦੀ ਪੇਸ਼ੀਨਗੋਈ