-ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਪਰਵਾਸ ਸਾਡੇ ਲਈ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਭਾਵੇਂ ਉਹ ਮਨੁੱਖ ਦਾ ਹੋਵੇ ਜਾਂ ਪੰਛੀਆਂ ਦਾ। ਦੇਸ਼ ਵਿੱਚੋ ਬਹੁਤ ਸਾਰੇ ਪੰਛੀ ਅਲੋਪ ਹੁੰਦੇ ਜਾ ਰਹੇ ਹਨ। ਭਾਵ ਉਹ ਸਾਡੇ ਦੇਸ਼ ਤੋਂ ਕਿਤੇ ਦੂਰ ਜਾ ਰਹੇ ਹਨ। ਇਸੇ ਚਿੰਤਾ ਵਿੱਚ ਚਿੰਤਕ ਅਤੇ ਖੋਜਕਾਰ ਲੇਖਕ ਮਹਿੰਦਰ ਸਿੰਘ ਰਾਹੀ ਹੁਰਾਂ ਨੇ ਹਾਲ ਹੀ ਵਿੱਚ ਚਿੜੀਆਂ ਨਾਲ ਸਬੰਧਤ ਪੁਸਤਕ ” ਮੁੜ ਆਈਆਂ ਚਿੜੀਆਂ” ਦੇ ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਈ ਹੈ।
ਮਹਿੰਦਰ ਸਿੰਘ ਰਾਹੀ ਅਜਿਹੀਆਂ ਖੋਜ ਵਾਲੀਆਂ ਪੁਸਤਕਾਂ ਦੀ ਸਿਰਜਣਾ ਕਰਦੇ ਰਹਿੰਦੇ ਹਨ। ਉਹਨਾਂ ਦੀਆਂ ਬਲਾਇੰਡ ਡਾਂਸ, ਗੁਰੂ ਸਾਹਿਬਾਨਾਂ ਅਤੇ ਭਗਤਾਂ ਬਾਰੇ ਹੁਣ ਤੱਕ ਤੇਰਾਂ ਪੰਜਾਬੀ ਅਤੇ ਤਿੰਨ ਹਿੰਦੀ ਪੁਸਤਕਾਂ ਸਾਹਿਤਕ ਖੇਤਰ ਵਿੱਚ ਪਰਵੇਸ਼ ਕਰ ਚੁੱਕੀਆਂ ਹਨ ਅਤੇ ਹਥਲੀ ਪੁਸਤਕ ਚੌਦਵੀਂ ਪੰਜਾਬੀ ਵਿਚ ਮੁੜ ਆਈਆਂ ਚਿੜੀਆਂ ਹੈ ਜਿਸ ਵਿਚ ਚਿੜੀਆਂ ਬਾਰੇ ਲੇਖ ਦਰਜ ਹਨ। ਇਸ ਨੂੰ ਦੀ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਉਹਨਾਂ ਨੇ ਚਿੜੀ ਨਾਲ ਸਾਂਝ, ਚਿੜੀਆਂ ਦੀਆਂ ਵੀਹ ਕਿਸਮਾਂ, ਲੇਖਕਾਂ ਅਤੇ ਕਵੀਆਂ ਦੀਆਂ ਨਜ਼ਰਾਂ ਵਿੱਚ ਚਿੜੀ, ਘਰੇਲੂ ਚਿੜੀ ਦੀ ਆਬਾਦੀ ਘਟਣ ਦੇ ਕਾਰਨ ਅਤੇ ਦੂਜੇ ਭਾਗ ਵਿੱਚ ਪੰਛੀਆਂ ਦੀ ਉਤਪਤੀ ਅਤੇ ਵਿਕਾਸ, ਮਹੱਤਵ, ਪੰਛੀਆਂ ਦਾ ਸਨਾਤਨ ਇਤਿਹਾਸ ਨਾਲ ਸਬੰਧ, ਧੌਲਾ, ਪਿੰਡ ਨਿਧਾਂ ਵਾਲਾ ਅਤੇ ਬੱਡਬਰ ਦੇ ਫਾਰਮਾਂ ਵਿੱਚ ਨਰ ਮਾਦੇ ਆਦਿ ਦੀ ਗਿਣਤੀ ਦੇ ਚਾਰਟ ਵੀ ਸ਼ਾਮਲ ਕੀਤੇ ਹਨ।
ਪੁਸਤਕ ਵਿਚ ਸਪੇਨ, ਯੂਨਾਨ ਅਤੇ ਉੱਤਰੀ ਅਫ਼ਰੀਕਾ ਦੇ ਕੁਝ ਭਾਗਾਂ ਵਿੱਚ ਘਰੇਲੂ ਚਿੜੀਆਂ ਅਤੇ ਵਿੱਲੋ ਚਿੜੀਆਂ ਨੇੜੇ ਨੇੜੇ ਰਹਿਣ ਅਤੇ ਉਹਨਾਂ ਦੇ ਵਰਤੋਂ ਵਿਹਾਰ ਬਾਰੇ ਦੱਸਿਆ ਗਿਆ ਹੈ। ਭਾਰਤੀ ਭਾਸ਼ਾਵਾਂ ਵਿਚ ਚਿੜੀ ਦੇ ਨਾਮ, ਚਿੜੀਆਂ ਬਾਰੇ ਕਵਿਤਾਵਾਂ, ਗੀਤਾਂ ਦਾ ਜ਼ਿਕਰ ਵੀ ਹੈ ਜਿਹਨਾਂ ਨੂੰ ਪ੍ਰਤੀਕ ਦੇ ਤੌਰ ਤੇ ਵੀ ਵਰਤਿਆ ਗਿਆ ਹੈ ਜਿਵੇਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ, ਚਿੜੀ ਚਹੁਕਦੀ ਨਾਲ ਉੱਠ ਤੁਰੇ ਪਾਂਧੀ ਆਦਿ ਮਿਲਦੇ ਹਨ। ਇਸ ਨਿੱਕੇ ਜਿਹੇ ਪੰਛੀ ਵਲੋ ਚੀਨ ਵਰਗੇ ਦੇਸ਼ ਦੇ ਨਾਸੀਂ ਧੂੰਆਂ ਕਿਵੇਂ ਲਿਆਂਦਾ, ਇਸ ਦੀ ਉਡਾਰੀ ਵੱਧ ਤੋਂ ਵੱਧ ਪੰਦਰਾਂ – ਵੀਹ ਮਿੰਟਾਂ ਦੀ ਹੈ, ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਰੋਕਣ ਲਈ ਖੇਤ ਵਿੱਚ ਬਾਂਸ ਗਡੇ ਜਾਂਦੇ ਸਨ ਆਦਿ।
ਇਸ ਕਿਤਾਬ ਅਨੁਸਾਰ ਮਨੁੱਖ ਦਾ ਦਿਲ ਪ੍ਰਤੀ ਮਿੰਟ 72 ਵਾਰ, ਚਿੜੀ ਦਾ 460 ਵਾਰ, ਕਾਂ ਦਾ 342 ਵਾਰ ਅਤੇ ਕਬੂਤਰ ਦਾ 244 ਵਾਰ ਧੜਕਦਾ ਹੈ। ਕੁਦਰਤ ਨੇ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਇਹਨਾਂ ਪੰਛੀਆਂ ਦੀ ਲਗਾਈ ਹੈ ਜਿਵੇਂ ਗਿਰਝਾਂ, ਇੱਲ੍ਹ,ਕਾਂ ਮਰੇ ਹੋਏ ਜਾਨਵਰਾਂ ਨੂੰ ਖਾ ਕੇ ਉਹਨਾਂ ਤੋਂ ਫੈਲਣ ਵਾਲੇ ਰੋਗਾਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਲੇਖਕ ਅਨੁਸਾਰ ਅੱਜ ਤੋਂ ਢਾਈ ਲੱਖ ਸਾਲ ਪਹਿਲਾਂ 11500 ਕਿਸਮ ਦੇ ਪੰਛੀ ਇਥੇ ਨਿਵਾਸ ਕਰਦੇ ਸਨ।
ਪੰਛੀਆਂ ਦੇ ਬੱਚੇ ਕੱਢਣ ਦੇ ਸਮੇਂ ਬਾਰੇ ਵੀ ਵਰਨਣ ਮਿਲਦਾ ਹੈ ਕਿ ਇਸ ਨੂੰ ਤਿੰਨ ਰੁੱਤਾਂ ਵਿਚ ਵੰਡਿਆ ਹੈ। ਪੰਛੀਆਂ ਦੀਆਂ ਕਈ ਕਿਸਮਾਂ ਮਾਨਸੂਨ ਵਿਚ, ਸ਼ਿਕਾਰੀ ਪੰਛੀ ਗਰਮੀ ਰੁੱਤ ਅਤੇ ਪ੍ਰਵਾਸੀ ਪੰਛੀ ਸਰਦ ਰੁੱਤ ਵਿੱਚ ਬੱਚੇ ਪੈਦਾ ਕਰਦੇ ਹਨ। ਸਨਾਤਨ ਇਤਿਹਾਸ ਨਾਲ ਸਬੰਧਤ ਪੰਛੀ ਹੰਸ, ਕਬੂਤਰ, ਕਾਂ, ਕੂੰਜ, ਟਟੀਹਰੀ, ਤੋਤਾ, ਬਾਜ ਆਦਿ ਦਾ ਜਿਕਰ ਕੀਤਾ ਗਿਆ ਹੈ।
ਇਸ ਤਰ੍ਹਾਂ ਖੋਜਕਾਰ ਮਹਿੰਦਰ ਸਿੰਘ ਰਾਹੀ ਦਾ ਇਹ ਮਹਤਵਪੂਰਣ ਕਾਰਜ ਹੈ ਜਿਹੜਾ ਅੱਜ ਦੇ ਨੌਜਵਾਨਾਂ ਦੀ ਜਾਣਕਾਰੀ ਲਈ ਬਹੁਤ ਵਡਮੁੱਲਾ ਅਤੇ ਵਧੀਆ ਦਸਤਾਵੇਜ ਹੈ। ਇਸ ਪੁਸਤਕ ਨੂੰ ਜੀ ਆਇਆਂ ਨੂੰ ਆਖਣਾ ਬਣਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



