(ਸਮਾਜ ਵੀਕਲੀ)– ਅੰਤਰਰਾਸ਼ਟਰੀ ਮਹਿਲਾ ਦਿਵਸ( ਇੰਟਰਨੈਸ਼ਨਲ ਵੂਮੈਨ ਡੇ ) ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ ।ਇਸ ਦਿਨ ਵੱਖ ਵੱਖ ਥਾਵਾਂ ਤੇ ਨਾਰੀ ਸੰਮੇਲਨ ਕਰਵਾਏ ਜਾਂਦੇ ਹਨ ਅਤੇ ਜਿਨ੍ਹਾਂ ਔਰਤਾਂ ਨੇ ਕਿਸੇ ਵੀ ਖੇਤਰ ਵਿੱਚ ਕੋਈ ਉਪਲੱਬਧੀ ਹਾਸਲ ਕੀਤੀ ਹੈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਜੋ ਇੱਕ ਚੰਗੀ ਗੱਲ ਹੈ । ਸਦੀਆਂ ਤੋਂ ਔਰਤ ਦੀ ਤਰਸਯੋਗ ਹਾਲਤ ਵਿੱਚ ਬੇਸ਼ੱਕ ਕੁਝ ਸੁਧਾਰ ਹੋਇਆ ਹੈ ਪਰੰਤੂ ਅਜੇ ਵੀ ਔਰਤਾਂ ਦੀ ਹਾਲਤ ਕੋਈ ਜ਼ਿਆਦਾ ਬਿਹਤਰ ਨਹੀਂ ਹੈ ।ਕੀ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਸਾਲ ਵਿੱਚ ਇੱਕ ਦਿਨ ਮਨਾ ਲੈਣਾ ਕਾਫ਼ੀ ਹੈ ? ਕੀ ਸੱਚਮੁੱਚ ਉਸ ਨੂੰ ਮਰਦ ਦੇ ਬਰਾਬਰ ਸਮਝਿਆ ਜਾਂਦਾ ਹੈ ? ਸਾਡੇ ਦੇਸ਼ ਦੀਆਂ 80% ਔਰਤਾਂ ਨੂੰ ਇਸ ਦਿਨ ਦੀ ਕੋਈ ਜਾਣਕਾਰੀ ਨਹੀਂ ਹੈ ।
ਇਹ ਦਿਨ ਕੁਝ ਪਡ਼੍ਹੀਆਂ ਲਿਖੀਆਂ ਔਰਤਾਂ ਜਾਂ ਸ਼ਹਿਰੀ ਖੇਤਰਾਂ ਤੱਕ ਹੀ ਸੀਮਤ ਹੈ । ਗ਼ਰੀਬ ਔਰਤਾਂ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਚਲਾਉਂਦੀਆਂ ਨੇ ਅਤੇ ਜੋ ਅੌਰਤਾਂ ਪੂਰਾ ਦਿਨ ਚੁੱਲ੍ਹੇ ਚੌਂਕੇ ਦੇ ਕੰਮਾਂ ਕਰਨ ਚ ਲੱਗੀਆਂ ਰਹਿੰਦੀਆਂ ਹਨ ਉਨ੍ਹਾਂ ਨੂੰ ਇਹ ਦਿਨ ਮਨਾਉਣ ਜਾਂ ਨਾ ਮਨਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ । ਪੜ੍ਹਾਈ ਲਿਖਾਈ ਚ ਔਰਤਾਂ ਹੁਣ ਕਾਫ਼ੀ ਅੱਗੇ ਆਈਆਂ ਹਨ। ਉਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਚੰਗੀਆਂ ਪੁਜੀਸ਼ਨਾਂ ਵੀ ਹਾਸਲ ਕੀਤੀਆਂ ਹਨ ਪ੍ਰੰਤੂ ਅਜੇ ਵੀ ਔਰਤਾਂ ਦੀ ਗਿਣਤੀ ਲੋਕ ਸਭਾ ਵਿੱਚ 10% ਅਤੇ ਰਾਜ ਸਭਾ ਵਿਚ 5% ਤੋਂ ਵੀ ਘੱਟ ਹੈ ਜੇਕਰ ਔਰਤ ਸਰਪੰਚ ਵੀ ਬਣਦੀ ਹੈ ਤਾਂ ਵੀ ਉਹ ਸਿਰਫ਼ ਨਾਮ ਦੀ ਹੀ ਹੁੰਦੀ ਹੈ ਕੰਮ ਕਾਰ ਉਸ ਦੇ ਪਤੀ ਜਾਂ ਪੁੱਤਰ ਹੀ ਕਰਦੇ ਹਨ । ਸੰਸਦ ਵਿੱਚ ਵੀ ਔਰਤਾਂ ਦੀ ਗਿਣਤੀ ਦੇ ਮੱਦੇਨਜ਼ਰ ਭਾਰਤ ਦੀ ਗਿਣਤੀ ਅਖੀਰਲੇ ਦੇਸ਼ਾਂ ਵਿੱਚ ਹੈ । ਸਾਲ ਵਿੱਚ ਇੱਕ ਵਾਰ ਮਹਿਲਾ ਦਿਵਸ ਮਨਾ ਲੈਣ ਨਾਲ ਔਰਤਾਂ ਦੀ ਸਥਿਤੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਔਰਤ ਦੀ ਦਸ਼ਾ ਸੁਧਾਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਵੀ ਯੋਜਨਾਵਾਂ ਔਰਤਾਂ ਲਈ ਬਣਾਉਣ ਉਹ ਇਸ ਦਿਨ ਲਾਗੂ ਕੀਤੀਆਂ ਜਾਣ ਤਾਂ ਜੋ ਹਰ ਅਮੀਰ ਗ਼ਰੀਬ ਮਹਿਲਾ ਨੂੰ ਇਸ ਦਾ ਮਤਲਬ ਸਮਝ ਆ ਜਾਵੇ ।ਕੇਵਲ ਕਿਰਾਏ ਮੁਆਫ਼ ਕਰ ਦੇਣ ਨਾਲ ਔਰਤ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾ । ਰਾਜਨੀਤੀ ਵਿੱਚ ਉਸ ਦੀ ਗਿਣਤੀ 50% ਪ੍ਰਤੀਸ਼ਤ ਲਾਜ਼ਮੀ ਕੀਤੀ ਜਾਵੇ । ਉਸ ਦੀ ਸਿੱਖਿਆ ਮੁਫ਼ਤ ਕੀਤੀ ਜਾਵੇ ਤਾਂ ਜੋ ਹਰ ਗ਼ਰੀਬ ਔਰਤ ਵੀ ਪੜ੍ਹ ਲਿਖ ਕੇ ਰਾਜਨੀਤੀ ਦਾ ਹਿੱਸਾ ਬਣੇ ।ਉਸ ਨੂੰ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਹੱਕ ਦਿੱਤੇ ਜਾਣ ਜੋ ਮਹਿਲਾ ਦਿਵਸ ਮਨਾਉਣ ਦਾ ਅਸਲੀ ਮਕਸਦ ਪੂਰਾ ਹੋ ਸਕੇ ।
ਸੁਰਿੰਦਰ ਕੌਰ ਨਗਾਰੀ (ਮੁਹਾਲੀ )6283188928
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly