ਸਮਾਜ ਤੇ ਮਹਿਲਾ ਸ਼ਕਤੀਕਰਨ
ਡਾ.ਪ੍ਰਿਤਪਾਲ ਸਿੰਘ ਮਹਿਰੋਕ
ਸੰਪਰਕ : 98885-10185
(ਸਮਾਜ ਵੀਕਲੀ) ਔਰਤ ਸਮਾਜ ਦਾ ਪੂਰਨ ਅੱਧ ਸਮਝੇ ਜਾਣ ਦੀ ਹੈਸੀਅਤ ਦੀ ਮਾਲਕ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਔਰਤ ਦੀ ਸਮਾਜਿਕ ਸਥਿਤੀ ‘ਤੇ ਵਿਚਾਰ ਕੀਤੀ ਜਾਂਦੀ ਹੈ ਤੇ ਤਰਕ ਵਿਤਰਕ ਦਾ ਸਿਲਸਿਲਾ ਚੱਲਦਾ ਹੈ। ਭਾਰਤੀ ਸਮਾਜ ਦੀਆਂ ਜੜ੍ਹਾਂ ਉਸ ਸਮਾਜ ਵਿੱਚ ਹਨ, ਜਿਥੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕਦੇ ਗ਼ੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਉਸਨੂੰ ਜਨਮ ਸਮੇਂ ਸਰਾਪ, ਵਿਆਹ ਸਮੇਂ ਭਾਰ ਅਤੇ ਵਿਆਹ ਤੋਂ ਬਾਅਦ ਬੇਹੱਦ ਬੋਝਲ ਤੇ ਅਨੇਕ ਪ੍ਰਕਾਰ ਦੇ ਦਬਾਵਾਂ ਹੇਠ ਜੀਵਨ ਜੀਉਣਾ ਪੈਂਦਾ ਸੀ।ਔਰਤ ਸਮੇਂ ਸਮੇਂ ਹਿੰਸਾ, ਸ਼ੋਸ਼ਣ ਤੇ ਅਪਰਾਧ ਦੀ ਸ਼ਿਕਾਰ ਹੁੰਦੀ ਰਹੀ ਹੈ। ਇੱਕੀਵੀਂ ਸਦੀ ਤੱਕ ਪਹੁੰਚ ਕੇ ਔਰਤ ਅਬਲਾ ਨਹੀਂ ਸੀ ਰਹਿਣੀ ਚਾਹੀਦੀ। ਪਰ ਭਾਰਤ ਵਰਗੇ ਬਹੁ- ਭਾਂਤੀ ਦੇਸ਼ ਵਿੱਚ ਔਰਤ ਅਜੇ ਵੀ ਬਹੁਤੀਆਂ ਹਾਲਤਾਂ ਵਿੱਚ ਅਤਿ ਦਰਜੇ ਦੀ ਗ਼ਰੀਬੀ, ਗੁਰਬਤ, ਜਹਾਲਤ, ਅਨਪੜ੍ਹਤਾ, ਅਗਿਆਨਤਾ, ਹਨੇਰੇ, ਗ਼ੁਲਾਮੀ ਆਦਿ ਦੀ ਅਵਸਥਾ ਵਿੱਚ ਵਿਚਰਦੀ ਆ ਰਹੀ ਹੈ। ਕੋਈ ਸਮਾਂ ਸੀ ਜਦੋਂ ਧੀ ਦੇ ਜਨਮ ਲੈਣ ਨਾਲ ਪੁਰਸ਼ ਸਮਾਜ ਆਪਣੇ ਮਾਣ-ਸਨਮਾਨ ਨੂੰ ਢਾਹ ਲੱਗਣ ਬਾਰੇ ਸੋਚ ਕੇ ਚਿੰਤਿਤ ਹੋ ਜਾਂਦਾ ਸੀ। ਧੀਆਂ ਨੂੰ ਜਨਮ ਸਾਰ ਮਾਰ-ਮੁਕਾ ਦਿੱਤਾ ਜਾਂਦਾ ਸੀ। ਉਸਦੀ ਹੋਂਦ ਨੂੰ ਹੀ ਅਣਡਿੱਠ ਕਰ ਦਿੱਤਾ ਜਾਂਦਾ ਸੀ। ਉਸਨੂੰ ‘ਪਰਾਇਆ ਧੰਨ’ ਦੀ ਸੰਗਿਆ ਦਿੱਤੀ ਜਾਂਦੀ ਰਹੀ ਹੈ। ਜਦ ਕਿ ਔਰਤ ‘ਧੰਨ’ ਤਾਂ ਹੈ ਹੀ ਨਹੀਂ, ਸਗੋਂ ਘਰ/ਸਮਾਜ ਦਾ ਮਹੱਤਵਪੂਰਨ ਅੰਗ ਹੈ। ਧੀਆਂ ਪ੍ਰਤੀ ਅਜਿਹਾ ਨਿਰਦੱਈਪੁਣੇ ਵਾਲਾ ਰਵੱਈਆ ਇਸ ਸਮਾਜ ਦੀ ਬਹੁਤ ਵੱਡੀ ਵਿਡੰਬਨਾ ਰਹੀ ਹੈ। ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਮਾਪੇ ਆਪਣੇ ਘਰ ਪੁੱਤਰ ਦੇ ਜਨਮ ਲੈਣ ਦੀਆਂ ਅਰਜ਼ੋਈਆਂ ਕਰਦੇ ਰਹੇ ਹਨ। ਪੰਜਾਬੀ ਦੇ ਇਕ ਲੋਕ ਗੀਤ ਦੀਆਂ ਬਹੁਤ ਪ੍ਰਸਿੱਧ ਤੇ ਲੋਕ ਪ੍ਰਿਯ ਤੁਕਾਂ ਹਨ :
ਗੁੜ ਖਾਈਂ ਪੂਣੀ ਕੱਤੀਂ
ਆਪ ਨਾ ਆਈਂ, ਵੀਰੇ ਨੂੰ ਘੱਤੀਂ…
ਮਤਲਬ ਹੁਣ ਸਾਡੇ ਘਰ ਕੋਈ ਕੁੜੀ ਨਹੀਂ, ਸਗੋਂ ਪੁੱਤਰ ਹੀ ਜਨਮ ਲਵੇ ! ਜਦ ਕਿ ਸਿਆਣਿਆਂ ਦੇ ਕਹਿਣ ਅਨੁਸਾਰ-ਅਸਲੀਅਤ ਇਹ ਸਮਝਣੀ ਚਾਹੀਦੀ ਹੈ ਧੀਆਂ ਘਰ ਵਾਸਤੇ ਰੱਬੀ ਦਾਤ ਹੁੰਦੀਆਂ ਹਨ। ਕੁਦਰਤ ਦੀ ਬਖਸ਼ਿਸ਼ ਹੁੰਦੀਆਂ ਹਨ। ਧੀਆਂ ਨਾਲ ਘਰ ਵਿੱਚ ਬਰਕਤਾਂ ਦਾ ਵਾਧਾ ਹੁੰਦਾ ਹੈ ! ਧੀਆਂ ਲੱਛਮੀ ਦਾ ਰੂਪ ਹੁੰਦੀਆਂ ਹਨ ! ਕਹਿੰਦੇ ਹਨ ਕਈ ਹਾਲਤਾਂ ਵਿੱਚ ਧੀਆਂ ਦੇ ਜਨਮ ਨਾਲ ਘਰ ਨੂੰ ਭਾਗ ਲੱਗ ਜਾਂਦੇ ਹਨ। ਸੁੱਖਾਂ-ਖੁਸ਼ੀਆਂ ਨਾਲ ਘਰ ਮਾਲਾ-ਮਾਲ ਹੋ ਜਾਂਦਾ ਹੈ। ਫਿਰ ਵੀ, ਵੇਖਣ ਵਿੱਚ ਆਉਂਦਾ ਹੈ ਕਿ ਸਮਾਜ ਵਿੱਚ ਉਸਨੂੰ ਅਧੀਨ/ਨਿਮਨ ਸਥਿਤੀ ਵਿੱਚ ਰੱਖ ਕੇ ਵੇਖੇ ਜਾਣ ਦੀ ਮਾਨਸਿਕਤਾ ਅਜੇ ਵੀ ਕਾਇਮ ਹੈ। ਅਜਿਹੇ ਸਮਾਜਿਕ-ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਸਰਕਾਰੀ ਪੱਧਰ ‘ਤੇ ਅਤੇ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ ਵੱਲੋਂ ਕਦੇ ਬਾਲੜੀ ਦਿਵਸ, ਕਦੇ ਧੀ ਦਿਵਸ, ਕਦੇ ਅੰਤਰਰਾਸ਼ਟਰੀ ਮਹਿਲਾ ਦਿਵਸ, ਕਦੇ ਮਾਂ ਦਿਵਸ ਮਨਾਇਆ ਜਾਂਦਾ ਹੈ। ਸਿਰਫ ਕਾਰਵਾਈ ਪਾਉਣ ਵਾਸਤੇ ਅਜਿਹੇ ਦਿਵਸ ਮਨਾਉਣ ਦਾ ਓਨਾ ਚਿਰ ਤੱਕ ਕੋਈ ਫਾਇਦਾ ਨਹੀਂ, ਜਿੰਨਾ ਚਿਰ ਸਰਕਾਰਾਂ ਵੱਲੋਂ ਔਰਤ ਦੀ ਭਲਾਈ ਹਿਤ ਬਣਾਈਆਂ ਜਾਂਦੀਆਂ ਸਕੀਮਾਂ ਔਰਤਾਂ ਦੇ ਅਸਲ ਲੋੜਵੰਦ ਵਰਗ ਤੱਕ ਨਹੀਂ ਪਹੁੰਚਦੀਆਂ ਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਨਹੀਂ ਹੁੰਦਾ।
ਔਰਤ ਹੁਣ ਪੜ੍ਹ ਲਿਖ ਕੇ, ਨੌਕਰੀ ਕਰਕੇ, ਉੱਚੀਆਂ ਪਦਵੀਆਂ ਹਾਸਲ ਕਰਕੇ ਆਤਮ ਨਿਰਭਰ ਹੋ ਰਹੀ ਹੈ ਤੇ ਸਮਾਜ ਵਿੱਚ ਆਪਣਾ ਮਾਣ-ਸਨਮਾਨ ਵਧਾ ਰਹੀ ਹੈ। ਇਸ ਪਿੱਛੇ ਉਸਦੀ ਨਿਰੰਤਰ ਮਿਹਨਤ ਕੰਮ ਕਰਦੀ ਨਜ਼ਰ ਆਉਂਦੀ ਹੈ। ਕੁਝ ਕਰ ਵਿਖਾਉਣ ਦਾ ਇਰਾਦਾ ਉਸਨੂੰ ਪੁਰਸ਼ ਦੇ ਬਰਾਬਰ ਲਿਆ ਰਿਹਾ ਹੈ। ਉੱਚੇ ਉੱਚੇ ਅਹੁਦਿਆਂ ‘ਤੇ ਪਹੁੰਚ ਕੇ, ਨਾਮਣਾ ਖੱਟਣ ਵਾਲੀਆਂ ਵੱਡੇ ਨਾਂਵਾਂ ਵਾਲੀਆਂ ਔਰਤਾਂ, ਔਰਤ ਦੇ ਆਤਮ ਸਨਮਾਨ ਤੇ ਗੌਰਵ ਦਾ ਬਿੰਬ ਬਣ ਗਈਆਂ ਹਨ।
ਔਰਤ ਨੂੰ ਸਮਾਜ ਵਿੱਚ ਉਸਦੇ ਹਿੱਸੇ ਦਾ ਬਣਦਾ ਮਾਣ-ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਅਜਿਹੇ ਮੁਕਾਮ ਤੱਕ ਪਹੁੰਚਣ ਲਈ ਉਸਨੂੰ ਸਮਾਜਿਕ-ਆਰਥਕ ਆਜ਼ਾਦੀ ਹਾਸਲ ਕਰਨ ਦੀ ਲੋੜ ਹੈ। ਔਰਤ ਨੂੰ ਮਿਲਣ ਵਾਲੇ ਸਮਾਜਿਕ-ਆਰਥਿਕ ਅਧਿਕਾਰਾਂ ਦੇ ਸਬੰਧ ਵਿੱਚ ਬਹੁਤੇ ਕਾਨੂੰਨ ਹੁਣ ਉਸਦੇ ਹੱਕ ਵਿੱਚ ਭੁਗਤਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਮਾਜ ਨੂੰ ਔਰਤ ਪ੍ਰਤੀ ਆਪਣੀ ਸੋਚ, ਨਜ਼ਰੀਆ ਤੇ ਵਿਵਹਾਰ ਬਦਲਣ ਦੀ ਵੀ ਲੋੜ ਹੈ।
ਸਮਾਜਿਕ ਸਰੋਕਾਰਾਂ ਨਾਲ ਜੁੜੇ ਚਿੰਤਕਾਂ ਤੇ ਸਮਾਜ ਵਿਗਿਆਨੀਆਂ ਨੇ ਭਾਰਤੀ ਮਹਿਲਾਵਾਂ ਦੀ ਪ੍ਰਤਿਭਾ, ਸ਼ਕਤੀ ਤੇ ਸਮਰੱਥਾ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੂੰ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਲਈ ਉੱਤਮ, ਪ੍ਰਭਾਵਸ਼ਾਲੀ ਤੇ ਕਾਰਗਰ ਹਥਿਆਰ ਮੰਨਿਆ ਹੈ। ਸਮਾਜਿਕ-ਆਰਥਿਕ ਤੌਰ ‘ਤੇ ਆਜ਼ਾਦ ਹੋ ਕੇ ਹੀ ਭਾਰਤੀ ਔਰਤ ਅੰਦਰ ਸਵੈਮਾਣ, ਸਵੈ- ਭਰੋਸਗੀ ਤੇ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਪਨਪ ਸਕਦਾ ਹੈ।
ਭਾਰਤ ਵਰਗੇ ਵੱਡੇ ਦੇਸ਼ ਵਿੱਚ ਔਰਤ ਦੀ ਦਸ਼ਾ ਦੇ ਕਈ ਦ੍ਰਿਸ਼ ਉਭਰਦੇ ਹਨ। ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਔਰਤ ਨੂੰ ਮਿਹਨਤ ਕਰਨੀ ਪੈਂਦੀ ਹੈ। ਉਸਨੂੰ ਪੁਰਸ਼ ਨਾਲੋਂ ਘੱਟ ਵੇਤਨ ਦਰਾਂ ‘ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਘੰਟਿਆਂ ਬੱਧੀ ਸਿਰ ‘ਤੇ ਬੋਝ ਉਠਾ ਕੇ ਖੂਨ ਪਸੀਨਾ ਵਹਾਉਣਾ ਪੈਂਦਾ ਹੈ। ਕਈ ਹਾਲਤਾਂ ਵਿੱਚ ਔਰਤ ਦਿਨ ਭਰ ਮਿਹਨਤ ਮਜਦੂਰੀ ਕਰਕੇ ਪੈਸਾ ਕਮਾਉਂਦੀ ਹੈ, ਆਪਣੇ ਬੱਚਿਆਂ ਲਈ ਰੋਟੀ-ਟੁੱਕ ਦਾ ਜੁਗਾੜ ਕਰਦੀ ਹੈ ਪਰ ਘਰ ਬੈਠਾ ਉਸਦਾ ਨਿਕੰਮਾ ਪਤੀ ਵਿਹਲਾ ਬੈਠ ਕੇ ਖਾਂਦਾ ਵੀ ਹੈ ਤੇ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਵੀ ਹੈ। ਅਨੇਕ ਦਬਾਵਾਂ ਹੇਠ ਕੰਮ ਕਰਨਾ ਉਸਦੀ ਮਜਬੂਰੀ ਬਣ ਜਾਂਦੀ ਹੈ। ਕਈ ਹਾਲਤਾਂ ਵਿੱਚ ਗ਼ਰੀਬੀ ਦੀ ਝਾੜੀ-ਝੰਭੀ ਔਰਤ ਭਾਵੁਕ ਤੇ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀ ਹੈ। ਘਰ ਦੀਆਂ ਜ਼ਿੰਮੇਵਾਰੀਆਂ ਉਸਨੂੰ ਬਹੁਤ ਬੁਰੀ ਤਰ੍ਹਾਂ ਤੋੜ ਸੁੱਟਦੀਆਂ ਹਨ। ਉਸਨੂੰ ਕਈ ਫਰੰਟਾਂ ‘ਤੇ ਲੜਾਈ ਲੜਨੀ ਪੈਂਦੀ ਹੈ। ਉਹ ਲੜਾਈ ਲੜਦੀ ਹੈ ਤੇ ਜੇਤੂ ਬਣਕੇ ਨਿਕਲਦੀ ਹੈ। ਭਾਰਤੀ ਔਰਤ ਦੀ ਬਹੁਗਿਣਤੀ ਵੱਲੋਂ ਰੋਟੀ-ਰੋਜ਼ੀ ਕਮਾਉਣ, ਆਪਣੀ ਆਜ਼ਾਦ ਹਸਤੀ ਸਾਬਤ ਕਰਨ ਤੇ ਸਵੈਮਾਣ ਵਾਲੀ ਜ਼ਿੰਦਗੀ ਜੀਉਣ ਦੀ ਦਿਸ਼ਾ ਵੱਲ ਪੁੱਟਿਆ ਇਹ ਪਹਿਲਾ ਕਦਮ ਸਮਝਿਆ ਜਾਣਾ ਚਾਹੀਦਾ ਹੈ।
ਜਿਸ ਦੇਸ਼ ਵਿੱਚ ਬਹੁਗਿਣਤੀ ਔਰਤ ਨੂੰ ਪੜ੍ਹਨ ਲਿਖਣ ਦੇ ਮੌਕੇ ਹੀ ਬਹੁਤ ਘੱਟ ਮਿਲਦੇ ਹੋਣ, ਉਥੇ ਉਹ ਨੌਕਰੀ ਹਾਸਲ ਕਰਨ ਦੀ ਤਵੱਕੋ ਕਿਵੇਂ ਕਰੇਗੀ ? ਸਮਾਜਿਕ-ਗ਼ੁਲਾਮੀ ਤੇ ਆਰਥਿਕ ਮੁਥਾਜੀ ਹੀ ਜਦੋਂ ਉਸਦੇ ਪੱਲੇ ਪੈਂਦੀ ਹੈ ਤਾਂ ਉਹ ਸਿਰ ਉਠਾ ਕੇ ਸਵੈਮਾਣ ਨਾਲ ਕਿਵੇਂ ਜੀਅ ਸਕੇਗੀ ? ਕੰਮ ਦੀ ਭਾਲ ਵਿੱਚ ਘਰੋਂ ਨਿਕਲਦੀ ਔਰਤ ਕਈ ਵਾਰ ਅਪਰਾਧ ਜਗਤ ਵਿੱਚ ਧਕੇਲ ਦਿੱਤੀ ਜਾਂਦੀ ਹੈ ਤੇ ਉਹ ਅਪਰਾਧ ਮਾਫ਼ੀਏ ਦੇ ਚੁੰਗਲ ਵਿੱਚ ਫਸ ਜਾਂਦੀ ਹੈ। ਸਮਾਜ ਵਿਰੋਧੀ ਅਨਸਰ ਉਸਨੂੰ ਗ਼ੁੰਮਰਾਹ ਕਰਦੇ ਹਨ। ਕੰਮ ਕਰਨ ਦੇ ਅਦਾਰਿਆਂ ਵਿੱਚ ਉਸਦਾ ਸ਼ੋਸ਼ਣ ਹੁੰਦਾ ਹੈ। ਉਹ ਸਮਾਜਿਕ ਹਿੰਸਾ ਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਫ਼ਰਜ਼ਾਂ ਤੋਂ ਬੇਮੁਖ ਹੋ ਕੇ ਦਿਸ਼ਾਹੀਣਤਾ ਦੀ ਦਲਦਲ ਵਿੱਚ ਧਸ ਜਾਣਾ ਹੀ ਉਸਦਾ ਮੁਕੱਦਰ ਬਣ ਜਾਂਦਾ ਹੈ। ਕਈ ਹਾਲਤਾਂ ਵਿੱਚ ਹੋਣੀ ਏਨੀਂ ਪ੍ਰਬਲ ਹੁੰਦੀ ਹੈ ਕਿ ਫ਼ਰਜ਼ਾਂ ਨੂੰ ਪਛਾਣ ਰਹੀ ਔਰਤ ਦੀ ਹਾਲਤ ਵੀ ਬਦ ਨਾਲੋਂ ਬਦਤਰ ਹੋ ਜਾਂਦੀ ਹੈ।
ਦੂਜੇ ਪਾਸੇ, ਵਿਸ਼ਵੀਕਰਨ ਦੇ ਇਸ ਦੌਰ ਵਿੱਚ ਤਕਨੀਕੀ ਕਰਾਂਤੀ ਦੀ ਬਦੌਲਤ ਭਾਰਤੀ ਨਾਰੀ ਨੂੰ ਵਿਭਿੰਨ ਖੇਤਰਾਂ ਵਿੱਚ ਰੁਜ਼ਗਾਰ ਦੇ ਅਨੇਕ ਅਵਸਰ ਮਿਲੇ ਹਨ ਤੇ ਮਿਲ ਰਹੇ ਹਨ। ਉੱਚ ਵਿਦਿਆ ਅਤੇ ਕੰਮ ਕਰਨ ਦੀ ਯੋਗਤਾ/ਸਮਰੱਥਾ ਹਾਸਲ ਕਰਕੇ ਔਰਤ ਪਬਲਿਕ ਸੈਕਟਰ ਤੇ ਕਾਰਪੋਰੇਟ ਸੈਕਟਰ ਵਿੱਚ ਅਹਿਮ ਪਦਾਂ ਤੱਕ ਪਹੁੰਚ ਗਈ ਹੈ ਤੇ ਵਧੀਆ ਤਨਖਾਹਾਂ ਹਾਸਲ ਕਰ ਰਹੀ ਹੈ। ਯੋਗਤਾ ਰੱਖਣ ਵਾਲੀਆਂ ਔਰਤਾਂ ਕੋਲ ਕੈਰੀਅਰ ਦੀ ਚੋਣ ਕਰਨ ਦੇ ਅਨੇਕ ਵਿਕਲਪ ਮੌਜੂਦ ਹਨ ਪਰ ਅਜਿਹੀ ਸ਼੍ਰੇਣੀ ਦੀ ਪ੍ਰਤੀਸ਼ੱਤਤਾ ਬਹੁਤ ਘੱਟ ਹੈ। ਸਾਧਨ-ਸੰਪੰਨ ਤੇ ਬਿਹਤਰ ਆਰਥਿਕਤਾ ਦੀਆਂ ਭਾਗੀ ਔਰਤਾਂ ਵਿੱਚੋਂ ਇਕ ਵਰਗ ਕਰੀਮੀ ਲੇਅਰ ਵਿੱਚ ਸ਼ੁਮਾਰ ਕੀਤਾ ਜਾਣ ਵਾਲਾ ਵਰਗ ਵੀ ਹੈ, ਜੋ ਵਧੇਰੇ ਗਿਣਤੀ ਦੀਆਂ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਤੋਂ ਅਭਿੱਜ ਹੈ। ਇਕ ਪਾਸੇ ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਜਦੋਂ ਔਰਤ ਗਲੈਮਰ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਦੂਜੇ ਪਾਸੇ ਗੁਰਬਤ ਗ਼ਰੀਬੀ ਨਾਲ ਜੂਝ ਰਹੀ ਔਰਤ ਦੀ ਹਾਲਤ ਵੀ ਦੁਹਾਈਆਂ ਮਚਾ ਰਹੀ ਹੁੰਦੀ ਹੈ। ਦੂਰੀਆਂ ਬਹੁਤ ਹਨ। ਇਹ ਘਾਪਾ ਕਿਵੇਂ ਦੂਰ ਕੀਤਾ ਜਾ ਸਕਦਾ ਹੈ ? ਅਜਿਹੇ ਪ੍ਰਸ਼ਨ ਗਹਿਰੇ ਚਿੰਤਨ ਦੀ ਮੰਗ ਕਰਦੇ ਹਨ।
ਭਾਰਤੀ ਨਾਰੀ ਦਾ ਵਿਰਸਾ ਬੜੀ ਅਮੀਰ ਪਰੰਪਰਾ ਨਾਲ ਜੁੜਿਆ ਹੈ। ਇਥੇ ਨਾਰੀ ਦੀ ਪੂਜਾ ਹੁੰਦੀ ਰਹੀ ਹੈ। ਕਹਿੰਦੇ ਹਨ- “ਜਿਥੇ ਨਾਰੀ ਦੀ ਪੂਜਾ ਹੁੰਦੀ ਹੈ, ਸਨਮਾਨ ਹੁੰਦਾ ਹੈ, ਉਥੇ ਦੇਵਤੇ ਨਿਵਾਸ ਕਰਦੇ ਹਨ।” ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਇਸਤਰੀ ਦਾ ਚਿਹਨ ਵਰਤਦੇ ਹਨ ਤੇ ‘ ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’ ਦਾ ਸੁਨੇਹਾ ਦਿੰਦੇ ਹਨ ਤਾਂ ਉੱਤਰੀ ਭਾਰਤ ਵਿੱਚ ਔਰਤ ਦੀ ਆਜ਼ਾਦੀ ਤੇ ਬਰਾਬਰੀ ਦੀ ਲਹਿਰ ਪ੍ਰਾਰੰਭ ਹੁੰਦੀ ਹੈ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਔਰਤ ਨੇ ਆਪਣੀ ਸੂਝ, ਮਿਹਨਤ, ਸਵੈ ਵਿਸ਼ਵਾਸ, ਦ੍ਰਿੜ੍ਹ ਇਰਾਦੇ, ਹਿੰਮਤ, ਸਿਦਕਦਿਲੀ ਆਦਿ ਨਾਲ ਅਨੇਕ ਮੱਲਾਂ ਮਾਰੀਆਂ ਹਨ। ਉਸਨੇ ਆਪਣੀ ਹੀ ਨਹੀਂ, ਆਪਣੇ ਘਰ ਪਰਿਵਾਰ ਤੇ ਦੇਸ਼ ਦੀ ਆਰਥਿਕਤਾ ਵਿੱਚ ਵੀ ਸੁਧਾਰ ਲਿਆਂਦਾ ਹੈ। ਪਰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਕੁਝ ਪ੍ਰਸ਼ਨਾਂ ‘ਤੇ ਚਿੰਤਨ ਕਰਨਾ ਬਣਦਾ ਹੈ। ਕੀ ਮਹਿਲਾ ਦਿਵਸ, ਮਹਿਲਾਵਾਂ ਨੂੰ ਸਿਰਫ਼ ਧੀਰਜ ਦੇਣ ਲਈ ਤਾਂ ਨਹੀਂ ਮਨਾਇਆ ਜਾਂਦਾ ? ਸਾਲ ਵਿੱਚ ਇਕ ਦਿਨ ਨੂੰ ਮਹਿਲਾ ਦਿਵਸ ਵਜੋਂ ਮਨਾ ਲੈਣ ਨਾਲ ਕੀ ਔਰਤ ਆਰਥਿਕ ਆਜ਼ਾਦੀ ਹਾਸਲ ਕਰ ਲਵੇਗੀ ? ਕੀ ਉਸਦੇ ਦੁੱਖ-ਦਲਿੱਦਰ ਕੱਟੇ ਜਾਣਗੇ ? ਕੀ ਉਸਦੀ ਤਕਦੀਰ ਸੰਵਰ ਜਾਵੇਗੀ ? ਕੀ ਉਸਨੂੰ ਉਸਦੇ ਬਣਦੇ ਹੱਕ ਮਿਲ ਜਾਣਗੇ ? ਕੀ ਇਹ ਦਿਵਸ ਸਮਾਗਮਾਂ ਦੇ ਆਯੋਜਨ ਤੱਕ ਤੇ ਮੀਡੀਏ ਦੀਆਂ ਰਿਪੋਰਟਾਂ/ਖਬਰਾਂ ਤੱਕ ਸੀਮਤ ਹੋ ਕੇ ਤਾਂ ਨਹੀਂ ਰਹਿ ਜਾਵੇਗਾ ? ਕੀ ਮਹਿਲਾ ਦਿਵਸ ਮਨਾਉਣ ਤੋਂ ਇਹ ਭਾਵ ਤਾਂ ਨਹੀਂ ਕਿ ਸਾਲ ਦੇ ਤਿੰਨ ਸੌ ਚੌਹਠ ਦਿਨ ਤਾਂ ਪੁਰਸ਼ ਦੇ ਹਨ ਅਤੇ ਸਿਰਫ ਇਕ ਦਿਨ ਹੀ ਔਰਤ ਲਈ ਹੈ ? ਕੀ ਇਹ ਦਿਨ ਬਹੁਤ ਧੂਮ ਧਾਮ, ਉਤਸ਼ਾਹ ਤੇ ਜੋਸ਼ ਨਾਲ ਮਨਾਉਣ ਉਪਰੰਤ ਇਸਤਰੀ ਵੱਲੋਂ ਹੁੰਦਾ ਇਸਤਰੀ ਦਾ ਸ਼ੋਸ਼ਣ ਬੰਦ ਹੋ ਜਾਵੇਗਾ ?
ਉਪਰੋਕਤ ਦੇ ਆਧਾਰ ‘ਤੇ ਔਰਤ ਦੀ ਸਥਿਤੀ ਦਾ ਇਕ ਪਾਸਾ ਧੁੰਦਲਾ ਨਜ਼ਰ ਆਉਂਦਾ ਹੈ, ਦੂਜਾ ਰੌਸ਼ਨ ! ਜੇ ਸਥਿਤੀ ਦੇ ਧੁੰਦਲੇ ਪਾਸੇ ਵਾਲੀ ਔਰਤ ਰੌਸ਼ਨ ਪਾਸੇ ਵਾਲੀ ਔਰਤ ਦੀ ਜੀਵਨ ਪੱਧਿਤੀ ਨੂੰ ਸਮਝ ਕੇ, ਉਸਨੂੰ ਆਪਣਾ ਆਦਰਸ਼ ਮੰਨ ਕੇ, ਮਿਹਨਤ ਦਾ ਲੜ ਫੜ੍ਹ ਕੇ ਚੱਲਦੀ ਹੈ ਤਾਂ ਉਹ ਵੀ ਸਮਾਜਿਕ-ਆਰਥਿਕ ਆਜ਼ਾਦੀ ਹਾਸਲ ਕਰਕੇ ਸ਼ਕਤੀਸ਼ਾਲੀ ਬਣ ਸਕਦੀ ਹੈ। ਅਜਿਹੀ ਹਾਲਤ ਵਿੱਚ ਮਹਿਲਾ ਸ਼ਕਤੀਕਰਨ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਔਰਤ ਦਿਵਸ ਦੀ ਸਾਰਥਿਕਤਾ ਤਾਂ ਹੀ ਸਮਝੀ ਜਾਵੇਗੀ ਜੇ ਸਾਧਾਰਨ ਔਰਤ ਵੀ ਪੜ੍ਹ ਲਿਖ ਕੇ, ਰੁਜ਼ਗਾਰ ਹਾਸਲ ਕਰਕੇ, ਆਰਥਿਕ ਪੱਖੋਂ ਆਜ਼ਾਦ ਹੋ ਕੇ ਸਹਿਮ ਦੇ ਪਰਛਾਵੇਂ ਹੇਠ, ਮੁਥਾਜੀ ਵਾਲਾ ਜੀਵਨ ਨਾ ਜੀਵੇ ! ਕੇਵਲ ਸ਼ਬਦਾਂ ਦੇ ਤਾਣੇ-ਬਾਣੇ ਵਿੱਚ ਹੀ ਔਰਤ ਨੂੰ ‘ਸ਼ਕਤੀ’ ਨਾ ਮੰਨਿਆ ਜਾਵੇ, ਸਗੋਂ ਵਿਵਹਾਰਿਕ ਰੂਪ ਵਿੱਚ ਵੀ ਔਰਤ ਸ਼ਕਤੀਸ਼ਾਲੀ ਬਣੇ ! ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਔਰਤ ਦੇ ਸ਼ਕਤੀਸ਼ਾਲੀ ਹੋਣ ਦੇ ਸੰਕਲਪ ਨੂੰ ਦ੍ਰਿੜ੍ਹ ਕਰਨ ਦੀ ਲੋੜ ਹੋਵੇਗੀ।
185-ਵਸੰਤ ਵਿਹਾਰ,
ਡੀ.ਸੀ.ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ- 146 001.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj