ਸਿਰਫ 1 ਇੰਚ ਚੌੜੀਆਂ ਰਾਡਾਂ ਤੇ ਅੰਗੂਠਿਆਂ ‘ਤੇ 40 ਸਕਿੰਟਾਂ ਚ 40 ਡੰਡ ਮਾਰ ਬਣਾਇਆ ਵਿਸ਼ਵ ਰਿਕਾਰਡ
ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਯੂਕੇ ‘ਚ ਦਰਜ ਕਰਵਾਈ ਪ੍ਰਾਪਤੀ
ਆਪਣੇ ਸੀਨੀਅਰ ਨਾਮੀ ਖਿਡਾਰੀਆਂ ਦੀ ਪ੍ਰੇਰਨਾ ਸਦਕਾ ਹਾਸਿਲ ਕੀਤਾ ਮੁਕਾਮ- ਹਰਪ੍ਰੀਤ ਦਿਉਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਆਪਣੇ ਰਿਕਾਰਡਾਂ ਰਾਹੀਂ ਪਹਿਲਾ ਵੀ ਕਈ ਵਾਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਨਾਮ ਰੌਸ਼ਨਾਉਣ ਵਾਲੇ ਅੰਤਰਰਾਸ਼ਟਰੀ ਰਿਕਾਰਡ ਧਾਰੀ ਖਿਡਾਰੀ ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਨੇ ਆਪਣੀ ਸਖ਼ਤ ਮਿਹਨਤ ਸਦਕਾ ਇੱਕ ਨਵਾਂ ਇਤਿਹਾਸ ਸਿਰਜਕੇ ਨਗਰ ਦੇ ਮਾਣ ਨੂੰ ਹੋਰ ਵਧਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਅੰਤਰ ਰਾਸ਼ਟਰੀ ਖਿਡਾਰੀ ਵਿੱਕੀ ਦਿਓਲ ਨੇ 40 ਸਕਿੰਟਾਂ ਅੰਦਰ ਆਪਣੇ ਸਿਰਫ ਅੰਗੂਠਿਆਂ ਦੇ ਬੱਲ ਤੇ 40 ਡੰਡ ਲਗਾਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਇਸ ਵਿਚ ਹੋਰ ਵੀ ਖਾਸ ਗੱਲ ਇਹ ਹੈ ਕਿ ਇਹ ਡੰਡ ਉਨ੍ਹਾਂ ਵਲੋਂ ਤਿੰਨ ਫੁੱਟ ਉੱਚੀਆਂ ਤੇ ਇੱਕ ਇੰਚ ਚੌੜੀਆਂ ਤਿੰਨ ਲੋਹੇ ਦੀਆਂ ਰਾਡਾਂ ਉਪਰ ਲਗਾਏ ਗਏ ਹਨ, ਜਿੰਨਾ ਤੇ ਕੇਵਲ ਅੰਗੂਠੇ ਹੀ ਟਿਕਾਏ ਜਾ ਸਕਦੇ ਸਨ। ਇਸਦੇ ਨਾਲ ਹੀ ਇਥੇ ਦੱਸਣਾ ਜਰੂਰੀ ਹੈ ਕਿ ਡੰਡ ਲਗਾਉਣ ਸਮੇਂ ਉਨ੍ਹਾਂ ਵੱਲੋਂ ਆਪਣੀ ਇੱਕ ਲੱਤ ਨੂੰ ਹਵਾ ਵਿੱਚ ਰੱਖਿਆ ਗਿਆ ਅਤੇ ਇਸ ਸਾਰੇ ਕਾਰਜ ਤੋਂ ਬਾਅਦ ਇੱਕ ਨਵੇਂ ਵਿਸ਼ਵ ਰਿਕਾਰਡ ਨੂੰ ਹਾਸਿਲ ਕੀਤਾ ਗਿਆ ਹੈ। ਜਿਸ ਦੇ ਨਾਲ ਹੀ ਉਨ੍ਹਾਂ ਦੀ ਇਹ ਵਿਸ਼ਵ ਪੱਧਰੀ ਪ੍ਰਾਪਤੀ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ(ਯੂਕੇ) ਵਿੱਚ ਦਰਜ ਹੋ ਗਈ ਹੈ।
ਇਥੇ ਸੁਲਤਾਨਪੁਰ ਲੋਧੀ ਦੇ ਪ੍ਰੈੱਸ ਕਲੱਬ ਵਿਖੇ ਕਾਨਫਰੰਸ ਕਰਨ ਪੁੱਜੇ ਅੰਤਰਰਾਸ਼ਟਰੀ ਰਿਕਾਰਡ ਧਾਰੀ ਖਿਡਾਰੀ ਵਿੱਕੀ ਦਿਓਲ ਨੇ ਉਕਤ ਸੰਸਥਾ ਦੁਆਰਾ ਜਾਰੀ ਆਪਣੇ ਸਰਟੀਫਿਕੇਟ ਨੂੰ ਜਨਤਕ ਕਰਦਿਆਂ ਇਸਦੀ ਪੂਰੀ ਜਾਣਕਾਰੀ ਦਿੱਤੀ ਹੈ।
ਇਸ ਦੌਰਾਨ ਵਿੱਕੀ ਦਿਓਲ ਨੇ ਦੱਸਿਆ ਕਿ ਉਹ ਰੋਜ਼ਾਨਾ 6 ਤੋਂ 7 ਘੰਟੇ ਸਖ਼ਤ ਮਿਹਨਤ ਕਰਦੇ ਨੇ ਅਤੇ ਇਸ ਇਤਿਹਾਸ ਨੂੰ ਸਿਰਜਣ ਲਈ ਉਹ ਬੀਤੇ 30 ਸਾਲਾਂ ਤੋਂ ਇੱਕ ਤਪੱਸਿਆ ਵਾਂਗ ਕਸਰਤ ਕਰਦੇ ਆ ਰਹੇ ਹਨ।
ਉਨ੍ਹਾ ਅੱਗੇ ਦੱਸਿਆ ਕਿ ਉਹ ਆਪਣੇ ਸੀਨੀਅਰ ਨਾਮੀ ਖਿਡਾਰੀਆਂ ਤੋਂ ਮਿਲੀ ਪ੍ਰੇਰਨਾ ਸਦਕਾ ਇਸ ਮੁਕਾਮ ਤੱਕ ਪਹੁੰਚੇ ਹਨ ।
ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੌ ਨਵੇਂ ਨਰੋਏ ਤੰਦਰੁਸਤ ਪੰਜਾਬ ਦੀ ਸਿਰਜਣਾ ਚ ਸਾਰੇ ਨੌਜਵਾਨ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ ।
ਜਿਕਰਯੋਗ ਹੈ ਕਿ ਹੋਰ ਖਿਡਾਰੀਆਂ ਤੋਂ ਪ੍ਰੇਰਨਾ ਲੈਂਦੇ ਲੈਂਦੇ ਵਿੱਕੀ ਦਿਓਲ ਅੱਜ ਖੁਦ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ ਅਤੇ ਉਨ੍ਹਾਂ ਵੱਲੋਂ ਸਥਾਪਤ ਕੀਤੇ ਗਏ ਇਹ ਰਿਕਾਰਡਾਂ ਨੇ ਨਾ ਸਿਰਫ ਸੁਲਤਾਨਪੁਰ ਲੋਧੀ ਦਾ ਨਾਮ ਚਮਕਾਇਆ ਹੈ ਬਲਕਿ ਪੰਜਾਬ ਅਤੇ ਦੇਸ਼ ਤਾਂ ਵੀ ਸਿਰ ਉੱਚਾ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਖਿਡਾਰੀ ਵਿੱਕੀ ਦਿਓਲ ਵੱਲੋਂ ਪਹਿਲਾਂ ਵੀ ਕਈ ਵਿਸ਼ਵ ਰਿਕਾਰਡ ਬਣਾਏ ਗਏ ਹਨ। ਜੋਕਿ ਇੰਡੀਆ ਬੁੱਕ ਆਫ ਰਿਕਾਰਡਜ਼,ਏਸ਼ੀਆ ਬੂਕ ਆਫ ਰਿਕਾਰਡਜ਼, ਵਰਲਡ ਕਿੰਗ ਬੂਕ ਆਫ ਰਿਕਾਰਡਜ਼, ਗੋਲਡਨ ਬੂਕ ਆਫ ਵਰਲਡ ਰਿਕਾਰਡਜ਼, ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਹਨ ਅਤੇ ਹੁਣ ਉੰਨਾ ਵੱਲੋਂ ਆਪਣੀ ਨਵੀਂ ਪ੍ਰਾਪਤੀ ਨੂੰ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ (ਯੂਕੇ) ਵਿੱਚ ਆਪਣਾ ਨਾਮ ਦਰਜ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly