ਬਰਨਾਲਾ (ਸਮਾਜ ਵੀਕਲੀ) ( ਸਤਨਾਮ ਸਿੰਘ ਸਹੁੰਗੜਾ) ਕੱਲ੍ਹ ਬਰਨਾਲਾ ਵਿਖੇ ਪੰਜਾਬ ਦੀਆਂ ਜਨਤਕ ਜਮੂਹੂਰੀ ਜਥੇਬੰਦੀਆਂ ਦੀ ਮੀਟਿੰਗ ਵਿੱਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ (10 ਦਸੰਬਰ) ਸਬੰਧੀ ਸਰਗਰਮੀ ਕਰਨ ਦਾ ਫੈਸਲਾ ਕੀਤਾ ਗਿਆ। ਜੱਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਹਕੂਮਤ ਵੱਲੋਂ ਮਨੁੱਖੀ ਤੇ ਜਮਹੂਰੀ ਅਧਿਕਾਰਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਨਵੇਂ ਫ਼ੌਜਦਾਰੀ ਕਨੂੰਨਾਂ, ਯੂਏਪੀਏ ਅਤੇ 295(299) ਆਦਿ ਹੋਰ ਕਾਲ਼ੇ ਕਨੂੰਨਾਂ ਰਾਹੀਂ ਨਾਗਰਿਕਾਂ, ਸੰਘਰਸ਼ੀਲ ਕਾਰਕੁਨਾਂ ਦੇ ਵਿਚਾਰ ਪ੍ਰਗਟਾਵੇ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਣ, ਉਨ੍ਹਾਂ ਨੂੰ ਜੇਲ੍ਹਾਂ ‘ਚ ਬੰਦ ਕਰਨ ਤੋਂ ਇਲਾਵਾ ਕੌਮੀ ਜਾਂਚ ਵਰਗੀਆਂ ਏਜੰਸੀਆਂ ਦੇ ਛਾਪਿਆਂ ਨਾਲ਼ ਦਹਿਸ਼ਤਜਦਾ ਕਰਨ, ਗ੍ਰਿਫ਼ਤਾਰ ਕਰਕੇ ਲੰਮੇ ਸਮੇਂ ਲਈ ਜ਼ੇਲ੍ਹਾਂ ‘ਚ ਸੁੱਟਣ ਤੋਂ ਇਲਾਵਾ ਨਵੇਂ ਚਾਰ ਕਿਰਤ ਕੋਡਾਂ ਰਾਹੀਂ ਮਜਦੂਰ ਅਧਿਕਾਰਾਂ ਨੂੰ ਖੋਹਣ ਵਰਗੇ ਕਦਮਾਂ ਵਿਰੁੱਧ ਅਵਾਜ ਬੁਲੰਦ ਕੀਤੀ ਜਾਵੇਗੀ। ਕਿਰਤੀਆਂ ਦੇ ਅਧਿਕਾਰਾਂ ਉੱਪਰ ਇਸ ਤਿੱਖੇ ਹੋਏ ਹਮਲੇ ਦੀ ਜੜ੍ਹ 1991 ਦੀਆਂ ਸੰਸਾਰੀਕਰਨ, ਉਦਾਰੀਕਰਨ, ਅਤੇ ਨਿੱਜੀਕਰਨ ਦੀਆਂ ਨੀਤੀਆਂ ਹਨ। ਮੀਟਿੰਗ ਵਿੱਚ ਆਦਿਵਾਸੀ ਖੇਤਰ ਉੱਪਰ ਆਪਰੇਸ਼ਨ ਪਰਹਾਰ ਰਾਹੀਂ ਮਾਓਵਾਦੀਆਂ, ਆਦਿਵਾਸੀਆਂ ਨੂੰ ਸੁਰੱਖਿਆ ਫੋਰਸਾਂ ਵੱਲੋਂ ਗੋਲੀਆਂ ਦਾ ਨਿਸ਼ਾਨਾ ਬਣਾਉਣ, ਉਨ੍ਹਾਂ ਨੂੰ ਜੰਗਲਾਂ ਤੇ ਪਹਾੜਾਂ ਤੋਂ ਉਜਾੜਨ ਆਦਿ ਦੀਆਂ ਮੁਹਿੰਮਾਂ ਉੱਤੇ ਵੀ ਚਿੰਤਾ ਪ੍ਰਗਟ ਕਰਦਿਆਂ ਇਸ ਵਿਰੁੱਧ ਆਵਾਜ ਬੁਲੰਦ ਕਰਨ ਦਾ ਮਤਾ ਸਰਬਸੰਮਤੀ ਨਾਲ਼ ਪਾਸ ਕੀਤਾ। ਜਨਤਕ ਜਮਹੂਰੀ ਜਥੇਬੰਦੀਆਂ ਮਿਲ਼ਕੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਹਕੂਮਤ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਵਿਰੋਧ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣਗੀਆਂ। ਮਹਿੰਮ ਦੀ ਤਿਆਰੀ ਲਈ ਜਿਲ੍ਹਾ ਪੱਧਰ ਉੱਤੇ 10 ਦਸੰਬਰ ਦੇ ਪ੍ਰੋਗਰਾਮਾਂ ਦੀ ਆਪਣੇ ਆਪਣੇ ਢੰਗ ਨਾਲ਼ ਵਿਉਂਤਬੰਦੀ ਕਰਨ ਲਈ 25 ਨਵਬੰਰ ਨੂੰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly