(ਸਮਾਜ ਵੀਕਲੀ)- ਅੱਜਕਲ੍ਹ ਨਵਾਂ ਜ਼ਮਾਨਾ ਹੈ।ਹਰ ਕੋਈ ਆਪਣੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਸ਼ਰਤ ਇਹ ਵੀ ਹੈ ਕਿ ਕੋਈ ਉਸਦੀ ਜ਼ਿੰਦਗੀ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ।ਅਖੇ ਸਾਡੀ ਨਿੱਜੀ ਜ਼ਿੰਦਗੀ ਹੈ।
ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੋ ਸਕਦੀ ਹੈ।ਕਿਉਂਕਿ ਮਾਨਵ ਅਧਿਕਾਰਾਂ ਵਿੱਚ ਨਿੱਜਤਾ ਦਾ ਅਧਿਕਾਰ ਵੀ ਹੈ।ਸਾਨੂੰ ਦੂਜਿਆਂ ਦੇ ਮਾਮਲੇ ਵਿੱਚ ਆਪਣੀ ਟੰਗ ਨਹੀਂ ਅੜਾਉਣੀ ਚਾਹੀਦੀ ਹੈ।ਪਰ ਕਿਹਾ ਜਾਂਦਾ ਹੈ ਕਿ ਮਨੁੱਖ ਗ਼ਲਤੀ ਦਾ ਪੁਤਲਾ ਹੈ। ਉਹ ਹਮੇਸ਼ਾਂ ਗਲਤੀਆਂ ਕਰਦਾ ਰਹਿੰਦਾ ਹੈ। ਜਾਂ ਇੰਝ ਕਹਿ ਲਓ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ। ਉਸਨੂੰ ਸਮਾਜ ਵਿੱਚ ਰਹਿਣਾ ਚੰਗਾ ਲਗਦਾ ਹੈ।ਪਰ ਜੇਕਰ ਉਸ ਤੇ ਕੋਈ ਰੋਕ-ਟੋਕ ਨਹੀਂ ਤਾਂ ਉਹ ਨਿਸ਼ਚਿਤ ਹੀ ‘ਕੱਠਿਆਂ ਨਹੀਂ ਰਹਿ ਸਕਦਾ। ਇਨਸਾਨ ਨੂੰ ਇੱਕਠੇ ਰਹਿਣ ਲਈ ਕੁਝ ਕੁ ਬੰਦਿਸ਼ਾਂ ਮਨਜ਼ੂਰ ਕਰਨੀਆਂ ਹੀ ਪੈਂਦੀਆਂ ਹਨ,ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ “ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ।” ਜ਼ਰਾ ਅੰਦਾਜ਼ਾ ਲਗਾਓ ਕਿ ਸਕੂਲ ਵਿੱਚ ਘੰਟੀ ਨਾ ਵੱਜੇ ਤਾਂ ਬੱਚੇ ਅਤੇ ਅਧਿਆਪਕ ਕਿਵੇਂ ਜਮਾਤਾਂ ਵਿੱਚ ਪਹੁੰਚਣਗੇ ਤੇ ਕਿਵੇਂ ਅਲੱਗ-ਅਲੱਗ ਵਿਸ਼ੇ ਪੜ੍ਹਾਏ ਜਾਣਗੇ।ਕਿਵੇਂ ਸ਼ੁਰੂਆਤ ਹੋਵੇਗੀ ਤੇ ਕਿਵੇਂ ਛੁੱਟੀ ਹੋਵੇਗੀ। ਇਸੇ ਤਰ੍ਹਾਂ ਹੋਰ ਵੀ ਹਰ ਕੰਮ ਦਾ ਆਪੋ ਆਪਣਾ ਸਮਾਂ ਅਤੇ ਸੀਮਾ ਹੁੰਦੀ ਹੈ।ਸਮਾਜਿਕ ਪ੍ਰਾਣੀ ਹੋਣ ਕਾਰਨ ਇਨਸਾਨ ਆਪਣੀਆਂ ਲੋੜਾਂ ਲਈ ਅਕਸਰ ਦੂਜਿਆਂ ਤੇ ਨਿਰਭਰ ਰਹਿੰਦਾ ਹੈ ਤੇ ਇਸੇ ਤਰ੍ਹਾਂ ਦੂਜੇ ਉਸ ਦੇ ਉੱਤੇ ਨਿਰਭਰ ਹੁੰਦੇ ਹਨ।ਸੋ ਇਹ ਜ਼ਰੂਰੀ ਹੈ ਕਿ ਜੇਕਰ ਅਸੀਂ ਸਮਾਜ ਤੋਂ ਸਾਥ ਚਾਹੁੰਦੇ ਹਾਂ ਤਾਂ ਅਸੀਂ ਖ਼ੁਦ ਵੀ ਸਹਿਯੋਗ ਕਰੀਏ। ਇੰਝ ਰਲ਼- ਮਿਲ ਕੇ ਹੀ ਕਾਫ਼ਲਾ ਚੱਲਦਾ ਹੈ। ਤੇ ਇੱਥੇ ਇਹ ਵੀ ਵਰਨਣਯੋਗ ਗੱਲ ਹੈ ਕਿ ਹਰ ਕੋਈ ਆਪਣੇ ਅਧਿਕਾਰ ਮਾਨਣਾ ਚਾਹੁੰਦਾ ਹੈ ਤੇ ਵਧੀਆ ਜੀਵਨ ਜੀਊਣਾ ਚਾਹੁੰਦਾ ਹੈ।ਫ਼ਿਰ ਉਹਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਬਾਕੀ ਵੀ ਇਸੇ ਤਰ੍ਹਾਂ ਚਾਹੁੰਦੇ ਹਨ।ਸੋ ਜੇ ਅਧਿਕਾਰ ਮਾਨਣੇ ਹਨ ਤਾਂ ਆਪਣੇ ਫ਼ਰਜ਼ ਵੀ ਨਿਭਾਉਣੇ ਪੈਣਗੇ।ਜਿਵੇਂ ਕਿ ਕਿਹਾ ਜਾ ਸਕਦਾ ਹੈ ਕਿ “ਮੇਰਾ ਅਧਿਕਾਰ ਤੇਰਾ ਫ਼ਰਜ਼, ਤੇਰਾ ਅਧਿਕਾਰ ਮੇਰਾ ਫ਼ਰਜ਼।”
ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਹੈ ਕਿ ਕੁਝ ਕੁ ਬੰਦਿਸ਼ਾਂ ਜੋ ਜਰੂਰੀ ਹਨ। ਰੋਕਾਂ ਜਿਹੜੀਆਂ ਸਾਰਥਕ ਹਨ। ਅੱਜਕਲ ਮਸ਼ੀਨੀ ਯੁੱਗ ਵਿੱਚ ਹਰ ਕੋਈ ਤੇਜ਼ ਦੌੜਨ ‘ਚ ਲੱਗਾ ਹੋਇਆ ਹੈ ਇੱਕ ਦੂਜੇ ਤੋਂ ਮੂਹਰੇ ਹੋ ਕੇ ਭੱਜਣਾ ਹੀ ਜ਼ਿੰਦਗੀ ਦਾ ਮਕਸਦ ਬਣ ਗਿਆ ਹੈ। ਪਰ ਕਿੱਥੇ ਨੂੰ ਭੱਜ ਰਹੇ ਹਾਂ ਤੇ ਕਿਉਂ ਭੱਜ ਰਹੇ ਹਾਂ ਇਸਦਾ ਕੋਈ ਮਤਲਬ ਨਹੀਂ ਹੈ।ਜੇ ਕਿਸੇ ਨੂੰ ਕੁਝ ਪੁੱਛਿਆ ਜਾਵੇ ਤਾਂ ਅਗਲਾ ਨਿੱਜੀ ਜ਼ਿੰਦਗੀ ਕਹਿ ਕੇ ਚੁੱਪ ਕਰਵਾ ਦਿੰਦਾ ਹੈ।
ਆਮ ਦੇਖਣ ਵਿੱਚ ਆਉਂਦਾ ਹੈ ਕਿ ਹੁਣ ਸਾਂਝੇ ਪਰਿਵਾਰ ਬਹੁਤ ਘੱਟ ਰਹਿ ਗਏ ਹਨ। ਕਹਿੰਦੇ ਹਨ ਕਿ “ਮੁੰਡਾ ਵਿਆਹਿਆ ਤੇ ਹੱਥੋਂ ਗੁਆਇਆ।” ਭਾਵ ਕਿ ਵਿਆਹ ਤੋਂ ਬਾਅਦ ਅਗਲਾ ਆਪਣੀ ਘਰਵਾਲ਼ੀ ਨੂੰ ਲੈਕੇ ਵੱਖਰਾ ਹੋ ਕੇ ਰਹਿੰਦਾ ਹੈ। ਅਖੇ ਸਾਡੀ ਹੁਣ ਆਪਣੀ ਨਿੱਜੀ ਜ਼ਿੰਦਗੀ ਹੈ, ਅਸੀਂ ਦਖਲ ਨਹੀਂ ਸਹਿ ਸਕਦੇ। ਭਲਾ ਕੋਈ ਪੁੱਛੇ ਕਿ ਮਾਪਿਆਂ ਦੀ ਕੋਈ ਨਿੱਜੀ ਜ਼ਿੰਦਗੀ ਨਹੀਂ ਸੀ? ਉਹਨਾਂ ਨੇ ਥੋਨੂੰ ਜਨਮ ਦੇ ਕੇ ਆਪਣੀ ਨਿੱਜਤਾ ਖਰਾਬ ਨਹੀਂ ਕੀਤੀ? ‘ਗਾਂਹ ਤੁਸੀਂ ਬੱਚੇ ਨੀਂ ਜੰਮਣੇ? ਫ਼ਿਰ ਤੁਹਾਡੀ ਨਿੱਜਤਾ ਦਾ ਕੀ ਬਣੂੰ?
ਹੋਰ ਤਾਂ ਹੋਰ, ਬੱਚੇ ਵੀ ਇਹੀ ਸਿੱਖ ਰਹੇ ਨੇ। ਵਿਦੇਸ਼ੀ ਪਹਿਰਾਵੇ, ਵਿਦੇਸ਼ੀ ਬੋਲ਼ੀ, ਵਿਦੇਸ਼ੀ ਖਾਣ-ਪਹਿਣਨ ਦੇ ਨਾਲ਼ ਵਿਦੇਸ਼ੀ ਸੰਸਕਾਰ ਵੀ ਸਿੱਖ ਰਹੇ ਹਨ। ਅਲੱਗ ਕਮਰਾ ਚਾਹੀਦਾ, ਬਿਨਾਂ ਪੁੱਛੇ ਕੋਈ ਕਮਰੇ ਵਿੱਚ ਨਾ ਆਵੇ, ਆਪਣਾ ਫ਼ੋਨ ਅਲੱਗ ਚਾਹੀਦਾ, ਕਿਤੇ ਜਾਣ-ਆਣ ਤੋਂ ਕੋਈ ਰੋਕ-ਟੋਕ ਨਾ ਹੋਵੇ।ਮਾਪੇ ਪਹਿਲਾਂ ਆਧਨਿਕਤਾ ਦੇ ਨਾਮ ਤੇ ਤੇ ਫਿਰ ਹੌਲ਼ੀ-ਹੌਲ਼ੀ ਮਜ਼ਬੂਰ ਹੋ ਕੇ ਇਹ ਸਭ ਮੰਨ ਲੈਂਦੇ ਹਨ।ਫ਼ੇਰ ਇਸ ਪ੍ਰਾਈਵੇਸੀ (ਨਿੱਜਤਾ) ਦੇ ਨਾਮ ਤੇ ਸ਼ੁਰੂ ਹੁੰਦਾ ਹੈ ਬੱਚਿਆਂ ਦਾ ਗ਼ਲਤ ਕਾਰ-ਵਿਵਹਾਰ।
ਦਰਅਸਲ ਸਾਡੀ ਇਹ ਆਧੁਨਿਕਤਾ ਤੇ ਦਿਖਾਵਾ ਹੀ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਹਨ। ਹਰ ਕੋਈ ਉੱਪਰੋਂ-ਉੱਪਰੋਂ ਇਹ ਦਿਖਾਉਂਦਾ ਹੈ ਕਿ ਮੈਂ ਆਧੁਨਿਕ ਜੀਵਨ ਜੀਅ ਕੇ ਖ਼ੁਸ਼ ਹਾਂ। ਪਰ ਅੰਦਰੋਂ ਹਰ ਕੋਈ ਦੁਖੀ ਹੈ।
ਇਸ ਨਵੇਂ ਜ਼ਮਾਨੇ ਦੀ ਤੁਲਨਾ ਅਕਸਰ ਪੁਰਾਣੇ ਜ਼ਮਾਨੇ ਨਾਲ਼ ਕੀਤੀ ਜਾਂਦੀ ਹੈ।ਬਜ਼ੁਰਗ ਸਤੇ ਹੋਏ ਇਹੀ ਕਹਿੰਦੇ ਹਨ ਕਿ ਸਾਡੇ ਵੇਲ਼ੇ ਠੀਕ ਸਨ। ਕਿੰਨੇ- ਕਿੰਨੇ ਬੱਚੇ ਹੁੰਦੇ ਸਨ ਪਰ ਮਜ਼ਾਲ ਹੈ ਕਿ ਕੋਈ ਕਹਿਣਾ ਨਾ ਮੰਨੇ ਜਾਂ ਕੋਈ ਬਹੂ ਇਹ ਕਹਿ ਦੇਵੇ ਕਿ ਸੱਸ- ਸਹੁਰੇ ਦੇ ਨਾਲ਼ ਨਹੀਂ ਰਹਿਣਾ। ਸਭ ਰਲ ਮਿਲ ਕੇ ਰਹਿੰਦੇ ਸਨ। ਛੋਟੀਆਂ-ਮੋਟੀਆਂ ਗੱਲਾਂ ਤਾਂ ਓਦੋਂ ਵੀ ਹੁੰਦੀਆਂ ਹੋਣਗੀਆਂ ਪਰ ਅੱਜ ਵਾਂਗਰਾਂ ਬੱਚੇ ਆਜ਼ਾਦੀ ਤੇ ਵਖਰੇਵਾਂ ਨਹੀਂ ਮੰਗਦੇ ਸਨ। ਵੈਸੇ ਵੀ ਦਾਦੀਆਂ- ਨਾਨੀਆਂ ਚੰਗੇ ਸੰਸਕਾਰ ਦਿੰਦੀਆਂ ਸਨ। ਬੱਚੇ ਆਗਿਆਕਾਰੀ ਹੁੰਦੇ ਸਨ ਪਿਆਰ ਮੁਹੱਬਤ ਵਿੱਚ ਪਲ਼ਦੇ ਸਨ। ਅੱਜਕਲ ਦੀ ਤਰ੍ਹਾਂ ਮੋਹ ਤੋਂ ਸੱਖਣੇ ਨਹੀਂ ਸਨ।
ਹੁਣ ਤਾਂ ਜੇਕਰ ਬੱਚੇ ਕਹਿਣਾ ਨਾ ਮੰਨਣ ਤਾਂ ਮਾਪੇ ਮਨ ਮਾਰ ਕੇ ਰਹਿ ਜਾਂਦੇ ਹਨ ਜੇ ਕੁਝ ਕਹਿ ਦੇਣ ਤਾਂ ਝੱਟ ਆਤਮਹੱਤਿਆ ਕਰਨ ਤੱਕ ਜਾਂਦੇ ਹਨ।ਬਹੁਤ ਸਾਰੇ ਤਾਂ ਇੰਝ ਧਮਕੀ ਦਿੰਦੇ ਹਨ ਜਿਵੇਂ ਬਹੁਤ ਵੱਡੇ ਕੰਮ ਲਈ ਕੁਰਬਾਨੀ ਦੇਣ ਲੱਗੇ ਹੋਣ।ਮਾਂ ਬਾਪ ਪਹਿਲਾਂ ਤਾਂ ਬੱਚੇ ਨੂੰ ‘ਕੱਲਾਪਨ ਦਿੰਦੇ ਹਨ ਫ਼ੇਰ ਉਹਨੂੰ ਪੈਸੇ ਦੇ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਬੱਚਾ ਹੌਲ਼ੀ ਹੌਲ਼ੀ ਗ਼ਲਤ ਆਦਤਾਂ ਵੱਲ ਨੂੰ ਤੁਰ ਪੈਂਦਾ ਹੈ। ਫਿਰ ਮਾਪੇ ਕੁਝ ਕਹਿਣ ਤਾਂ ਬੱਚੇ ਪਸੰਦ ਨਹੀਂ ਕਰਦੇ। ਹੁਣ ਤੱਕ ਉਹ ‘ਕੱਲੇ ਰਹਿਣਾ ਗਿੱਝ ਗਏ ਹੁੰਦੇ ਹਨ।ਇਸ ਲਈ ਬੰਦਿਸ਼ਾਂ ਨੂੰ ਉਹ ਮੰਨਦੇ ਨਹੀਂ ਜਾਂ ਇਹਨਾਂ ਬੰਧਨਾਂ ਤੋਂ ਤੰਗ ਆ ਕੇ ਕੋਈ ਗ਼ਲਤ ਕੰਮ ਕਰ ਬਹਿੰਦੇ ਹਨ।
ਇਸ ਕਰਕੇ ਬਿਹਤਰ ਹੋਏਗਾ ਕਿ ਅਸੀਂ ਇਹ ਚਮਕ ਦਮਕ ਵਾਲ਼ੀ ਆਧੁਨਿਕ ਜ਼ਿੰਦਗੀ ਛੱਡ ਕੇ ਅਸਲੀ ਸ਼ਾਨੋਂ- ਸ਼ੌਕਤ ਵਾਲੀ ਜ਼ਿੰਦਗੀ ਜੀਵੀਏ। ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਨਾ ਖੋਹੀਏ। ਉਹਨਾਂ ਦੇ ਹੱਥਾਂ ਵਿੱਚ ਮੋਬਾਇਲ ਦੀ ਬਜਾਇ ਉਹਨਾਂ ਨੂੰ ਦਾਦੀਆਂ-ਨਾਨੀਆਂ ਦੀ ਗੋਦ ਮਿਲ਼ੇ। ਵਿਰਸੇ ਦੇ ਸੋਹਣੇ ਸੰਸਕਾਰ ਮਿਲਣ। ਸਾਂਝਾ ਪਾਉਂਦੇ ਕੁਦਰਤੀ ਵਰਤਾਰੇ ਮਿਲਣ। ਆਪ ਉਦਾਹਰਣ ਬਣ ਕੇ ਉਹਨਾਂ ਦੇ ਅੱਗੇ ਖੜੀਏ ਜਿਵੇਂ ਕਿ ਜੇਕਰ ਜਿੰਦਗੀ ਵਿੱਚ ਕੋਈ ਦਖ਼ਲ ਅੰਦਾਜ਼ੀ ਕਰਦਾ ਹੈ ਤਾਂ ਅਸੀਂ ਉਸਨੂੰ ਸਕਾਰਾਤਮਕ ਲਈਏ ਤਾਂ ਸਾਨੂੰ ਦੇਖ ਕੇ ਸਾਡੇ ਬੱਚੇ ਵੀ ਇਸ ਦਖ਼ਲ ਅੰਦਾਜ਼ੀ ਨੂੰ ਸਵੀਕਾਰ ਕਰਨਗੇ। ਇਸ ਤਰ੍ਹਾਂ ਸ਼ਾਇਦ ਇਹ ਛੋਟੀ-ਛੋਟੀ ਗੱਲ ਤੇ ਆਤਮਹੱਤਿਆ ਨਹੀਂ ਕਰਨਗੇ, ਜਾਂ ਘਰ ਛੱਡ ਕੇ ਨਹੀਂ ਜਾਣਗੇ। ਵੱਡੀਆਂ ਦੀਆਂ ਗੱਲਾਂ ਦਾ ਜੇ ਤੁਸੀਂ ਬੁਰਾ ਨਹੀਂ ਮੰਨੋਗੇ ਤਾਂ ਇਹ ਵੀ ਨਹੀਂ ਮੰਨਣਗੇ।
ਸਾਨੂੰ ਕੀ ਦਿੱਤਾ ਹੈ, ਇਸ ਦਿਖਾਵੇ ਭਰੀ ਜਾਅਲੀ ਜ਼ਿੰਦਗੀ ਨੇ ?ਇੱਕ ਦੂਜੇ ਤੇ ਬੇਯਕੀਨੀ,ਬੇਦਰਦੀ, ਜਲਣ, ਨਫ਼ਰਤ, ਹਿੰਸਾ, ਮੌਤ….!ਸੋਚੋ, ਸਮਝੋ ਤੇ ਵਿਚਾਰੋ।ਸਾਡਾ ਵਿਰਸਾ ਬਹੁਤ ਅਮੀਰ ਹੈ, ਸਾਡਾ ਇਤਿਹਾਸ ਬਹੁਤ ਮਹਾਨ ਹੈ। ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਦੱਸ ਕੇ ਉਹਨਾਂ ਦਾ ਗਿਆਨ ਵਧਾਈਏ। ਉਹਨਾਂ ਨੂੰ ਸਾਹਿਤਿਕ ਪ੍ਰੋਗਰਾਮਾਂ ਵਿੱਚ ਲੈ ਕੇ ਜਾਈਏ। ਮਹਾਨ ਸ਼ਹੀਦਾਂ ਅਤੇ ਮਹਾਂਪੁਰਖਾਂ ਦੀਆਂ ਜੀਵਨੀਆਂ ਸੁਣਾ ਕੇ ਉਹਨਾਂ ਨੂੰ ਅਸਲੀ ਨਾਇਕਾਂ ਬਾਰੇ ਦੱਸੀਏ। ਜਿੰਨਾ ਸਮਾਂ ਦੇ ਸਕਦੇ ਹੋ, ਬੱਚਿਆਂ ਨੂੰ ਦਿਓ। ਉਹਨਾਂ ਨਾਲ਼ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਹੋਏ ਉਹਨਾਂ ਤੋਂ ਰੋਜ਼ਾਨਾ ਦੀ ਜ਼ਿੰਦਗੀ ਬਾਰੇ ਜਾਣਕਾਰੀ ਲੈ ਸਕਦੇ ਹੋ। ਛੋਟਿਆਂ ਨਾਲ਼ ਛੋਟੇ ਬਣ ਕੇ ਵੱਡਿਆਂ ਦੇ ਸਮਝਦਾਰ ਦੋਸਤ ਬਣ ਕੇ ਦਖਲ ਅੰਦਾਜੀ ਜ਼ਰੂਰ ਕਰੋ।ਪਰ ਇੱਕ ਜ਼ਾਇਜ ਹੱਦ ਤੱਕ। ਸਾਨੂੰ ਵੀ ਕਦੇ ਆਪਣੀ ਸੀਮਾ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ।
ਇਹ ਜੀਵਨ ਅਮੁੱਲ ਹੈ। ਆਓ ਸੋਹਣੀ ਤਰ੍ਹਾਂ ਜੀਅ ਕੇ ਆਪਣੀ ਅਗਲੀ ਪੀੜ੍ਹੀ ਨੂੰ ਨਵੇਂ ਰਾਹ ਤੇ ਪਾਈਏ। ਆਪਣੀਆਂ ਜੜ੍ਹਾਂ ਨਾਲ਼ ਜੁੜੀਏ। ਖ਼ੁਸ਼ ਖੁਸ਼ਹਾਲ ਤੇ ਤੰਦਰੁਸਤ ਰਹੀਏ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly