ਐਜ਼ੌਲ (ਸਮਾਜ ਵੀਕਲੀ): ਮਿਜ਼ੋਰਮ ਸਰਕਾਰ ਦੇ ਤਿੰਨ ਨੁਮਾਇੰਦੇ ਗ੍ਰਹਿ ਮੰਤਰੀ ਲਾਲਚਮਲਿਆਨਾ, ਮਾਲ ਤੇ ਮੁੜ-ਵਸੇਬਾ ਮੰਤਰੀ ਲਾਲਰੂਅਤਕੀਮਾ ਅਤੇ ਗ੍ਰਹਿ ਵਿਭਾਗ ਦੇ ਸਕੱਤਰ ਵਨਲਾਲਨਗਈਹਸਾਕਾ ਅੰਤਰ-ਰਾਜੀ ਸਰਹੱਦੀ ਵਿਵਾਦ ਸੁਲਝਾਉਣ ਲਈ ਅਸਾਮ ਦੇ ਵਫ਼ਦ ਨਾਲ ਭਲਕੇ ਗੱਲਬਾਤ ਕਰਨਗੇ। ਸੀਨੀਅਰ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮਿਜ਼ੋਰਮ ਦੇ ਮੁੱਖ ਸਕੱਤਰ ਲਾਲਨੁਨਮਾਵੀਆ ਚੁਆਂਗੋ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਵੀਰਵਾਰ ਨੂੰ ਸਵੇਰੇ 11 ਵਜੇ ਐਜ਼ੌਲ ਕਲੱਬ ਵਿੱਚ ਹੋਵੇਗੀ।
ਅਸਾਮ ਦੇ ਸੂਤਰਾਂ ਨੇ ਦੱਸਿਆ ਕਿ ਹਿਮੰਤਾ ਬਿਸਵਾ ਸਰਮਾ ਸਰਕਾਰ ਇਸ ਗੱਲਬਾਤ ਲਈ ਆਪਣੇ ਕੈਬਨਿਟ ਮੰਤਰੀਆਂ ਅਤੁਲ ਬੋਰਾ ਅਤੇ ਅਸ਼ੋਕ ਸਿੰਘਲ ਨੂੰ ਭੇਜੇਗੀ। ਦੋਵਾਂ ਸੂਬਿਆਂ ਦਰਮਿਆਨ ਚੱਲਿਆ ਆ ਰਿਹਾ ਅੰਤਰਰਾਜੀ ਸਰਹੱਦੀ ਵਿਵਾਦ 26 ਜੁਲਾਈ ਨੂੰ ਖੂਨੀ ਲੜਾਈ ਵਿੱਚ ਬਦਲ ਗਿਆ ਸੀ, ਜਿਸ ਵਿੱਚ ਅਸਾਮ ਪੁਲੀਸ ਦੇ ਛੇ ਜਵਾਨ ਮਾਰੇ ਗਏ ਸਨ। ਇਸ ਘਟਨਾ ਵਿੱਚ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਟਵਿੱਟਰ ’ਤੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਸੂਬਿਆਂ ਦੇ ਕਿਸੇ ਨਤੀਜੇ ’ਤੇ ਪਹੁੰਚਣ ਲਈ ਉਹ ਪੂਰੀ ਵਾਹ ਲਾਉਣਗੇ।
ਉਨ੍ਹਾਂ ਟਵੀਟ ਕੀਤਾ, ‘‘ਅਸਾਮ ਸਰਕਾਰ ਦੇ ਸੀਨੀਅਰ ਮੰਤਰੀਆਂ ਦੀ ਅਗਵਾਈ ’ਚ ਵਫ਼ਦ ਦੀ ਗੱਲਬਾਤ ਭਲਕੇ 5 ਅਗਸਤ 2021 ਨੂੰ ਮਿਜ਼ੋਰਮ ਸਰਕਾਰ ਦੇ ਸੀਨੀਅਰ ਮੰਤਰੀਆਂ ਦੀ ਅਗਵਾਈ ਵਾਲੇ ਵਫ਼ਦ ਨਾਲ ਹੋਵੇਗੀ। ਮੈਨੂੰ ਪੂਰਾ ਭਰੋਸਾ ਹੈ ਕਿ ਸਰਹੱਦੀ ਸਮੱਸਿਆ ਦੇ ਹੱਲ ਲਈ ਇਹ ਅਹਿਮ ਕਦਮ ਹੋਵੇਗਾ।’’ ਉਧਰ, ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਮਿਜ਼ੋਰਮ ਦੇ ਡੀਸੀ ਅਤੇ ਐੱਸਡੀਪੀਓ ਖ਼ਿਲਾਫ਼ ਦਰਜ ਕੇਸ ਵੀ ਵਾਪਸ ਲਏ ਜਾਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly