ਕਸ਼ਮੀਰ ਤੇ ਜੰਮੂ ‘ਚ ਮਰਜ਼ੀ ਦਾ ਵਿਆਹ ਕਰਨ ਵਾਲੀਆਂ ਧੀਆਂ ਦੇ ਹਕ਼ ਵਿਚ ਡਟੇ ਬੁੱਧੀਜੀਵੀ ਤੇ ਲਿਖਾਰੀ

ਪੰਜਾਬੀ ਲੇਖਕਾਂ, ਸਮਾਜਕ ਕਾਰਕੁੰਨਾਂ ਨੇ ਕਿਹਾ ਕਿ ਆਪੂ-ਬਣੇ ਸਿੱਖ ਆਗੂ ਔਰਤਾਂ ਦੇ ਹੱਕ ਨਹੀਂ ਖੋਹ ਸਕਦੇ
ਲਵ ਜਿਹਾਦ ਦਾ ਫਰਜ਼ੀ ਸੰਕਲਪ ਸਾਡੀਆਂ ਪੰਜਾਬੀ ਧੀਆਂ ਨੂੰ ਦਬਾਉਣ ਲਈ ਨਾ ਵਰਤੋ

ਚੰਡੀਗੜ੍ਹ/ ਨਵੀਂ ਦਿੱਲੀ/ ਜਲੰਧਰ; (ਸਮਾਜ ਨਿਊਜ਼ ਨੈੱਟਵਰਕ) : ਕਸ਼ਮੀਰ ਵਿਚ ਮਰਜ਼ੀ ਦਾ ਵਰ੍ਹ ਚੁਣਨ ਵਾਲੀਆਂ ਕੁੜੀਆਂ ਦੇ ਹਕ਼ ਵਿਚ ਬੁਲੰਦ ਆਵਾਜ਼ ਉੱਠੀ ਹੈ। ਦਿੱਲੀ ਦੇ ਸ਼ਹਿਰੀ ਆਗੂਆਂ ਵੱਲੋਂ ਆਰ ਐੱਸ ਐੱਸ ਦੀ ਚਮਚੀ ਮਾਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਇਥੋਂ ਜਾਰੀ ਸਖ਼ਤ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ, “ਅਸੀਂ, ਨਿਮਨ ਹਸਤਾਖਰੀ, ਜਵਾਨ ਬਾਲਗ ਕਸ਼ਮੀਰੀ ਸਿੱਖ ਔਰਤਾਂ ਵੱਲੋਂ ਆਪਣੇ ਜੀਵਨਸਾਥੀ ਚੁਣਨ ਦੀ ਆਜ਼ਾਦੀ ਦੀ ਵਰਤੋਂ ਕਰਦਿਆਂ ਮੁਸਲਮਾਨ ਮਰਦਾਂ ਨਾਲ਼ ਵਿਆਹ ਬਾਅਦ ਅਕਸਰ ਇਸਲਾਮ ਧਰਮ ਅਪਣਾਉਣ ਸਬੰਧੀ ਜੋ ਹਾਲੀਆ ਘਟਨਾਵਾਂ ਵਾਪਰੀਆਂ ਹਨ, ਉਸ ਉਪਰ ਆਪਣਾ ਡੂੰਘਾ ਫਿਕਰ ਪ੍ਰਗਟਾਉਂਦੇ ਹਾਂ| ਸਿੱਖ ਭਾਈਚਾਰੇ ਦੇ ਆਪੂ ਬਣੇ ਆਗੂ ਇਹਨਾਂ ਔਰਤਾਂ ਨੂੰ ‘ਲਵ ਜਿਹਾਦ’ ਤੋਂ ਪੀੜਤ ਧਿਰ ਵੱਜੋਂ ਪੇਸ਼ ਕਰ ਰਹੇ ਹਨ”।

ਦਿੱਲੀ-ਅਧਾਰਤ ਪ੍ਰਮੁੱਖ ਸਿੱਖ ਆਗੂਆਂ, ਜਿਹੜੇ ਬਲਦੀ ਵਿੱਚ ਤੇਲ ਪਾਉਣ ਲਈ 26 ਜੂਨ ਨੂੰ ਸ਼੍ਰੀਨਗਰ ਪਹੁੰਚੇ, ਨੇ ਸਾਫ ਤੌਰ ਉੱਤੇ ਝੂਠਾ ਤੇ ਜਾਣਬੁੱਝ ਕਿ ਇਹ ਉਕਸਾਊ ਬਿਆਨ ਦਿੱਤਾ ਕਿ ਔਰਤਾਂ ਨੂੰ “ਬੰਦੂਕ ਦੀ ਨੋਕ ਉੱਤੇ ਅਗਵਾਹ ਕਰਕੇ ਉਮਰਦਰਾਜ਼ ਮੁਸਲਮਾਨ ਮਰਦਾਂ ਨਾਲ਼ ਵਿਆਹ ਦਿੱਤਾ ਗਿਆ|” ਇਹਨਾਂ ਆਗੂਆਂ ਨੇ ਕਸ਼ਮੀਰੀ ਸਿੱਖ ਭਾਈਚਾਰੇ ਦੇ ਸਥਾਨਕ ਆਗੂਆਂ ਨੂੰ ਵੀ ਘਟਨਾਵਾਂ ਦੇ ਮੋੜ ਨਾਲ਼ ਹੱਕੇ-ਬੱਕੇ ਕਰ ਦਿੱਤਾ ਜਦ ਉਹਨਾਂ ਨੇ ਸਥਾਨਕ ਆਗੂਆਂ ਨੂੰ ਲਾਂਬੇ ਕਰਕੇ ਖੁਦ ਨੂੰ ਕੇਂਦਰ ਵਿੱਚ ਸਥਾਪਤ ਕਰ ਲਿਆ| ਬਾਅਦ ਵਿੱਚ ਇਹਨਾਂ ਆਗੂਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚ ਕਰ ਕੇ ਉਸਨੂੰ ਦਖਲ ਦੇਣ ਤੇ ਕਸ਼ਮੀਰ ਵਿੱਚ ਧਰਮ ਤਬਦੀਲੀ ਵਿਰੋਧੀ ਕਨੂੰਨ ਪਾਸ ਕਰਨ ਲਈ ਆਖਿਆ ਹੈ|

ਭਾਰਤ ਦੇ ਸਾਰੇ ਨੌਜਵਾਨ, ਜਿਨਾਂ ਵਿੱਚ ਸਿੱਖ ਕੁੜੀਆਂ ਵੀ ਆਉਂਦੀਆਂ ਹਨ, ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਉੱਤੇ ਜੀਊਣ ਲਈ ਕੰਮ ਕਰਨ ਦੀ, ਪੜ੍ਹਾਈ ਕਰਨ ਦੀ, ਆਪਣੀ ਮਰਜ਼ੀ ਨਾਲ਼ ਵਿਆਹ ਕਰਵਾਉਣ ਦੀ ਆਜ਼ਾਦੀ ਲੋਚਦੇ ਹਨ| ਔਰਤਾਂ ਵੱਲੋਂ ਆਪਣੀ ਪਸੰਦ ਅਨੁਸਾਰ ਵਿਆਹ ਕਰਵਾਉਣ ਉੱਤੇ ਜੋ ਫਿਕਰ ਜਤਾਇਆ ਜਾਂਦਾ ਹੈ ਉਸਦੀਆਂ ਡੂੰਘੀਆਂ ਪਿਤਰਸਤਾਤਮਕ ਤੇ ਜਾਤ-ਪਾਤੀ ਜੜਾਂ ਹਨ, ਜਿਸ ਅਨੁਸਾਰ ਔਰਤ ਨੂੰ ਜਾਇਦਾਦ ਦੇ ਰੂਪ ਵਿੱਚ ਚਿਤਵਿਆ ਜਾਂਦਾ ਹੈ ਜੋ ਕਿ ਭਾਈਚਾਰੇ ਤੇ ਜਾਤ ਅੰਦਰ ਆਪਣੇ ਮਾਪਿਆਂ ਦੇ ਹੱਥੋਂ ਉਹਦੇ ਪਤੀ ਦੇ ਪਰਿਵਾਰ ਦੇ ਹੱਥ ਸੁਰੱਖਿਅਤ ਰੂਪ ਵਿੱਚ ਸੌਂਪ ਦਿੱਤੀ ਜਾਂਦੀ ਹੈ ਤੇ ਜਿਸ ਵਿੱਚ ਉਹਦੀ ਰਜ਼ਾ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ| ਇਹਨਾਂ ਸਿੱਖ ਔਰਤਾਂ ਵਿੱਚੋਂ ਇੱਕ ਔਰਤ ਵੱਲੋਂ ਬਣਾਈ ਵੀਡੀਓ ਵਿੱਚ ਉਹ ਦ੍ਰਿੜਤਾ ਨਾਲ਼ ਕਹਿੰਦੀ ਹੈ ਕਿ ਉਹਨੇ ਆਪਣੇ ਪਤੀ ਨਾਲ਼ ਵਿਆਹ ਤੇ ਧਰਮ ਤਬਦੀਲੀ ਆਪਣੀ ਮਰਜ਼ੀ ਨਾਲ਼ ਕੀਤੀ ਹੈ ਪਰ ਨਾ ਸਿਰਫ਼ ਭਾਈਚਾਰੇ ਦੇ ਆਗੂਆਂ ਸਗੋਂ ਪੁਲਿਸ ਵੱਲੋਂ ਵੀ ਉਹਦੀ ਰਜ਼ਾਮੰਦੀ ਤੇ ਉਹਦੇ ਵੱਲੋਂ ਬਣਾਈ ਵੀਡੀਓ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ| ਉਸ ਨੂੰ ਜ਼ਬਰਦਸਤੀ “ਜ਼ਬਤ” ਕਰਕੇ (ਜਿਵੇਂ ਉਹ ਕੋਈ ਜ਼ਾਇਦਾਦ ਹੋਵੇ) ਉਹਦੇ ਮਾਂ-ਪਿਓ ਦੀ ਨਿਗਰਾਨੀ ਵਿੱਚ ਸੌਂਪਿਆ ਗਿਆ ਤੇ ਹੁਣ ਉਸਨੂੰ ਆਪਣੇ ਪਤੀ ਨਾਲ਼ ਵਿਆਹੁਤਾ ਜੀਵਨ ਮੁੜ ਤੋਂ ਸ਼ੁਰੂ ਕਰਨ ਲਈ ਲੰਬੀ ਤੇ ਔਖੀ ਲੜਾਈ ਲੜਨੀ ਪਵੇਗੀ|

ਅਸੀਂ ਇਹ ਜਾਣਦੇ ਹਾਂ ਕਿ ਕਸ਼ਮੀਰ ਵਿੱਚ ਸਿੱਖ ਧਾਰਮਿਕ ਘੱਟਗਿਣਤੀ ਹਨ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਮਾਨਤਾ ਨਾ ਮਿਲਣ ਤੋਂ ਲੈਕੇ ਕਸ਼ਮੀਰ ਦੇ ਸਿਆਸੀ, ਸਭਿਆਚਾਰਕ ਤੇ ਆਰਥਕ ਘੇਰਿਆਂ ਵਿੱਚ ਨਿਗੂਣੀ ਨੁਮਾਇੰਦਗੀ ਵਰਗੇ ਰੂਪਾਂ ਵਿੱਚ ਕਈ ਤਰ੍ਹਾਂ ਦੀ ਨਜ਼ਰਅੰਦਾਜ਼ੀ ਝੱਲਣੀ ਪੈਂਦੀ ਹੈ| ਇਹ ਇੱਕ ਘੋਲ਼ ਹੈ ਜੋ ਕਿ ਇਕ ਘੱਟਗਿਣਤੀ, ਕਸ਼ਮੀਰੀ ਸਿੱਖਾਂ ਦੇ ਹੱਕਾਂ ਲਈ ਲਾਜ਼ਮੀ ਹੀ ਲੜਿਆ ਜਾਣਾ ਚਾਹੀਦਾ ਹੈ| ਪਰ ਇਹ ਘੋਲ਼ ਕਸ਼ਮੀਰੀ ਸਿੱਖ ਭਾਈਚਾਰੇ ਅੰਦਰ ਸਭ ਜਾਤਾਂ, ਜਮਾਤਾਂ ਤੇ ਲਿੰਗਾਂ ਨੂੰ ਬਰਾਬਰ ਹੱਕਾਂ ਦੀ ਵਚਨਬੱਧਤਾ ਉੱਤੇ ਅਧਾਰਤ ਹੋਣਾ ਚਾਹੀਦਾ ਹੈ| ਅਸੀਂ ਇਸ ਗੱਲ ਤੋਂ ਜਾਣੂ ਹਾਂ ਕਿ ਰਾਜ ਅੰਦਰ ਧਰਮ ਤਬਦੀਲੀ ਹੀ ਧਰਮਾਂ ਵਿਚਾਲੇ ਸੰਜੋਗ ਦਾ ਮੁੱਖ ਤਰੀਕਾ ਹੈ, ਤੇ ਵਿਸ਼ੇਸ਼ ਵਿਆਹ ਐਕਟ ਰਾਹੀਂ ਬਿਨਾਂ ਧਰਮ ਤਬਦੀਲੀ ਦੇ ਅੰਤਰ-ਧਰਮ ਵਿਆਹ ਨੂੰ ਬਣਦੀ ਸਮਾਜਕ ਮਾਨਤਾ ਨਹੀਂ ਹੈ| ਇਹ ਮੁੱਖ ਤੌਰ ਉੱਤੇ ਇਸ ਕਰਕੇ ਹੈ ਕਿਉਂਕਿ ਵਿਸ਼ੇਸ਼ ਵਿਆਹ ਕਨੂੰਨ ਤੱਕ ਪਹੁੰਚ ਲਗਭਗ ਨਾਮੁਮਕਿਨ ਹੈ, ਇਸ ਤੱਕ ਪਹੁੰਚ ਲਈ ਲੰਬਾ ਉਡੀਕ ਸਮਾਂ ਹੈ ਤੇ ਇਸਦਾ ਸਿੱਟਾ ਅਕਸਰ ਭਾਈਚਾਰੇ ਵੱਲੋਂ ਦਬਾਅ ਤੇ ਉਸ ਨੌਜਵਾਨ ਔਰਤ ਦੇ ਪਰਿਵਾਰ ਤੇ ਭਾਈਚਾਰੇ ਵੱਲੋਂ ਹਿੰਸਕ ਪ੍ਰਤੀਕਿਰਿਆ ਵਿੱਚ ਨਿਕਲਦਾ ਹੈ ਜੋ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ ਚੁਣਦੀ ਹੈ| ਇਸ ਦੇ ਬਾਵਜੂਦ ਸਾਡਾ ਮੰਨਣਾ ਹੈ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਇੱਕ ਬਿਹਤਰ ਸਮਾਜ ਦੀ ਉਸਾਰੀ ਵੱਲ ਵੱਧਣ ਵਿੱਚ ਪਿਆ ਹੈ, ਅਜਿਹਾ ਸਮਾਜ ਜਿਸ ਵਿੱਚ ਔਰਤਾਂ ਇਸ ਸਬੰਧੀ ਆਜ਼ਾਦੀ ਨਾਲ਼ ਚੋਣ ਕਰ ਸਕਣ ਕਿ ਉਹਨਾਂ ਨੇ ਕੀਹਦੇ ਨਾਲ਼ ਵਿਆਹ ਕਰਨਾ ਹੈ ਤੇ ਕਿਵੇਂ (ਧਾਰਮਿਕ ਤਬਦੀਲੀ ਨਾਲ਼ ਜਾਂ ਬਿਨਾਂ), ਤੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੋਵੇ ਕਿ ਰਾਜ ਵਿੱਚ ਸਾਰੇ ਭਾਈਚਾਰੇ, ਸਮੇਤ ਬਹੁਗਿਣਤੀ ਮੁਸਲਿਮ ਭਾਈਚਾਰੇ ਦੇ, ਉਹਨਾਂ ਦੇ ਫੈਸਲੇ ਦੀ ਇਜ਼ੱਤ ਕਰਨਗੇ|

ਗ੍ਰਹਿ ਮੰਤਰੀ ਤੋਂ ਦਿੱਲੀ ਅਧਾਰਤ ਸਿੱਖ ਭਾਈਚਾਰੇ ਦੇ ਆਗੂ ਜੋ ਧਰਮ ਤਬਦੀਲੀ ਵਿਰੋਧੀ ਕਨੂੰਨ ਤੇ ਤਵੱਜੋ ਭਾਲ ਰਹੇ ਹਨ ਉਹਦਾ ਧਾਰਮਿਕ ਤੇ ਭਾਸ਼ਾਈ ਹੱਕਾਂ ਦੀ ਰਾਖੀ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ| ਸਗੋਂ ਇਹ ‘ਭਾਈਚਾਰਕ ਸਨਮਾਨ’ ਤੇ ਔਰਤਾਂ ਉੱਪਰ ‘ਭਾਈਚਾਰਕ ਜਾਇਦਾਦ’ ਵੱਜੋਂ ਮਲਕੀਅਤ ਦੇ ਬੀਤੇ ਦੇ ਹੇਰਵਿਆਂ ਉੱਪਰ ਅਧਾਰਤ ਹੈ| ਧਰਮ ਤਬਦੀਲੀ ਵਿਰੋਧੀ ਕਨੂੰਨ ਜ਼ਾਹਿਰਾ ਤੌਰ ‘ਤੇ ਫਿਰਕੂ ਹੈ ਤੇ ਇਹ ਕਈ ਵਾਰ ਅਜਿਹੇ ਨੌਜਵਾਨ ਮੁਸਲਿਮ ਮਰਦਾਂ ਨੂੰ ਮੁਜ਼ਰਿਮ ਗਰਦਾਨਣ ਦੀ ਮਨਸ਼ਾ ਨਾਲ਼ ਵਰਤਿਆ ਜਾਂਦਾ ਹੈ ਜਿਹੜੇ ਹੋਰ ਧਰਮਾਂ ਦੀਆਂ ਔਰਤਾਂ ਨਾਲ਼ ਰਿਸ਼ਤੇ ਵਿੱਚ ਹਨ| ਇਸ ਕਨੂੰਨ ਦੀਆਂ ਅਸਲ ਪੀੜਤ ਔਰਤਾਂ ਹਨ ਕਿਉਂਕਿ ਇਹ ਕਨੂੰਨ ਆਪਣਾ ਸਾਥੀ ਚੁਣਨ ਦੇ ਔਰਤਾਂ ਦੇ ਸੰਵਿਧਾਨਕ ਹੱਕ ਉੱਪਰ ਡਾਕਾ ਹੈ| ਜੇਕਰ ਅਗਵਾਹੀ ਦਾ ਕੋਈ ਖਾਸ ਮਾਮਲਾ ਹੈ ਤਾਂ ਉਸਦੀ ਤਫਤੀਸ਼ ਬਗੈਰ ਸੰਭਾਵਤ ਅਗਵਾਹ ਕਰਨ ਵਾਲ਼ੇ ਜਾਂ ਅਗਵਾਹ ਹੋਏ ਦਾ ਧਰਮ ਜਾਂ ਜਾਤ ਦੇਖੇ ਕੀਤੀ ਜਾਣੀ ਚਾਹੀਦੀ ਹੈ| ਅਗਵਾਹੀ ਵੀ ਅਗਵਾਹ ਕੀਤੇ ਗਏ ਦੀ ਚੁਣਨ ਦੀ ਆਜ਼ਾਦੀ ਉੱਪਰ ਡਾਕਾ ਹੈ|

ਅਸੀਂ, ਇਹਨਾਂ ਅਖੌਤੀ ਸਿੱਖ ਭਾਈਚਾਰੇ ਦੇ ਆਗੂਆਂ ਦੀ ਹਿਦਾਇਤ ਹੇਠ ਇੱਕ ਨੌਜਵਾਨ ਕਸ਼ਮੀਰੀ ਸਿੱਖ ਔਰਤ ਨੂੰ ਅਗਵਾਹ ਕਰਕੇ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਓਪਰੇ ਬੰਦੇ, ਜਿਸਦੀ ਇੱਕਲੀ ਯੋਗਤਾ ਇਹ ਹੈ ਕਿ ਉਹ ਕੁੜੀ ਦੇ ਭਾਈਚਾਰੇ ਵਿੱਚੋਂ ਹੈ, ਨਾਲ਼ ਵਿਆਹੁਣ ਦੀ ਹਾਲੀਆ ਕਾਰਵਾਈ ਨੂੰ ਪੂਰਨ ਤੌਰ ਉੱਤੇ ਨਿੰਦਣਯੋਗ ਸਮਝਦੇ ਹਾਂ| ਇਹਨਾਂ ਸਿੱਖ ਮਰਦਾਂ, ਜੋ ਭਾਈਚਾਰੇ ਦੇ ਆਗੂ ਹੋਣ ਦਾ ਦਾਅਵਾ ਕਰਦੇ ਹਨ, ਦੀ ਸਰਪ੍ਰਸਤੀ ਹੇਠ ਅੰਜਾਮ ਦਿੱਤੀ ਗਈ ਇਹ ਘਰਵਾਪਸੀ ਨਾ ਸਿਰਫ਼ ਗੈਰ-ਕਨੂੰਨੀ ਹੈ ਸਗੋਂ ਇਹ ਉਸ ਬਾਲਗ ਔਰਤ ਦੀ ਹੱਕੀ ਚੋਣ ਉੱਤੇ ਵੀ ਲੀਕ ਫੇਰਦੀ ਹੈ ਜਿਸਨੇ ਆਪਣੀ ਮਰਜ਼ੀ ਅਨੁਸਾਰ ਆਪਣੇ ਪਤੀ ਦਾ ਧਰਮ ਅਪਣਾ ਕਿ ਆਪਣੀ ਜ਼ਿੰਦਗੀ ਦਾ ਢੰਗ ਚੁਣਿਆ ਸੀ|

ਸਾਨੂੰ ਯਕੀਨ ਹੈ ਕਿ ਸਿੱਖ ਤੇ ਮੁਸਲਮਾਨ ਭਾਈਚਾਰਿਆਂ, ਜੋਕਿ ਪੂਰੇ ਭਾਰਤ ਵਿੱਚ ਸੱਤਾ ਦੇ ਫਿਰਕਾਪ੍ਰਸਤ ਤੇ ਤਾਨਾਸ਼ਾਹ ਏਜੇਂਡਿਆਂ ਨਾਲ਼ ਲੜਨ ਲਈ ਨਵੇਂ ਸਬੰਧ ਉਸਾਰ ਰਹੇ ਹਨ, ਵਿਚਕਾਰ ਪਾੜ ਪਾਉਣ ਲਈ ਇਸ ਵਿਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ| ਪੰਜਾਬ ਦੇ ਕਿਸਾਨਾਂ ਦੀ ਬਹੁਗਿਣਤੀ ਨੇ ਅੱਤ ਦਾ ਵਿਤਕਰਾ ਕਰਨ ਵਾਲ਼ੇ ਨਾਗਰਿਕਤਾ ਕਨੂੰਨ ਦਾ ਵਿਰੋਧ ਕੀਤਾ ਤੇ ਸ਼ਾਹੀਨ ਬਾਗ਼ ਵਿਖੇ ਸ਼ਾਂਤਮਈ ਰੋਸ ਵਿਖਾਵੇ ਵਿੱਚ ਉਹ ਧਰਨੇ ਉੱਤੇ ਬੈਠੇ ਲੋਕਾਂ ਦੀ ਹਮਾਇਤ ਵਿੱਚ ਆਏ| ਪੰਜਾਬ ਦੇ ਕਿਸਾਨਾਂ ਦੀਆਂ ਜੱਥੇਬੰਦੀਆਂ ਨੇ ਮਲੇਰਕੋਟਲੇ ਵਿਖੇ ਹੋਏ ਨਾਗਰਿਕਤਾ ਕਨੂੰਨ ਵਿਰੋਧੀ ਮੁਜ਼ਾਹਰੇ ਦੀ ਹਮਾਇਤ ਕੀਤੀ ਤੇ ਮਲੇਰਕੋਟਲੇ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਮੁਸਲਮਾਨ ਕਿਸਾਨ ਦਿੱਲੀ ਬਾਡਰ ਉੱਤੇ ਤਿੰਨ ਖੇਤੀ ਕਨੂੰਨਾਂ ਦੀ ਵਾਪਸੀ ਲਈ ਘੋਲ਼ ਵਿੱਚ ਸ਼ਾਮਲ ਹਨ| ਕਿਸਾਨ ਜੱਥੇਬੰਦੀਆਂ ਨੇ 2013 ਵਿੱਚ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹੋਈ ਫਿਰਕੂ ਹਿੰਸਾ ਉੱਤੇ ਦੁੱਖ ਪ੍ਰਗਟਾਇਆ ਹੈ ਜਿਸ ਵਿੱਚ ਮੁਸਲਮਾਨ ਨਿਸ਼ਾਨਾ ਬਣੇ ਤੇ ਉਹਨਾਂ ਦਾ ਉਜਾੜਾ ਵੀ ਹੋਇਆ| ਕਿਸਾਨ ਜੱਥੇਬੰਦੀਆਂ ਨੇ ਮੇਵਾਤ ਵਿੱਚ, ਜਿੱਥੇ ਪਿੱਛੇ ਜਹੇ ਦੋ ਵੱਖੋ-ਵੱਖ ਘਟਨਾਵਾਂ ਵਿੱਚ ਦੋ ਮੁਸਲਮਾਨ ਮਰਦਾਂ ਨੂੰ ਹਿੰਸਕ ਹਿੰਦੂ ਰੱਖਿਅਕ ਗਰੁਪਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਵੀ ਵੱਡੀਆਂ ਰੈਲੀਆਂ ਕਰਕੇ ਨਾ ਸਿਰਫ਼ ਖੇਤੀ ਕਨੂੰਨਾਂ ਸਗੋਂ ਹੋਰ ਬੇਇਨਸਾਫੀਆਂ ਖਿਲਾਫ ਵੀ ਇਕੱਠੇ ਲੜਨ ਦੇ ਵਾਅਦੇ ਉੱਤੇ ਮੋਹਰ ਲਗਾਈ|

ਇਸ ਸੰਦਰਭ ਵਿੱਚ ਅਸੀਂ – ਲੇਖਕ, ਅਧਿਐਨਕਰਤਾ, ਕਵੀ, ਕਲਾਕਾਰ ਤੇ ਸਭਿਆਚਾਰਕ ਕਾਮੇ – ਇਹ ਜ਼ੋਰ ਦੇਕੇ ਕਹਿੰਦੇ ਹਾਂ ਕਿ ਸਿੱਖ ਭਾਈਚਾਰੇ ਦੇ ਇਹ ਆਪੂ ਬਣੇ ਆਗੂਆਂ ਨੂੰ ਸਾਰੇ ਭਾਈਚਾਰੇ ਵੱਲੋਂ ਬੋਲਣ ਦਾ ਕੋਈ ਹੱਕ ਨਹੀਂ ਹੈ| ਸਿੱਖੀ ਵਿਰਸਾ ਦੂਜਿਆਂ ਦੇ ਹੱਕ ਖੋਹਣ ਵਿੱਚ ਵਿਸ਼ਵਾਸ ਨਹੀਂ ਰੱਖਦਾ, ਔਰਤਾਂ ਦੇ ਤਾਂ ਹਰਗਿਜ਼ ਨਹੀਂ| ਸਾਡਾ ਮੰਨਣਾ ਹੈ ਕਿ ਦੋਸਤੀ, ਪਿਆਰ ਤੇ ਵਿਆਹ ਵਿੱਚ ਚੋਣ ਤੇ ਆਪਣੇ ਨਿਹਚੇ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣਾ ਹਰ ਵਿਅਕਤੀ ਦੇ ਅਜਿਹੇ ਹੱਕ ਹਨ ਜਿਹਨਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ ਤੇ ਇਹ ਹੱਕ ਔਰਤ ਨਾਗਰਿਕਾਂ ਦਾ ਵੀ ਬਰਾਬਰ ਦਾ ਹੈ| ਅਸੀਂ ਸਪਸ਼ਟ ਤੌਰ ‘ਤੇ ‘ਲਵ ਜਿਹਾਦ’ ਜਹੇ ਸਾਜਸ਼ੀ ਸਿਧਾਂਤਾਂ, ਜੋ ਝੂਠੀਆਂ ਖਬਰਾਂ ਉੱਤੇ ਅਧਾਰਤ ਹੁੰਦੇ ਹਨ ਤੇ ਜਿਹਨਾਂ ਦਾ ਮਕਸਦ ਧਾਰਮਿਕ ਭਾਈਚਾਰਿਆਂ ਦਰਮਿਆਨ ਨਫਰਤ ਤੇ ਸ਼ੰਕੇ ਪੈਦਾ ਕਰਨਾ ਹੁੰਦਾ ਹੈ, ਨੂੰ ਫੁੱਟਪਾਊ ਕਹਿਕੇ ਰੱਦਦੇ ਹਾਂ| ਅਸੀਂ ਕਸ਼ਮੀਰ ਜਾਂ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਧਰਮ ਤਬਦੀਲੀ ਵਿਰੋਧੀ ਕਨੂੰਨ ਦੀ ਮੰਗ ਦੇ ਸਖਤ ਖਿਲਾਫ ਹਾਂ| ਸਾਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਲਿਖੀ ਉਹਨਾਂ ਦੀ ਚਿੱਠੀ ਉੱਤੇ ਢੂੰਘਾ ਅਫਸੋਸ ਹੈ ਜਿਸ ਰਾਹੀਂ ਕਸ਼ਮੀਰ ਵਿੱਚ ਧਰਮ ਤਬਦੀਲੀ ਕਨੂੰਨ ਲਿਆਉਣ ਦੀ ਮੰਗ ਕੀਤੀ ਗਈ ਹੈ| ਅਜਿਹੇ ਕਨੂੰਨਾਂ ਨੇ ਸਿਰਫ਼ ਧਾਰਮਿਕ ਵੰਡੀਆਂ ਵਧਾਉਣ, ਮੁਸਲਮਾਨਾਂ ਵਿੱਚ ਡਰ ਪੈਦਾ ਕਰਨ ਤੇ ਅੰਤਰ-ਧਾਰਮਿਕ ਜੋੜਿਆਂ ਲਈ ਆਪਣੀ ਚੋਣ ਦੀ ਵਰਤੋਂ ਕਰਨਾ ਔਖਾ ਬਣਾਉਣ ਦਾ ਹੀ ਕੰਮ ਕੀਤਾ ਹੈ|

ਅਸੀਂ ਇਹਨਾਂ ਸਿੱਖ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਕਸ਼ਮੀਰ ਵਿੱਚ ਹੜਾਂ ਤੇ ਭੁਚਾਲ ਸਮੇਂ ਸਿੱਖਾਂ ਵੱਲੋਂ ਲਾਏ ਲੰਗਰ, ਕੀਤੀ ਸੇਵਾ ਤੇ ਨਿਭਾਈ ਭੂਮਿਕਾ ਦਾ ਜ਼ਿਕਰ ਵਾਰ ਵਾਰ ਸਿੱਖਾਂ ਦੀ ਖੁੱਲ-ਦਿੱਲੀ ਦੇ ਐਲਾਨ ਕਰਨ ਲਈ ਨਾ ਵਰਤਣ| ਖੁਦ ਬਾਰੇ ਅਜਿਹਾ ਢਿੰਡੋਰਾ ਪਿੱਟਣਾ ਸਿੱਖੀ ਦੇ ਬੁਨਿਆਦੀ ਅਸੂਲਾਂ ਦੇ ਖਿਲਾਫ ਹੈ ਤੇ ਮਰਿਆਦਾ ਰਹਿਤ ਹੈ|

ਅਸੀਂ ਉਹਨਾਂ ਸਾਰੇ ਵਿਅਕਤੀਆਂ ਦੀ ਹਮਾਇਤ ਕਰਦੇ ਹਾਂ ਜੋ ਆਪਣੇ ਸਾਥੀ ਤੇ ਆਪਣਾ ਜੀਵਨ ਢੰਗ ਖੁਦ ਚੁਣਨਾ ਲੋਚਦੇ ਹਨ| ਅਸੀਂ ਉਹਨਾਂ ਸਾਰੇ ਪੀੜਤਾਂ ਦੀ ਹਮਾਇਤ ਕਰਨ ਦਾ ਵਾਅਦਾ ਕਰਦੇ ਹਾਂ ਜਿਨਾਂ ਨੂੰ ਭਾਈਚਾਰੇ ਦੇ ਆਗੂਆਂ ਤੇ ਪਰਿਵਾਰਾਂ ਨੇ ਧਾਰਮਿਕ ਕਦਰਾਂ-ਕੀਮਤਾਂ ਬਚਾਉਣ ਦੇ ਬੁਰਕੇ ਹੇਠ ਖੁਦਮੁਖਤਿਆਰੀ ਤੋਂ ਵਾਂਝੇ ਕੀਤਾ ਹੈ|

ਇਹ ਕਿਸੇ ਵੀ ਭਾਈਚਾਰੇ ਦਾ ਹੱਕ ਨਹੀਂ ਹੈ ਕਿ ਉਹ ਸੌੜੀ ਸੋਚ ਦੇ ਧਾਰਨੀ ਹੋਣ ਜਾਂ ਮੌਜੂਦ ਸਾਧਨਾਂ ਦੀ ਵਰਤੋਂ ਕਰਕੇ ਨੌਜਵਾਨਾਂ, ਖਾਸ ਕਰ ਔਰਤਾਂ, ਨੂੰ ਧਮਕਾਉਣ ਜਾਂ ਉਹਨਾਂ ਦਾ ਰਾਹ ਰੋਕਣ, ਜਦ ਉਹ ਪਿਆਰ ਜਾਂ ਵਿਆਹ ਆਪਣੀ ਚੋਣ ਅਨੁਸਾਰ ਕਰਨਾ ਚਾਹੁੰਦੇ ਹੋਣ| ਅਸੀਂ ਸਿੱਖ ਭਾਈਚਾਰੇ ਦੇ ਆਪੂ ਬਣੇ ਆਗੂਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਪਾਟਕ ਪਾਊ ਰਾਜਨੀਤੀ ਤੇ ਆਜ਼ਾਦ ਵਿਅਕਤੀਗਤ ਚੋਣ ਕਰਦੇ ਵਿਅਕਤੀਆਂ ਉੱਤੇ ਮਾਨਸਿਕ ਤਸ਼ੱਦਦ ਢਾਉਣ ਤੋਂ ਬਾਜ ਆ ਜਾਣ|

ਸੁਕੀਰਤ ਅਨੰਦ – ਲੇਖਕ
ਦਲਜੀਤ ਅਮੀ – ਪੱਤਰਕਾਰ, ਲੇਖਕ
ਹਰਸ਼ ਮੰਡੇਰ – ਲੇਖਕ ਤੇ ਮਨੁੱਖੀ ਹੱਕਾਂ ਦਾ ਕਾਰਕੁੰਨ
ਉਰਵਸ਼ੀ ਬੁਟਾਲਿਆ – ਨਾਰੀਵਾਦੀ ਪ੍ਰਕਾਸ਼ਕ
ਪ੍ਰੀਤਮ ਸਿੰਘ – ਐਮਰੀਟਸ ਪ੍ਰੋਫੈਸਰ, ਆਕਸਫੋਰਡ ਬਰੁਕਸ
ਸੁਖਦੇਵ ਸਿੰਘ ਸਿਰਸਾ – ਲੇਖਕ, ਸਾਬਕਾ ਪ੍ਰੋਫੈਸਰ
ਸਾਹਬ ਸਿੰਘ – ਨਾਟਕਕਾਰ
ਅਚਿਨ ਵਨਾਇਕ – ਸਾਬਕਾ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
ਅਮਨਦੀਪ ਸੰਧੂ – ਲੇਖਕ, ਪੱਤਰਕਾਰ
ਪਰਮਿੰਦਰ ਸਿੰਘ – ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ
ਕੇਵਲ ਧਾਲੀਵਾਲ – ਨਾਟਕਕਾਰ
ਜਗਮੋਹਨ ਸਿੰਘ – ਪ੍ਰੋਫੈਸਰ ਤੇ ਜਮਹੂਰੀ ਅਧਿਕਾਰ ਸਭਾ
ਅਰੀਤ ਕੌਰ – ਜਨਤਕ ਸਿਹਤ ਕਰਮੀ
ਅਮੋਲਕ ਸਿੰਘ – ਕਵੀ ਤੇ ਪ੍ਰਧਾਨ, ਪੰਜਾਬ ਲੋਕ ਸਭਿਆਚਾਰਕ ਮੰਚ
ਉਮਾ ਚਕਰਵਰਤੀ – ਨਾਰੀਵਾਦੀ ਇਤਿਹਾਸਕਾਰ
ਪ੍ਰਿਯਾਲੀਨ ਸਿੰਘ – ਪ੍ਰੋਫੈਸਰ, ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ
ਮਨਜੀਤ ਸਿੰਘ – ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ
ਨੀਲਾਕਸ਼ੀ ਸੂਰਿਆਨਾਰਾਯਣ – ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
ਪਿਆਰੇ ਲਾਲ ਗਰਗ – ਜਨਤਕ ਸਿਹਤ ਕਰਮੀ
ਸ਼ਿਮਾਰੀਤ ਕੁਮਾਰ – ਸਿਹਤ ਕਰਮੀ
ਜਸਪਾਲ ਸਿੰਘ ਸਿੱਧੂ – ਲੇਖਕ ਤੇ ਆਜ਼ਾਦ ਪੱਤਰਕਾਰ
ਨਾਦੀਆ ਸਿੰਘ – ਲੈਕਚਰਰ, ਯੂਨੀਵਰਸਿਟੀ ਔਫ ਨੌਰਥਅੰਬਰੀਆ
ਹਰਮੇਸ਼ ਮਾਲੜੀ – ਲੇਖਕ
ਆਤਮਜੀਤ ਸਿੰਘ – ਨਾਟਕਕਾਰ
ਕਮਲ ਦੋਸਾਂਝ – ਲੇਖਕ, ਪੱਤਰਕਾਰ
ਐਨ.ਕੇ. ਜੀਤ – ਵਕੀਲ
ਸੁਦੀਪ ਸਿੰਘ – ਵਕੀਲ
ਯਸ਼ਪਾਲ – ਲੇਖਕ, ਸੰਪਾਦਕ ਵਰਗ ਚੇਤਨਾ
ਯਾਦਵਿੰਦਰ ਦੀਦਾਵਰ ਦਾ ਹੁਨਰ ਲਿਖਾਰੀ
ਸੁਸ਼ੀਲ ਦੋਸਾਂਝ – ਟਿੱਪਣੀਕਾਰ, ਸੰਪਾਦਕ ਹੁਣ
ਰਬਿੰਦਰ ਸ਼ਰਮਾ – ਸਾਬਕਾ ਸੈਨੇਟ ਮੈਂਬਰ, ਪੰਜਾਬ ਯੂਨੀਵਰਸਿਟੀ
ਪੀ. ਸਿੰਘ – ਕਾਲਮਨਵੀਸ, ਨਿਊਜ਼ ਐਂਕਰ
ਨਵਸ਼ਰਨ ਸਿੰਘ – ਲੇਖਕ ਤੇ ਕਾਰਕੁੰਨ
ਕਾਮਰਾਨ ਅਕਰਮ ਕਾਮੀ, ਲਹਿੰਦਾ ਪੰਜਾਬ
ਪਰਮਿੰਦਰ ਪੁਰੂ, ਜੀਵੇ ਪੰਜਾਬ
ਸ਼ਬੀਰ ਹੁਸੈਨ ਸ਼ਬੀਰ, ਵਾਰਿਸ ਪਰਿਆ, ਲਾਹੌਰ
ਯਾਦਵਿੰਦਰ, ਸੰਪਾਦਕ, ਖ਼ਬਰ ਖੁਲਾਸਾ
ਰਾਜਵੀਰ ਬੱਲ, ਪਿੱਪਲਾਂਵਾਲੀ, ਹੁਸ਼ਿਆਰਪੁਰ ਨੇ ਕਸ਼ਮੀਰੀ ਮੂਲ ਦੀਆਂ ਪੰਜਾਬੀ ਕੁੜੀਆਂ ਦੇ ਫੈਸਲੇ ਦੀ ਹਮਾਇਤ ਕੀਤੀ ਹੈ।

Previous articleAkhara Parishad supports Bhagwat’s common DNA statement
Next articleਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤੇਗੀ-ਸਰਪੰਚ ਮਨਜੀਤ ਕੌਰ