“ ਪ੍ਰੇਰਨਾਦਾਇਕ ਅਤੇ ਬਹੁਤ ਪ੍ਰਭਾਵਸ਼ਾਲੀ ਰਿਹਾ ਡਾ .ਗੁਰਬਖ਼ਸ਼ ਭੰਡਾਲ ਜੀ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “

 (ਸਮਾਜ ਵੀਕਲੀ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫ਼ਾਊਂਡਰ ਰਮਿੰਦਰ ਵਾਲੀਆ ਰੰਮੀ ਜੀ ਦੀ ਅਗਵਾਈ ਵਿੱਚ ਮਹੀਨਾਵਾਰ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “ ਦਾ ਆਨਲਾਈਨ ਆਯੋਜਨ 22 ਸਤੰਬਰ ਐਤਵਾਰ ਨੂੰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਅਮਰੀਕਾ ਤੋਂ ਪ੍ਰਸਿੱਧ ਕਵੀ , ਵਾਰਤਕ ਲਿਖਾਰੀ ਤੇ ਚਿੰਤਕ ਡਾ. ਗੁਰਬਖਸ਼ ਸਿੰਘ ਭੰਡਾਲ ਜੀ ਨਾਲ ਪ੍ਰੋ. ਕੁਲਜੀਤ ਕੌਰ ਵੱਲੋਂ ਰੂ ਬ ਰੂ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਪ੍ਰਸਿੱਧ ਲੇਖਿਕਾ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਰਪ੍ਰਸਤ ਸੁਰਜੀਤ ਟਰਾਂਟੋ ਨੇ ਡਾ. ਗੁਰਬਖਸ਼ ਸਿੰਘ ਭੰਡਾਲ ਦੀ ਸੰਖੇਪ ਜਾਣਕਾਰੀ ਨਾਲ ਕੀਤਾ ਗਿਆ। ਉਹਨਾਂ ਡਾ . ਭੰਡਾਲ ਨੂੰ ਇੱਕ ਲੇਖਕ ਦੇ ਨਾਲ ਨਾਲ ਇਕ ਵਧੀਆ ਇਨਸਾਨ ਦੱਸਿਆ। ਉਪਰੰਤ ਡਾ . ਗੁਰਬਖਸ਼ ਸਿੰਘ ਭੰਡਾਲ ਨਾਲ ਪ੍ਰੋ . ਕੁਲਜੀਤ ਕੌਰ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦਿਆਂ ਉਹਨਾਂ ਦੀ ਸਾਹਿਤਕ ਜਾਣ ਪਛਾਣ ਕਰਵਾਈ । ਡਾ . ਗੁਰਬਖ਼ਸ਼ ਸਿੰਘ ਭੰਡਾਲ ਕਲੀਵਲੈਂਡ ਯੂਨੀਵਰਸਿਟੀ ਉਹਾਇਓ ਅਮਰੀਕਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਫਿਜ਼ਿਕਸ ਪੜ੍ਹਾ ਰਹੇ ਹਨ ਅਤੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖ ਚੁੱਕੇ ਹਨ। ਡਾ . ਭੰਡਾਲ ਨੇ ਬਤੌਰ ਅਧਿਆਪਕ ਆਪਣੇ ਕਿੱਤੇ ਵਿੱਚ ਸੰਤੁਸ਼ਟੀ ਜ਼ਾਹਰ ਕਰਦਿਆਂ ਆਪਣੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਸਹਿਤ ਦੱਸਿਆ। ਉਹਨਾਂ ਨੇ ਦੱਸਿਆ ਕਿ 2010 ਤੋਂ ਟਰਾਂਟੋ ਵਿੱਚ ਆ ਕੇ ਸਾਹਿਤਕ ਪ੍ਰਾਪਤੀਆ ਬਾਰੇ ਚਾਨਣਾ ਪਾਇਆ। ਉਹਨਾਂ ਨੇ ਬਹੁਤ ਹੀ ਕਾਵਿਕ ਅੰਦਾਜ਼ ਵਿਚ ਆਪਣੇ ਭਾਵਾਂ ਦਾ ਪ੍ਰਗਟਾਅ ਕੀਤਾ ਤੇ ਮਿਹਨਤ ਲਗਨ ਅਤੇ ਜਜ਼ਬੇ ਨਾਲ ਆਪਣੀ ਮੰਜ਼ਿਲ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਰਿਸ਼ਤਿਆਂ ਪ੍ਰਤੀ ਭਾਵ ਅਤੇ ਸਤਿਕਾਰ ਪ੍ਰਗਟਾਉਂਦੀਆਂ ਕੁਝ ਨਜ਼ਮਾਂ ਸਾਂਝੀਆਂ ਕੀਤੀਆਂ। ਉਹਨਾਂ ਆਪਣੀਆਂ ਹੁਣੇ ਹੁਣੇ ਛਪੀਆਂ ਪੁਸਤਕਾਂ ਜ਼ਿੰਦਗੀ ਜਸ਼ਨ ਹੈ ਅਤੇ ਕੱਚੇ ਪੱਕੇ ਰਾਹ ਦੇ ਹਵਾਲੇ ਨਾਲ ਵਿਸ਼ੇਸ਼ ਤੌਰ ਤੇ ਸੰਵਾਦ ਰਚਾਇਆ। ਉਹਨਾਂ ਆਪਣੇ ਮੁਢਲੇ ਵਿਦਿਆਰਥੀ ਜੀਵਨ ਤੋਂ ਲੈਕੇ ਸਰਕਾਰੀ ਕਾਲਜਾਂ ਦੇ ਅਧਿਆਪਨ ਤੱਕ ਦੇ ਅਨੁਭਵ ਸਾਂਝੇ ਕੀਤੇ। ਉਹਨਾਂ ਇਕ ਵਿਸ਼ੇਸ਼ ਘਟਨਾ ਸਾਂਝੀ ਕੀਤੀ ਕਿ ਕਿਵੇਂ ਨਿਰਾਸ਼ਾ ਵਿੱਚ ਘਿਰੇ ਇਕ ਪਾਠਕ ਨੂੰ ਉਨ੍ਹਾਂ ਦੀ ਰਚਨਾ ਪੜ੍ਹ ਕੇ ਸਾਕਾਰਾਤਮਕ ਊਰਜਾ ਮਿਲੀ ਤੇ ਉਸ ਦਾ ਜੀਵਨ ਬਦਲਿਆ।ਇਸ ਪ੍ਰੋਗਰਾਮ ਵਿੱਚ ਸ਼ਾਮਲ ਵੱਖ ਵੱਖ ਵਿਦਵਾਨ ਦਰਸ਼ਕਾਂ ਨੇ ਡਾ . ਭੰਡਾਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।ਪਰਮਜੀਤ ਦਿਓਲ ਜੀ ਦਾ ਕਹਿਣਾ ਸੀ ਕਿ ਭੰਡਾਲ ਸਾਹਿਬ ਦੀ ਜਿਹੋ ਜਿਹੀ ਲਿਖਤ ਹੈ , ਉਸੇ ਤਰਾਂ ਦਾ ਉਹਨਾਂ ਦਾ ਜੀਵਨ ਹੈ । ਇਹਨਾਂ ਦੀਆਂ ਲਿੱਖਤਾਂ ਨੂੰ ਅਸੀਂ ਸੱਭ ਬਹੁਤ ਪਿਆਰ ਕਰਦੇ ਹਾਂ । ਡਾ. ਨਵਰੂਪ ਨੇ ਡਾ . ਭੰਡਾਲ ਦੇ ਜੀਵਨ ਨੂੰ ਪ੍ਰੇਰਨਾਦਾਇਕ ਦੱਸਿਆ ਜਿਨ੍ਹਾਂ ਨੇ ਆਪਣੇ ਸੁਪਨਿਆਂ ਦੀ ਪੈਰਵਾਈ ਕਰਕੇ ਉਨ੍ਹਾਂ ਨੂੰ ਪੂਰਾ ਕੀਤਾ। ਡਾ . ਬਲਜੀਤ ਕੌਰ ਰਿਆੜ ਨੇ ਡਾ ਭੰਡਾਲ ਦੀ ਵਾਰਤਕ ਨੂੰ ਪੜ੍ਹਦਿਆਂ ਸੁਣਦਿਆਂ ਬੌਧਿਕ ਅਤੇ ਭਾਵੁਕ ਵਿਸ਼ਿਆਂ ਉਤੇ ਉਨ੍ਹਾਂ ਦੀ ਪਕੜ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ। ਡਾ .ਅਮਰ ਜੋਤੀ ਮਾਂਗਟ ਨੇ ਡਾ . ਗੁਰਬਖਸ਼ ਸਿੰਘ ਭੰਡਾਲ ਦੇ ਅਧਿਆਪਨ ਸਫ਼ਰ ਤੋਂ ਅਧਿਆਪਕ ਵਰਗ ਨੂੰ ਪ੍ਰੇਰਨਾ ਲੈਣ ਲਈ ਕਿਹਾ। ਗੁਰਚਰਨ ਸਿੰਘ ਜੋਗੀ ਨੇ ਇਸ ਅਜ਼ੀਮ ਸ਼ਖ਼ਸੀਅਤ ਦੇ ਵਿਚਾਰ ਸੁਣਨ ਦੇ ਮੌਕੇ ਨੂੰ ਮੁੱਲਵਾਨ ਦੱਸਿਆ ਤੇ ਇਕ ਸ਼ੇਅਰ ਰਾਂਹੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਿਆਨ ਕੀਤਾ :- “ ਸੰਜੀਦਾ ਲੋਕ ਜਦ ਵੀ ਬੋਲਦੇ ਨੇ
ਉਹ ਗਹਿਰੇ ਰਾਜ਼ ਜ਼ਿੰਦਗੀ ਦੇ ਖੋਲਦੇ ਨੇ “
ਇਸ ਉਪਰੰਤ ਕਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰ ਮਲੂਕ ਸਿੰਘ ਕਾਹਲੋਂ ਨੇ ਡਾ. ਭੰਡਾਲ ਨੂੰ ਸਾਹਿਤ ਚਿੰਤਕ ਅਤੇ ਮਾਂ ਬੋਲੀ ਦੇ ਹਿਤੈਸ਼ੀ ਦੱਸਿਆ ਜਿਨ੍ਹਾਂ ਨੇ ਕੈਨੇਡਾ ਰਹਿੰਦਿਆਂ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਕਾਰਜ ਕੀਤੇ। ਕੁਲਵੰਤ ਕੌਰ ਢਿੱਲੋਂ ( ਯੂ ਕੇ) ਨੇ ਡਾ . ਗੁਰਬਖਸ਼ ਭੰਡਾਲ ਜੀ ਦੀਆਂ ਸਾਹਿਤਕ ਰਚਨਾਵਾਂ ਨੂੰ ਆਮ ਪਾਠਕਾਂ ਦੇ ਮਨ ਅੰਦਰ ਨਵੀਂ ਚੇਤਨਾ ਪੈਦਾ ਕਰਨ ਵਾਲੀਆਂ ਮੰਨਿਆ। ਰਮਿੰਦਰ ਵਾਲੀਆ ਨੇ ਗੁਰਬਖਸ਼ ਭੰਡਾਲ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਸਲਾਹਿਆ ਤੇ ਕਿਹਾ ਉਹਨਾਂ ਦੇ ਅੰਦਰ ਅਥਾਹ ਸ਼ਬਦਾਂ ਦਾ ਸਮੁੰਦਰ ਹੈ । ਅੰਤ ਵਿੱਚ ਸ੍ਰ . ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਦੱਸਦਿਆਂ ਗੁਰਬਖਸ਼ ਭੰਡਾਲ ਜੀ ਦੀ ਸ਼ਖਸੀਅਤ ਵਿਚ ਹਲੀਮੀ ਅਤੇ ਸਹਿਜਤਾ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ। ਉਹਨਾਂ ਦੀਆਂ ਲਿਖਤਾਂ ਪੜ੍ਹਨ ਨਾਲ ਇਕ ਸੁਚਾਰੂ ਅਤੇ ਊਰਜਾ ਭਰਪੂਰ ਭਾਵਾਂ ਦੇ ਸੰਚਾਰ ਹੋਣ ਦਾ ਜ਼ਿਕਰ ਕੀਤਾ ਤੇ ਪ੍ਰੋ. ਕੁਲਜੀਤ ਕੌਰ , ਡਾ . ਗੁਰਬਖ਼ਸ਼ ਸਿੰਘ ਭੰਡਾਲ ਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿੱਚ ਰਿੰਟੂ ਭਾਟੀਆ,ਦੀਪ ਕੁਲਦੀਪ, ਡਾ . ਪੁਸ਼ਵਿੰਦਰ ਕੌਰ , ਸੁਨੀਲ ਚੰਦਿਆਣਵੀ , ਚੇਅਰਮੈਨ ਸ . ਅਜੈਬ ਸਿੰਘ ਚੱਠਾ , ਜੈਲੀ ਗੇਰਾ , ਪਿਆਰਾ ਸਿੰਘ , ਮੰਗਤ ਖਾਨ ਸਿੰਗਰ ਤੇ ਹੋਰ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।
ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਤੇ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleनिज़ामाबाद की जर्जर सड़कों के निर्माण के लिए किसान यूनियन का तहसील मुख्यालय पर प्रदर्शन
Next articleਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ